ਰੇਲ ਮੰਤਰਾਲਾ
ਰੇਲ ਮੰਤਰੀ ਨੇ ਸਟੇਸ਼ਨ ਪ੍ਰਬੰਧਨ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਸਟੇਸ਼ਨ ਮਾਸਟਰਾਂ ਨੂੰ ਸਸ਼ਕਤ ਕਰਨ ਦੇ ਵਿਆਪਕ ਉਪਾਵਾਂ ਦੀ ਸਮੀਖਿਆ ਕੀਤੀ
प्रविष्टि तिथि:
19 JUN 2026 1:48PM by PIB Chandigarh
ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕੱਲ੍ਹ ਸੀਨੀਅਰ ਰੇਲ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਕੀਤੀ, ਜਿਸ ਵਿੱਚ ਸਟੇਸ਼ਨ ਮਾਸਟਰਾਂ ਵੱਲੋਂ ਸਾਹਮਣਾ ਕੀਤੀਆਂ ਜਾਣ ਵਾਲੀਆਂ ਸਮੱਸਿਆਵਾਂ ਅਤੇ ਚੁਣੌਤੀਆਂ ’ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ, ਭਾਰਤੀ ਰੇਲ ਨੈੱਟਵਰਕ ਵਿੱਚ ਸੁਰੱਖਿਅਤ, ਵਧੇਰੇ ਕੁਸ਼ਲ ਅਤੇ ਯਾਤਰੀ-ਕੇਂਦ੍ਰਿਤ ਰੇਲ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇੱਕ ਵਿਆਪਕ ਢਾਂਚੇ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਰੇਲਵੇ ਸਟੇਸ਼ਨਾਂ ਦੇ ਸੁਚਾਰੂ ਸੰਚਾਲਨ, ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ, ਯਾਤਰੀ ਸਹੂਲਤਾਂ ਦੇ ਪ੍ਰਬੰਧਨ ਅਤੇ ਸੁਰੱਖਿਅਤ ਰੇਲ ਸੰਚਾਲਨ ਨੂੰ ਯਕੀਨੀ ਬਣਾਉਣ ਵਿੱਚ ਸਟੇਸ਼ਨ ਮਾਸਟਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਸਮੀਖਿਆ ਦੌਰਾਨ, ਸਟੇਸ਼ਨ ਮਾਸਟਰਾਂ ਦੇ ਰੋਜ਼ਾਨਾ ਦੇ ਕੰਮਾਂ ਵਿੱਚ ਆਉਣ ਵਾਲੀਆਂ ਸੰਚਾਲਨ ਸਬੰਧੀ ਅਤੇ ਪ੍ਰਸ਼ਾਸਨਿਕ ਚੁਣੌਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ ਹੱਲ ਵਿਕਸਤ ਕਰਨ ਤੇ ਵਿਸਤ੍ਰਿਤ ਚਰਚਾ ਕੀਤੀ ਗਈ।
ਬੈਠਕ ਵਿੱਚ ਸਟੇਸ਼ਨ ਮਾਸਟਰਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ’ਤੇ ਵੀ ਚਰਚਾ ਹੋਈ। ਇਸ ਤੋਂ ਇਲਾਵਾ, ਪ੍ਰਸ਼ਾਸਨਿਕ ਅਤੇ ਸੰਚਾਲਨ ਸਬੰਧੀ ਸ਼ਕਤੀਆਂ ਵਿੱਚ ਵਾਧਾ, ਕਰੀਅਰ ਵਿੱਚ ਤਰੱਕੀ ਦੇ ਬਿਹਤਰ ਮੌਕੇ ਅਤੇ ਪ੍ਰਬੰਧਨ ਦੇ ਉੱਚ ਪੱਧਰਾਂ ਤੱਕ ਪਹੁੰਚਣ ਦੇ ਵਧੇਰੇ ਮੌਕਿਆਂ ਨਾਲ ਸੰਬੰਧਿਤ ਪ੍ਰਸਤਾਵਾਂ ਦੀ ਸਮੀਖਿਆ ਕੀਤੀ ਗਈ। ਇਨ੍ਹਾਂ ਉਪਾਵਾਂ ਦਾ ਉਦੇਸ਼ ਸਟੇਸ਼ਨ ਮਾਸਟਰਾਂ ਨੂੰ ਤੁਰੰਤ ਫੈਸਲੇ ਲੈਣ, ਯਾਤਰੀ ਸੇਵਾ ਵਿੱਚ ਸੁਧਾਰ ਕਰਨ ਅਤੇ ਸਟੇਸ਼ਨ ਦੇ ਬੁਨਿਆਦੀ ਢਾਂਚੇ, ਸਟਾਫ ਦਫ਼ਤਰਾਂ, ਕਾਲੋਨੀਆਂ ਅਤੇ ਹੋਰ ਸਬੰਧਿਤ ਸਹੂਲਤਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰਨ ਦੇ ਯੋਗ ਬਣਾਉਣਾ ਹੈ।
ਵਧਦੀਆਂ ਸੰਚਾਲਨ ਲੋੜਾਂ ਨੂੰ ਪੂਰਾ ਕਰਨ ਲਈ, ਮਲਟੀ-ਟ੍ਰੈਕ ਅਤੇ ਉੱਚ-ਘਣਤਾ ਵਾਲੇ ਸੈਕਸ਼ਨਾਂ ਵਿੱਚ ਵਾਧੂ ਸਟੇਸ਼ਨ ਮਾਸਟਰਾਂ ਦੀ ਨਿਯੁਕਤੀ ’ਤੇ ਚਰਚਾ ਕੇਂਦਰਿਤ ਰਹੀ, ਜਿੱਥੇ ਆਵਾਜਾਈ ਦੇ ਪੱਧਰ ਅਤੇ ਕਾਰਜਸ਼ੀਲ ਗੁੰਝਲਤਾ ਵਿੱਚ ਕਾਫ਼ੀ ਵਾਧਾ ਹੋਇਆ ਹੈ। ਸਟੇਸ਼ਨ ਮਾਸਟਰ ਦੀਆਂ ਅਸਾਮੀਆਂ ਵਿੱਚ ਖਾਲੀ ਪਏ ਅਹੁਦਿਆਂ ਨੂੰ ਜਲਦੀ ਭਰਨ ਦੀ ਲੋੜ ਦੀ ਵੀ ਸਮੀਖਿਆ ਕੀਤੀ ਗਈ, ਜਿਸ ਵਿੱਚ ਇਨ੍ਹਾਂ ਖਾਲੀ ਅਸਾਮੀਆਂ ਨੂੰ ਪਹਿਲ ਦੇ ਆਧਾਰ ’ਤੇ ਭਰਨ ’ਤੇ ਜ਼ੋਰ ਦਿੱਤਾ ਗਿਆ।
ਕਾਰਜਕੁਸ਼ਲਤਾ ਵਧਾਉਣ ਵਿੱਚ ਤਕਨਾਲੋਜੀ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ, ਸਟੇਸ਼ਨ ਮਾਸਟਰਾਂ ਲਈ ਮੋਬਾਈਲ ਐਪ ਆਧਾਰਿਤ ਕਾਗਜ਼-ਰਹਿਤ (ਪੇਪਰਲੈੱਸ) ਕਾਰਜ ਪ੍ਰਣਾਲੀ ਸ਼ੁਰੂ ਕਰਨ ’ਤੇ ਚਰਚਾ ਹੋਈ। ਬੈਠਕ ਵਿੱਚ ਇੱਕੀਕ੍ਰਿਤ ਸਟੇਸ਼ਨ ਪ੍ਰਬੰਧਨ ਪ੍ਰਣਾਲੀ ਦੇ ਵਿਕਾਸ ਦੀ ਵੀ ਸਮੀਖਿਆ ਕੀਤੀ ਗਈ, ਜਿਸ ਨਾਲ ਰੇਲਵੇ ਦੇ ਵੱਖ-ਵੱਖ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਹੋ ਸਕੇ ਅਤੇ ਸਟੇਸ਼ਨਾਂ ’ਤੇ ਯਾਤਰੀਆਂ ਨਾਲ ਸਬੰਧਿਤ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ।
ਰੇਲ ਮੰਤਰੀ ਨੇ ਆਧੁਨਿਕ ਹੁਨਰ ਵਿਕਾਸ ਅਤੇ ਸਮਰੱਥਾ ਨਿਰਮਾਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਅਧਿਕਾਰੀਆਂ ਨੇ ਵਰਚੁਅਲ ਰਿਐਲਿਟੀ, ਸਿਮੂਲੇਟਰਾਂ ਅਤੇ ਹੋਰ ਆਧੁਨਿਕ ਸਿਖਲਾਈ ਤਕਨੀਕਾਂ ਦੀ ਵਰਤੋਂ ਰਾਹੀਂ ਸਿਖਲਾਈ ਦੇ ਢੰਗਾਂ ਨੂੰ ਅੱਪਗ੍ਰੇਡ ਕਰਨ ’ਤੇ ਚਰਚਾ ਕੀਤੀ, ਤਾਂ ਜੋ ਸਟੇਸ਼ਨ ਮਾਸਟਰਾਂ ਨੂੰ ਲਗਾਤਾਰ ਗੁੰਝਲਦਾਰ ਹੁੰਦੇ ਜਾ ਰਹੇ ਰੇਲਵੇ ਸੰਚਾਲਨ ਅਤੇ ਐਮਰਜੈਂਸੀ ਵਾਲੇ ਹਲਾਤਾਂ ਨਾਲ ਨਜਿੱਠਣ ਲਈ ਬਿਹਤਰ ਢੰਗ ਨਾਲ ਤਿਆਰ ਕੀਤਾ ਜਾ ਸਕੇ।
ਸਥਾਨਕ ਮੁੱਦਿਆਂ ਦੇ ਤੁਰੰਤ ਹੱਲ ਅਤੇ ਯਾਤਰੀਆਂ ਦੀ ਸਹੂਲਤ ਵਿੱਚ ਸੁਧਾਰ ਲਈ, ਸਟੇਸ਼ਨ ਮਾਸਟਰਾਂ ਦੀਆਂ ਵਿੱਤੀ ਸ਼ਕਤੀਆਂ ਨੂੰ ਵਧਾਉਣ ਨਾਲ ਸੰਬੰਧਿਤ ਪ੍ਰਸਤਾਵਾਂ ਦੀ ਸਮੀਖਿਆ ਕੀਤੀ ਗਈ। ਸਟੇਸ਼ਨ ਪੱਧਰ ’ਤੇ ਵਧੇਰੇ ਅਧਿਕਾਰ ਮਿਲਣ ਨਾਲ ਸਮੇਂ ਸਿਰ ਰੱਖ-ਰਖਾਅ, ਯਾਤਰੀਆਂ ਦੀਆਂ ਲੋੜਾਂ ’ਤੇ ਤੁਰੰਤ ਕਾਰਵਾਈ ਅਤੇ ਬਿਹਤਰ ਸਟੇਸ਼ਨ ਪ੍ਰਬੰਧਨ ਦੀ ਆਸ ਹੈ।
ਬੈਠਕ ਵਿੱਚ ਸਟੇਸ਼ਨ ਮਾਸਟਰਾਂ ਲਈ ਕਰੀਅਰ ਵਿੱਚ ਤਰੱਕੀ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਦੇ ਉਪਾਵਾਂ ’ਤੇ ਵੀ ਵਿਚਾਰ ਕੀਤਾ ਗਿਆ, ਜਿਸ ਨਾਲ ਭਾਰਤੀ ਰੇਲ ਵਿੱਚ ਉੱਚ ਪੱਧਰ ਦੇ ਪ੍ਰਬੰਧਨ ਅਤੇ ਲੀਡਰਸ਼ਿਪ ਦੇ ਅਹੁਦਿਆਂ ਤੱਕ ਉਨ੍ਹਾਂ ਦੀ ਪਹੁੰਚ ਵਧ ਸਕੇ। ਚਰਚਾ ਦਾ ਮੁੱਖ ਉਦੇਸ਼ ਇਸ ਮਹੱਤਵਪੂਰਨ ਸੰਚਾਲਨ ਸ਼੍ਰੇਣੀ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਲਈ ਵਧੇਰੇ ਪ੍ਰੇਰਨਾਦਾਇਕ ਅਤੇ ਵਿਕਾਸ-ਮੁਖੀ ਕੰਮ ਦਾ ਮਾਹੌਲ ਸਿਰਜਣਾ ਸੀ।
ਸੁਰੱਖਿਆ ਸਬੰਧੀ ਮੁੱਦਿਆਂ ਦੀ ਵੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਚਰਚਾ ਦਾ ਮੁੱਖ ਬਿੰਦੂ ਰੇਲ ਸੰਚਾਲਨ ਵਿੱਚ ਮਹਿਲਾ ਸਟੇਸ਼ਨ ਮਾਸਟਰਾਂ ਅਤੇ ਮਹਿਲਾ ਪੁਆਇੰਟਸਮੈਨਾਂ ਦੀ ਵਧਦੀ ਭਾਗੀਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਟੇਸ਼ਨਾਂ ’ਤੇ ਬਿਹਤਰ ਸੁਰੱਖਿਆ ਉਪਕਰਨ ਅਤੇ ਵਰਤੋਂ ਵਿੱਚ ਆਸਾਨ ਸਾਧਨ ਉਪਲਬਧ ਕਰਵਾਉਣਾ ਸੀ। ਇਸ ਦਾ ਉਦੇਸ਼ ਰੇਲਵੇ ਦੇ ਅਗਲੀ ਕਤਾਰ (ਫਰੰਟਲਾਈਨ) ਦੇ ਕਰਮਚਾਰੀਆਂ ਲਈ ਸੁਰੱਖਿਅਤ, ਵਧੇਰੇ ਪਹੁੰਚਯੋਗ ਅਤੇ ਵਧੇਰੇ ਕੁਸ਼ਲ ਕਾਰਜਸ਼ੀਲ ਹਾਲਾਤ ਨੂੰ ਯਕੀਨੀ ਬਣਾਉਣਾ ਹੈ।
ਸਮੀਖਿਆ ਬੈਠਕ ਦੌਰਾਨ ਜਿਨ੍ਹਾਂ ਪਹਿਲਕਦਮੀਆਂ ’ਤੇ ਚਰਚਾ ਹੋਈ, ਉਹ ਭਾਰਤੀ ਰੇਲ ਦੀ ਸਟੇਸ਼ਨ ਮਾਸਟਰਾਂ ਨੂੰ ਬਿਹਤਰ ਮਨੁੱਖੀ ਸਰੋਤ ਸਹਾਇਤਾ, ਆਧੁਨਿਕ ਤਕਨਾਲੋਜੀ, ਉੱਨਤ ਸਿਖਲਾਈ ਅਤੇ ਫੈਸਲੇ ਲੈਣ ਦੇ ਵਧੇਰੇ ਅਧਿਕਾਰ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ, ਜਿਸ ਦਾ ਉਦੇਸ਼ ਦੇਸ਼ ਭਰ ਦੇ ਲੱਖਾਂ ਯਾਤਰੀਆਂ ਲਈ ਵਧੇਰੇ ਜਵਾਬਦੇਹ, ਕੁਸ਼ਲ ਅਤੇ ਭਵਿੱਖ ਲਈ ਤਿਆਰ ਸਟੇਸ਼ਨ ਪ੍ਰਬੰਧਨ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ।
****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(रिलीज़ आईडी: 2277028)
आगंतुक पटल : 9