ਕਿਰਤ ਤੇ ਰੋਜ਼ਗਾਰ ਮੰਤਰਾਲਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤਹਿਤ ₹2,400 ਕਰੋੜ ਤਕਸੀਮ ਕੀਤੇ
ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਦਾ ਮੰਤਵ ਪਹਿਲੀ ਵਾਰ ਦੇ ਕਰਮਚਾਰੀਆਂ ਨੂੰ ਸਮਰੱਥ ਬਣਾਉਣਾ ਅਤੇ ਨੌਜਵਾਨਾਂ ਅਤੇ ਉਦਯੋਗ ਦਰਮਿਆਨ ਪੁਲ ਦਾ ਨਿਰਮਾਣ ਕਰਨਾ ਹੈ: ਪ੍ਰਧਾਨ ਮੰਤਰੀ
ਸਾਡੇ ਨੌਜਵਾਨਾਂ ਦੀਆਂ ਆਸਾਂ, ਹੁਨਰ ਅਤੇ ਸਮਰੱਥਾ ਵਿਕਸਿਤ ਭਾਰਤ ਦਾ ਮਾਰਗ ਬਣਾਉਂਦੇ ਹਨ: ਪ੍ਰਧਾਨ ਮੰਤਰੀ
ਭਾਰਤ ਦੇ ਨੌਜਵਾਨ ਆਉਣ ਵਾਲੇ ਸਾਲਾਂ ਵਿੱਚ ਆਲਮੀ ਤਰੱਕੀ, ਨਵੀਨਤਾ ਅਤੇ ਉੱਦਮਤਾ ਨੂੰ ਅੱਗੇ ਵਧਾਉਣ ਵਿੱਚ ਮੋਹਰੀ ਹੋਣਗੇ: ਪ੍ਰਧਾਨ ਮੰਤਰੀ
ਪ੍ਰਮੁੱਖ ਸ਼ਖ਼ਸੀਅਤਾਂ ਨੇ ਦੇਸ਼ ਭਰ ਵਿੱਚ 200 ਥਾਵਾਂ 'ਤੇ ਖੇਤਰੀ ਪੀਐੱਮ-ਵੀਬੀਆਰਵਾਈ ਪ੍ਰੋਗਰਾਮਾਂ ਦੀ ਅਗਵਾਈ ਕੀਤੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਕਾਮੇ ਅਤੇ ਮਾਲਕ ਦੋਵੇਂ ਹੁਣ ਰਾਸ਼ਟਰ ਨਿਰਮਾਤਾ ਅਤੇ ਭਾਰਤ ਦੀ ਵਿਕਾਸ ਗਾਥਾ ਵਿੱਚ ਬਰਾਬਰ ਦੇ ਭਾਈਵਾਲ ਵਜੋਂ ਜਾਣੇ ਜਾਂਦੇ ਹਨ: ਡਾ. ਮਨਸੁਖ ਮਾਂਡਵੀਆ
2014 ਅਤੇ 2024 ਦੇ ਵਿਚਕਾਰ 17 ਕਰੋੜ ਨੌਕਰੀਆਂ ਪੈਦਾ ਹੋਈਆਂ: ਡਾ. ਮਾਂਡਵੀਆ
ਅਗਸਤ, 2025 ਤੋਂ ਪੀਐੱਮ-ਵੀਬੀਆਰਵਾਈ ਅਧੀਨ ਰਸਮੀ ਕਾਰਜਬਲ ਵਿੱਚ 70 ਲੱਖ ਪਹਿਲੀ ਵਾਰ ਦੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ; ਪੀਐੱਮਵੀਬੀਆਰਵਾਈ ਅਧੀਨ ਪ੍ਰੋਤਸਾਹਨ ਨਾਲ 15 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਰੁਜ਼ਗਾਰ ਮਿਲਿਆ
प्रविष्टि तिथि:
19 JUN 2026 8:22PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਅਧੀਨ ਲਗਭਗ ₹2,400 ਕਰੋੜ ਦੇ ਪ੍ਰੋਤਸਾਹਨ ਤਕਸੀਮ ਕੀਤੇ।

ਇਸ ਪ੍ਰੋਗਰਾਮ ਵਿੱਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ, ਡਾ. ਮਨਸੁਖ ਮਾਂਡਵੀਆ; ਕਿਰਤ ਅਤੇ ਰੁਜ਼ਗਾਰ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ; ਅਤੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਦੇਸ਼ ਵਿਆਪੀ ਪਹੁੰਚ ਯਤਨਾਂ ਦੇ ਹਿੱਸੇ ਵਜੋਂ, ਦੇਸ਼ ਭਰ ਵਿੱਚ ਲਗਭਗ 200 ਥਾਵਾਂ 'ਤੇ ਇੱਕੋ ਸਮੇਂ ਪੀਐੱਮ-ਵੀਬੀਆਰਵਾਈ ਸਮਾਗਮ ਵੀ ਆਯੋਜਿਤ ਕੀਤੇ ਗਏ।
ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, “ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਇੱਕ ਰੁਜ਼ਗਾਰ ਯੋਜਨਾ ਤੋਂ ਕਿਤੇ ਵਧਕੇ ਹੈ। ਇਹ ਇੱਕ ਉਪਰਾਲਾ ਹੈ ਜੋ ਨੌਜਵਾਨਾਂ ਦੀਆਂ ਆਪਣੀਆਂ ਪਹਿਲੀਆਂ ਨੌਕਰੀਆਂ ਨਾਲ ਜੁੜਨ ਦੀਆਂ ਆਸਾਂ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ ਅਤੇ ਉਦਯੋਗ ਅਤੇ ਕਾਰਜਬਲ ਦਰਮਿਆਨ ਇੱਕ ਮਜ਼ਬੂਤ ਪੁਲ ਬਣਾਇਆ ਗਿਆ ਹੈ।” ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਯੋਜਨਾਵਾਂ ਆਮ ਤੌਰ 'ਤੇ ਕਰਮਚਾਰੀਆਂ ਜਾਂ ਮਾਲਕਾਂ 'ਤੇ ਕੇਂਦ੍ਰਿਤ ਹੁੰਦੀਆਂ ਹਨ, ਪਰ ਇਹ ਪ੍ਰੋਗਰਾਮ ਇੱਕੋ ਸਮੇਂ ਦੋਵਾਂ ਦਾ ਸਾਥ ਦਿੰਦਾ ਹੈ। ਸਰਕਾਰ ਪੇਸ਼ੇਵਰ ਸਫ਼ਰ ਸ਼ੁਰੂ ਕਰਨ ਵਾਲੇ ਨੌਜਵਾਨਾਂ ਦੇ ਨਾਲ ਖੜ੍ਹੀ ਹੈ ਅਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੀਆਂ ਸੰਸਥਾਵਾਂ ਨੂੰ ਉਤਸ਼ਾਹਿਤ ਕਰ ਰਹੀ ਹੈ।

ਯੋਜਨਾ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਤੱਕ ਲਗਭਗ 70 ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ ਅਤੇ ਇੰਨੀ ਹੀ ਗਿਣਤੀ ਵਿੱਚ ਪਹਿਲੀ ਵਾਰ ਦੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਲਗਭਗ 20 ਲੱਖ ਨੌਜਵਾਨਾਂ ਨੇ ਆਪਣੀ ਪਹਿਲੀ ਨੌਕਰੀ ਵਿੱਚ ਛੇ ਮਹੀਨੇ ਪੂਰੇ ਕਰ ਲਏ ਹਨ, ਜਦਕਿ ਲਗਭਗ 10 ਲੱਖ ਲਾਭਪਾਤਰੀਆਂ ਨੂੰ ਇਸ ਮੀਲ ਪੱਥਰ ਨੂੰ ਪੂਰਾ ਕਰਨ 'ਤੇ ਯੋਜਨਾ ਦੇ ਤਹਿਤ ਪਹਿਲਾਂ ਹੀ ਪ੍ਰੋਤਸਾਹਨ ਮਿਲ ਚੁੱਕੇ ਹਨ। 2,000 ਕਰੋੜ ਰੁਪਏ ਤੋਂ ਵੱਧ ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਇਸ ਸਹਾਇਤਾ ਨੂੰ ਵਿੱਤੀ ਸਹਾਇਤਾ ਤੋਂ ਕਿਤੇ ਵਧਕੇ ਦੱਸਦਿਆਂ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਦੇਸ਼ ਦੇ ਨੌਜਵਾਨਾਂ ਦੀ ਸਖ਼ਤ ਮਿਹਨਤ ਅਤੇ ਉਨ੍ਹਾਂ ਦੇ ਭਵਿੱਖ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਇਸ ਯੋਜਨਾ ਦੇ ਤਹਿਤ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੀਆਂ ਸੰਸਥਾਵਾਂ ਅਤੇ ਉੱਦਮਾਂ ਦੀ ਭਾਗੀਦਾਰੀ 'ਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, "ਜਦੋਂ ਸਰਕਾਰ, ਉਦਯੋਗ ਅਤੇ ਨੌਜਵਾਨ ਮਿਲ ਕੇ ਕੰਮ ਕਰਦੇ ਹਨ ਤਾਂ ਰੁਜ਼ਗਾਰ ਸਿਰਜਣ ਗਤੀ ਪ੍ਰਾਪਤ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪਹਿਲ ਇੱਕ ਨਵੇਂ ਭਾਰਤ ਦਾ ਪ੍ਰਤੀਬਿੰਬ ਹੈ ਜਿੱਥੇ ਨੌਜਵਾਨਾਂ ਨੂੰ ਮੌਕੇ ਮਿਲ ਰਹੇ ਹਨ, ਉਦਯੋਗਾਂ ਨੂੰ ਉਤਸ਼ਾਹ ਮਿਲ ਰਿਹਾ ਹੈ ਅਤੇ ਰੁਜ਼ਗਾਰ ਸਿਰਜਣ ਇੱਕ ਰਾਸ਼ਟਰੀ ਮਿਸ਼ਨ ਬਣ ਗਿਆ ਹੈ।

ਪ੍ਰਧਾਨ ਮੰਤਰੀ ਨੇ ਪਿਛਲੇ ਬਾਰਾਂ ਸਾਲਾਂ ਵਿੱਚ ਭਾਰਤ ਦੇ ਰੁਜ਼ਗਾਰ ਈਕੋਸਿਸਟਮ ਵਿੱਚ ਹੋਏ ਮਹੱਤਵਪੂਰਨ ਬਦਲਾਅ ਵੱਲ ਵੀ ਧਿਆਨ ਖਿੱਚਿਆ। ਉਨ੍ਹਾਂ ਕਿਹਾ, "ਸਰਕਾਰ ਦਾ ਧਿਆਨ ਰੁਜ਼ਗਾਰ ਨੂੰ ਸੁਰੱਖਿਆ, ਮਾਣ ਅਤੇ ਸਮਾਜਿਕ ਸੁਰੱਖਿਆ ਨਾਲ ਜੋੜਨ 'ਤੇ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਭਾਰਤ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਔਰਤਾਂ ਦੇ ਵਧ ਰਹੇ ਯੋਗਦਾਨ ਨੂੰ ਵੀ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ, "ਰਾਤ ਦੀ ਸ਼ਿਫਟ ਰੁਜ਼ਗਾਰ ਨਾਲ ਸਬੰਧਤ ਸੁਧਾਰ, ਘਰ ਤੋਂ ਕੰਮ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਕਾਰਜ ਸਥਾਨ ਸੁਰੱਖਿਆ ਵਿਧੀਆਂ ਨੂੰ ਮਜ਼ਬੂਤ ਕਰਨਾ ਕਾਰਜਬਲ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਹੋਰ ਵਧਾਉਣ ਲਈ ਹੈ।"
ਨਵੀਂ ਦਿੱਲੀ ਵਿੱਚ ਮੁੱਖ ਸਮਾਗਮ ਵਿੱਚ ਮਾਲਕ ਅਤੇ ਲਾਭਪਾਤਰੀ ਕਰਮਚਾਰੀ, ਵੱਖ-ਵੱਖ ਹਿੱਸੇਦਾਰ ਸੰਗਠਨਾਂ ਦੇ ਪ੍ਰਤੀਨਿਧੀਆਂ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਸਮੇਤ ਲਗਭਗ 1,200 ਸੱਦੇ ਗਏ ਲੋਕਾਂ ਨੇ ਸ਼ਿਰਕਤ ਕੀਤੀ।
ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਚੁਣੇ ਹੋਏ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਇਸ ਯੋਜਨਾ ਦੇ ਤਹਿਤ ਪ੍ਰਾਪਤ ਲਾਭਾਂ ਅਤੇ ਆਪਣੀ ਰੋਜ਼ੀ-ਰੋਟੀ, ਕਰੀਅਰ ਦੀ ਤਰੱਕੀ ਅਤੇ ਸਮਾਜਿਕ ਸੁਰੱਖਿਆ ਕਵਰੇਜ 'ਤੇ ਇਸ ਦੇ ਸਕਾਰਾਤਮਕ ਪ੍ਰਭਾਵ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।


ਇਸ ਮੌਕੇ 'ਤੇ ਆਪਣੇ ਸਵਾਗਤੀ ਭਾਸ਼ਣ ਵਿੱਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਪਰਿਵਰਤਨਸ਼ੀਲ ਤਬਦੀਲੀ ਦੇਖ ਰਿਹਾ ਹੈ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵੱਲ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ, ਕਿਰਤੀ-ਪੱਖੀ ਸੁਧਾਰਾਂ ਨੂੰ 'ਉਦਯੋਗ-ਵਿਰੋਧੀ' ਕਿਹਾ ਜਾਂਦਾ ਸੀ, ਜਦਕਿ ਉਦਯੋਗ-ਪੱਖੀ ਸੁਧਾਰਾਂ ਨੂੰ 'ਕਿਰਤੀ-ਵਿਰੋਧੀ' ਮੰਨਿਆ ਜਾਂਦਾ ਸੀ। ਹਾਲਾਂਕਿ, ਪ੍ਰਧਾਨ ਮੰਤਰੀ ਦੇ ਲੋਕ-ਕੇਂਦ੍ਰਿਤ ਪਹੁੰਚ ਦੇ ਤਹਿਤ, ਕਿਰਤੀਆਂ ਅਤੇ ਮਾਲਕਾਂ ਨੂੰ ਹੁਣ ਰਾਸ਼ਟਰ-ਨਿਰਮਾਤਾ ਅਤੇ ਭਾਰਤ ਦੀ ਵਿਕਾਸ ਗਾਥਾ ਵਿੱਚ ਬਰਾਬਰ ਦੇ ਭਾਈਵਾਲ ਵਜੋਂ ਮਾਨਤਾ ਪ੍ਰਾਪਤ ਹੈ।

ਕਿਰਤ ਸੁਧਾਰਾਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਡਾ. ਮਾਂਡਵੀਆ ਨੇ ਕਿਹਾ ਕਿ ਚਾਰ ਕਿਰਤ ਕੋਡਾਂ ਦਾ ਲਾਗੂ ਹੋਣਾ ਮਜ਼ਦੂਰਾਂ ਲਈ ਮਾਣ, ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਦਰਸਾਉਂਦਾ ਹੈ। ਅੰਤਰਰਾਸ਼ਟਰੀ ਕਿਰਤ ਸੰਗਠਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਡਾ. ਮਾਂਡਵੀਆ ਨੇ ਕਿਹਾ ਕਿ ਭਾਰਤ ਦਾ ਸਮਾਜਿਕ ਸੁਰੱਖਿਆ ਦਾਇਰਾ ਪਿਛਲੇ ਦਹਾਕੇ ਦੌਰਾਨ 19 ਪ੍ਰਤੀਸ਼ਤ ਤੋਂ ਵਧ ਕੇ 64.3 ਪ੍ਰਤੀਸ਼ਤ ਹੋ ਗਿਆ ਹੈ, ਜੋ ਕਿ ਵਿਸ਼ਵ ਪੱਧਰ 'ਤੇ ਸਭ ਤੋਂ ਜ਼ਿਆਦਾ ਵਾਧੇ ਵਿੱਚੋਂ ਇੱਕ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ 2014 ਤੋਂ 2024 ਦਰਮਿਆਨ ਲਗਭਗ 17 ਕਰੋੜ ਨੌਕਰੀਆਂ ਪੈਦਾ ਹੋਈਆਂ ਜਦਕਿ 2014 ਤੋਂ ਪਹਿਲਾਂ ਦੇ ਦਸ ਸਾਲਾਂ ਦੌਰਾਨ 2.9 ਕਰੋੜ ਨੌਕਰੀਆਂ ਪੈਦਾ ਹੋਈਆਂ ਸਨ। ਹਾਲੀਆ ਖੋਜ ਦਾ ਹਵਾਲਾ ਦਿੰਦੇ ਹੋਏ, ਡਾ. ਮਾਂਡਵੀਆ ਨੇ ਕਿਹਾ ਕਿ 2017 ਅਤੇ 2023 ਦਰਮਿਆਨ ਭਾਰਤ ਦੀ ਰੁਜ਼ਗਾਰ ਲਚਕਤਾ 1.11 ਸੀ, ਜੋ ਦਰਸਾਉਂਦਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਅਧੀਨ ਦਰਜ ਕੀਤੀ ਗਈ 0.008 ਦੀ ਰੁਜ਼ਗਾਰ ਲਚਕਤਾ ਦੇ ਮੁਕਾਬਲੇ ਕੁੱਲ ਮੁੱਲ ਜੋੜ ਵਿੱਚ ਹਰ 1 ਪ੍ਰਤੀਸ਼ਤ ਵਾਧੇ ਦੇ ਨਾਲ ਰੁਜ਼ਗਾਰ ਵਿੱਚ 1.11 ਪ੍ਰਤੀਸ਼ਤ ਵਾਧਾ ਹੋਇਆ। ਉਨ੍ਹਾਂ ਨੇ ਭਾਰਤ ਦੀ ਬੇਰੁਜ਼ਗਾਰੀ ਦਰ ਵਿੱਚ ਗਿਰਾਵਟ ਵੱਲ ਵੀ ਧਿਆਨ ਖਿੱਚਿਆ, ਜੋ ਹੁਣ ਲਗਭਗ 3.1 ਪ੍ਰਤੀਸ਼ਤ ਹੈ, ਅਤੇ ਵਿਸ਼ਵਵਿਆਪੀ ਔਸਤ 4.8 ਪ੍ਰਤੀਸ਼ਤ ਤੋਂ ਕਾਫ਼ੀ ਘੱਟ ਹੈ।
200 ਥਾਵਾਂ 'ਤੇ ਹੋਏ ਖੇਤਰੀ ਪ੍ਰੋਗਰਾਮਾਂ ਵਿੱਚ ਰਾਜਪਾਲਾਂ, ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ, ਉਪ ਮੁੱਖ ਮੰਤਰੀਆਂ, ਰਾਜਾਂ ਦੇ ਕਿਰਤ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਨ ਸਭਾਵਾਂ ਦੇ ਮੈਂਬਰਾਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਮਾਲਕਾਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਦੇਸ਼ ਭਰ ਵਿੱਚ ਆਯੋਜਿਤ ਸਮਾਗਮਾਂ ਵਿੱਚ ਕਰਮਚਾਰੀਆਂ ਅਤੇ ਮਾਲਕਾਂ ਦੇ ਪ੍ਰਤੀਨਿਧੀਆਂ ਸਮੇਤ ਲਗਭਗ 2 ਲੱਖ ਭਾਗੀਦਾਰਾਂ ਨੇ ਸ਼ਿਰਕਤ ਕੀਤੀ।

ਪੀਐੱਮ-ਵੀਬੀਆਰਵਾਈ ਬਾਰੇ
ਪੀਐੱਮ-ਵੀਬੀਆਰਵਾਈ 1 ਅਗਸਤ, 2025 ਨੂੰ ਲਾਗੂ ਕੀਤੀ ਗਈ ਸੀ ਅਤੇ ਇਸਨੂੰ ਰਸਮੀ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਅਤੇ ਰੁਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ ਲਈ ਤਿਆਰ ਕੀਤਾ ਗਿਆ ਹੈ। ਇਸ ਯੋਜਨਾ ਦੇ ਭਾਗ ਏ ਦੇ ਤਹਿਤ, ਈਪੀਐੱਫਓ ਨਾਲ ਰਜਿਸਟਰਡ ਅਤੇ ਪ੍ਰਤੀ ਮਹੀਨਾ ₹1 ਲੱਖ ਤੱਕ ਦੀ ਤਨਖ਼ਾਹ ਲੈਣ ਵਾਲੇ ਨਵੇਂ ਕਰਮਚਾਰੀ, ਦੋ ਕਿਸ਼ਤਾਂ ਵਿੱਚ ਇੱਕ ਮਹੀਨੇ ਦੀ ਤਨਖ਼ਾਹ (ਵੱਧ ਤੋਂ ਵੱਧ ₹15,000 ਤੱਕ) ਦੇ ਬਰਾਬਰ ਪ੍ਰੋਤਸਾਹਨ ਪ੍ਰਾਪਤ ਕਰਨ ਦੇ ਯੋਗ ਹਨ।
ਯੋਜਨਾ ਦੇ ਭਾਗ ਬੀ ਦੇ ਤਹਿਤ, ਵਾਧੂ ਰੁਜ਼ਗਾਰ ਪੈਦਾ ਕਰਨ ਵਾਲੇ ਮਾਲਕ ਦੋ ਸਾਲਾਂ ਦੀ ਮਿਆਦ ਲਈ ਪ੍ਰਤੀ ਵਾਧੂ ਕਰਮਚਾਰੀ ਪ੍ਰਤੀ ਮਹੀਨਾ ₹3,000 ਤੱਕ ਦੇ ਪ੍ਰੋਤਸਾਹਨ ਲਈ ਯੋਗ ਹਨ। ਰੁਜ਼ਗਾਰ ਵਿਕਾਸ ਨੂੰ ਵਧਾਉਣ ਵਿੱਚ ਨਿਰਮਾਣ ਦੀ ਮਹੱਤਤਾ ਨੂੰ ਪਛਾਣਦੇ ਹੋਏ, ਨਿਰਮਾਣ ਖੇਤਰ ਵਿੱਚ ਮਾਲਕ ਵਾਧੂ ਦੋ ਸਾਲਾਂ ਲਈ ਪ੍ਰੋਤਸਾਹਨ ਪ੍ਰਾਪਤ ਕਰਨ ਦੇ ਯੋਗ ਹਨ।
₹99,446 ਕਰੋੜ ਦੇ ਕੁੱਲ ਖਰਚੇ ਨਾਲ, ਪੀਐੱਮ-ਵੀਬੀਆਰਵਾਈ ਦਾ ਮੰਤਵ ਦੋ ਸਾਲਾਂ ਦੀ ਮਿਆਦ ਵਿੱਚ 3.5 ਕਰੋੜ ਤੋਂ ਵੱਧ ਨੌਕਰੀਆਂ ਪੈਦਾ ਕਰਨਾ ਹੈ। ਇਨ੍ਹਾਂ ਵਿੱਚੋਂ, ਲਗਭਗ 1.92 ਕਰੋੜ ਲਾਭਪਾਤਰੀਆਂ ਦੇ ਪਹਿਲੀ ਵਾਰ ਕਾਰਜਬਲ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਅਗਸਤ, 2025 ਤੋਂ ਪੀਐੱਮ-ਵੀਬੀਆਰਵਾਈ ਦੇ ਤਹਿਤ 70 ਲੱਖ ਤੋਂ ਵੱਧ ਪਹਿਲੀ ਵਾਰ ਦੇ ਕਰਮਚਾਰੀਆਂ ਨੂੰ ਰਸਮੀ ਕਾਰਜਬਲ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਔਰਤਾਂ ਦਾ ਹਿੱਸਾ ਲਾਭਪਾਤਰੀਆਂ ਦਾ ਲਗਭਗ 30% ਹੈ। ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਨਿਰੰਤਰ ਰੁਜ਼ਗਾਰ ਵਿੱਚ ਰਹਿਣ ਵਾਲੇ ਕਰਮਚਾਰੀ ਇਸ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰਨ ਦੇ ਯੋਗ ਬਣ ਜਾਂਦੇ ਹਨ।
ਪੀਐੱਮ-ਵੀਬੀਆਰਵਾਈ ਯੋਜਨਾ ਪਹਿਲਾਂ ਹੀ ਰਸਮੀ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਅਤੇ ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਦਾ ਸਮਰਥਨ ਕਰਨ ਵਿੱਚ ਮਹੱਤਵਪੂਰਨ ਸ਼ੁਰੂਆਤੀ ਸਫਲਤਾ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਮਾਰਚ 2026 ਵਿੱਚ, ₹461 ਕਰੋੜ ਦੇ ਲਾਭ ਵੰਡੇ ਗਏ ਸਨ। ਯੋਜਨਾ ਦੇ ਭਾਗ ਏ ਦੇ ਤਹਿਤ, 4.41 ਲੱਖ ਪਹਿਲੀ ਵਾਰ ਦੇ ਕਰਮਚਾਰੀਆਂ ਨੂੰ 247 ਕਰੋੜ ਰੁਪਏ ਤਕਸੀਮ ਗਏ ਸਨ, ਜੋ ਰਸਮੀ ਕਾਰਜਬਲ ਵਿੱਚ ਦਾਖਲ ਹੋਣ ਵਾਲੇ ਨੌਜਵਾਨ ਕਰਮਚਾਰੀਆਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਨ। ਭਾਗ ਬੀ ਦੇ ਤਹਿਤ, 17,551 ਅਦਾਰਿਆਂ ਨੂੰ ₹214 ਕਰੋੜ ਦੇ ਪ੍ਰੋਤਸਾਹਨ ਜਾਰੀ ਕੀਤੇ ਗਏ ਸਨ ਜਿਨ੍ਹਾਂ ਨੇ ਲਗਭਗ 6.46 ਲੱਖ ਕਾਮਿਆਂ ਦਾ ਵਾਧੂ ਰੁਜ਼ਗਾਰ ਪੈਦਾ ਕੀਤਾ।
ਪੀਐੱਮ-ਵੀਬੀਆਰਵਾਈ ਦਾ ਦੇਸ਼ ਵਿਆਪੀ ਸਫਲ ਅਮਲ ਰੁਜ਼ਗਾਰ-ਅਗਵਾਈ ਵਾਲੇ ਵਿਕਾਸ, ਕਾਰਜਬਲ ਦੇ ਰਸਮੀਕਰਨ ਅਤੇ ਵਿਆਪਕ ਸਮਾਜਿਕ ਸੁਰੱਖਿਆ ਕਵਰੇਜ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਦਾ ਸਮਰਥਨ ਕਰਕੇ, ਇਹ ਯੋਜਨਾ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ ਅਤੇ ਇਹ ਯਕੀਨੀ ਬਣਾ ਰਹੀ ਹੈ ਕਿ ਭਾਰਤ ਦੀ ਆਰਥਿਕ ਤਰੱਕੀ ਦੇ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਣ।
**** **** ****
Rini Choudhury/Anjelina Alexander
(रिलीज़ आईडी: 2276569)
आगंतुक पटल : 33