ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਜੀਵੰਤ ਗ੍ਰਾਮ ਪ੍ਰੋਗਰਾਮ ਦੇ ਤਹਿਤ ਲੱਦਾਖ ਦੇ ਸਰਹੱਦੀ ਪਿੰਡਾਂ ਦਾ ਤਿੰਨ ਦਿਨਾਂ ਦੌਰਾ ਪੂਰਾ ਕੀਤਾ; ਉਨ੍ਹਾਂ ਨੇ ਨੌਜਵਾਨਾਂ, ਆਈ.ਟੀ.ਬੀ.ਪੀ. ਦੇ ਜਵਾਨਾਂ ਅਤੇ ਸਥਾਨਕ ਭਾਈਚਾਰਿਆਂ ਨਾਲ ਗੱਲਬਾਤ ਕੀਤੀ
ਰਣਨੀਤਕ ਸਰਹੱਦੀ ਯਾਤਰਾ ਦੇ ਕੇਂਦਰ ਬਿੰਦੂ ਬਣੇ ਯੁਵਾ ਸਸ਼ਕਤੀਕਰਨ, ਸਰਹੱਦੀ ਖੇਤਰਾਂ ਦਾ ਵਿਕਾਸ ਅਤੇ ਰਾਸ਼ਟਰੀ ਏਕਤਾ
प्रविष्टि तिथि:
13 JUN 2026 2:37PM by PIB Chandigarh
ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖੜਸੇ ਨੇ ਜੀਵੰਤ ਗ੍ਰਾਮ ਪ੍ਰੋਗਰਾਮ ਦੇ ਤਹਿਤ 11 ਤੋਂ 13 ਜੂਨ, 2026 ਤੱਕ ਲੱਦਾਖ ਦੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਸਰਹੱਦੀ ਖੇਤਰਾਂ ਦਾ ਤਿੰਨ ਦਿਨਾਂ ਦੌਰਾ ਸਫਲਤਾਪੂਰਵਕ ਪੂਰਾ ਕੀਤਾ। ਇਸ ਦੌਰੇ ਵਿੱਚ ਭਾਰਤ ਸਰਕਾਰ ਦੀ ਨੌਜਵਾਨਾਂ ਦੀ ਭਾਗੀਦਾਰੀ, ਭਾਈਚਾਰਕ ਸਹਿਯੋਗ ਅਤੇ ਆਖਰੀ ਸਿਰੇ ਤੱਕ ਵਿਕਾਸ ਦੇ ਜ਼ਰੀਏ ਸਰਹੱਦੀ ਪਿੰਡਾਂ ਨੂੰ ਮਜ਼ਬੂਤ ਬਣਾਉਣ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਗਿਆ, ਨਾਲ ਹੀ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਸੁਰੱਖਿਆ ਬਲਾਂ ਨਾਲ ਤਾਲਮੇਲ ਨੂੰ ਵੀ ਮਜ਼ਬੂਤ ਕੀਤਾ ਗਿਆ।
ਇਸ ਯਾਤਰਾ ਨੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਧਾਉਣ, ਅਗਵਾਈ ਨੂੰ ਪ੍ਰਫੁੱਲਿਤ ਕਰਨ ਅਤੇ ਦੂਰ-ਦੁਰਾਡੇ ਦੇ ਸਰਹੱਦੀ ਖੇਤਰਾਂ ਵਿੱਚ ਨੌਜਵਾਨ ਨਾਗਰਿਕਾਂ ਲਈ ਦੇਸ਼ ਦੇ ਨਿਰਮਾਣ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੇ ਮੌਕੇ ਪੈਦਾ ਕਰਨ ਵਿੱਚ 'ਮਾਈ ਭਾਰਤ' ਦੀ ਵਧਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ।

ਇਸ ਯਾਤਰਾ ਦੌਰਾਨ ਮੰਤਰੀ ਜੀ ਦੇ ਨਾਲ ਸ਼੍ਰੀਮਤੀ ਤਜਮੁਲ ਆਰਾ, ਰਾਜ ਨਿਰਦੇਸ਼ਕ, 'ਮਾਈ ਭਾਰਤ'; ਸ਼੍ਰੀ ਨਿਤੀਸ਼ ਰਾਜੋਰਾ, ਆਈ.ਏ.ਐੱਸ., ਡਿਪਟੀ ਕਮਿਸ਼ਨਰ, ਚਾਂਗਥਾਂਗ; ਸ਼੍ਰੀ ਤਾਸ਼ੀ ਨਾਮਗਿਆਲ, ਡੀਆਈਜੀ, ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ); ਸ਼੍ਰੀ ਪ੍ਰਿਯਾਂਜਨ, ਡਿਪਟੀ ਕਮਾਂਡੈਂਟ, ਆਈ.ਟੀ.ਬੀ.ਪੀ.; ਅਤੇ ਹੋਰ ਸੀਨੀਅਰ ਅਧਿਕਾਰੀ ਤੇ ਪਤਵੰਤੇ ਸੱਜਣ ਹਾਜ਼ਰ ਸਨ।
ਹਾਲ ਆਫ਼ ਫੇਮ ਵਿੱਚ ਭਾਰਤ ਦੇ ਵੀਰ ਯੋਧਿਆਂ ਨੂੰ ਸ਼ਰਧਾਂਜਲੀ
ਇਹ ਯਾਤਰਾ 11 ਜੂਨ ਨੂੰ ਲੇਹ ਸਥਿਤ ਵੱਕਾਰੀ 'ਹਾਲ ਆਫ਼ ਫੇਮ' ਦੇ ਦਰਸ਼ਨਾਂ ਨਾਲ ਸ਼ੁਰੂ ਹੋਈ। ਸ਼੍ਰੀਮਤੀ ਰਕਸ਼ਾ ਖੜਸੇ ਨੇ ਦੇਸ਼ ਦੀ ਰੱਖਿਆ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਵੀਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਵੱਲੋਂ ਦਿਖਾਈ ਗਈ ਹਿੰਮਤ, ਅਨੁਸ਼ਾਸਨ ਅਤੇ ਦੇਸ਼ ਭਗਤੀ ਹਰ ਨਾਗਰਿਕ ਨੂੰ ਪ੍ਰੇਰਿਤ ਕਰਦੀ ਹੈ ਅਤੇ ਦੇਸ਼ ਦੇ ਸੰਕਲਪ ਨੂੰ ਮਜ਼ਬੂਤ ਕਰਦੀ ਹੈ।

ਮੰਤਰੀ ਨੇ ਚੁਣੌਤੀਪੂਰਨ ਹਾਲਾਤ ਵਿੱਚ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਿੱਚ ਹਥਿਆਰਬੰਦ ਬਲਾਂ ਦੀ ਬਹਾਦਰੀ, ਕੁਰਬਾਨੀ ਅਤੇ ਸੰਚਾਲਨ ਸਬੰਧੀ ਪ੍ਰਾਪਤੀਆਂ ਨੂੰ ਦਰਸਾਉਣ ਵਾਲੀਆਂ ਪ੍ਰਦਰਸ਼ਨੀਆਂ ਨੂੰ ਵੀ ਦੇਖਿਆ।
ਹੇਮਿਆ ਪਿੰਡ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਅਤੇ ਭਾਈਚਾਰਕ ਸਹਿਯੋਗ
12 ਜੂਨ ਨੂੰ ਸ਼੍ਰੀਮਤੀ ਰਕਸ਼ਾ ਖੜਸੇ ਨੇ ਸਰਹੱਦੀ ਪਿੰਡ ਹੇਮਿਆ ਦਾ ਦੌਰਾ ਕੀਤਾ, ਜਿੱਥੇ 'ਮਾਈ ਭਾਰਤ' ਦੀ ਅਗਵਾਈ ਹੇਠ ਉਨ੍ਹਾਂ ਦਾ ਰਵਾਇਤੀ ਸਵਾਗਤ ਕੀਤਾ ਗਿਆ। ਪ੍ਰੋਗਰਾਮ ਵਿੱਚ ਸਥਾਨਕ ਕਲਾਕਾਰਾਂ ਅਤੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜੋ ਲੱਦਾਖ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨੂੰ ਦਰਸਾਉਂਦੀਆਂ ਹਨ।
ਵਾਈਬਰੈਂਟ ਵਿਲੇਜ ਪਹਿਲਕਦਮੀ ਨਾਲ ਜੁੜੇ ਨੌਜਵਾਨ ਭਾਗੀਦਾਰਾਂ ਨੇ ਸਰਹੱਦੀ ਪਿੰਡਾਂ ਵਿੱਚ ਵਿਕਾਸ ਦੇ ਮੌਕਿਆਂ ਨੂੰ ਮਜ਼ਬੂਤ ਕਰਨ ਲਈ ਆਪਣੇ ਤਜਰਬੇ, ਇੱਛਾਵਾਂ ਅਤੇ ਵਿਚਾਰ ਸਾਂਝੇ ਕੀਤੇ। ਇਸ ਗੱਲਬਾਤ ਨੇ ਸਥਾਨਕ ਨਜ਼ਰੀਏ ਨੂੰ ਸਮਝਣ ਅਤੇ ਭਾਈਚਾਰਕ ਵਿਕਾਸ ਤੇ ਦੇਸ਼ ਦੇ ਨਿਰਮਾਣ ਦੇ ਯਤਨਾਂ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ।

ਇਸ ਮੌਕੇ ਸ਼੍ਰੀਮਤੀ ਰਕਸ਼ਾ ਖੜਸੇ ਨੇ ਭਾਈਚਾਰਕ ਵਿਕਾਸ, ਨੌਜਵਾਨਾਂ ਦੀ ਭਾਗੀਦਾਰੀ ਅਤੇ ਰਾਸ਼ਟਰੀ ਏਕਤਾ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਡੀ.ਆਈ.ਜੀ. ਆਈ.ਟੀ.ਬੀ.ਪੀ. ਦੇ ਸ਼੍ਰੀ ਤਾਸ਼ੀ ਨਾਮਗਿਆਲ, ਡਿਪਟੀ ਕਮਾਂਡੈਂਟ ਸ਼੍ਰੀ ਪ੍ਰਿਯਾਂਜਨ, ਪਿੰਡ ਦੇ ਸਰਪੰਚ ਅਤੇ ਸਥਾਨਕ ਕਲਾਕਾਰਾਂ ਨੂੰ ਸਨਮਾਨਿਤ ਕੀਤਾ।
ਮੰਤਰੀ ਨੇ ਪਿੰਡ ਦੇ ਸਰਪੰਚ ਦੀ ਰਿਹਾਇਸ਼ ’ਤੇ 'ਮਾਈ ਭਾਰਤ' ਦੇ ਵਲੰਟੀਅਰਾਂ, ਨੌਜਵਾਨ ਭਾਗੀਦਾਰਾਂ ਅਤੇ ਸਥਾਨਕ ਭਾਈਚਾਰੇ ਦੇ ਮੈਂਬਰਾਂ ਨਾਲ ਗੈਰ-ਰਸਮੀ ਗੱਲਬਾਤ ਵੀ ਕੀਤੀ, ਜਿੱਥੇ ਚਰਚਾ ਨੌਜਵਾਨਾਂ ਦੇ ਸਸ਼ਕਤੀਕਰਨ, ਹੁਨਰ ਵਿਕਾਸ, ਖੇਡਾਂ ਵਿੱਚ ਹਿੱਸੇਦਾਰੀ ਅਤੇ ਭਾਈਚਾਰੇ ਦੀ ਅਗਵਾਈ ਵਾਲੇ ਵਿਕਾਸ ਦੇ ਮੌਕਿਆਂ 'ਤੇ ਕੇਂਦਰਿਤ ਰਹੀ।
ਆਈ.ਟੀ.ਬੀ.ਪੀ. ਦੇ ਜਵਾਨਾਂ ਨਾਲ ਵਿਸ਼ੇਸ਼ ਗੱਲਬਾਤ
ਪਿੰਡ ਦੇ ਪ੍ਰੋਗਰਾਮ ਤੋਂ ਬਾਅਦ ਸ਼੍ਰੀਮਤੀ ਰਕਸ਼ਾ ਖੜਸੇ ਨੇ ਆਈ.ਟੀ.ਬੀ.ਪੀ. ਕੈਂਪ ਦਾ ਦੌਰਾ ਕੀਤਾ ਅਤੇ ਖੇਤਰ ਵਿੱਚ ਤਾਇਨਾਤ ਅਧਿਕਾਰੀਆਂ ਤੇ ਜਵਾਨਾਂ ਨਾਲ ਗੱਲਬਾਤ ਕੀਤੀ। 'ਹਿੰਮਵੀਰਾਂ' ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦੇਸ਼ ਦੇ ਸਭ ਤੋਂ ਚੁਣੌਤੀਪੂਰਨ ਹਾਲਾਤ ਵਿੱਚ ਫੋਰਸ ਦੇ ਬੇਮਿਸਾਲ ਸਮਰਪਣ, ਦ੍ਰਿੜ੍ਹਤਾ ਅਤੇ ਸੇਵਾ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਆਈ.ਟੀ.ਬੀ.ਪੀ. ਦਾ ਯੋਗਦਾਨ ਸਿਰਫ਼ ਸਰਹੱਦ ਦੀ ਸੁਰੱਖਿਆ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਵਿਕਾਸ ਪਹਿਲਕਦਮੀਆਂ ਨੂੰ ਸਮਰਥਨ ਦੇਣ, ਸੰਪਰਕ ਨੂੰ ਸੁਖਾਲਾ ਬਣਾਉਣ ਅਤੇ ਸਰਹੱਦੀ ਭਾਈਚਾਰਿਆਂ ਵਿੱਚ ਵਿਸ਼ਵਾਸ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਮੰਤਰੀ ਨੇ ਦੂਰ-ਦੁਰਾਡੇ ਦੇ ਸਰਹੱਦੀ ਖੇਤਰਾਂ ਵਿੱਚ ਜੀਵੰਤ ਗ੍ਰਾਮ ਪ੍ਰੋਗਰਾਮ' ਅਤੇ ਹੋਰ ਵਿਕਾਸ ਕਾਰਜਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਵਿੱਚ ਫੋਰਸ ਦੇ ਸਰਗਰਮ ਸਹਿਯੋਗ ਦੀ ਵੀ ਸ਼ਲਾਘਾ ਕੀਤੀ।
ਥਿਕਸੇ ਮੱਠ ਦੀ ਯਾਤਰਾ
ਯਾਤਰਾ ਦੇ ਆਖਰੀ ਦਿਨ 13 ਜੂਨ ਨੂੰ ਮੰਤਰੀ ਨੇ ਸਤਿਕਾਰਯੋਗ ਥਿਕਸੇ ਮੱਠ ਦਾ ਦੌਰਾ ਕੀਤਾ ਅਤੇ ਸਵੇਰ ਦੀ ਪ੍ਰਾਰਥਨਾ ਵਿੱਚ ਭਾਗ ਲਿਆ। ਉਨ੍ਹਾਂ ਨੇ ਮੱਠ ਦੇ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਦੇਸ਼ ਦੀ ਸ਼ਾਂਤੀ, ਖ਼ੁਸ਼ਹਾਲੀ ਅਤੇ ਨਿਰੰਤਰ ਤਰੱਕੀ ਲਈ ਅਰਦਾਸ ਕੀਤੀ।
ਮੰਤਰੀ ਦਾ ਸੰਦੇਸ਼
ਯਾਤਰਾ ਦੀ ਸਮਾਪਤੀ 'ਤੇ ਸ਼੍ਰੀਮਤੀ ਰਕਸ਼ਾ ਖੜਸੇ ਨੇ ਕਿਹਾ:
"ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰ-ਦਰਸ਼ੀ ਅਗਵਾਈ ਹੇਠ ਭਾਰਤ ਦੇ ਸਰਹੱਦੀ ਪਿੰਡ ਦੇਸ਼ ਦੇ ਮੋਹਰੀ ਪਿੰਡਾਂ ਅਤੇ ਵਿਕਾਸ ਦੇ ਪ੍ਰਵੇਸ਼ ਦੁਆਰ ਵਜੋਂ ਉਭਰ ਰਹੇ ਹਨ। ਖੇਡਾਂ, ਹੁਨਰ ਵਿਕਾਸ, ਭਾਈਚਾਰਕ ਭਾਗੀਦਾਰੀ ਅਤੇ ਦੇਸ਼ ਨਿਰਮਾਣ ਦੀਆਂ ਪਹਿਲਕਦਮੀਆਂ ਦੇ ਜ਼ਰੀਏ ਇਹਨਾਂ ਸਰਹੱਦੀ ਖੇਤਰਾਂ ਦੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣਾ ਸਰਕਾਰ ਦੀ ਮੁੱਖ ਤਰਜੀਹ ਬਣੀ ਹੋਈ ਹੈ। ਸਾਡੇ ਨੌਜਵਾਨਾਂ ਦੀ ਊਰਜਾ ਅਤੇ ਸਾਡੇ ਸੁਰੱਖਿਆ ਬਲਾਂ ਦਾ ਸਮਰਪਣ, 'ਵਿਕਸਿਤ ਭਾਰਤ @2047' ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।"
ਉਨ੍ਹਾਂ ਨੇ ਅੱਗੇ ਕਿਹਾ:
"ਸਾਡੇ ਸਰਹੱਦੀ ਪਿੰਡਾਂ ਦੇ ਨੌਜਵਾਨ ਸਿਰਫ਼ ਵਿਕਾਸ ਦੇ ਲਾਭਪਾਤਰੀ ਹੀ ਨਹੀਂ ਹਨ; ਬਲਕਿ ਉਹ ਇੱਕ ਮਜ਼ਬੂਤ, ਆਤਮ-ਨਿਰਭਰ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਭਾਗੀਦਾਰ ਹਨ। 'ਮਾਈ ਭਾਰਤ' ਅਤੇ 'ਵਾਈਬਰੈਂਟ ਵਿਲੇਜ ਪ੍ਰੋਗਰਾਮ' ਵਰਗੀਆਂ ਮੁਹਿੰਮਾਂ ਰਾਹੀਂ, ਅਸੀਂ ਅਜਿਹੇ ਮੌਕੇ ਪੈਦਾ ਕਰ ਰਹੇ ਹਾਂ ਜੋ ਉਨ੍ਹਾਂ ਨੂੰ ਦੇਸ਼ ਤਰੱਕੀ ਵਿੱਚ ਸਾਰਥਕ ਯੋਗਦਾਨ ਦੇਣ ਦੇ ਯੋਗ ਬਣਾਉਂਦੇ ਹਨ।"

'ਵਾਈਬਰੈਂਟ ਵਿਲੇਜ ਪ੍ਰੋਗਰਾਮ' ਦੇ ਬਾਰੇ ਵਿੱਚ
ਜੀਵੰਤ ਗ੍ਰਾਮ ਪ੍ਰੋਗਰਾਮ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ, ਜਿਸਦਾ ਮੰਤਵ ਬਿਹਤਰ ਬੁਨਿਆਦੀ ਢਾਂਚੇ, ਰੋਜ਼ਗਾਰ ਦੇ ਮੌਕਿਆਂ, ਸੰਪਰਕ, ਜਨਤਕ ਸੇਵਾਵਾਂ ਅਤੇ ਭਾਈਚਾਰਕ ਭਾਗੀਦਾਰੀ ਰਾਹੀਂ ਉੱਤਰੀ ਸਰਹੱਦੀ ਪਿੰਡਾਂ ਵਿੱਚ ਜੀਵਨ ਦੇ ਪੱਧਰ ਨੂੰ ਸੁਧਾਰਨਾ ਹੈ। ਇਹ ਪ੍ਰੋਗਰਾਮ ਸਰਹੱਦੀ ਖੇਤਰਾਂ ਦੇ ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਦੇ ਹੋਏ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦਾ ਯਤਨ ਕਰਦਾ ਹੈ।
ਇਸ ਤਿੰਨ ਦਿਨਾਂ ਯਾਤਰਾ ਨੇ ਸਥਾਨਕ ਭਾਈਚਾਰਿਆਂ, ਨੌਜਵਾਨ ਸੰਗਠਨਾਂ, ਨਾਗਰਿਕ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਨੂੰ ਇੱਕਜੁੱਟ ਕਰਕੇ ਸਰਹੱਦੀ ਖੇਤਰਾਂ ਦੇ ਵਿਕਾਸ ਪ੍ਰਤੀ ਸਰਕਾਰ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਇਆ ਹੈ। ਇਸ ਨੇ ਦੂਰ-ਦੁਰਾਡੇ ਦੇ ਖੇਤਰਾਂ ਦੇ ਨੌਜਵਾਨ ਨਾਗਰਿਕਾਂ ਨੂੰ ਰਾਸ਼ਟਰੀ ਵਿਕਾਸ ਦੇ ਏਜੰਡੇ ਅਤੇ 'ਵਿਕਸਿਤ ਭਾਰਤ-2047' ਦੇ ਵਿਜ਼ਨ ਨਾਲ ਜੋੜਨ ਲਈ ਇੱਕ ਮਜ਼ਬੂਤ ਮੰਚ ਵਜੋਂ 'ਮਾਈ ਭਾਰਤ' ਦੀ ਭੂਮਿਕਾ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਇਆ।
**************
ਆਯੁਸ਼ਮਾਨ ਕੁਮਾਰ
(रिलीज़ आईडी: 2273864)
आगंतुक पटल : 3