ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੇ ਕੋਟਾਯਮ ਵਿੱਚ ਦੀਪਿਕਾ ਮਲਿਆਲਮ ਡੇਲੀ ਦੇ 140ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ


“ਪੱਤਰਕਾਰੀ ਦਾ ਧਰਮ ਚੰਗਿਆਈ ਦੀ ਸ਼ਲਾਘਾ ਕਰਨਾ ਅਤੇ ਗ਼ਲਤ ਕੰਮਾਂ ਦੀ ਆਲੋਚਨਾ ਕਰਨਾ ਹੈ”

“ਰਚਨਾਤਮਕ ਪੱਤਰਕਾਰੀ ਸਮਾਜ ਨੂੰ ਪ੍ਰੇਰਿਤ ਕਰਦੀ ਹੈ ਅਤੇ ਰਾਸ਼ਟਰ ਨਿਰਮਾਣ ਨੂੰ ਮਜ਼ਬੂਤ ਬਣਾਉਂਦੀ ਹੈ”

“ਸੰਪਾਦਕੀ ਵਿੱਚ ਵਿਚਾਰ ਹੋ ਸਕਦੇ ਹਨ, ਪਰ ਖ਼ਬਰਾਂ ਨੂੰ ਖ਼ਬਰਾਂ ਹੀ ਬਣੇ ਰਹਿਣਾ ਚਾਹੀਦਾ ਹੈ”

प्रविष्टि तिथि: 31 MAY 2026 5:03PM by PIB Chandigarh

ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਕੇਰਲਮ ਦੇ ਕੋਟਾਯਮ ਸਥਿਤ ਕੇ.ਸੀ. ਮੈਮਨ ਮਾਪਿਲੈ ਹਾਲ ਵਿੱਚ ਦੀਪਿਕਾ ਮਲਿਆਲਮ ਡੇਲੀ ਦੇ 140ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ ਅਤੇ 'ਦੀਪਿਕਾ ਐਕਸੀਲੈਂਸ ਅਵਾਰਡ' ਪ੍ਰਦਾਨ ਕੀਤੇ।

ਸਭਾ ਨੂੰ ਸੰਬੋਧਨ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਦੀਪਿਕਾ ਦੇ 140 ਸਾਲਾਂ ਦੇ ਸਫ਼ਰ ਨੂੰ "ਸਮਰਪਣ, ਹਿੰਮਤ, ਭਰੋਸੇਯੋਗਤਾ ਅਤੇ ਜਨਤਕ ਸੇਵਾ ਦੀ ਇੱਕ ਜ਼ਿਕਰਯੋਗ ਵਿਰਾਸਤ" ਦੱਸਿਆ। ਉਨ੍ਹੀਵੀਂ ਸਦੀ ਦੇ ਅਖੀਰ ਵਿੱਚ ਇੱਕ ਅਖ਼ਬਾਰ ਦੀ ਸਥਾਪਨਾ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 140 ਸਾਲ ਪਹਿਲਾਂ, ਜਦੋਂ ਸਿੱਖਿਆ ਅਤੇ ਸੰਚਾਰ ਤੱਕ ਪਹੁੰਚ ਸੀਮਤ ਸੀ, ਉਸ ਸਮੇਂ ਕਿਸੇ ਪ੍ਰਕਾਸ਼ਨ ਦੀ ਸ਼ੁਰੂਆਤ ਕਰਨ ਲਈ ਅਸਾਧਾਰਨ ਦ੍ਰਿੜ੍ਹ ਸੰਕਲਪ ਅਤੇ ਦੂਰ-ਦ੍ਰਿਸ਼ਟੀ ਦੀ ਲੋੜ ਸੀ।

ਲੋਕਤੰਤਰ ਵਿੱਚ ਜ਼ਿੰਮੇਵਾਰ ਪੱਤਰਕਾਰੀ ਦੀ ਭੂਮਿਕਾ ’ਤੇ ਚਾਨਣਾ ਪਾਉਂਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਰਾਜਨੀਤਿਕ ਲੀਡਰਸ਼ਿਪ ਜਨਤਕ ਜੀਵਨ ਦੇ ਸਭ ਤੋਂ ਚੁਣੌਤੀਪੂਰਨ ਖੇਤਰਾਂ ਵਿੱਚੋਂ ਇੱਕ ਹੈ ਅਤੇ ਰਚਨਾਤਮਕ ਆਲੋਚਨਾ ਹਮੇਸ਼ਾ ਨਿਰਪੱਖ ਅਤੇ ਸੰਤੁਲਿਤ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰੀ ਦਾ ਅਸਲ ਧਰਮ ਚੰਗੇ ਕੰਮਾਂ ਦੀ ਸ਼ਲਾਘਾ ਕਰਨਾ ਅਤੇ ਲੋੜ ਪੈਣ ’ਤੇ ਦਲੇਰੀ ਨਾਲ ਗ਼ਲਤ ਕੰਮਾਂ ਦੀ ਆਲੋਚਨਾ ਕਰਨਾ ਹੈ।

ਉਪ-ਰਾਸ਼ਟਰਪਤੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅਖ਼ਬਾਰਾਂ ਦੀ ਜ਼ਿੰਮੇਵਾਰੀ ਸਿਰਫ਼ ਘਟਨਾਵਾਂ ਦੀ ਰਿਪੋਰਟਿੰਗ ਤੱਕ ਸੀਮਤ ਨਹੀਂ ਹੈ, ਸਗੋਂ ਉਨ੍ਹਾਂ ਦੀ ਇੱਕ ਵਿਆਪਕ ਸਮਾਜਿਕ ਜ਼ਿੰਮੇਵਾਰੀ ਵੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰੀ ਨੂੰ ਉਮੀਦ, ਨਵੀਨਤਾ, ਹਮਦਰਦੀ ਅਤੇ ਵਿਗਿਆਨਕ ਤਰੱਕੀ ਦੀਆਂ ਖ਼ਬਰਾਂ ਨੂੰ ਵੀ ਪ੍ਰਮੁੱਖਤਾ ਦੇਣੀ ਚਾਹੀਦੀ ਹੈ, ਕਿਉਂਕਿ ਅਜਿਹੀ ਰਚਨਾਤਮਕ ਪੱਤਰਕਾਰੀ ਨੌਜਵਾਨਾਂ ਵਿੱਚ ਆਤਮ-ਵਿਸ਼ਵਾਸ ਵਧਾਉਂਦੀ ਹੈ ਅਤੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਲਈ ਪ੍ਰੇਰਿਤ ਕਰਦੀ ਹੈ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਅਖ਼ਬਾਰਾਂ ਵਿੱਚ ਸੰਪਾਦਕੀ ਵਿਚਾਰ ਪ੍ਰਗਟ ਕਰਨ ਦਾ ਜਾਇਜ਼ ਮੰਚ ਹੈ, ਜਦੋਂ ਕਿ ਖ਼ਬਰਾਂ ਦੀ ਰਿਪੋਰਟਿੰਗ ਵਾਸਤਵਿਕ ਅਤੇ ਤੱਥਾਂ 'ਤੇ ਅਧਾਰਿਤ ਬਣਾਈ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਖ਼ਬਰਾਂ ਦੀ ਰਿਪੋਰਟਿੰਗ ਵਿੱਚ ਵਧਦੇ ਸੰਪਾਦਕੀ ਦੇ ਰੁਝਾਨ ਪ੍ਰਤੀ ਸਾਵਧਾਨ ਕੀਤਾ। ਨਾਲ ਹੀ, ਉਨ੍ਹਾਂ ਨੇ ਦੀਪਿਕਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਅਖ਼ਬਾਰ ਨੇ ਪੀੜ੍ਹੀਆਂ ਤੋਂ ਸਮਾਜਿਕ ਸਦਭਾਵਨਾ, ਸਿੱਖਿਆ, ਸਭਿਆਚਾਰ ਅਤੇ ਰਚਨਾਤਮਕ ਜਨਤਕ ਵਾਰਤਾਲਾਪ ਨੂੰ ਹੁਲਾਰਾ ਦਿੱਤਾ ਹੈ ਅਤੇ ਕੇਰਲਮ ਦੇ ਸਾਹਿਤਕ ਅਤੇ ਸਭਿਆਚਾਰਕ ਖੇਤਰ ਨੂੰ ਅਮੀਰ ਬਣਾਉਣ ਵਿੱਚ ਅਹਿਮ ਯੋਗਦਾਨ ਦਿੱਤਾ ਹੈ।

ਮੀਡੀਆ ਦੇ ਲੈਂਡਸਕੇਪ ਵਿੱਚ ਹੋ ਰਹੀਆਂ ਤਬਦੀਲੀਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਗਲਤ ਜਾਣਕਾਰੀ, ਜਨਤਾ ਦੇ ਘਟਦੇ ਭਰੋਸੇ, ਵਪਾਰਕ ਦਬਾਅ ਅਤੇ ਡਿਜੀਟਲ ਪਲੈਟਫਾਰਮਾਂ ਵੱਲੋਂ ਲਿਆਂਦੀ ਗਈ ਤੇਜ਼ ਪਰਿਵਰਤਨਸ਼ੀਲਤਾ ਜਿਹੀਆਂ ਚੁਣੌਤੀਆਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਲੋਕ ਅਕਸਰ ਕਿਸੇ ਮੁੱਦੇ ਜਾਂ ਬਹਿਸ ਦੀ ਡੂੰਘਾਈ ਵਿੱਚ ਜਾਏ ਬਿਨਾਂ ਸਿਰਫ਼ ਸੁਰਖੀਆਂ ਅਤੇ ਕੈਪਸ਼ਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ।

ਸੰਸਥਾ ਦੇ ਭਵਿੱਖ ਪ੍ਰਤੀ ਭਰੋਸਾ ਪ੍ਰਗਟ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਮੀਡੀਆ ਦੇ ਸਾਹਮਣੇ ਆਉਣ ਵਾਲੀ ਹਰ ਚੁਣੌਤੀ ਆਪਣੇ ਨਾਲ ਇੱਕ ਮੌਕਾ ਵੀ ਲੈ ਕੇ ਆਉਂਦੀ ਹੈ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਦੀਪਿਕਾ ਉੱਚ ਪੱਧਰ ਦੀ ਇਮਾਨਦਾਰੀ ਅਤੇ ਪੇਸ਼ਾਵਰ ਉੱਤਮਤਾ ਨੂੰ ਬਣਾਈ ਰੱਖਦੇ ਹੋਏ ਨੌਜਵਾਨ ਪੱਤਰਕਾਰਾਂ ਨੂੰ ਪ੍ਰੇਰਿਤ ਕਰਦੀ ਰਹੇਗੀ।

ਉਪ-ਰਾਸ਼ਟਰਪਤੀ ਨੇ ਦੀਪਿਕਾ ਦੇ ਪ੍ਰਬੰਧਨ, ਕਰਮਚਾਰੀਆਂ, ਯੋਗਦਾਨ ਪਾਉਣ ਵਾਲਿਆਂ, ਇਸ਼ਤਿਹਾਰ ਦੇਣ ਵਾਲਿਆਂ, ਡਿਸਟ੍ਰਿਬਿਊਟਰਾਂ ਅਤੇ ਪਾਠਕਾਂ ਨੂੰ ਵਧਾਈ ਦਿੰਦੇ ਹੋਏ ਅਖ਼ਬਾਰ ਨੂੰ ਆਉਣ ਵਾਲੇ ਸਾਲਾਂ ਲਈ ਸਮਾਜ ਅਤੇ ਰਾਸ਼ਟਰ ਦੀ ਸੇਵਾ ਵਿੱਚ ਲਗਾਤਾਰ ਸਫ਼ਲਤਾ, ਪ੍ਰਸੰਗਿਕਤਾ ਅਤੇ ਉੱਤਮਤਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ’ਤੇ ਕੇਰਲਮ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ, ਕੇਰਲਮ ਦੇ ਮੁੱਖ ਮੰਤਰੀ ਵੀ.ਡੀ. ਸਤੀਸਨ, ਕੇਰਲਮ ਵਿਧਾਨ ਸਭਾ ਦੇ ਸਪੀਕਰ ਤਿਰੂਵਨਚੂਰ ਰਾਧਾਕ੍ਰਿਸ਼ਣਨ, ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਸੀ.ਵੀ. ਆਨੰਦ ਬੋਸ, ਕੋਟਾਯਮ ਦੇ ਆਰਚਬਿਸ਼ਪ ਮਾਰ ਮੈਥਿਊ ਮੂਲਕੱਟ, ਰਾਸ਼ਟਰ ਦੀਪਿਕਾ ਲਿਮਟਿਡ ਦੇ ਚੇਅਰਮੈਨ ਫ੍ਰਾਂਸਿਸ ਕਲੀਟਸ, ਮੈਨੇਜਿੰਗ ਡਾਇਰੈਕਟਰ ਮਾਈਕਲ ਵੇਟੀਕੱਟ ਅਤੇ ਮੁੱਖ ਸੰਪਾਦਕ ਜਾਰਜ ਕੁਡੀਲਿਲ ਸਮੇਤ ਅਨੇਕ ਪਤਵੰਤੇ ਸੱਜਣ ਮੌਜੂਦ ਸਨ।

******

ਪੀਆਰ/ਏਐੱਸਐੱਮ/ਵੀਐੱਮਜੇ


(रिलीज़ आईडी: 2268773) आगंतुक पटल : 17
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Gujarati , Tamil , Malayalam