ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਇਬੋਲਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਬਿਮਾਰੀ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ
ਭਾਰਤ ਵਿੱਚ ਹੁਣ ਤੱਕ ਬੁੰਡੀਬੁਗਯੋ (Bundibugyo) ਇਬੋਲਾ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ: ਸ਼੍ਰੀ ਨੱਡਾ
ਵਿਸ਼ਵ ਸਿਹਤ ਸੰਗਠਨ ਨੇ ਇਬੋਲਾ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਦੀ ਸਥਿਤੀ ਐਲਾਨਿਆ; ਅਫਰੀਕਾ ਸੀਡੀਸੀ ਨੇ ਇਸੇ ਮਹਾਦ੍ਵੀਪ ਦੀ ਸੁਰੱਖਿਆ ਦੀ ਜਨਤਕ ਸਿਹਤ ਐਮਰਜੈਂਸੀ ਦੀ ਸਥਿਤੀ ਐਲਾਨਿਆ
ਸ਼੍ਰੀ ਨੱਡਾ ਨੇ ਸਿਹਤ ਮੰਤਰਾਲੇ ਦੇ ਸਕੱਤਰ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ(ਆਈਸੀਐੱਮਆਰ) ਅਤੇ ਰਾਸ਼ਟਰੀ ਰੋਗ ਨਿਯੰਤਰਨ ਕੇਂਦਰ (ਐੱਨਸੀਡੀਸੀ) ਨੂੰ ਨਿਰਦੇਸ਼ ਦਿੱਤਾ ਕਿ ਟ੍ਰੈਕਿੰਗ, ਟੈਸਟਿੰਗ ਅਤੇ ਨਿਗਰਾਨੀ ਲਈ ਸਾਰੀਆਂ ਜ਼ਰੂਰੀ ਵਿਵਸਥਾਵਾਂ ਨੂੰ ਹਰ ਸਮੇਂ ਪੂਰੀ ਤਰ੍ਹਾਂ ਤਿਆਰ ਰੱਖਿਆ ਜਾਵੇ
ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਹੋਰ ਐਂਟਰੀ ਪੁਆਇੰਟਾਂ ‘ਤੇ ਉੱਨਤ ਸਕ੍ਰੀਨਿੰਗ ਅਤੇ ਨਿਗਰਾਨੀ ਉਪਾਅ ਸ਼ੁਰੂ ਕੀਤੇ ਗਏ, ਸਕ੍ਰੀਨਿੰਗ, ਕੁਆਰੰਟੀਨ, ਕਲੀਨਿਕਲ ਪ੍ਰਬੰਧਨ, ਪ੍ਰਯੋਗਸ਼ਾਲਾ ਜਾਂਚ ਅਤੇ ਇਨਫੈਕਸ਼ਨ ਕੰਟਰੋਲ ਸਬੰਧੀ ਦਿਸ਼ਾ-ਨਿਰਦੇਸ਼ ਅਤੇ ਐੱਸਓਪੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝੇ ਕੀਤੇ ਗਏ
ਕੇਂਦਰ ਸਰਕਾਰ ਇਬੋਲਾ ਦੀ ਸਥਿਤੀ ‘ਤੇ ਨਿਗਰਾਨੀ ਰੱਖੇ ਹੋਏ ਹੈ ਅਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਲਗਾਤਾਰ ਤਾਲਮੇਲ ਬਣਾਏ ਹੋਏ ਹੈ
प्रविष्टि तिथि:
25 MAY 2026 8:24PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਥੇ, ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਹਾਲ ਹੀ ਵਿੱਚ ਫੈਲੇ ਇਬੋਲਾ ਰੋਗ ਦੇ ਮੱਦੇਨਜ਼ਰ, ਉਸ ਨਾਲ ਨਜਿੱਠਣ ਦੀਆਂ ਤਿਆਰੀਆਂ ਅਤੇ ਨਿਗਰਾਨੀ ਉਪਾਵਾਂ ਦੀ ਸਮੀਖਿਆ ਕੀਤੀ।
ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਕਿਹਾ ਕਿ “ਭਾਰਤ ਵਿੱਚ ਹੁਣ ਤੱਕ ਬੁੰਡੀਬੁਗਯੋ ਇਬੋਲਾ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।” ਹਾਲਾਂਕਿ, ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ ਇਬੋਲਾ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਦੀ ਸਥਿਤੀ (ਪੀਐੱਚਈਆਈਸੀ) ਅਤੇ ਅਫਰੀਕਾ ਸੀਡੀਸੀ ਦੁਆਰਾ ਮਹਾਦ੍ਵੀਪ ਦੀਆਂ ਸੁਰੱਖਿਆ ਦੀ ਜਨਤਕ ਸਿਹਤ ਐਮਰਜੈਂਸੀ ਦੀ ਸਥਿਤੀ (ਪੀਐੱਚਈਸੀਐੱਸ) ਐਲਾਨ ਕੀਤੇ ਜਾਣ ਤੋਂ ਬਾਅਦ, ਸਰਕਾਰ ਅਫਰੀਕਾ ਵਿੱਚ ਇਬੋਲਾ ਦੀ ਸਥਿਤੀ ‘ਤੇ ਲਗਾਤਾਰ ਨਿਗਰਾਨੀ ਰੱਖੇ ਹੋਏ ਹੈ ਅਤੇ ਜਨਤਕ ਸਿਹਤ ਦੀ ਸੁਰੱਖਿਆ ਲਈ ਸਾਵਧਾਨੀ ਵਜੋਂ ਦੇਸ਼ ਭਰ ਵਿੱਚ ਨਿਗਰਾਨੀ ਅਤੇ ਤਿਆਰੀਆਂ ਦੇ ਉਪਾਵਾਂ ਨੂੰ ਸਰਗਰਮ ਤੌਰ ‘ਤੇ ਹੋਰ ਮਜ਼ਬੂਤ ਕੀਤਾ ਹੈ।

ਸ਼੍ਰੀ ਨੱਡਾ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਸਾਵਧਾਨੀ ਵਜੋਂ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐੱਨਸੀਡੀਸੀ), ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀਜੀਐੱਚਐੱਸ), ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ(ਆਈਸੀਐੱਮਆਰ), ਸਿਵਿਲ ਐਵਿਏਸ਼ਨ, ਇਮੀਗ੍ਰੇਸ਼ਨ ਅਥਾਰਿਟੀਆਂ ਅਤੇ ਹੋਰ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਕਰੀਬੀ ਤਾਲਮੇਲ ਵਿੱਚ ਦੇਸ਼ ਭਰ ਵਿੱਚ ਨਿਗਰਾਨੀ ਅਤੇ ਜਨਤਕ ਸਿਹਤ ਤਿਆਰੀਆਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਕਿਹਾ, “ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਹੋਰ ਐਂਟਰੀ ਪੁਆਂਇੰਟਾਂ ‘ਤੇ ਉੱਨਤ ਸਕ੍ਰੀਨਿੰਗ ਅਤੇ ਨਿਗਰਾਨੀ ਉਪਾਅ ਸ਼ੁਰੂ ਕੀਤੇ ਗਏ ਹਨ ਅਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਕ੍ਰੀਨਿੰਗ, ਕੁਆਰੰਟੀਨ, ਕਲੀਨਿਕਲ ਪ੍ਰਬੰਧਨ, ਪ੍ਰਯੋਗਸ਼ਾਲਾ ਜਾਂਚ ਅਤੇ ਇਨਫੈਕਸ਼ਨ ਕੰਟਰੋਲ ਸਬੰਧੀ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਅਤੇ ਮਸ਼ਵਰੇ ਸਾਂਝੇ ਕੀਤੇ ਗਏ ਹਨ।”
ਤਿਆਰੀਆਂ ਅਤੇ ਪ੍ਰਤੀਕਿਰਿਆ ਉਪਾਵਾਂ ਦੀ ਸਮੀਖਿਆ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਬੰਧਿਤ ਹਿਤਧਾਰਕਾਂ ਨਾਲ ਮੀਟਿੰਗਾਂ ਵੀ ਆਯੋਜਿਤ ਕੀਤੀਆਂ ਗਈਆਂ ਹਨ। ਕੇਂਦਰੀ ਮੰਤਰੀ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਡਾਇਰੈਕਟਰ ਜਨਰਲ ਅਤੇ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐੱਨਸੀਡੀਸੀ) ਦੇ ਡਾਇਰੈਕਟਰ ਨੂੰ ਟ੍ਰੈਕਿੰਗ, ਟੈਸਟਿੰਗ ਅਤੇ ਨਿਗਰਾਨੀ ਲਈ ਸਾਰੀਆਂ ਜ਼ਰੂਰੀ ਵਿਵਸਥਾਵਾਂ ਨੂੰ ਹਰ ਸਮੇਂ ਪੂਰੀ ਤਰ੍ਹਾਂ ਤਿਆਰ ਰੱਖਣ ਦੇ ਨਿਰਦੇਸ਼ ਵੀ ਦਿੱਤੇ।

ਭਾਰਤ ਨੇ ਆਪਣੇ ਨਾਗਰਿਕਾਂ ਲਈ 24 ਮਈ 2026 ਨੂੰ ਇੱਕ ਯਾਤਰਾ ਮਸ਼ਵਰਾ ਜਾਰੀ ਕਰਦਿਆਂ ਉਨ੍ਹਾਂ ਨੂੰ ਕਾਂਗੋ, ਉਗਾਂਡਾ ਅਤੇ ਦੱਖਣ ਸੂਡਾਨ ਦੀ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਸੀ। ਇਸ ਤੋਂ ਪਹਿਲਾਂ, 21 ਮਈ 2026 ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਇਬੋਲਾ ਬਿਮਾਰੀ ਲਈ ਜਨਤਕ ਸਿਹਤ ਤਿਆਰੀਆਂ ਅਤੇ ਪ੍ਰਤਿਕਿਰਿਆ ਸਬੰਧੀ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ ਸੀ, ਜਿਸ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੁਆਰਾ ਪਾਲਣ ਕੀਤੇ ਜਾਣ ਵਾਲੇ ਪ੍ਰੋਟੋਕੌਲ ਸ਼ਾਮਲ ਸਨ। ਇਸ ਤੋਂ ਬਾਅਦ 22 ਮਈ 2026 ਨੂੰ ਹਸਪਤਾਲਾਂ ਵਿੱਚ ਇਨਫੈਕਸ਼ਨ ਕੰਟਰੋਲ, ਆਈਸੋਲੇਸ਼ਨ ਸੁਵਿਧਾਵਾਂ ਦੀ ਤਿਆਰੀ ਅਤੇ ਇਬੋਲਾ ਮਰੀਜਾਂ ਦੇ ਮਨੁੱਖੀ ਅਵਸ਼ੇਸ਼ਾਂ ਦੀ ਸੁਰੱਖਿਆ ਅਤੇ ਸਨਮਾਨਜਨਕ ਪ੍ਰਬੰਧਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ।

ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਇਕਾਈਆਂ ਅਤੇ ਏਅਰਪੋਰਟ ਸਿਹਤ ਸੰਗਠਨਾਂ ਨੂੰ ਅੰਤਰਰਾਸ਼ਟਰੀ ਯਾਤਰੀਆਂ ਵਿੱਚ ਅਣਜਾਣ ਕਾਰਨਾਂ ਨਾਲ ਹੋਣ ਵਾਲੇ ਬੁਖਾਰ ਸਬੰਧੀ ਮਾਮਲਿਆਂ ‘ਤੇ ਵਿਸ਼ੇਸ਼ ਚੌਕਸੀ ਬਣਾਏ ਰੱਖਣ ਅਤੇ ਕਿਸੇ ਵੀ ਸ਼ੱਕੀ ਮਾਮਲੇ ਦੀ ਜਲਦੀ ਰਿਪੋਰਟਿੰਗ ਅਤੇ ਪ੍ਰਬੰਧਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਬੋਲਾ ਰੋਗ ਇੱਕ ਗੰਭੀਰ ਵਾਇਰਲ ਹੈ, ਜਿਸ ਦੀ ਮੌਤ ਦਰ ਬਹੁਤ ਵੱਧ ਹੁੰਦੀ ਹੈ। ਵਰਤਮਾਨ ਵਿੱਚ ਬੁੰਡੀਬੁਗਯੋ ਵਾਇਰਲ ਸਟ੍ਰੇਨ ਨਾਲ ਹੋਣ ਵਾਲੇ ਇਬੋਲਾ ਰੋਗ ਲਈ ਕੋਈ ਮਨਜ਼ੂਰ ਵੈਕਸੀਨ ਜਾ ਵਿਸ਼ੇਸ਼ ਇਲਾਜ ਉਪਲਬਧ ਨਹੀਂ ਹੈ।

ਮੀਟਿੰਗ ਵਿੱਚ ਕੇਂਦਰੀ ਸਿਹਤ ਸਕੱਤਰ ਪੁਣਯ ਸਲੀਲ ਸ੍ਰੀਵਾਸਤਵ; ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਰਾਜੀਵ ਬਹਿਲ; ਸਿਹਤ ਸੇਵਾਵਾਂ ਦੀ ਡਾਇਰੈਕਟਰ ਜਨਰਲ ਸੁਨੀਤਾ ਸ਼ਰਮਾ; ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਰਾਕੇਸ਼ ਗੁਪਤਾ; ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਜੀ.ਐੱਸ. ਚਿੱਤਰਾ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
*****
ਐੱਸਆਰ/ਏਕੇ
(रिलीज़ आईडी: 2265505)
आगंतुक पटल : 41