ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ
Posted On:
18 MAY 2026 12:10AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੀਡਨ ਦੇ ਗੋਥੇਨਬਰਗ ਵਿੱਚ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਉਲਫ ਕ੍ਰਿਸਟਰਸਨ ਨਾਲ ਦੁਵੱਲੀ ਗੱਲਬਾਤ ਕੀਤੀ। ਸਵੀਡਨ ਦੀ ਸ਼ਾਹੀ ਕ੍ਰਾਊਨ ਪ੍ਰਿੰਸੈਸ ਵਿਕਟੋਰੀਆ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਰਾਜਾ ਕਾਰਲ XVI ਗੁਸਤਾਫ ਅਤੇ ਰਾਣੀ ਸਿਲਵੀਆ ਵੱਲੋਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਮਹਾਮਹਿਮ ਰਾਜਾ ਦੇ 80ਵੇਂ ਜਨਮ ਦਿਨ 'ਤੇ ਵਧਾਈ ਦਿੱਤੀ।
ਦੋਵਾਂ ਨੇਤਾਵਾਂ ਨੇ ਭਾਰਤ-ਸਵੀਡਨ ਸਬੰਧਾਂ ਦੇ ਸਮੁੱਚੇ ਦਾਇਰੇ ਦੀ ਸਮੀਖਿਆ ਕੀਤੀ ਅਤੇ ਵਪਾਰ ਅਤੇ ਨਿਵੇਸ਼, ਨਵੀਨਤਾ, ਹਰਿਤ ਬਦਲਾਅ, ਉੱਭਰਦੀਆਂ ਤਕਨਾਲੋਜੀਆਂ, ਰੱਖਿਆ ਅਤੇ ਸੁਰੱਖਿਆ, ਡਿਜੀਟਲੀਕਰਨ, ਐੱਸਐੱਮਈਜ਼, ਪੁਲਾੜ, ਖੋਜ, ਸਿੱਖਿਆ, ਸਭਿਆਚਾਰ ਅਤੇ ਲੋਕ ਦਰ ਲੋਕ ਆਦਾਨ-ਪ੍ਰਦਾਨ ਦੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਵਿੱਚ ਵਧ ਰਹੀ ਰਫ਼ਤਾਰ ਨੂੰ ਪ੍ਰਮਾਣਿਤ ਕੀਤਾ। ਉਨ੍ਹਾਂ ਨੇ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ 'ਤੇ ਅਧਾਰਤ ਅਤੇ ਨਵੀਨਤਾ, ਸਥਿਰਤਾ ਅਤੇ ਖੋਜ ਅਤੇ ਵਿਕਾਸ ਸਬੰਧਾਂ ਨਾਲ ਸੰਚਾਲਤ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਵਧਦੀ ਭਾਈਵਾਲੀ ਨੂੰ ਸੇਧ ਦੇਣ ਲਈ ਨਿਯਮਤ ਉੱਚ-ਪੱਧਰੀ ਰਾਜਨੀਤਿਕ ਗਤੀਵਿਧੀਆਂ ਅਤੇ ਸੰਸਥਾਗਤ ਗੱਲਬਾਤ ਨੂੰ ਬਰਕਰਾਰ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਦੋਵੇਂ ਨੇਤਾ ਭਾਰਤ-ਸਵੀਡਨ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ। ਰਣਨੀਤਕ ਭਾਈਵਾਲੀ ਚਾਰ ਥੰਮ੍ਹਾਂ ਨਾਲ ਨਿਰਦੇਸ਼ਤ ਹੋਵੇਗੀ ਜਿਨ੍ਹਾਂ 'ਚ ਸਥਿਰਤਾ ਅਤੇ ਸੁਰੱਖਿਆ ਲਈ ਰਣਨੀਤਕ ਗੱਲਬਾਤ; ਅਗਲੀ ਪੀੜ੍ਹੀ ਦੀ ਆਰਥਿਕ ਭਾਈਵਾਲੀ; ਉੱਭਰਦੀਆਂ ਤਕਨਾਲੋਜੀਆਂ ਅਤੇ ਭਰੋਸੇਯੋਗ ਸੰਪਰਕ; ਅਤੇ ਭਵਿੱਖ ਨੂੰ ਇੱਕਜੁੱਟਤਾ ਨਾਲ ਆਕਾਰ ਦੇਣਾ - ਲੋਕ, ਗ੍ਰਹਿ, ਸਿਹਤ ਅਤੇ ਲਚਕਤਾ ਸ਼ਾਮਲ ਹਨ। ਰਣਨੀਤਕ ਭਾਈਵਾਲੀ ਨੂੰ ਸੰਚਾਲਤ ਕਰਨ ਲਈ, ਦੋਵਾਂ ਨੇਤਾਵਾਂ ਨੇ ਭਾਰਤ-ਸਵੀਡਨ ਸੰਯੁਕਤ ਕਾਰਜ ਯੋਜਨਾ 2026-2030 ਨੂੰ ਅਪਣਾਇਆ, ਜੋ ਰਾਜਨੀਤਿਕ, ਆਰਥਿਕ, ਤਕਨੀਕੀ, ਸੁਰੱਖਿਆ, ਜਲਵਾਯੂ ਅਤੇ ਲੋਕ ਦਰ ਲੋਕ ਸਬੰਧੀ ਖੇਤਰਾਂ ਵਿੱਚ ਸਹਿਯੋਗ ਲਈ ਇੱਕ ਵਿਆਪਕ ਰੋਡਮੈਪ ਪ੍ਰਦਾਨ ਕਰਦਾ ਹੈ।
ਦੋਵਾਂ ਨੇਤਾਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਾਲ ਹੀ ਵਿੱਚ ਸਿਰੇ ਚੜ੍ਹੇ ਭਾਰਤ-ਈਯੂ ਐੱਫਟੀਏ ਨੇ ਆਰਥਿਕ ਅਤੇ ਵਪਾਰਕ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਖੋਲ੍ਹਿਆ ਹੈ ਅਤੇ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਬੰਧਾਂ ਨੂੰ ਡੂੰਘਾ ਕਰਨ ਲਈ ਇਸਦੇ ਜਲਦੀ ਅਮਲ ਲਈ ਯਤਨ ਜਾਰੀ ਰੱਖਣ 'ਤੇ ਸਹਿਮਤ ਹੋਏ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਨਵੀਨਤਾ, ਸਾਫ਼ ਤਕਨਾਲੋਜੀਆਂ, ਉੱਨਤ ਨਿਰਮਾਣ, ਟਿਕਾਊ ਗਤੀਸ਼ੀਲਤਾ ਅਤੇ ਡਿਜੀਟਲ ਤਬਦੀਲੀ ਸਮੇਤ ਰਣਨੀਤਕ ਖੇਤਰਾਂ ਵਿੱਚ ਭਾਰਤ ਨਾਲ ਸਵੀਡਨ ਦੇ ਨਿਰੰਤਰ ਸਬੰਧਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਕ੍ਰਿਸਟਰਸਨ ਨੇ ਡਿਜੀਟਲ ਤਬਦੀਲੀ ਅਤੇ ਮਸਨੂਈ ਬੁੱਧੀ ਦੇ ਖੇਤਰ ਵਿੱਚ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਤਰੱਕੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਵੀਡਨ ਦੀ ਅਰਥ-ਵਿਵਸਥਾ ਅਤੇ ਨਵੀਨਤਾ ਈਕੋਸਿਸਟਮ ਵਿੱਚ ਭਾਰਤੀ ਭਾਈਚਾਰੇ ਦੇ ਸਕਾਰਾਤਮਕ ਯੋਗਦਾਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਵਿਕਾਸ ਗਾਥਾ ਵਿੱਚ ਸਵੀਡਿਸ਼ ਭਾਗੀਦਾਰੀ ਨੂੰ ਅੱਗੇ ਲਈ ਸੱਦਾ ਦਿੱਤਾ।
ਨੇਤਾਵਾਂ ਨੇ ਆਪਸੀ ਹਿੱਤ ਦੇ ਮੁੱਖ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਸੰਗਠਨਾਂ ਦੇ ਸੁਧਾਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਵਿਰੁੱਧ ਲੜਾਈ ਵਿੱਚ ਸਵੀਡਨ ਦੇ ਮਜ਼ਬੂਤ ਸਮਰਥਨ ਲਈ ਧੰਨਵਾਦ ਕੀਤਾ। ਦੋਵਾਂ ਨੇਤਾਵਾਂ ਨੇ ਸ਼ਾਂਤੀ, ਸਥਿਰਤਾ, ਲਚਕਦਾਰ ਸਪਲਾਈ ਲੜੀਆਂ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
****
ਐਮਜੇਪੀਐਸ/ਐਸਐਸ/ਵੀਜੇ
(Release ID: 2262278)
ਵਿਜ਼ੀਟਰ ਕਾਊਂਟਰ : 3
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Bengali-TR
,
Gujarati
,
Tamil
,
Telugu
,
Kannada
,
Malayalam