PIB Backgrounder
ਪ੍ਰਧਾਨ ਮੰਤਰੀ ਦੀ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ
ਊਰਜਾ, ਤਕਨਾਲੋਜੀ, ਕਨੈਕਟੀਵਿਟੀ ਅਤੇ ਰਣਨੀਤਕ ਸਹਿਯੋਗ ਨੂੰ ਅੱਗੇ ਵਧਾਉਣਾ
Posted On:
15 MAY 2026 8:31PM by PIB Chandigarh
ਭਾਰਤ-ਯੂਏਈ ਰਣਨੀਤਕ ਭਾਈਵਾਲੀ ਸਿਆਸੀ ਵਿਸ਼ਵਾਸ, ਆਰਥਿਕ ਸਹਿਯੋਗ ਅਤੇ ਲੋਕਾਂ ਦਰਮਿਆਨ ਆਪਸੀ ਸੰਪਰਕਾਂ ’ਤੇ ਟਿਕੀ ਹੋਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 15 ਮਈ 2026 ਨੂੰ ਯੂਏਈ ਦੀ ਯਾਤਰਾ ਊਰਜਾ ਸੁਰੱਖਿਆ, ਰੱਖਿਆ, ਸਮੁੰਦਰੀ ਬੁਨਿਆਦੀ ਢਾਂਚੇ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਸੁਪਰਕੰਪਿਊਟਿੰਗ, ਨਿਵੇਸ਼ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਦੀ ਹੈ। ਰਣਨੀਤਕ, ਤਕਨੀਕੀ ਅਤੇ ਆਰਥਿਕ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੀ ਇੱਕਜੁਟਤਾ ਲੰਬੇ ਸਮੇਂ ਦੇ ਵਿਕਾਸ, ਖੇਤਰੀ ਸਥਿਰਤਾ, ਨਵੀਨਤਾ ਅਤੇ ਭਵਿੱਖ ਲਈ ਤਿਆਰ ਵਿਕਾਸ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਤਿਹਾਸਕ ਸਬੰਧਾਂ ਤੋਂ ਵਿਆਪਕ ਰਣਨੀਤਕ ਭਾਈਵਾਲੀ ਤੱਕ
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਰਿਸ਼ਤੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਹਨ, ਜਿਨ੍ਹਾਂ ਨੇ ਵਪਾਰ, ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਅਰਬ ਸਾਗਰ ਦੇ ਪਾਰ ਮਜ਼ਬੂਤ ਭਾਈਚਾਰਕ ਸਬੰਧਾਂ ਤੋਂ ਆਕਾਰ ਲਿਆ ਹੈ। ਸਦੀਆਂ ਤੋਂ ਮੋਤੀ, ਖਜੂਰ, ਮਸਾਲਿਆਂ, ਕੱਪੜਿਆਂ ਅਤੇ ਮੱਛੀ ਉਤਪਾਦਾਂ ਦਾ ਵਪਾਰ ਪੱਛਮੀ ਭਾਰਤ ਨੂੰ ਖਾੜੀ ਖੇਤਰ ਨਾਲ ਜੋੜਦਾ ਰਿਹਾ ਹੈ। ਦੋਵਾਂ ਦੇਸ਼ਾਂ ਦਰਮਿਆਨ ਰਸਮੀ ਕੂਟਨੀਤਕ ਸਬੰਧ 1972 ਵਿੱਚ ਸਥਾਪਿਤ ਹੋਏ, ਜਿਸ ਤੋਂ ਬਾਅਦ ਅਬੂ ਧਾਬੀ ਅਤੇ ਨਵੀਂ ਦਿੱਲੀ ਵਿੱਚ ਦੂਤਾਵਾਸ ਖੋਲ੍ਹੇ ਗਏ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਾਲ 2015 ਦੀ ਯੂਏਈ ਦੀ ਯਾਤਰਾ ਤੋਂ ਬਾਅਦ ਦੁਪੱਖੀ ਸਬੰਧਾਂ ਨੂੰ ਨਵੀਂ ਗਤੀ ਮਿਲੀ। ਇਹ 34 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯੂਏਈ ਯਾਤਰਾ ਸੀ। ਸਾਲ 2014 ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੱਤ ਵਾਰ ਯੂਏਈ ਦੀ ਯਾਤਰਾ ਕੀਤੀ ਹੈ, ਜਦੋਂ ਕਿ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਪੰਜ ਵਾਰ ਭਾਰਤ ਦੀ ਯਾਤਰਾ ਕੀਤੀ ਹੈ। ਇਸ ਸਮੇਂ ਦੌਰਾਨ, ਵਪਾਰ, ਨਿਵੇਸ਼, ਊਰਜਾ, ਤਕਨਾਲੋਜੀ, ਰੱਖਿਆ ਅਤੇ ਡਿਜੀਟਲ ਆਰਥਿਕਤਾ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਿਆ ਹੈ। ਯੂਏਈ ਹੁਣ ਭਾਰਤ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ, ਉਹ ਪ੍ਰਮੁੱਖ ਊਰਜਾ ਸਪਲਾਇਰ ਅਤੇ ਬੁਨਿਆਦੀ ਢਾਂਚੇ ਅਤੇ ਨਵਿਆਉਣਯੋਗ ਊਰਜਾ ਵਿੱਚ ਮਹੱਤਵਪੂਰਨ ਨਿਵੇਸ਼ਕ ਵੀ ਹੈ।
ਵਪਾਰ ਅਤੇ ਨਿਵੇਸ਼ ਸਬੰਧ: ਦੋਵਾਂ ਦੇਸ਼ਾਂ ਦਰਮਿਆਨ ਦੁਪੱਖੀ ਵਸਤੂ ਵਪਾਰ ਪਹਿਲੀ ਵਾਰ 100 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰਦੇ ਹੋਏ ਵਿੱਤ ਸਾਲ 2025-26 ਵਿੱਚ 101.25 ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਦੋਵਾਂ ਧਿਰਾਂ ਨੇ 2032 ਤੱਕ ਦੁਪੱਖੀ ਵਪਾਰ ਨੂੰ ਦੁੱਗਣਾ ਕਰਕੇ 200 ਬਿਲੀਅਨ ਡਾਲਰ ਤੱਕ ਲੈ ਜਾਣ ਦੀ ਵਚਨਬੱਧਤਾ ਜਤਾਈ ਹੈ।
ਨਿਵੇਸ਼ ਵੀ ਇਸ ਦੁਪੱਖੀ ਸਬੰਧ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ। ਦੋਵਾਂ ਦੇਸ਼ਾਂ ਨੇ ਫਰਵਰੀ 2024 ਵਿੱਚ ਦੁਪੱਖੀ ਨਿਵੇਸ਼ ਸੰਧੀ ’ਤੇ ਹਸਤਾਖਰ ਕੀਤੇ, ਜੋ 31 ਅਗਸਤ, 2024 ਤੋਂ ਪ੍ਰਭਾਵੀ ਹੋਈ। ਅਪ੍ਰੈਲ 2000 ਤੋਂ ਮਾਰਚ 2025 ਤੱਕ ਯੂਏਈ ਤੋਂ ਭਾਰਤ ਵਿੱਚ ਕੁੱਲ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) 25.19 ਬਿਲੀਅਨ ਡਾਲਰ ਰਿਹਾ, ਜਿਸ ਨਾਲ ਯੂਏਈ ਭਾਰਤ ਵਿੱਚ ਸੱਤਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਬਣ ਗਿਆ। ਯੂਏਈ ਦੇ ਨਿਵੇਸ਼ ਰੀਅਲ ਐਸਟੇਟ, ਬੁਨਿਆਦੀ ਢਾਂਚੇ, ਊਰਜਾ, ਨਿੱਜੀ ਇਕੁਇਟੀ ਅਤੇ ਵਿੱਤੀ ਸੇਵਾਵਾਂ ਵਰਗੇ ਵਿਭਿੰਨ ਖੇਤਰਾਂ ਵਿੱਚ ਕੇਂਦ੍ਰਿਤ ਹਨ। ਯੂਏਈ ਦੇ ਸੌਵਰੇਨ ਵੈਲਥ ਫੰਡਸ (ਐੱਸਡਬਲਿਊਐੱਫ) ਦੀ ਭਾਰਤ ਵਿੱਚ ਮਜ਼ਬੂਤ ਮੌਜੂਦਗੀ ਹੈ। ਭਾਰਤ ਅਤੇ ਯੂਏਈ ਦੇ ਦਰਮਿਆਨ ਸਥਾਨਕ ਮੁਦਰਾ ਨਿਪਟਾਰਾ (ਐੱਲਸੀਐੱਸ) ਪ੍ਰਣਾਲੀ ਲਾਗੂ ਹੈ, ਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਪੈਸੇ ਦੀ ਲੈਣ-ਦੇਣ ਭਾਰਤੀ ਰੁਪਏ ਅਤੇ ਦਿਰਹਮ ਵਿੱਚ ਕੀਤਾ ਜਾ ਸਕਦਾ ਹੈ, ਜਿਸ ਨਾਲ ਡਾਲਰ ’ਤੇ ਨਿਰਭਰਤਾ ਅਤੇ ਲੈਣ-ਦੇਣ ਦੀ ਲਾਗਤ ਘੱਟ ਹੁੰਦੀ ਹੈ।
ਊਰਜਾ ਵਪਾਰ: ਭਾਰਤ ਅਤੇ ਯੂਏਈ ਦਰਮਿਆਨ ਵਿਸ਼ੇਸ਼ ਤੌਰ ’ਤੇ ਹਾਈਡ੍ਰੋਕਾਰਬਨ ਖੇਤਰ ਵਿੱਚ ਗੂੜ੍ਹੀ ਅਤੇ ਮਜ਼ਬੂਤ ਭਾਈਵਾਲੀ ਹੈ। ਵਿੱਤ ਸਾਲ 2024-25 ਵਿੱਚ ਯੂਏਈ ਕੱਚੇ ਤੇਲ ਦਾ ਚੌਥਾ ਸਭ ਤੋਂ ਵੱਡਾ ਸਰੋਤ, ਐੱਲਐੱਨਜੀ ਦਾ ਤੀਜਾ ਸਭ ਤੋਂ ਵੱਡਾ ਸਰੋਤ, ਐੱਲਪੀਜੀ ਦਾ ਸਭ ਤੋਂ ਵੱਡਾ ਸਪਲਾਇਰ ਅਤੇ ਭਾਰਤ ਦੇ ਤਿਆਰ ਪੈਟਰੋਲੀਅਮ ਉਤਪਾਦਾਂ ਦੇ ਦੂਜੇ ਸਭ ਤੋਂ ਵੱਡੇ ਨਿਰਯਾਤ ਸਥਾਨ ਵਜੋਂ ਉੱਭਰਿਆ। ਵਰਤਮਾਨ ਵਿੱਚ, ਯੂਏਈ ਇੱਕੋ ਇੱਕ ਅਜਿਹਾ ਦੇਸ਼ ਹੈ, ਜੋ ਭਾਰਤ ਦੇ ਰਣਨੀਤਕ ਪੈਟਰੋਲੀਅਮ ਭੰਡਾਰ ਪ੍ਰੋਗਰਾਮ ਵਿੱਚ ਹਿੱਸਾ ਲੈ ਰਿਹਾ ਹੈ।
ਦੁਪੱਖੀ ਸੰਪਰਕ: ਊਰਜਾ ਅਤੇ ਵਪਾਰ ਤੋਂ ਇਲਾਵਾ, ਕਨੈਕਟੀਵਿਟੀ ਅਤੇ ਲੌਜਿਸਟਿਕਸ ਸਹਿਯੋਗ ਵੀ ਦੁਪੱਖੀ ਭਾਈਵਾਲੀ ਦੇ ਮਹੱਤਵਪੂਰਨ ਥੰਮ੍ਹਾਂ ਵਜੋਂ ਉੱਭਰ ਰਹੇ ਹਨ। ਦੋਵੇਂ ਦੇਸ਼ ਸਮੁੰਦਰੀ ਸੰਪਰਕ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ।
ਰੱਖਿਆ ਸਹਿਯੋਗ: ਭਾਰਤ ਅਤੇ ਯੂਏਈ ਦਰਮਿਆਨ ਦੁਪੱਖੀ ਰੱਖਿਆ ਸਹਿਯੋਗ, ਆਪਸੀ ਸਹਿਯੋਗ ਦੇ ਹੋਰ ਖੇਤਰਾਂ ਦੇ ਵਾਂਗ, ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਹ ਸਹਿਯੋਗ ਮੰਤਰਾਲਾ ਪੱਧਰ ’ਤੇ ਸੰਯੁਕਤ ਰੱਖਿਆ ਸਹਿਯੋਗ ਕਮੇਟੀ (ਜੇਡੀਸੀਸੀ) ਦੇ ਮਾਧਿਅਮ ਰਾਹੀਂ ਚਲਾਇਆ ਜਾਂਦਾ ਹੈ, ਜਿਸ ਦੀ ਸਥਾਪਨਾ ਜੂਨ 2003 ਵਿੱਚ ਰੱਖਿਆ ਸਹਿਯੋਗ ’ਤੇ ਸਮਝੌਤਾ ਪੱਤਰ (ਐੱਮਓਯੂ) ’ਤੇ ਹਸਤਾਖਰਾਂ ਦੇ ਨਾਲ ਹੋਈ ਸੀ। ਸਰਵਿਸ ਜਾਂ ਸੈਨਾ ਮੁੱਖ ਦਫ਼ਤਰ ਪੱਧਰ ’ਤੇ ਸੈਨਾ, ਨੌਸੈਨਾ ਅਤੇ ਵਾਯੂ ਸੈਨਾ (ਹਵਾਈ ਫ਼ੌਜ) ਦਰਮਿਆਨ ਹਰ ਸਾਲ ਸਰਵਿਸ ਸਟਾਫ਼ ਵਾਰਤਾ ਆਯੋਜਿਤ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਸੁਰੱਖਿਆ ਅਤੇ ਰੱਖਿਆ ਸਹਿਯੋਗ ਦੇ ਵਿਭਿੰਨ ਅਵਸਰਾਂ ਬਾਰੇ ਚਰਚਾ ਕੀਤੀ ਜਾਂਦੀ ਹੈ।
ਲੋਕਾਂ ਦਰਮਿਆਨ ਆਪਸੀ ਸਬੰਧ: ਯੂਏਈ ਵਿੱਚ ਪ੍ਰਵਾਸੀ ਭਾਰਤੀ ਸਭ ਤੋਂ ਵੱਡਾ ਵਿਦੇਸ਼ੀ ਭਾਈਚਾਰਾ ਹਨ। ਉਹ ਯੂਏਈ ਦੀ ਆਰਥਿਕਤਾ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੀ ਭਲਾਈ ਦੋਵਾਂ ਦੇਸ਼ਾਂ ਲਈ ਬਹੁਤ ਮਹੱਤਵਪੂਰਨ ਹੈ। ਗਲੋਬਲ ਆਰਥਿਕਤਾ ਦੀਆਂ ਚੁਣੌਤੀਆਂ ਦੇ ਬਾਵਜੂਦ, ਇਹ ਪ੍ਰਵਾਸੀ ਭਾਈਚਾਰਾ ਲਗਾਤਾਰ ਭਾਰਤ ਨੂੰ ਪੈਸੇ ਭੇਜਣ ਦਾ ਇੱਕ ਸਥਿਰ ਸਰੋਤ ਬਣਿਆ ਹੋਇਆ ਹੈ, ਜਿਸ ਦਾ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
15 ਮਈ 2026: ਪ੍ਰਧਾਨ ਮੰਤਰੀ ਦੀ ਯੂਏਈ ਦੀ ਯਾਤਰਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 15 ਮਈ, 2026 ਨੂੰ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕੀਤੀ ਅਤੇ ਉੱਥੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਗੱਲਬਾਤ ਕੀਤੀ। ਇਸ ਯਾਤਰਾ ਨੇ ਦੁਪੱਖੀ ਰਣਨੀਤਕ ਭਾਈਵਾਲੀ ਵਿੱਚ ਮਜ਼ਬੂਤ ਰਫ਼ਤਾਰ ਦੀ ਪੁਸ਼ਟੀ ਕੀਤੀ। ਦੋਵੇਂ ਦੇਸ਼ ਰਣਨੀਤਕ, ਆਰਥਿਕ, ਤਕਨੀਕੀ ਅਤੇ ਸਮਾਜਿਕ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਵਚਨਬੱਧ ਹਨ। ਚਰਚਾਵਾਂ ਵਿੱਚ ਮਜ਼ਬੂਤ ਸਪਲਾਈ ਚੇਨਾਂ, ਲੰਬੇ ਸਮੇਂ ਦੇ ਆਰਥਿਕ ਸਹਿਯੋਗ ਅਤੇ ਖੇਤਰੀ ਅਤੇ ਗਲੋਬਲ ਤਰਜੀਹਾਂ ਦੇ ਸਬੰਧ ਵਿੱਚ ਵਧ ਰਹੇ ਤਾਲਮੇਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਮੁੱਖ ਨਤੀਜੇ ਅਤੇ ਉਨ੍ਹਾਂ ਦਾ ਰਣਨੀਤਕ ਮਹੱਤਵ
ਪ੍ਰਧਾਨ ਮੰਤਰੀ ਦੀ ਇਹ ਯਾਤਰਾ ਭਾਰਤ-ਯੂਏਈ ਦੀ ਵਧਦੀ ਦੁਪੱਖੀ ਭਾਈਵਾਲੀ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ। ਇਸ ਦੇ ਨਤੀਜੇ ਮਹੱਤਵਪੂਰਨ ਖੇਤਰਾਂ ਤੱਕ ਫੈਲੇ ਹੋਏ ਹਨ, ਜੋ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਰਣਨੀਤਕ ਤਾਲਮੇਲ ਨੂੰ ਦਰਸਾਉਂਦੇ ਹਨ। ਇਹ ਲੰਬੇ ਸਮੇਂ ਦੀ ਆਰਥਿਕ ਮਜ਼ਬੂਤੀ, ਤਕਨੀਕੀ ਸਹਿਯੋਗ ਅਤੇ ਖੇਤਰੀ ਸੰਪਰਕ ਨੂੰ ਹੋਰ ਮਜ਼ਬੂਤ ਕਰਨਗੇ।
ਨਤੀਜਾ 1: ਇੰਡੀਅਨ ਸਟ੍ਰੇਟੇਜਿਕ ਪੈਟਰੋਲੀਅਮ ਰਿਜ਼ਰਵਜ਼ ਲਿਮਟਿਡ (ਆਈਐੱਸਪੀਆਰਐੱਲ) ਅਤੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏਡੀਐੱਨਓਸੀ) ਦੇ ਦਰਮਿਆਨ ਰਣਨੀਤਕ ਸਹਿਯੋਗ ’ਤੇ ਸਮਝੌਤਾ ਪੱਤਰ

ਇਹ ਸਮਝੌਤਾ ਹਾਈਡ੍ਰੋਕਾਰਬਨ ਖੇਤਰ ਵਿੱਚ ਗੂੜ੍ਹੇ ਸਹਿਯੋਗ ਦੇ ਮਾਧਿਅਮ ਰਾਹੀਂ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਇਹ ਮਹੱਤਵਪੂਰਨ ਊਰਜਾ ਸਰੋਤਾਂ ਤੱਕ ਭਰੋਸੇਯੋਗ ਪਹੁੰਚ ਯਕੀਨੀ ਬਣਾਏਗਾ। ਇਹ ਭਾਈਵਾਲੀ ਭਾਰਤ ਦੇ ਰਣਨੀਤਕ ਪੈਟਰੋਲੀਅਮ ਭੰਡਾਰ ਢਾਂਚੇ ਨੂੰ ਵੀ ਮਜ਼ਬੂਤ ਕਰੇਗੀ। ਜਿਸ ਨਾਲ ਗਲੋਬਲ ਸਪਲਾਈ ਦੇ ਵਿਘਨਾਂ ਅਤੇ ਊਰਜਾ ਬਾਜ਼ਾਰ ਦੀ ਅਸਥਿਰਤਾ ਨਾਲ ਨਜਿੱਠਣ ਦੀ ਦੇਸ਼ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।
ਇਹ ਸਮਝੌਤਾ ਤਰਲ ਕੁਦਰਤੀ ਗੈਸ (ਐੱਲਐੱਨਜੀ) ਅਤੇ ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਦੇ ਭੰਡਾਰਨ ਬੁਨਿਆਦੀ ਢਾਂਚੇ ਵਿੱਚ ਨਵੇਂ ਮੌਕਾ ਪੈਦਾ ਕਰੇਗਾ। ਇਹ ਭਾਰਤ ਦੇ ਊਰਜਾ ਸਰੋਤਾਂ ਦੇ ਵਿਵਿਧੀਕਰਨ ਅਤੇ ਭੰਡਾਰਨ ਸਮਰੱਥਾ ਦੇ ਵਿਸਤਾਰ ਦੇ ਯਤਨਾਂ ਵਿੱਚ ਸਹਾਇਤਾ ਦੇਵੇਗਾ। ਇਹ ਭਾਈਵਾਲੀ ਸੁਰੱਖਿਅਤ ਅਤੇ ਭਵਿੱਖ-ਮੁਖੀ ਊਰਜਾ ਈਕੋਸਿਸਟਮ ਦੇ ਨਿਰਮਾਣ ਵਿੱਚ ਵੀ ਸਹਾਇਤਾ ਕਰੇਗੀ।

ਨਤੀਜਾ 2: ਇੰਡੀਅਨ ਆਇਲ ਲਿਮਟਿਡ (ਆਈਓਸੀਐੱਲ) ਕੰਪਨੀ ਅਤੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏਡੀਐੱਨਓਸੀ) ਦੇ ਦਰਮਿਆਨ ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਦੀ ਸਪਲਾਈ ’ਤੇ ਰਣਨੀਤਕ ਸਹਿਯੋਗ ਸਮਝੌਤਾ
ਇਹ ਸਹਿਯੋਗ ਭਾਰਤ ਦੀ ਲੰਬੇ ਸਮੇਂ ਦੀ ਐੱਲਪੀਜੀ ਸਪਲਾਈ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਇਹ ਘਰੇਲੂ ਮੰਗ ਲਈ ਸਥਿਰ ਅਤੇ ਭਰੋਸੇਯੋਗ ਊਰਜਾ ਸਰੋਤ ਯਕੀਨੀ ਬਣਾਏਗਾ। ਇਹ ਪਹਿਲਕਦਮੀ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਊਰਜਾ ਸਹਿਯੋਗ ਨੂੰ ਹੋਰ ਵਧਾਏਗੀ। ਇਸ ਨਾਲ ਭਾਰਤ ਦੇ ਸਭ ਤੋਂ ਭਰੋਸੇਯੋਗ ਊਰਜਾ ਭਾਈਵਾਲਾਂ ਵਜੋਂ ਯੂਏਈ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ।

ਨਤੀਜਾ 3: ਰਣਨੀਤਕ ਰੱਖਿਆ ਭਾਈਵਾਲੀ ਲਈ ਢਾਂਚਾ
ਇਹ ਢਾਂਚਾ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰੇਗਾ। ਇਹ ਸੰਯੁਕਤ ਭਾਈਵਾਲੀ, ਸਹਿ-ਵਿਕਾਸ ਅਤੇ ਉਦਯੋਗਾਂ ਦੀ ਵਧੇਰੇ ਭਾਗੀਦਾਰੀ ਨੂੰ ਉਤਸ਼ਾਹਿਤ ਕਰੇਗਾ। ਇਹ ਸਮਝੌਤਾ ਰਣਨੀਤਕ ਖੇਤਰਾਂ ਵਿੱਚ ਨਵੀਨਤਾ ਅਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਨੂੰ ਵੀ ਉਤਸ਼ਾਹ ਦੇਵੇਗਾ। ਇਸ ਨਾਲ ਉੱਨਤ ਰੱਖਿਆ ਨਿਰਮਾਣ ਅਤੇ ਸਮਰੱਥਾਵਾਂ ਵਿੱਚ ਸਹਿਯੋਗ ਨੂੰ ਸਮਰਥਨ ਮਿਲੇਗਾ। ਵਿਆਪਕ ਪੱਧਰ ’ਤੇ, ਇਸ ਭਾਈਵਾਲੀ ਨਾਲ ਰਾਸ਼ਟਰੀ ਅਤੇ ਖੇਤਰੀ ਸੁਰੱਖਿਆ ਸਹਿਯੋਗ ਵਧਣ ਦੀ ਸੰਭਾਵਨਾ ਹੈ।
ਨਤੀਜਾ 4: ਕੋਚੀਨ ਸ਼ਿਪਯਾਰਡ ਲਿਮਟਿਡ (ਸੀਐੱਸਐੱਲ) ਅਤੇ ਡ੍ਰਾਈਡੌਕਸ ਵਰਲਡ (ਡੀਡੀਡਬਲਿਊ) ਦੇ ਦਰਮਿਆਨ ਵਾਡੀਨਾਰ ਵਿੱਚ ਜਹਾਜ਼ ਮੁਰੰਮਤ ਕਲਸਟਰ ਸਥਾਪਿਤ ਕਰਨ ਲਈ ਸਮਝੌਤਾ ਪੱਤਰ

ਇਹ ਪਹਿਲਕਦਮੀ ਸ਼ਿਪਿੰਗ, ਬੰਦਰਗਾਹ ਅਤੇ ਤੱਟਵਰਤੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਵੇਗੀ। ਇਹ ਵਧਦੇ ਸਮੁੰਦਰੀ ਅਤੇ ਲੌਜਿਸਟਿਕਸ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰੇਗੀ। ਇਹ ਸਹਿਯੋਗ ਸਮੁੰਦਰੀ ਲੌਜਿਸਟਿਕਸ ਈਕੋਸਿਸਟਮ ਨੂੰ ਵੀ ਬਿਹਤਰ ਬਣਾਏਗਾ। ਇਹ ਜਹਾਜ਼ ਮੁਰੰਮਤ ਅਤੇ ਸਬੰਧਤ ਉਦਯੋਗਿਕ ਸਮਰੱਥਾਵਾਂ ਨੂੰ ਮਜ਼ਬੂਤ ਕਰੇਗਾ। ਇਸ ਨਾਲ ਕੁਸ਼ਲ ਵਪਾਰ ਅਤੇ ਸੰਪਰਕ ਨੂੰ ਉਤਸ਼ਾਹ ਮਿਲੇਗਾ। ਇਹ ਭਾਈਵਾਲੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਵੀ ਅੱਗੇ ਵਧਾਏਗੀ, ਜਿਸ ਨਾਲ ਘਰੇਲੂ ਨਿਰਮਾਣ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਵਦੇਸ਼ੀ ਸਮੁੰਦਰੀ ਸਮਰੱਥਾਵਾਂ ਨੂੰ ਹੁਲਾਰਾ ਮਿਲੇਗਾ।
ਨਤੀਜਾ 5: ਕੋਚੀਨ ਸ਼ਿਪਯਾਰਡ ਲਿਮਟਿਡ (ਸੀਐੱਸਐੱਲ), ਡ੍ਰਾਈਡੌਕਸ ਵਰਲਡ (ਡੀਡੀਡਬਲਿਊ) ਅਤੇ ਸੈਂਟਰ ਆਫ਼ ਐਕਸੀਲੈਂਸ ਇਨ ਮੈਰੀਟਾਈਮ ਐਂਡ ਸ਼ਿਪਬਿਲਡਿੰਗ (ਸੀਈਐੱਮਐੱਸ) ਦੇ ਦਰਮਿਆਨ ਜਹਾਜ਼ ਮੁਰੰਮਤ ਵਿੱਚ ਹੁਨਰ ਵਿਕਾਸ ’ਤੇ ਸਮਝੌਤਾ ਪੱਤਰ (ਐੱਮਓਯੂ)

ਇਹ ਵਿਵਸਥਾ ਭਾਰਤੀ ਸਮੁੰਦਰੀ ਕਾਰਜਬਲ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰੇਗੀ। ਇਹ ਜਹਾਜ਼ ਨਿਰਮਾਣ ਅਤੇ ਜਹਾਜ਼ ਮੁਰੰਮਤ ਵਿੱਚ ਵਿਸ਼ੇਸ਼ ਸਿਖਲਾਈ, ਤਕਨੀਕੀ ਹੁਨਰ ਸੁਧਾਰ ਅਤੇ ਸਮਰੱਥਾ ਨਿਰਮਾਣ ਵਿੱਚ ਸਹਾਇਤਾ ਦੇਵੇਗੀ। ਇਹ ਪਹਿਲਕਦਮੀ ਭਾਰਤ ਨੂੰ ਕੁਸ਼ਲ ਸਮੁੰਦਰੀ ਪੇਸ਼ਾਵਰਾਂ ਦੇ ਗਲੋਬਲ ਕੇਂਦਰ ਵਜੋਂ ਉੱਭਰਨ ਵਿੱਚ ਵੀ ਸਹਾਇਤਾ ਕਰੇਗੀ। ਇਸ ਨਾਲ ਉਦਯੋਗ ਲਈ ਤਿਆਰ ਮੁਹਾਰਤ ਮਜ਼ਬੂਤ ਹੋਵੇਗੀ ਅਤੇ ਸਮੁੰਦਰੀ ਖੇਤਰ ਵਿੱਚ ਮੌਕੇ ਵਧਣਗੇ। ਇਹ ਸਹਿਯੋਗ ਸਕਿੱਲ ਇੰਡੀਆ ਮਿਸ਼ਨ ਦੇ ਉਦੇਸ਼ਾਂ ਦੇ ਵੀ ਅਨੁਕੂਲ ਹੈ। ਇਹ ਵਿਕਸਿਤ ਹੋ ਰਹੇ ਗਲੋਬਲ ਸਮੁੰਦਰੀ ਉਦਯੋਗ ਲਈ ਭਵਿੱਖ-ਮੁਖੀ ਕਾਰਜਬਲ ਤਿਆਰ ਕਰਨ ਵਿੱਚ ਮਦਦ ਕਰੇਗਾ।
ਨਤੀਜਾ 6: ਸੀ-ਡੈੱਕ, ਭਾਰਤ ਅਤੇ ਜੀ-42, ਯੂਏਈ ਦੇ ਦਰਮਿਆਨ ਭਾਈਵਾਲੀ ਵਿੱਚ 8 ਐਕਸਾਫਲੌਪ ਸੁਪਰ ਕੰਪਿਊਟਿੰਗ ਕਲਸਟਰ ਸਥਾਪਿਤ ਕਰਨ ਲਈ ਟਰਮ ਸ਼ੀਟ

ਇਹ ਭਾਈਵਾਲੀ ਭਾਰਤ ਦੀ ਪ੍ਰਭੂਸੱਤਾ ਏਆਈ ਅਤੇ ਉੱਚ-ਪ੍ਰਦਰਸ਼ਨ ਕੰਪਿਊਟਿੰਗ ਸਮਰੱਥਾਵਾਂ ਨੂੰ ਤੇਜ਼ੀ ਨਾਲ ਵਿਕਸਿਤ ਕਰੇਗੀ। ਇਹ ਦੇਸ਼ ਦੀ ਸੁਪਰਕੰਪਿਊਟਿੰਗ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਏਗੀ। ਇਹ ਸਹਿਯੋਗ ਇੰਡੀਆ ਏਆਈ ਮਿਸ਼ਨ ਨੂੰ ਵੀ ਗਤੀ ਪ੍ਰਦਾਨ ਕਰੇਗਾ। ਇਹ ਡਿਜੀਟਲ ਨਵੀਨਤਾ, ਏਆਈ ਖੋਜ ਅਤੇ ਅਗਲੀ ਪੀੜ੍ਹੀ ਦੀ ਤਕਨੀਕੀ ਤਰੱਕੀ ਨੂੰ ਸਹਿਯੋਗ ਦੇਵੇਗਾ।

ਨਤੀਜਾ 7: ਸੰਯੁਕਤ ਅਰਬ ਅਮੀਰਾਤ ਵੱਲੋਂ ਭਾਰਤ ਵਿੱਚ ਨਿਵੇਸ਼
ਇਹ ਨਿਵੇਸ਼ ਵਚਨਬੱਧਤਾਵਾਂ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਅਤੇ ਵਿੱਤੀ ਸਹਿਯੋਗ ਨੂੰ ਮਜ਼ਬੂਤ ਕਰਨਗੀਆਂ। ਇਹ ਭਾਰਤ ਦੇ ਬੁਨਿਆਦੀ ਢਾਂਚੇ ਅਤੇ ਬੈਂਕਿੰਗ ਖੇਤਰਾਂ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਗੀਆਂ। ਇਹ ਵਚਨਬੱਧਤਾਵਾਂ ਲੰਬੇ ਸਮੇਂ ਦੇ ਪੂੰਜੀ ਪ੍ਰਵਾਹ ਅਤੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਵੀ ਮਜ਼ਬੂਤ ਕਰਨਗੀਆਂ। ਨਾਲ ਹੀ, ਇਹ ਭਾਰਤ ਦੇ ਆਰਥਿਕ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਵਿਸਤਾਰ ਦੇ ਟੀਚਿਆਂ ਵਿੱਚ ਸਹਾਇਤਾ ਪ੍ਰਦਾਨ ਕਰਨਗੀਆਂ।
ਕੁੱਲ ਮਿਲਾ ਕੇ, ਪ੍ਰਧਾਨ ਮੰਤਰੀ ਦੀ ਯਾਤਰਾ ਦੇ ਨਤੀਜੇ ਦੁਪੱਖੀ ਸਬੰਧਾਂ ਦੇ ਭਵਿੱਖ-ਮੁਖੀ ਰਣਨੀਤਕ ਭਾਈਵਾਲੀ ਵਿੱਚ ਬਦਲਾਅ ਨੂੰ ਦਰਸਾਉਂਦੇ ਹਨ। ਇਹ ਸਹਿਯੋਗ ਵਿਸ਼ਵਾਸ, ਨਵੀਨਤਾ ਅਤੇ ਸਾਂਝੀ ਖੁਸ਼ਹਾਲੀ ’ਤੇ ਅਧਾਰਤ ਹੈ। ਇਹ ਸਮਝੌਤੇ ਊਰਜਾ, ਵਪਾਰ ਅਤੇ ਰੱਖਿਆ ਵਰਗੇ ਰਵਾਇਤੀ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਵਧਾਉਂਦੇ ਹਨ। ਨਾਲ ਹੀ, ਇਹ ਮੋਹਰੀ ਤਕਨਾਲੋਜੀਆਂ, ਲੌਜਿਸਟਿਕਸ, ਡਿਜੀਟਲ ਬੁਨਿਆਦੀ ਢਾਂਚੇ ਅਤੇ ਉੱਨਤ ਨਿਰਮਾਣ ਵਰਗੇ ਨਵੇਂ ਖੇਤਰਾਂ ਵਿੱਚ ਵੀ ਮੌਕਿਆਂ ਦਾ ਵਿਸਤਾਰ ਕਰਦੇ ਹਨ।
ਭਵਿੱਖ ਲਈ ਤਿਆਰ ਭਾਰਤ-ਯੂਏਈ ਭਾਈਵਾਲੀ ਵੱਲ
ਭਾਰਤ ਅਤੇ ਯੂਏਈ ਦਰਮਿਆਨ ਸਬੰਧ ਰਵਾਇਤੀ ਵਪਾਰਕ ਸੰਪਰਕਾਂ ਤੋਂ ਵਿਕਸਿਤ ਹੋ ਕੇ ਇੱਕ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਬਦਲ ਚੁੱਕੇ ਹਨ। ਨਿਰੰਤਰ ਸਿਆਸੀ ਸਹਿਭਾਗਤਾ ਅਤੇ ਆਰਥਿਕ ਸਹਿਯੋਗ ਨੇ ਇਸ ਬਦਲਾਅ ਨੂੰ ਗਤੀ ਦਿੱਤੀ ਹੈ। ਅੱਜ ਇਹ ਭਾਈਵਾਲੀ ਊਰਜਾ ਸੁਰੱਖਿਆ, ਵਪਾਰ, ਤਕਨਾਲੋਜੀ, ਨਿਵੇਸ਼ ਅਤੇ ਰੱਖਿਆ ਸਹਿਯੋਗ ਵਰਗੇ ਵਿਭਿੰਨ ਖੇਤਰਾਂ ਤੱਕ ਫੈਲੀ ਹੋਈ ਹੈ।
ਪ੍ਰਧਾਨ ਮੰਤਰੀ ਦੀ 2026 ਦੀ ਯਾਤਰਾ ਦੇ ਨਤੀਜਿਆਂ ਨੇ ਦੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਨਾਲ ਉੱਭਰ ਰਹੀਆਂ ਤਕਨਾਲੋਜੀਆਂ, ਸਮੁੰਦਰੀ ਬੁਨਿਆਦੀ ਢਾਂਚੇ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰਣਨੀਤਕ ਉਦਯੋਗਾਂ ਵਿੱਚ ਸਹਿਯੋਗ ਦਾ ਵਿਸਤਾਰ ਹੋਇਆ ਹੈ। ਜਿਵੇਂ-ਜਿਵੇਂ ਦੋਵੇਂ ਦੇਸ਼ ਆਪਣੀਆਂ ਆਰਥਿਕ ਅਤੇ ਭੂ-ਰਾਜਨੀਤਕ ਤਰਜੀਹਾਂ ਵਿੱਚ ਤਾਲਮੇਲ ਸਥਾਪਿਤ ਕਰ ਰਹੇ ਹਨ, ਉਮੀਦ ਹੈ ਕਿ ਇਹ ਭਾਈਵਾਲੀ ਆਉਣ ਵਾਲੇ ਸਾਲਾਂ ਵਿੱਚ ਖੇਤਰੀ ਸਥਿਰਤਾ, ਆਰਥਿਕ ਵਿਕਾਸ ਅਤੇ ਤਕਨੀਕੀ ਤਰੱਕੀ ਵਿੱਚ ਵਧੇਰੇ ਮਹੱਤਵਪੂਰਨ ਭੂਮਿਕਾ ਨਿਭਾਏਗੀ।
-
ਵਿਦੇਸ਼ ਮੰਤਰਾਲਾ
· https://www.mea.gov.in/Portal/ForeignRelation/India_UAE2024n.pdf
· ਰਣਧੀਰ ਜੈਸਵਾਲ, ਅਧਿਕਾਰਤ ਬੁਲਾਰੇ, ਵਿਦੇਸ਼ ਮੰਤਰਾਲਾ (ਐੱਮਈਏ) https://x.com/i/status/2055211070340641206
-
ਪੱਤਰ ਸੂਚਨਾ ਦਫ਼ਤਰ (ਪੀਆਈਬੀ)
· https://www.pib.gov.in/PressReleaseDetail.aspx?PRID=2261385®=3&lang=2
ਪ੍ਰਧਾਨ ਮੰਤਰੀ ਦੀ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ
****
ਪੀਆਈਬੀ ਰਿਸਰਚ
(Release ID: 2261944)
ਵਿਜ਼ੀਟਰ ਕਾਊਂਟਰ : 9