ਰੇਲ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਦੋਹਰੀਘਾਟ- ਮਾਊ -ਔਨਰਿਹਾਰ ਪੈਸੇਂਜਰ ਟ੍ਰੇਨ (Aunrihar Passenger Train) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਨਵੀਂ ਰੋਜ਼ਾਨਾ ਰੇਲ ਸੇਵਾ ਮਾਊ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਦੇ ਯਾਤਰੀਆਂ ਨੂੰ ਕਿਫਾਇਤੀ, ਸੁਰੱਖਿਅਤ ਅਤੇ ਆਰਾਮਦਾਇਕ ਸੰਪਰਕ ਪ੍ਰਦਾਨ ਕਰੇਗੀ।
ਰੇਲ ਮੰਤਰੀ: ਇਸ ਟ੍ਰੇਨ ਸੇਵਾ ਨੂੰ ਵਾਰਾਣਸੀ ਤੱਕ ਵਧਾਇਆ ਜਾਵੇਗਾ।
ਰੇਲ ਮੰਤਰੀ ਨੇ ਜਲਦੀ ਹੀ ਪੂਰਵਾਂਚਲ ਤੋਂ ਰਾਸ਼ਟਰੀ ਰਾਜਧਾਨੀ ਤੱਕ ਇੱਕ ਹੋਰ ਟ੍ਰੇਨ ਸ਼ੁਰੂ ਕਰਨ ਦਾ ਵਾਅਦਾ ਕੀਤਾ।
ਇਹ ਨਵੀਂ ਟ੍ਰੇਨ ਪੂਰਬ ਵਿੱਚ ਛਪਰਾ ਨੂੰ ਮਾਊ, ਆਜ਼ਮਗੜ੍ਹ, ਲਖਨਊ ਅਤੇ ਕਾਨਪੁਰ ਰਾਹੀਂ ਦਿੱਲੀ ਨਾਲ ਜੋੜੇਗੀ।
Posted On:
11 MAY 2026 7:07PM by PIB Chandigarh
ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੋਹਰੀਘਾਟ-ਔਨਰਿਹਾਰ ਪੈਸੇਂਜਰ ਟ੍ਰੇਨ ਨੂੰ ਵਰਚੁਅਲੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ । ਝੰਡੀ ਦਿਖਾਉਣ ਦੀ ਇਸ ਰਸਮ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਅਰਵਿੰਦ ਕੁਮਾਰ ਸ਼ਰਮਾ, ਸੰਸਦ ਮੈਂਬਰ ਰਾਜੀਵ ਰਾਏ ਅਤੇ ਹੋਰ ਪਤਵੰਤੇ ਅਤੇ ਸੀਨੀਅਰ ਰੇਲਵੇ ਅਧਿਕਾਰੀ ਸ਼ਾਮਲ ਸਨ।

ਇਹ ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਖੇਤਰ ਵਿੱਚ ਰੇਲ ਸੰਪਰਕ ਅਤੇ ਯਾਤਰੀ ਸਹੂਲਤ ਨੂੰ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਨਵੀਂ ਰੇਲ ਸੇਵਾ ਰੇਲ ਯਾਤਰੀਆਂ ਦੀ ਸਹੂਲਤ ਲਈ ਅਤੇ ਮਾਉ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਦੇ ਲੋਕਾਂ ਦੀ ਸਿੱਧੀ ਰੋਜ਼ਾਨਾ ਰੇਲ ਸੇਵਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੀ ਗਈ ਹੈ।

ਔਨਰਿਹਾਰ -ਦੋਹਰੀਘਾਟ-ਔਣਰਿਹਾਰ ਪੈਸੇਂਜਰ ਟ੍ਰੇਨ
ਇਹ ਟ੍ਰੇਨ ਸਾਦਤ, ਜਖਾਨੀਆਂ, ਦੁੱਲਾਪੁਰ, ਮਊ, ਇੰਦਾਰਾ, ਕੋਪਾਗੰਜ, ਘੋਸੀ, ਅਮਿਲਾ ਅਤੇ ਮੁਰਾਦਪੁਰ ਸਟੇਸ਼ਨਾਂ 'ਤੇ ਰੁਕੇਗੀ। ਇਸ ਟ੍ਰੇਨ ਨੂੰ ਜਲਦੀ ਹੀ ਵਾਰਾਣਸੀ ਤੱਕ ਵਧਾਇਆ ਜਾਵੇਗਾ।


ਇਸ ਟ੍ਰੇਨ ਵਿੱਚ 8 ਕੋਚ ਹੋਣਗੇ, ਜਿਨ੍ਹਾਂ ਵਿੱਚ ਯਾਤਰੀ ਕੋਚ ਵੀ ਸ਼ਾਮਲ ਹਨ ਜੋ ਰੋਜ਼ਾਨਾ ਯਾਤਰੀਆਂ ਅਤੇ ਰੂਟ 'ਤੇ ਹੋਰ ਯਾਤਰੀਆਂ ਨੂੰ ਆਰਾਮਦਾਇਕ ਅਤੇ ਸੁਵਿਧਾਜਨਕ ਯਾਤਰਾ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ।
ਯਾਤਰੀ ਟ੍ਰੇਨ ਸੇਵਾ ਵਾਰਾਣਸੀ ਤੱਕ ਵਧਾਈ ਜਾਵੇਗੀ
ਇਸ ਮੌਕੇ 'ਤੇ ਇੱਕ ਮਹੱਤਵਪੂਰਨ ਐਲਾਨ ਕਰਦੇ ਹੋਏ, ਸ਼੍ਰੀ ਵੈਸ਼ਣਵ ਨੇ ਐਲਾਨ ਕੀਤਾ ਕਿ ਨਵੀਂ ਔਨਰਿਹਾਰ -ਦੋਹਰੀਘਾਟ-ਔਨਰਿਹਾਰ ਯਾਤਰੀ ਰੇਲ ਸੇਵਾ ਨੂੰ ਵਾਰਾਣਸੀ ਤੱਕ ਵਧਾਇਆ ਜਾਵੇਗਾ। ਇਹ ਵਿਸਥਾਰ ਵਾਰਾਣਸੀ ਦੇ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਨਾਲ ਸਿੱਧਾ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਰੋਜ਼ਾਨਾ ਯਾਤਰੀਆਂ, ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਸ਼ਰਧਾਲੂਆਂ ਨੂੰ ਲਾਭ ਹੋਵੇਗਾ, ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਰੇਲ ਸੰਪਰਕ ਨੂੰ ਹੋਰ ਮਜ਼ਬੂਤੀ ਮਿਲੇਗੀ।
ਨਵੀਂ ਟ੍ਰੇਨ ਸੇਵਾ ਦੇ ਲਾਭ
ਨਵੀਂ ਟ੍ਰੇਨ ਸੇਵਾ ਮਾਊ, ਗਾਜ਼ੀਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਸਿੱਧੀ, ਕਿਫਾਇਤੀ, ਸੁਰੱਖਿਅਤ ਅਤੇ ਆਰਾਮਦਾਇਕ ਰੋਜ਼ਾਨਾ ਰੇਲ ਯਾਤਰਾ ਪ੍ਰਦਾਨ ਕਰੇਗੀ। ਇਸ ਟ੍ਰੇਨ ਦਾ ਸਿੱਧਾ ਲਾਭ ਔਨਰਿਹਾਰ -ਦੋਹਰੀਘਾਟ ਕੋਰੀਡੋਰ ਦੇ ਨਾਲ ਲੱਗਦੇ ਕਸਬਿਆਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਹੋਵੇਗਾ। ਇਹ ਸੇਵਾ ਸੈਰ-ਸਪਾਟਾ, ਸਥਾਨਕ ਵਪਾਰ, ਸਿੱਖਿਆ ਅਤੇ ਰੁਜ਼ਗਾਰ ਨੂੰ ਵੀ ਹੁਲਾਰਾ ਦੇਵੇਗੀ, ਅਤੇ ਇਸ ਖੇਤਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਦੀ ਉਮੀਦ ਹੈ।
ਦੋਹਰੀਘਾਟ ਵਿਖੇ ਇੱਕ ਵਰਚੁਅਲ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਵੈਸ਼ਣਵ ਨੇ ਦੋਹਰੀਘਾਟ ਨੂੰ ਡੂੰਘਾ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਵਾਲਾ ਸਥਾਨ ਦੱਸਿਆ, ਜੋ ਭਗਵਾਨ ਸ਼੍ਰੀ ਰਾਮ ਨਾਲ ਜੁੜਿਆ ਹੋਇਆ ਹੈ ਅਤੇ ਭਗਵਾਨ ਸ਼੍ਰੀ ਪਰਸ਼ੂਰਾਮਜੀ ਦੇ ਮਿਲਣ ਸਥਾਨ ਵਜੋਂ ਪੂਜਨੀਕ ਹੈ।
ਪੂਰਵਾਂਚਲ ਅਤੇ ਦਿੱਲੀ ਨੂੰ ਜੋੜਨ ਵਾਲੀ ਨਵੀਂ ਐਕਸਪ੍ਰੈੱਸ ਟ੍ਰੇਨ
ਪੂਰਵਾਂਚਲ ਖੇਤਰ ਤੋਂ ਦਿੱਲੀ ਤੱਕ ਬਿਹਤਰ ਸੰਪਰਕ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਸਵੀਕਾਰ ਕਰਦੇ ਹੋਏ, ਸ਼੍ਰੀ ਵੈਸ਼ਨਵ ਨੇ ਉੱਤਰੀ ਗੰਗਾ ਕੋਰੀਡੋਰ ਦੇ ਨਾਲ-ਨਾਲ ਇੱਕ ਨਵੀਂ ਐਕਸਪ੍ਰੈਸ ਟ੍ਰੇਨ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਟ੍ਰੇਨ ਛਪਰਾ, ਬਲੀਆ, ਮਾਂਊ, ਆਜ਼ਮਗੜ੍ਹ, ਸ਼ਾਹਗੰਜ, ਜੌਨਪੁਰ, ਸੁਲਤਾਨਪੁਰ, ਲਖਨਊ, ਕਾਨਪੁਰ, ਅਲੀਗੜ੍ਹ, ਗਾਜ਼ੀਆਬਾਦ ਅਤੇ ਆਨੰਦ ਵਿਹਾਰ ਨੂੰ ਜੋੜੇਗੀ। ਉਨ੍ਹਾਂ ਸਭਾ ਵਿੱਚ ਹਾਜ਼ਰ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਹ ਸੇਵਾ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।

ਇਤਿਹਾਸਕ ਰੇਲਵੇ ਲਾਈਨ ਦਾ ਮੀਟਰ ਗੇਜ ਪਰਿਵਰਤਨ
ਸ਼੍ਰੀ ਵੈਸ਼ਣਵ ਨੇ ਦੱਸਿਆ ਕਿ ਇੰਦਾਰਾ-ਦੋਹਰੀਘਾਟ ਮੀਟਰ ਗੇਜ ਲਾਈਨ 1904 ਵਿੱਚ ਬਣਾਈ ਗਈ ਸੀ, 100 ਸਾਲ ਤੋਂ ਵੱਧ ਸਮਾਂ ਪਹਿਲਾਂ, ਪਰ ਇਸਦਾ ਮੀਟਰ ਗੇਜ ਪਰਿਵਰਤਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਹੁਦਾ ਸੰਭਾਲਣ ਤੱਕ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ, ਦੇਸ਼ ਭਰ ਵਿੱਚ ਕਈ ਲੰਬਿਤ ਰੇਲਵੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ਵਿੱਚ ਮੀਟਰ ਗੇਜ ਪਰਿਵਰਤਨ, ਡਬਲਿੰਗ ਅਤੇ ਕਈ ਅਧੂਰੇ ਪ੍ਰੋਜੈਕਟ ਸ਼ਾਮਲ ਸਨ। ਇੰਦਾਰਾ-ਦੋਹਰੀਘਾਟ ਲਾਈਨ ਨੂੰ ਬ੍ਰੌਡ ਗੇਜ ਵਿੱਚ ਬਦਲ ਦਿੱਤਾ ਗਿਆ ਸੀ, ਜਿਸ ਨਾਲ ਪੂਰਬੀ ਉੱਤਰ ਪ੍ਰਦੇਸ਼ ਵਿੱਚ ਨਵੀਆਂ ਰੇਲ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ। ਰੇਲ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਸੰਬਰ 2023 ਵਿੱਚ ਇਸ ਨਵੀਂ ਪਰਿਵਰਤਿਤ ਲਾਈਨ 'ਤੇ ਰੇਲ ਸੇਵਾਵਾਂ ਨੂੰ ਹਰੀ ਝੰਡੀ ਦਿਖਾਕੇ ਸ਼ੁਰੂ ਕੀਤਾ ਸੀ।
ਉੱਤਰ ਪ੍ਰਦੇਸ਼ ਵਿੱਚ ਰੇਲਵੇ ਨਿਵੇਸ਼ ਕਈ ਗੁਣਾ ਵਧਿਆ
ਕੇਂਦਰੀ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ 2014 ਵਿੱਚ ਉੱਤਰ ਪ੍ਰਦੇਸ਼ ਲਈ ਰੇਲਵੇ ਬਜਟ ਅਲਾਟਮੈਂਟ ਸਿਰਫ਼ ₹1,109 ਕਰੋੜ ਸੀ। 2014 ਤੋਂ ਬਾਅਦ ਇਹ ਅਲਾਟਮੈਂਟ ਵੱਧ ਕੇ ਲਗਭਗ ₹20,012 ਕਰੋੜ ਹੋ ਗਈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਇਸ ਸਮੇਂ ਲਗਭਗ ₹1.2 ਲੱਖ ਕਰੋੜ ਦੇ ਰੇਲਵੇ ਪ੍ਰੋਜੈਕਟ ਚੱਲ ਰਹੇ ਹਨ, ਜੋ ਕਿ ਰਾਜ ਦੇ ਇਤਿਹਾਸ ਵਿੱਚ ਰੇਲਵੇ ਵਿਕਾਸ ਦਾ ਇੱਕ ਬੇਮਿਸਾਲ ਪੈਮਾਨਾ ਹੈ।
ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟ ਜੋ ਇਸ ਵੇਲੇ ਚੱਲ ਰਹੇ ਹਨ
ਸ਼੍ਰੀ ਵੈਸ਼ਣਵ ਨੇ ਉੱਤਰ ਪ੍ਰਦੇਸ਼ ਵਿੱਚ ਚੱਲ ਰਹੇ ਕਈ ਪ੍ਰਮੁੱਖ ਰੇਲਵੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੰਗਾ ਦੇ ਦੱਖਣ ਵੱਲ ਪ੍ਰਯਾਗਰਾਜ-ਕਾਨਪੁਰ-ਆਗਰਾ-ਦਿੱਲੀ ਰੂਟ 'ਤੇ ਇੱਕ ਵਿਸ਼ਾਲ ਚਾਰ-ਲਾਈਨ ਕੋਰੀਡੋਰ ਵਿਕਸਿਤ ਕੀਤਾ ਗਿਆ ਹੈ। ਇਸੇ ਤਰ੍ਹਾਂ, ਗੰਗਾ ਦੇ ਉੱਤਰ ਵੱਲ ਇੱਕ ਵਿਸ਼ਾਲ ਚਾਰ-ਲਾਈਨ ਰੇਲਵੇ ਕੋਰੀਡੋਰ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਦਿੱਲੀ ਨੂੰ ਗਾਜ਼ੀਆਬਾਦ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ ਅਤੇ ਗੋਰਖਪੁਰ ਰਾਹੀਂ ਬਿਹਾਰ ਅਤੇ ਉੱਤਰ-ਪੂਰਬ ਨਾਲ ਜੋੜੇਗਾ।
ਕੇਂਦਰੀ ਮੰਤਰੀ ਨੇ ਇਸ ਖੇਤਰ ਵਿੱਚ ਵਰਤਮਾਨ ਵਿੱਚ ਜਾਰੀ ਨਿਮਨਲਿਖਤ ਨਵੀਂ ਲਾਈਨ ਅਤੇ ਡਬਲਿੰਗ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ:
ਚਿਤੌਨੀ-ਤਮਕੁਹੀ ਰੋਡ ਨਵੀਂ ਲਾਈਨ, ਆਨੰਦ ਨਗਰ-ਘੁਗਲੀ ਨਵੀਂ ਲਾਈਨ, ਸਹਿਜਨਵਾ-ਡੋਹਰੀਘਾਟ ਨਵੀਂ ਲਾਈਨ, ਬਹਿਰਾਇਚ-ਖਲੀਲਾਬਾਦ ਨਵੀਂ ਲਾਈਨ, ਗੋਰਖਪੁਰ-ਵਾਲਮੀਕੀ ਨਗਰ ਡਬਲਿੰਗ, ਬੁਰਹਵਾਲ-ਗੋਂਡਾ ਤੀਜੀ ਲਾਈਨ, ਕਟਰਾ-ਅਯੁੱਧਿਆ ਡਬਲਿੰਗ, ਔਡਿਹਰ-ਵਾਰਾਨਸੀ ਤੀਜੀ ਲਾਈਨ, ਮਥੁਰਾ-ਝਾਂਸੀ ਤੀਜੀ ਲਾਈਨ, ਆਗਰਾ ਫੋਰਟ-ਬਾਂਦੀਕੁਈ ਡਬਲਿੰਗ, ਚੋਪਨ-ਚੁਨਾਰ ਡਬਲਿੰਗ ਅਤੇ ਪ੍ਰਯਾਗਰਾਜ-ਮਾਨਿਕਪੁਰ ਤੀਜੀ ਲਾਈਨ।
ਸ਼੍ਰੀ ਵੈਸ਼ਣਵ ਨੇ ਇਹ ਵੀ ਕਿਹਾ ਕਿ ਵਾਰਾਣਸੀ ਦਾ ਪੁਰਾਣਾ ਮਾਲਵੀਆ ਪੁਲ ਖ਼ਰਾਬ ਹੋ ਰਿਹਾ ਹੈ, ਇਸ ਲਈ ਇਸਦੇ ਸਮਾਨਾਂਤਰ ਇੱਕ ਨਵਾਂ ਪੁਲ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਹੇਠਲੇ ਡੈੱਕ 'ਤੇ ਚਾਰ ਰੇਲਵੇ ਲਾਈਨਾਂ ਅਤੇ ਉੱਪਰ ਛੇ-ਲੇਨ ਵਾਲਾ ਹਾਈਵੇਅ ਹੋਵੇਗਾ । ਇਹ ਨਿਰਮਾਣ ਅਧੀਨ ਪੁਲ ਗੰਗਾ ਨਦੀ 'ਤੇ ਨਮੋ ਘਾਟ ਦੇ ਨੇੜੇ ਸਥਿਤ ਹੈ। ਸ਼੍ਰੀ ਵੈਸ਼ਣਵ ਨੇ ਕਿਹਾ ਕਿ ਇਹ ਪ੍ਰੋਜੈਕਟ ਉੱਤਰ ਪ੍ਰਦੇਸ਼ ਦੇ ਰੇਲਵੇ ਨਕਸ਼ੇ ਨੂੰ ਮਹੱਤਵਪੂਰਨ ਰੂਪ ਵਿੱਚ ਬਦਲ ਦੇਣਗੇ ਅਤੇ ਭਵਿੱਖ ਵਿੱਚ ਘੱਟੋ-ਘੱਟ 500 ਨਵੀਆਂ ਰੇਲਗੱਡੀਆਂ ਦੇ ਸੰਚਾਲਨ ਨੂੰ ਸਮਰੱਥ ਬਣਾਉਣਗੇ।
ਅੰਮ੍ਰਿਤ ਭਾਰਤ ਸਟੇਸ਼ਨ
ਕੇਂਦਰੀ ਮੰਤਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ 157 ਅੰਮ੍ਰਿਤ ਭਾਰਤ ਸਟੇਸ਼ਨ ਵਿਕਸਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 28 ਸਟੇਸ਼ਨਾਂ 'ਤੇ ਕੰਮ ਪੂਰਾ ਹੋ ਗਿਆ ਹੈ। ਪੂਰਵਾਂਚਲ ਖੇਤਰ ਵਿੱਚ ਮਾਊ, ਗਾਜ਼ੀਪੁਰ ਸ਼ਹਿਰ ਅਤੇ ਦਿਲਦਾਰਨਗਰ ਸਟੇਸ਼ਨਾਂ 'ਤੇ ਪੁਨਰ ਵਿਕਾਸ ਦਾ ਕੰਮ ਚੱਲ ਰਿਹਾ ਹੈ।
ਨਵੀਆਂ ਟ੍ਰੇਨਾਂ ਅਤੇ ਸੇਵਾਵਾਂ
ਸ਼੍ਰੀ ਵੈਸ਼ਨਵ ਨੇ ਦੱਸਿਆ ਕਿ ਕੋਵਿਡ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਲਗਭਗ 58 ਨਵੀਆਂ ਟ੍ਰੇਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ 568 ਸੇਵਾਵਾਂ ਦਾ ਵਿਸਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ, ਉੱਤਰ ਪ੍ਰਦੇਸ਼ ਵਿੱਚ 40 ਅੰਮ੍ਰਿਤ ਭਾਰਤ ਐਕਸਪ੍ਰੈਸ ਅਤੇ 32 ਵੰਦੇ ਭਾਰਤ ਸੇਵਾਵਾਂ ਚੱਲ ਰਹੀਆਂ ਹਨ। ਆਨੰਦ ਵਿਹਾਰ-ਮਾਊ ਰੇਲ ਸੇਵਾ ਫਰਵਰੀ 2021 ਵਿੱਚ ਸ਼ੁਰੂ ਹੋਈ ਸੀ, ਅਤੇ ਮਾਊ ਤੋਂ ਮੁੰਬਈ ਲਈ ਨਵੀਆਂ ਸੇਵਾਵਾਂ ਦਸੰਬਰ 2023 ਵਿੱਚ ਸ਼ੁਰੂ ਹੋਈਆਂ ਸਨ।
ਤਿੰਨ ਥਾਵਾਂ 'ਤੇ ਅੰਡਰਪਾਸ
ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ 14ਸੀ, 25ਸੀ ਅਤੇ 27ਸੀ ਸਥਾਨਾਂ 'ਤੇ ਅੰਡਰਪਾਸ ਦਾ ਨਿਰਮਾਣ ਵਿੱਚ ਤੇਜ਼ੀ ਨਾਲ ਕੀਤਾ ਜਾਵੇਗਾ । ਉਨ੍ਹਾਂ ਰੇਲਵੇ ਅਧਿਕਾਰੀਆਂ ਨੂੰ ਰਿਕਾਰਡ ਸਮੇਂ ਵਿੱਚ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਉੱਤਰ ਪ੍ਰਦੇਸ਼ ਲਈ ਬੁਲੇਟ ਟ੍ਰੇਨ
ਸ਼੍ਰੀ ਵੈਸ਼ਣਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਲ ਦੇ ਬਜਟ ਵਿੱਚ ਉੱਤਰ ਪ੍ਰਦੇਸ਼ ਲਈ ਬੁਲੇਟ ਟ੍ਰੇਨ ਕੋਰੀਡੋਰ ਦਾ ਐਲਾਨ ਕੀਤਾ ਸੀ, ਅਤੇ ਇਸ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਕੋਰੀਡੋਰ 'ਤੇ ਪ੍ਰਸਤਾਵਿਤ ਯਾਤਰਾ ਸਮੇਂ ਸਾਂਝੇ ਕੀਤੇ:
ਦਿੱਲੀ-ਆਗਰਾ: 58 ਮਿੰਟ, ਦਿੱਲੀ-ਲਖਨਊ: 2 ਘੰਟੇ 12 ਮਿੰਟ, ਦਿੱਲੀ-ਵਾਰਾਣਸੀ: 3 ਘੰਟੇ 33 ਮਿੰਟ, ਦਿੱਲੀ-ਅਯੁੱਧਿਆ: 2 ਘੰਟੇ 47 ਮਿੰਟ, ਲਖਨਊ-ਪ੍ਰਯਾਗਰਾਜ: 48 ਮਿੰਟ, ਲਖਨਊ-ਵਾਰਾਣਸੀ: 1 ਘੰਟਾ 21 ਮਿੰਟ, ਲਖਨਊ-ਅਯੁੱਧਿਆ: 35 ਮਿੰਟ।
ਕੇਂਦਰੀ ਮੰਤਰੀ ਨੇ ਕਿਹਾ ਕਿ ਦਿੱਲੀ-ਲਖਨਊ-ਵਾਰਾਣਸੀ-ਪਟਨਾ-ਸਿਲੀਗੁੜੀ ਨੂੰ ਜੋੜਨ ਵਾਲਾ ਪ੍ਰਸਤਾਵਿਤ ਬੁਲੇਟ ਟ੍ਰੇਨ ਨੈੱਟਵਰਕ ਉੱਤਰ-ਪੂਰਬ ਦੇ ਅਸ਼ਟਲਕਸ਼ਮੀ ਰਾਜਾਂ ਨਾਲ ਸੰਪਰਕ ਨੂੰ ਮਜ਼ਬੂਤ ਕਰੇਗਾ ਅਤੇ ਇੱਕ ਵਿਕਸਿਤ ਉੱਤਰ ਪ੍ਰਦੇਸ਼ ਅਤੇ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਬੁਲੇਟ ਟ੍ਰੇਨ ਮੱਧ ਵਰਗ ਅਤੇ ਆਮ ਨਾਗਰਿਕਾਂ ਲਈ ਕਿਫਾਇਤੀ ਹੋਵੇਗੀ ਅਤੇ ਇੱਕ ਵਿਕਸਿਤ ਭਾਰਤ ਦੀ ਨੀਂਹ ਰੱਖੇਗੀ।
*****
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ/ਮਾਣਿਕ ਸ਼ਰਮਾ/ਬਲਜੀਤ ਸਿੰਘ
(Release ID: 2260345)
ਵਿਜ਼ੀਟਰ ਕਾਊਂਟਰ : 6