ਪ੍ਰਿਥਵੀ ਵਿਗਿਆਨ ਮੰਤਰਾਲਾ
ਮਈ ਦੀ ਤੇਜ਼ ਗਰਮੀ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ; ਸਧਾਰਣ ਸਾਵਧਾਨੀਆਂ ਇਸ ਦੇ ਪ੍ਰਭਾਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਿਤ ਕਰ ਸਕਦੀਆਂ ਹਨ: ਡਾ. ਜਿਤੇਂਦਰ ਸਿੰਘ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜਨਤਾ ਨੂੰ ਤਾਕੀਦ ਕੀਤੀ ਕਿ ਉਹ ਗਰਮੀ ਦੀਆਂ ਭਵਿੱਖਬਾਣੀਆਂ 'ਤੇ ਬੇਲੋੜੀ ਪ੍ਰਤੀਕਿਰਿਆ ਨਾ ਕਰਨ
ਸਰਕਾਰ ਨੇ ਭਾਰਤ ਮੌਸਮ ਵਿਭਾਗ (ਆਈਐੱਮਡੀ) ਦੀ ਭਵਿੱਖਬਾਣੀ ਦੇ ਆਧਾਰ 'ਤੇ ਸਲਾਹ ਜਾਰੀ ਕੀਤੀ; ਜਾਗਰੂਕਤਾ, ਤਿਆਰੀ ਅਤੇ ਜ਼ਿੰਮੇਵਾਰ ਪ੍ਰਤੀਕਿਰਿਆ ਦੀ ਮੰਗ ਕੀਤੀ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਸਾਨਾਂ ਨੂੰ ਗਰਮੀ ਦੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਕਾਰਜਾਂ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ; ਮੌਜੂਦਾ ਹਾਲਾਤ ਆਮ ਤੌਰ 'ਤੇ ਹਾੜੀ ਦੀ ਫਸਲ ਦੀ ਦੇਰੀ ਨਾਲ ਵਾਢੀ ਲਈ ਅਨੁਕੂਲ ਹਨ
Posted On:
02 MAY 2026 2:42PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਤਕਨਾਲੋਜੀ, ਪ੍ਰਿਥਵੀ ਵਿਗਿਆਨ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਆਮ ਜਨਤਾ ਨੂੰ ਭਰੋਸਾ ਦਿਵਾਇਆ ਕਿ ਮਈ ਦੇ ਮਹੀਨੇ ਦੌਰਾਨ ਭਵਿੱਖਬਾਣੀ ਕੀਤੀ ਗਈ ਜਾਂ ਸੰਭਾਵਿਤ ਗਰਮੀ ਦੀ ਲਹਿਰ ਦੀਆਂ ਸਥਿਤੀਆਂ ਬਾਰੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਮੌਸਮ ਦੀ ਭਵਿੱਖਬਾਣੀ ਨੂੰ ਸਹੀ ਢੰਗ ਨਾਲ ਸਮਝ ਕੇ ਅਤੇ ਰੋਜ਼ਾਨਾ ਦੀਆਂ ਸਧਾਰਨ ਸਾਵਧਾਨੀਆਂ ਦੀ ਪਾਲਣਾ ਕਰਕੇ ਕਿਸੇ ਵੀ ਬੇਲੋੜੀ ਪ੍ਰਤੀਕ੍ਰਿਆ ਤੋਂ ਬਚਿਆ ਜਾ ਸਕਦਾ ਹੈ।
ਆਪਣੇ ਦਫ਼ਤਰ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਕੁਝ ਖੇਤਰਾਂ ਵਿੱਚ ਆਮ ਨਾਲੋਂ ਵੱਧ ਤਾਪਮਾਨ ਅਤੇ ਲੂ ਦੀ ਸਥਿਤੀ ਸਥਿਤੀ ਦੇਖੀ ਜਾ ਸਕਦੀ ਹੈ, ਪਰ ਦੇਸ਼ ਭਰ ਵਿੱਚ ਸਥਿਤੀ ਇੱਕਸਾਰ ਨਹੀਂ ਹੈ ਅਤੇ ਸਮੇਂ ਸਿਰ ਤਿਆਰੀ ਕਰਕੇ ਅਤੇ ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੁਆਰਾ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਗਈਆਂ ਸਲਾਹਾਂ ਦੀ ਪਾਲਣਾ ਕਰਕੇ ਇਸਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਆਈਐੱਮਡੀ ਦੁਆਰਾ ਜਾਰੀ ਕੀਤੀ ਗਈ ਤਾਜ਼ਾ ਮਾਸਿਕ ਭਵਿੱਖਬਾਣੀ ਅਤੇ ਅੱਗੇ ਦੀ ਰੇਂਜ ਦੀ ਭਵਿੱਖਬਾਣੀ ਦਾ ਹਵਾਲਾ ਦਿੰਦੇ ਹੋਏ, ਮੰਤਰੀ ਨੇ ਕਿਹਾ ਕਿ ਦੱਖਣੀ ਪ੍ਰਾਇਦੀਪ ਭਾਰਤ, ਉੱਤਰ-ਪੂਰਬੀ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਇਸ ਮਹੀਨੇ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਤਾਪਮਾਨ ਆਮ ਤੋਂ ਘੱਟ ਰਹਿਣ ਦੀ ਉਮੀਦ ਹੈ। ਕਈ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ ਵੀ ਆਮ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਵਿੱਖਬਾਣੀ ਅਨੁਸਾਰ, ਹਿਮਾਲਿਆ ਦੀਆਂ ਤਲਹਟੀਆਂ, ਓਡੀਸ਼ਾ ਸਹਿਤ ਪੂਰਬੀ ਤੱਟ ਦੇ ਕੁਝ ਹਿੱਸਿਆਂ, ਤਟਵਰਤੀ ਆਂਧਰ ਪ੍ਰਦੇਸ਼ ਅਤੇ ਨਾਲ ਲੱਗਦੇ ਤਮਿਲ ਨਾਡੂ, ਦੇ ਨਾਲ-ਨਾਲ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਲੂ ਚੱਲਣ ਦੀ ਸੰਭਾਵਨਾ ਹੈ, ਜਿਸ ਕਾਰਨ ਇਨ੍ਹਾਂ ਖੇਤਰਾਂ ਵਿੱਚ ਆਮ ਨਾਲੋਂ ਲਗਭਗ 2-4 ਦਿਨ ਲੂ ਚੱਲਣ ਦੀ ਸੰਭਾਵਨਾ ਹੈ।
ਡਾ. ਜਿਤੇਂਦਰ ਸਿੰਘ ਨੇ ਵਧੇ ਹੋਏ ਅਨੁਮਾਨ ਅਨੁਸਾਰ ਦੱਸਿਆ ਕਿ ਮਈ ਦੇ ਦੂਜੇ (8-14 ਮਈ) ਅਤੇ ਚੌਥੇ (22-28 ਮਈ) ਹਫ਼ਤਿਆਂ ਵਿੱਚ ਤਾਪਮਾਨ ਮੁਕਾਬਲਤਨ ਉੱਚਾ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਉੱਤਰ-ਪੱਛਮੀ, ਮੱਧ ਅਤੇ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਦੇ ਨਾਲ-ਨਾਲ ਪੂਰਬੀ ਤਟ 'ਤੇ ਲੂ ਚੱਲ ਸਕਦੀ ਹੈ। ਪਹਿਲੇ ਅਤੇ ਤੀਜੇ ਹਫ਼ਤੇ (1-7 ਮਈ ਅਤੇ 15-21 ਮਈ) ਦੌਰਾਨ, ਪੱਛਮੀ ਗੜਬੜੀ ਅਤੇ ਗਰਜ-ਤੂਫ਼ਾਨ ਅਤੇ ਬੱਦਲਵਾਈ ਕਾਰਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।
ਮੰਤਰੀ ਜੀ ਨੇ ਕਿਹਾ ਕਿ ਕੁਝ ਸਮੇਂ ਰਾਤ ਦੇ ਤਾਪਮਾਨ ਵਿੱਚ ਵਾਧੇ ਨਾਲ ਨਮੀ ਵਧਾ ਸਕਦੀ ਹੈ, ਖਾਸ ਕਰਕੇ ਸ਼ਹਿਰੀ ਅਤੇ ਤਟਵਰਤੀ ਖੇਤਰਾਂ ਵਿੱਚ। ਪੂਰਬੀ ਤੱਟ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਗਰਮ ਅਤੇ ਨਮੀ ਵਾਲਾ ਮੌਸਮ ਵੀ ਹੋਣ ਦੀ ਉਮੀਦ ਹੈ।
ਉਨ੍ਹਾਂ ਨੇ ਵਿਸ਼ਵਵਿਆਪੀ ਜਲਵਾਯੂ ਸਥਿਤੀਆਂ ਦੇ ਸਬੰਧ ਵਿੱਚ ਕਿਹਾ ਕਿ ਇਸ ਸਮੇਂ ਈਐੱਨਐੱਸਓ-ਨਿਰਪੱਖ ਸਥਿਤੀਆਂ ਬਣੀਆਂ ਹੋਈਆਂ ਹਨ, ਅਤੇ ਦੱਖਣ-ਪੱਛਮੀ ਮੌਨਸੂਨ ਸੀਜ਼ਨ ਦੌਰਾਨ ਅਲ ਨੀਨੋ ਦੀਆਂ ਸਥਿਤੀਆਂ ਹੋਣ ਦੀ ਸੰਭਾਵਨਾ ਹੈ।
ਮੰਤਰੀ ਨੇ ਕਿਹਾ ਕਿ ਸਰਕਾਰ ਗਰਮੀ ਨਾਲ ਸਬੰਧਿਤ ਸਥਿਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪੀਣ ਵਾਲੇ ਪਾਣੀ, ਸੁਚਾਰੂ ਕੂਲਿੰਗ ਸਿਸਟਮ ਅਤੇ ਨਿਰਵਿਘਨ ਬਿਜਲੀ ਸਪਲਾਈ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਤਾਲਮੇਲ ਵਾਲੇ ਯਤਨਾਂ 'ਤੇ ਜ਼ੋਰ ਦਿੱਤਾ। ਬੱਚੇ, ਬਜ਼ੁਰਗ ਅਤੇ ਬਾਹਰੀ ਕੰਮ ਕਰਨ ਵਾਲੇ ਮਜ਼ਦੂਰਾਂ ਸਹਿਤ ਸੰਵੇਦਨਸ਼ੀਲ ਸਮੂਹਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਮੰਤਰੀ ਜੀ ਨੇ ਖੇਤੀਬਾੜੀ ਬਾਰੇ ਕਿਹਾ ਕਿ ਉੱਤਰੀ ਅਤੇ ਉੱਤਰ-ਪੱਛਮੀ ਖੇਤਰਾਂ ਵਿੱਚ ਹਾੜੀ ਦੀ ਫਸਲ ਦੀ ਦੇਰ ਨਾਲ ਕਟਾਈ ਲਈ ਹਾਲਾਤ ਆਮ ਤੌਰ 'ਤੇ ਅਨੁਕੂਲ ਹਨ। ਹਾਲਾਂਕਿ, ਦੱਖਣੀ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਤੇਜ਼ ਗਰਮੀ ਨਾਲ ਚੌਲ (ਬੋਰੋ), ਮੱਕੀ ਅਤੇ ਦਾਲਾਂ ਵਰਗੀਆਂ ਕੁਝ ਗਰਮੀਆਂ ਦੀਆਂ ਫਸਲਾਂ ‘ਤੇ ਅਸਰ ਕਰ ਸਕਦੀ ਹੈ । ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਵੇਰੇ ਅਤੇ ਸ਼ਾਮ ਦੇ ਸਮੇਂ ਖੇਤਾਂ ਵਿੱਚ ਕੰਮ ਕਰਨ, ਲੋੜੀਂਦੀ ਅਤੇ ਨਿਯਮਤ ਸਿੰਚਾਈ ਨੂੰ ਯਕੀਨੀ ਬਣਾਉਣ ਅਤੇ ਆਪਣੇ ਪਸ਼ੂਆਂ ਦੀ ਸੁਰੱਖਿਆ ਲਈ ਉਪਾਅ ਕਰਨ।
ਡਾ. ਜਿਤੇਂਦਰ ਸਿੰਘ ਨੇ ਇੱਕ ਸਪਸ਼ਟ ਜਨਤਕ ਸਲਾਹ ਜਾਰੀ ਕਰਦੇ ਹੋਏ ਨਾਗਰਿਕਾਂ ਨੂੰ ਭਰਪੂਰ ਪਾਣੀ ਪੀਣ, ਤੇਜ਼ ਗਰਮੀ ਦੌਰਾਨ ਲੰਬੇ ਸਮੇਂ ਤੱਕ ਧੁੱਪ ਵਿੱਚ ਰਹਿਣ ਤੋਂ ਬਚਣ ਅਤੇ ਆਪਣੇ ਆਲੇ ਦੁਆਲੇ ਸੰਵੇਦਨਸ਼ੀਲ ਵਿਅਕਤੀਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ । ਉਨ੍ਹਾਂ ਅੱਗੇ ਕਿਹਾ ਕਿ ਆਈਐੱਮਡੀ ਦੇ ਰੋਜ਼ਾਨਾ ਅਪਡੇਟਸ ਅਤੇ ਪ੍ਰਭਾਵ-ਅਧਾਰਿਤ ਭਵਿੱਖਬਾਣੀਆਂ ਦੀ ਪਾਲਣਾ ਕਰਨ ਨਾਲ ਸੰਭਾਵੀ ਸਿਹਤ ਜੋਖਮਾਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
ਮੰਤਰੀ ਜੀ ਨੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਭਾਰਤ ਦੀਆਂ ਭਵਿੱਖਬਾਣੀ ਸਮਰੱਥਾਵਾਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ, ਜਿਸ ਨਾਲ ਚੇਤਾਵਨੀਆਂ ਦਾ ਵਧੇਰੇ ਸਹੀ ਅਤੇ ਸਮੇਂ ਸਿਰ ਪ੍ਰਸਾਰ ਸੰਭਵ ਹੋਇਆ ਹੈ। ਇਹ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਅਤੇ ਜਨਤਕ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ।
ਮੌਸਮ ਸਬੰਧੀ ਅੱਪਡੇਟ ਕੀਤੀ ਜਾਣਕਾਰੀ ਆਈਐੱਮਡੀ ਦੀ ਅਧਿਕਾਰਤ ਵੈੱਬਸਾਈਟ (www.mausam.imd.gov.in), ਮੌਸਮ ਐਪ, ਮੌਸਮ ਗ੍ਰਾਮ ਪੋਰਟਲ ਅਤੇ ਵੱਖ-ਵੱਖ ਮੀਡੀਆ ਪਲੈਟਫਾਰਮਾਂ ਵਰਗੀਆਂ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਉਪਲਬਧ ਹੈ ।
ਫੋਟੋ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਮਈ 2026 ਦੌਰਾਨ ਸੰਭਾਵਿਤ ਗਰਮੀ ਦੀ ਲਹਿਰ ਦੀਆਂ ਸਥਿਤੀਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।
******************
ਐਨਕੇਆਰ/ਏਕੇ/ਏਵੀ/ ਏਕੇ
(Release ID: 2257930)
ਵਿਜ਼ੀਟਰ ਕਾਊਂਟਰ : 32