ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰੀ ਪੱਧਰ ‘ਤੇ ਆਯੋਜਿਤ ਸਰਵੋਤਮ ਅਭਿਆਸਾਂ ਦੇ ਸਮਿਟ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਬੱਚਿਆਂ ਵਿੱਚ ਡਾਇਬਟੀਜ਼ ਮੇਲਿਟਸ ‘ਤੇ ਵਿਆਪਕ ਮਾਰਗਦਰਸ਼ਨ ਦਰਤਾਵੇਜ਼ ਜਾਰੀ ਕੀਤਾ
ਇਸ ਪਹਿਲ ਨਾਲ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਬਚਪਨ ਦੀ ਡਾਇਬਟੀਜ਼ ਕੇਅਰ ਨੂੰ ਜਨਤਕ ਸਿਹਤ ਪ੍ਰਣਾਲੀ ਵਿੱਚ ਏਕੀਕ੍ਰਿਤ ਕੀਤਾ ਹੈ
ਮਾਰਗਦਰਸ਼ਨ ਦਸਤਾਵੇਜ਼ ਵਿੱਚ ਖੋਜ ਤੋਂ ਲੈ ਕੇ ਲੰਬੇ ਸਮੇਂ ਦੇ ਫਾਲੋ-ਅਪ ਤੱਕ ਏਕੀਕ੍ਰਿਤ ਦੇਖਭਾਲ ਦੀ ਨਿਰੰਤਰਤਾ ਦਾ ਪਰੀਚੈ ਦਿੱਤਾ ਗਿਆ ਹੈ
Posted On:
03 MAY 2026 2:35PM by PIB Chandigarh
ਬਾਲ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਚੁੱਕਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਹਾਲ ਹੀ ਵਿੱਚ ਸੰਪੰਨ ਜਨਤਕ ਸਿਹਤ ਸੰਭਾਲ ਸੇਵਾ ਪ੍ਰਦਾਨ ਕਰਨ ਵਿੱਚ ਸਰਵੋਤਮ ਅਭਿਆਸਾਂ ‘ਤੇ ਰਾਸ਼ਟਰੀ ਸਮਿਟ ਵਿੱਚ ਬੱਚਿਆਂ ਵਿੱਚ ਡਾਇਬਟੀਜ਼ ਮੇਲਿਟਸ ‘ਤੇ ਮਾਰਗਦਰਸ਼ਨ ਦਸਤਾਵੇਜ਼ ਜਾਰੀ ਕੀਤਾ।
ਇਸ ਦਿਸ਼ਾ-ਨਿਰਦੇਸ਼ ਦਸਤਾਵੇਜ਼ ਰਾਹੀਂ ਪਹਿਲੀ ਵਾਰ ਬਚਪਨ ਦੀ ਡਾਇਬਟੀਜ਼ ਦੀ ਜਾਂਚ, ਨਿਦਾਨ, ਇਲਾਜ ਅਤੇ ਲੰਬੇ ਸਮੇਂ ਦੇ ਪ੍ਰਬੰਧਨ ਲਈ ਇੱਕ ਢਾਂਚਾਗਤ ਅਤੇ ਮਿਆਰੀ ਰਾਸ਼ਟਰੀ ਢਾਂਚਾ ਸਥਾਪਿਤ ਕੀਤਾ ਗਿਆ ਹੈ। ਇਸ ਪਹਿਲ ਨਾਲ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਬਚਪਨ ਦੀ ਡਾਇਬਟੀਜ਼ ਕੇਅਰ ਨੂੰ ਜਨਤਕ ਸਿਹਤ ਪ੍ਰਣਾਲੀ ਵਿੱਚ ਏਕੀਕ੍ਰਿਤ ਕਰ ਲਿਆ ਹੈ।
ਇਸ ਦਸਤਾਵੇਜ਼ ਦਾ ਉਦੇਸ਼ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਸਾਰੇ ਬੱਚਿਆਂ ਦੀ ਵਿਆਪਕ ਜਾਂਚ ਨੂੰ ਯਕੀਨੀ ਬਣਾਉਣਾ ਹੈ, ਜਿਸ ਵਿੱਚ ਭਾਈਚਾਰਕ ਅਤੇ ਸਕੂਲ-ਅਧਾਰਿਤ ਪਲੈਟਫਾਰਮਾਂ ਰਾਹੀਂ ਜਲਦੀ ਪਛਾਣ ਸ਼ਾਮਲ ਹੈ। ਸ਼ੱਕੀ ਮਾਮਲਿਆਂ ਵਿੱਚ ਤਤਕਾਲ ਬਲੱਡ ਗਲੂਕੋਜ਼ ਟੈਸਟਿੰਗ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪੁਸ਼ਟੀਕਰਣ ਨਿਦਾਨ ਅਤੇ ਇਲਾਜ ਲਈ ਜ਼ਿਲ੍ਹਾਂ ਪੱਧਰੀ ਸਿਹਤ ਕੇਂਦਰਾਂ ਵਿੱਚ ਸਮੇਂ ‘ਤੇ ਭੇਜਿਆ ਜਾਵੇਗਾ।
ਇਸ ਯੋਜਨਾ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਜਨਤਕ ਸਿਹਤ ਕੇਂਦਰਾਂ ‘ਤੇ ਵਿਆਪਕ, ਮੁਫ਼ਤ ਦੇਖਭਾਲ ਪੈਕੇਜ ਦਾ ਪ੍ਰਾਵਧਾਨ ਹੈ। ਇਸ ਵਿੱਚ ਸਕ੍ਰੀਨਿੰਗ, ਡਾਇਗਨੌਸਟਿਕ ਸੇਵਾਵਾਂ, ਆਜੀਵਨ ਇਨਸੁਲਿਨ ਥੈਰੇਪੀ, ਗਲੂਕੋਮੀਟਰ ਅਤੇ ਟੈਸਟ ਸਟ੍ਰਿਪਸ ਜਿਹੇ ਨਿਗਰਾਨੀ ਉਪਕਰਣ ਅਤੇ ਨਿਯਮਿਤ ਫਾਲੋ-ਅੱਪ ਦੇਖਭਾਲ ਸ਼ਾਮਲ ਹੈ। ਇਸ ਦ੍ਰਿਸ਼ਟੀਕੋਣ ਦਾ ਉਦੇਸ਼ ਵਿੱਤੀ ਭਾਰ ਨੂੰ ਘੱਟ ਕਰਨਾ ਅਤੇ ਡਾਇਬਟੀਜ਼ ਨਾਲ ਪੀੜ੍ਹਤ ਬੱਚਿਆਂ ਲਈ ਨਿਰਵਿਘਨ ਇਲਾਜ ਨੂੰ ਯਕੀਨੀ ਬਣਾਉਣਾ ਹੈ।
ਇਸ ਦਿਸ਼ਾ-ਨਿਰਦੇਸ਼ ਦਸਤਾਵੇਜ਼ ਵਿੱਚ ਭਾਈਚਾਰਕ ਪੱਧਰ ਦੀ ਸਕ੍ਰੀਨਿੰਗ ਨੂੰ ਜ਼ਿਲ੍ਹਾ ਹਸਪਤਾਲ ਅਧਾਰਿਤ ਪ੍ਰਬੰਧਨ ਅਤੇ ਮੈਡੀਕਲ ਕਾਲਜਾਂ ਵਿੱਚ ਉੱਨਤ ਦੇਖਭਾਲ ਨਾਲ ਜੋੜਦੇ ਹੋਏ, ਦੇਖਭਾਲ ਦੀ ਇੱਕ ਏਕੀਕ੍ਰਿਤ ਲੜੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਹ ਤਾਲਮੇਲ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਬੱਚਾ ਪ੍ਰਣਾਲੀ ਤੋਂ ਵੰਚਿਤ ਨਾ ਰਹਿ ਜਾਵੇ ਅਤੇ ਨਿਦਾਨ ਤੋਂ ਲੈ ਕੇ ਲੰਬੇ ਸਮੇਂ ਦੇ ਫਾਲੋ-ਅੱਪ ਤੱਕ ਦੇਖਭਾਲ ਬਿਨਾ ਰੁਕਾਵਟ ਜਾਰੀ ਰਹੇ।
ਜਲਦੀ ਨਿਦਾਨ ਨੂੰ ਉਤਸ਼ਾਹਿਤ ਕਰਨ ਲਈ, ਇਹ ਪਹਿਲ “4ਟੀ” ਜਾਗਰੂਕਤਾ ਢਾਂਚੇ ਨੂੰ ਵਧਾਉਂਦੀ ਹੈ- ਟਾਇਲਟ, ਪਿਆਸ, ਥਕਾਵਟ ਅਤੇ ਪਤਲਾਪਣ-ਜਿਸ ਨਾਲ ਮਾਤਾ-ਪਿਤਾ, ਅਧਿਆਪਕ ਅਤੇ ਦੇਖਭਾਲ ਕਰਨ ਵਾਲੇ ਟਾਈਪ 1 ਡਾਇਬਟੀਜ਼ ਦੇ ਸ਼ੁਰੂਆਤੀ ਚੇਤਾਵਨੀ ਸੰਕੇਤਾਂ ਨੂੰ ਪਛਾਣ ਸਕਣ। ਕਲੀਨਿਕਲ ਪ੍ਰੋਟੋਕੋਲ ਤੋਂ ਇਲਾਵਾ, ਇਹ ਦਸਤਾਵੇਜ਼ ਪਰਿਵਾਰ ਅਤੇ ਦੇਖਭਾਲ ਕਰਨ ਵਾਲਿਆਂ ਦੇ ਸਸ਼ਕਤੀਕਰਣ ‘ਤੇ ਜ਼ੋਰ ਦਿੰਦਾ ਹੈ, ਜਿਸ ਵਿੱਚ ਇਨਸੁਲਿਨ ਦੇਣ, ਖੂਨ ਵਿੱਚ ਗਲੂਕੋਜ਼ ਦੀ ਨਿਗਰਾਨੀ, ਐਮਰਜੈਂਸੀ ਰਿਸਪੌਂਸ ਅਤੇ ਰੋਜ਼ਾਨਾ ਬਿਮਾਰੀ ਪ੍ਰਬੰਧਨ ‘ਤੇ ਢਾਂਚਾਗਤ ਟ੍ਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ। ਇਸ ਵਿੱਚ ਸਬੂਤ-ਅਧਾਰਿਤ ਇਲਾਜ ਦਿਸ਼ਾ-ਨਿਰਦੇਸ, ਨਿਯਮਿਤ ਨਿਗਰਾਨੀ ਪ੍ਰੋਗਰਾਮ ਅਤੇ ਜਟਿਲਤਾਵਾਂ ਨੂੰ ਰੋਕਣ ਦੇ ਪ੍ਰੋਟੋਕੋਲ ਵੀ ਦੱਸੇ ਗਏ ਹਨ।
ਇਸ ਕਦਮ ਨਾਲ ਜਨਤਕ ਸਿਹਤ ਨੂੰ ਮਹੱਤਵਪੂਰਨ ਲਾਭ ਮਿਲਣ ਦੀ ਉਮੀਦ ਹੈ, ਜਿਸ ਵਿੱਚ ਜਲਦੀ ਨਿਦਾਨ ਦੇ ਕਾਰਨ ਮੌਤ ਦਰ ਵਿੱਚ ਕਮੀ, ਜਟਿਲਤਾਵਾਂ ਦੀ ਰੋਕਥਾਮ ਅਤੇ ਪ੍ਰਭਾਵਿਤ ਬੱਚਿਆਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਸ਼ਾਮਲ ਹੇ। ਲੰਬੇ ਸਮੇਂ ਵਿੱਚ, ਇਹ ਸਿਹਤ ਸੰਭਾਲ ਘੱਟ ਖਰਚ ਵਿੱਚ ਅਤੇ ਬੱਚਿਆਂ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੇ ਪ੍ਰਬੰਧਨ ਲਈ ਸਿਹਤ ਪ੍ਰਣਾਲੀ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੋਵੇਗਾ।
ਇਸ ਦਿਸ਼ਾ-ਨਿਰਦੇਸ਼ ਦਸਤਾਵੇਜ਼ ਦੇ ਪ੍ਰਕਾਸ਼ਨ ਨਾਲ ਸਰਕਾਰੀ ਦੀ ਸਾਰੇ ਬੱਚਿਆਂ ਲਈ ਪਹੁੰਚਯੋਗ, ਕਿਫਾਇਤੀ, ਨਿਆਂਸੰਗਤ ਅਤੇ ਗੁਣਵੱਤਾਪੂਰਨ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਬਲ ਮਿਲਦਾ ਹੈ, ਜਿਸ ਵਿੱਚ ਸ਼ੁਰੂਆਤੀ ਦਖਲਅੰਦਾਜ਼ੀ, ਲਗਾਤਾਰ ਦੇਖਭਾਲ ਅਤੇ ਬਿਹਤਰ ਸਿਹਤ ਨਤੀਜਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
*****
ਐੱਸਆਰ /ਬਲਜੀਤ
(Release ID: 2257854)
ਵਿਜ਼ੀਟਰ ਕਾਊਂਟਰ : 33