ਕਿਰਤ ਤੇ ਰੋਜ਼ਗਾਰ ਮੰਤਰਾਲਾ
“ਜੋ ਦੇਸ਼ ਆਪਣੇ ਕਾਮਿਆਂ ਦੇ ਸਨਮਾਨ ਨੂੰ ਮਹੱਤਵ ਦਿੰਦਾ ਹੈ, ਉਹ ਤਰੱਕੀ ਦੇ ਰਾਹ 'ਤੇ ਅਜਿੱਤ ਹੁੰਦਾ ਹੈ”: ਡਾ. ਮਾਂਡਵੀਆ
ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਸ੍ਰੀਨਗਰ ਦੇ ਬਡਗਾਮ ਜ਼ਿਲ੍ਹੇ ਦੇ ਓਮਪੋਰਾ ਵਿੱਚ ਜੰਮੂ-ਕਸ਼ਮੀਰ ਦੇ ਪਹਿਲੇ ਈਐਸਆਈਸੀ ਹਸਪਤਾਲ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਲੇਬਰ ਕੋਡ ਦੇ ਤਹਿਤ
ਈਐਸਆਈਸੀ ਹਸਪਤਾਲਾਂ ਰਾਹੀਂ ਸਾਲਾਨਾ ਸਿਹਤ ਜਾਂਚ ਕਰਮਚਾਰੀਆਂ ਨੂੰ ਰੋਕਥਾਮ ਵਾਲੀ ਸਿਹਤ ਸੰਭਾਲ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ
ਇਸ ਹਸਪਤਾਲ ਦਾ ਸਿੱਧਾ ਲਾਭ 50,000 ਤੋਂ ਵੱਧ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੋਵੇਗਾ
प्रविष्टि तिथि:
24 APR 2026 1:06PM by PIB Chandigarh
ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਅੱਜ ਬਡਗਾਮ ਦੇ ਓਮਪੋਰਾ ਵਿਖੇ 30 ਬਿਸਤਰਿਆਂ ਵਾਲੇ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਹਸਪਤਾਲ ਦਾ ਉਦਘਾਟਨ ਕੀਤਾ। ਇਹ ਜੰਮੂ ਅਤੇ ਕਸ਼ਮੀਰ ਵਿੱਚ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਿਹਤ ਸੰਭਾਲ ਪਹੁੰਚ ਅਤੇ ਸਮਾਜਿਕ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ। ਨਵਾਂ ਉਦਘਾਟਨ ਕੀਤਾ ਗਿਆ ਹਸਪਤਾਲ ਕਸ਼ਮੀਰ ਦਾ ਪਹਿਲਾ ਈਐਸਆਈਸੀ ਹਸਪਤਾਲ ਹੈ, ਜੋ ਕਿ ਖੇਤਰ ਵਿੱਚ ਮਜ਼ਦੂਰ ਭਲਾਈ ਸੇਵਾਵਾਂ ਦੇ ਵਿਸਥਾਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ।

ਸਭਾ ਨੂੰ ਸੰਬੋਧਨ ਕਰਦਿਆਂ, ਡਾ. ਮਾਂਡਵੀਆ ਨੇ ਕਿਹਾ, “ਜੋ ਦੇਸ਼ ਆਪਣੇ ਕਾਮਿਆਂ ਦੇ ਮਾਣ-ਸਨਮਾਨ ਨੁੰ ਮਹੱਤਵ ਦਿੰਦਾ ਹੈ, ਉਹ ਤਰੱਕੀ ਦੇ ਰਾਹ 'ਤੇ ਅਜਿੱਤ ਹੁੰਦਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਹ ਉਹ ਕਾਰਜਬਲ ਹੈ ਜਿਸਦੀਆਂ ਅਣਥੱਕ ਕੋਸ਼ਿਸ਼ਾਂ ਦੇਸ਼ ਨੂੰ ਅੱਗੇ ਵਧਾਉਂਦੀਆਂ ਹਨ, ਅਤੇ ਇਸ ਲਈ, ਕਾਮਿਆਂ ਦੀ ਭਲਾਈ ਸ਼ਾਸਨ ਦੇ ਕੇਂਦਰ ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੇ ਹਰੇਕ ਕਾਮੇ ਲਈ ਮਾਣ, ਸੁਰੱਖਿਆ ਅਤੇ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਵਚਨਬੱਧ ਹੈ।”

ਡਾ. ਮਾਂਡਵੀਆ ਨੇ ਕਿਹਾ, "ਭਾਰਤ ਦੀ ਮਜ਼ਦੂਰ ਭਲਾਈ ਪ੍ਰਤੀ ਵਚਨਬੱਧਤਾ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲੀ ਹੈ। 2025 ਵਿੱਚ, ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੋਸ਼ਲ ਸਿਕਿਓਰਿਟੀ ਨੇ ਸਾਡੇ ਦੇਸ਼ ਨੂੰ 'ਐਕਸੀਲੈਂਸ ਇਨ ਸੋਸ਼ਲ ਸਿਕਿਓਰਿਟੀ' ਪੁਰਸਕਾਰ ਨਾਲ ਸਨਮਾਨਿਤ ਕੀਤਾ। ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਦੇ ਅਨੁਸਾਰ, ਸਾਡੀ ਸਮਾਜਿਕ ਸੁਰੱਖਿਆ ਕਵਰੇਜ 2015 ਵਿੱਚ 19 ਪ੍ਰਤੀਸ਼ਤ ਤੋਂ ਵਧ ਕੇ 2025 ਵਿੱਚ 64.3 ਪ੍ਰਤੀਸ਼ਤ ਹੋ ਗਈ ਹੈ।"

ਪਿਛਲੇ ਸਾਲ ਲਾਗੂ ਕੀਤੇ ਗਏ ਚਾਰ ਕਿਰਤ ਕੋਡਾਂ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਨੇ ਭਾਰਤ ਦੀ ਕਿਰਤ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਹੈ ਅਤੇ ਇਸਨੂੰ ਵਧੇਰੇ ਮਜ਼ਦੂਰ-ਕੇਂਦ੍ਰਿਤ, ਪਾਰਦਰਸ਼ੀ ਅਤੇ ਭਵਿੱਖ ਲਈ ਤਿਆਰ ਕੀਤਾ ਹੈ। ਉਨ੍ਹਾਂ ਕਿਹਾ, "ਨਵੇਂ ਲੇਬਰ ਕੋਡ ਕਾਮਿਆਂ ਲਈ ਬਹੁਤ ਸਾਰੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸੁਰੱਖਿਆ ਉਪਾਵਾਂ ਦੀ ਗਰੰਟੀ ਦਿੰਦੇ ਹਨ,, ਜਿਸ ਵਿੱਚ ਸਾਲਾਨਾ ਸਿਹਤ ਜਾਂਚ, ਲਾਜ਼ਮੀ ਨਿਯੁਕਤੀ ਪੱਤਰ ਅਤੇ ਘੱਟੋ-ਘੱਟ ਦਿਹਾੜੀ ਸ਼ਾਮਲ ਹੈ। ਈਐਸਆਈਸੀ ਹਸਪਤਾਲਾਂ ਰਾਹੀਂ ਸਾਲਾਨਾ ਸਿਹਤ ਜਾਂਚ ਦੀ ਵਿਵਸਥਾ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ, ਕਾਮਿਆਂ ਲਈ ਰੋਕਥਾਮ ਵਾਲੀ ਸਿਹਤ ਸੰਭਾਲ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰੇਗੀ।"
ਮੰਤਰੀ ਨੇ ਕਿਹਾ ਕਿ 1952 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, ਈਐਸਆਈਸੀ ਦੇਸ਼ ਵਿੱਚ ਵਰਕਰ ਭਲਾਈ ਦੇ ਸਭ ਤੋਂ ਮਜ਼ਬੂਤ ਥੰਮ੍ਹਾਂ ਵਿੱਚੋਂ ਇੱਕ ਬਣ ਗਿਆ ਹੈ। ਅੱਜ, ਇਹ ਯੋਜਨਾ ਭਾਰਤ ਭਰ ਵਿੱਚ 3.84 ਕਰੋੜ ਬੀਮਾਯੁਕਤ ਵਿਅਕਤੀਆਂ ਅਤੇ ਲਗਭਗ 15 ਕਰੋੜ ਲਾਭਪਾਤਰੀਆਂ ਨੂੰ ਸਿਹਤ ਸੰਭਾਲ ਅਤੇ ਸਮਾਜਿਕ ਸੁਰੱਖਿਆ ਲਾਭ ਪ੍ਰਦਾਨ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨਾਲ ਈਐਸਆਈਸੀ ਦੇ ਏਕੀਕਰਨ ਨੇ ਸੂਚੀਬੱਧ ਹਸਪਤਾਲਾਂ ਵਿੱਚ ਲਾਭਪਾਤਰੀਆਂ ਲਈ ਕੈਸ਼ਲੈੱਸ ਇਲਾਜ ਦੀ ਉਪਲਬਧਤਾ ਨੂੰ ਹੋਰ ਵੀ ਵਧਾ ਦਿੱਤਾ ਹੈ।
ਇਸ ਪ੍ਰੋਗਰਾਮ ਦੇ ਤਹਿਤ, ਡਾ. ਮਨਸੁਖ ਮਾਂਡਵੀਆ ਨੇ ਓਮਪੋਰਾ ਵਿਖੇ ਹਸਪਤਾਲ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਕਾਮਿਆਂ ਦਾ ਸਨਮਾਨ ਕੀਤਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਬੀਮਾਯੁਕਤ ਵਿਅਕਤੀਆਂ ਨੂੰ ਕਈ ਸਮਾਜਿਕ ਸੁਰੱਖਿਆ ਲਾਭ ਵੀ ਪ੍ਰਦਾਨ ਕੀਤੇ ।


165 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਹਸਪਤਾਲ ਵਿੱਚ 100 ਬਿਸਤਰਿਆਂ ਤੱਕ ਵਿਸਤਾਰ ਦੀ ਸਹੂਲਤ ਹੈ ਅਤੇ ਇਸ ਤੋਂ 50,000 ਤੋਂ ਵੱਧ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੱਧੇ ਤੌਰ 'ਤੇ ਲਾਭ ਹੋਣ ਦੀ ਉਮੀਦ ਹੈ। ਈਐਸਆਈ ਸਕੀਮ 16 ਅਕਤੂਬਰ, 1989 ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਜੰਮੂ, ਕਠੂਆ ਅਤੇ ਸ੍ਰੀਨਗਰ ਦੇ ਲਗਭਗ 7,000 ਕਾਮੇ ਸ਼ਾਮਲ ਸਨ। ਵਰਤਮਾਨ ਵਿੱਚ, ਈਐਸਆਈ ਸਕੀਮ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਗਈ ਹੈ, ਜਿਸ ਨਾਲ ਲਗਭਗ 1,83,119 ਬੀਮਾਯੁਕਤ ਵਿਅਕਤੀਆਂ ਅਤੇ ਲਗਭਗ 7,00,000 ਲਾਭਪਾਤਰੀਆਂ ਨੂੰ ਲਾਭ ਪਹੁੰਚ ਰਿਹਾ ਹੈ। ਇਸਦਾ ਪ੍ਰਬੰਧਨ ਜੰਮੂ ਵਿੱਚ ਈਐਸਆਈਸੀ ਖੇਤਰੀ ਦਫ਼ਤਰ ਅਤੇ ਜੰਮੂ ਅਤੇ ਕਸ਼ਮੀਰ ਕਰਮਚਾਰੀ ਰਾਜ ਬੀਮਾ ਸੁਸਾਇਟੀ (ਜੇਕੇਈਐਸਆਈਐਸ) ਦੁਆਰਾ ਕੀਤਾ ਜਾਂਦਾ ਹੈ।

ਉਦਘਾਟਨ ਸਮਾਰੋਹ ਵਿੱਚ ਕਿਰਤ ਅਤੇ ਰੁਜ਼ਗਾਰ ਮੰਤਰਾਲੇ, ਈਐਸਆਈਸੀ, ਸਥਾਨਕ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਤੇ ਜਨਤਕ ਪ੍ਰਤੀਨਿਧੀ ਮੌਜੂਦ ਸਨ।
***************
ਰਿਨੀ ਚੌਧਰੀ/ਬਲਜੀਤ ਸਿੰਘ
(रिलीज़ आईडी: 2257058)
आगंतुक पटल : 45