ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਗੁਜਰਾਤ ਦੀ ਇੱਕ ਸੰਸਥਾ ਕੂੜੇ ਤੋਂ ਬਾਇਓਗੈਸ ਬਣਾ ਕੇ ਹਰ ਰੋਜ਼ 500 ਤੋਂ ਜ਼ਿਆਦਾ ਲੋਕਾਂ ਦੇ ਲਈ ਭੋਜਨ ਬਣਾਉਂਦੀ ਹੈ

Posted On: 27 APR 2026 1:34PM by PIB Chandigarh

ਗਾਂਧੀਨਗਰ ਸਥਿਤ ਇੱਕ ਵਿਦਿਅਕ ਸੰਸਥਾਨ ਦੋ ਬਾਇਓਗੈਸ ਪਲਾਂਟਾਂ ਤੋਂ ਹਰ ਰੋਜ਼ 500 ਤੋਂ ਜ਼ਿਆਦਾ ਲੋਕਾਂ ਦੇ ਲਈ ਭੋਜਨ ਤਿਆਰ ਕਰਦਾ ਹੈ, ਜਿਸ ਨਾਲ ਐੱਲਪੀਜੀ ’ਤੇ ਨਿਰਭਰਤਾ ਸਮਾਪਤ ਹੋ ਜਾਂਦੀ ਹੈ। ਇਹ ਦਰਸਾਉਂਦਾ ਹੈ ਕਿ ਕੁਸ਼ਲ ਵੇਸਟ ਪ੍ਰਬੰਧਨ ਊਰਜਾ ਆਤਮ-ਨਿਰਭਰਤਾ ਅਤੇ ਸਥਿਰਤਾ ਨੂੰ ਸਮਰੱਥ ਬਣਾਉਂਦਾ ਹੈ।

ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਦੇ ਤਹਿਤ ਨਵੀਨਤਾ ਦੀ ਇੱਕ ਪ੍ਰਭਾਵਸ਼ਾਲੀ ਉਦਾਹਰਣ ਦੇ ਰੂਪ ਵਿੱਚ, ਗੁਜਰਾਤ ਦੇ ਗਾਂਧੀਨਗਰ ਸਥਿਤ ਵਿਦਿਅਕ ਸੰਸਥਾਨ ਨੇ ਇਹ ਦਰਸਾਇਆ ਹੈ ਕਿ ਵਿਗਿਆਨਿਕ ਵੇਸਟ ਪ੍ਰਬੰਧਨ ਊਰਜਾ ਆਤਮ-ਨਿਰਭਰਤਾ ਅਤੇ ਸਥਿਰਤਾ ਨੂੰ ਹੁਲਾਰਾ ਦੇ ਸਕਦਾ ਹੈ।

ਅਡਾਲਜ ਦੇ ਕੋਲ ਸਥਿਤ ਵਾਸੁਮਤੀ ਚੈਰੀਟੇਬਲ ਟ੍ਰਸਟ ਦੁਆਰਾ ਸੰਚਾਲਿਤ ਸ਼੍ਰੀਮਤੀ ਮਾਨੇਕਬਾ ਵਿਨੈ ਵਿਹਾਰ ਵਿਦਿਅਕ ਕੈਂਪਸ ਨੇ ਭੋਜਨ ਪਕਾਉਣ ਦੇ ਲਈ ਬਾਇਓਗੈਸ ਅਧਾਰਿਤ ਪ੍ਰਣਾਲੀ ਅਪਣਾ ਕੇ ਰਵਾਇਤੀ ਐੱਲਪੀਜੀ ’ਤੇ ਆਪਣੀ ਨਿਰਭਰਤਾ ਸਮਾਪਤ ਕਰ ਦਿੱਤੀ ਹੈ। ਕੈਂਪਸ ਵਿੱਚ ਹੁਣ ਹਰ ਰੋਜ਼ 500 ਤੋਂ ਜ਼ਿਆਦਾ ਲੋਕਾਂ ਦੇ ਭੋਜਨ ਤਿਆਰ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਲਗਭਗ 250 ਹੋਸਟਲਾਂ ਦੇ ਵਿਦਿਆਰਥੀ ਅਤੇ 15 ਕਰਮਚਾਰੀਆਂ ਦੇ ਪਰਿਵਾਰ ਸ਼ਾਮਲ ਹਨ ਇਨ੍ਹਾਂ ਨੂੰ ਦਿਨ ਵਿੱਚ ਦੋ ਵਾਰ ਭੋਜਨ ਪਰੋਸਿਆ ਜਾਂਦਾ ਹੈ।

ਸੰਸਥਾ ਦੋ ਬਾਇਓਗੈਸ ਪਲਾਂਟਾਂ ਦਾ ਸੰਚਾਲਨ ਕਰਦੀ ਹੈ ਜਿਨ੍ਹਾਂ ਦੀ ਸੰਯੁਕਤ ਸਮਰੱਥਾ 90 ਘਣ ਮੀਟਰ ਪ੍ਰਤੀ ਦਿਨ ਹੈ। ਇਨ੍ਹਾਂ ਪਲਾਂਟਾਂ ਵਿੱਚ ਸੰਸਥਾ ਦੇ ਗਊਸ਼ਾਲਾ ਵਿੱਚ ਰੱਖੀਆਂ ਗਈਆਂ 222 ਗਾਵਾਂ ਦੇ ਗੋਬਰ, ਰਸੋਈ ਦੇ ਕੂੜੇ ਅਤੇ ਆਲੇ-ਦੁਆਲੇ ਦੇ ਖੇਤਾਂ ਤੋਂ ਪ੍ਰਾਪਤ ਖੇਤੀਬਾੜੀ ਅਵਸ਼ੇਸ਼ਾਂ ਦਾ ਉਪਯੋਗ ਕਰਕੇ ਬਾਇਓਗੈਸ ਬਣਾਈ ਜਾਂਦੀ ਹੈ ਜੋ ਸੰਸਥਾ ਦੀ ਸੰਪੂਰਨ ਈਂਧਣ ਜ਼ਰੂਰਤ ਨੂੰ ਪੂਰਾ ਕਰਦੀ ਹੈ, ਜਿਸ ਨਾਲ ਐੱਲਪੀਜੀ ਸਿਲੰਡਰਾਂ ਦੀ ਜ਼ਰੂਰਤ ਪੂਰੀ ਤਰ੍ਹਾਂ ਸਮਾਪਤ ਹੋ ਜਾਂਦੀ ਹੈ।

ਵਿਦਿਅਕ ਸੰਸਥਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ “ਗੁਜਰਾਤ ਸਰਕਾਰ ਦੀ ਸੰਸਥਾਗਤ ਬਾਇਓਗੈਸ ਪਲਾਂਟ ਯੋਜਨਾ ਦੇ ਤਹਿਤ ਅਸੀਂ ਭੋਜਨ ਪਕਾਉਣ ਦੀ ਗੈਸ ਦੇ ਮਾਮਲੇ ਵਿੱਚ ਆਤਮ-ਨਿਰਭਰ ਹੋ ਗਏ ਹਾਂ। ਗਾਵਾਂ ਲੋੜੀਂਦਾ ਗੋਬਰ ਦਿੰਦੀਆਂ ਹਨ, ਅਤੇ ਗੈਸ ਉਤਪਾਦਨ ਤੋਂ ਬਾਅਦ ਬਣਨ ਵਾਲੇ ਘੋਲ ਦਾ ਉਪਯੋਗ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਕੀਤਾ ਜਾਂਦਾ ਹੈ, ਜਿਸ ਨਾਲ ਪੂਰੀ ਤਰ੍ਹਾਂ ਨਾਲ ਜੈਵਿਕ ਖੇਤੀ ਸੰਭਵ ਹੋ ਪਾਉਂਦੀ ਹੈ। ਇਸ ਪਲਾਂਟ ਦੇ ਬਿਨਾਂ, ਸਾਨੂੰ ਹਰ ਮਹੀਨੇ ਲਗਭਗ 30 ਐੱਲਪੀਜੀ ਸਿਲੰਡਰਾਂ ਦੀ ਜ਼ਰੂਰਤ ਹੁੰਦੀ,”

ਜੈਵਿਕ ਵੇਸਟ ਤੋਂ ਬਣੀ ਬਾਇਓਗੈਸ, ਭੋਜਨ ਪਕਾਉਣ ਦੇ ਲਈ ਉਪਲਬਧ ਸਭ ਤੋਂ ਵਿਵਹਾਰਿਕ, ਕਫਾਇਤੀ ਅਤੇ ਵਾਤਾਵਰਣ ਦੇ ਅਨੁਕੂਲ ਈਂਧਣਾਂ ਵਿੱਚੋਂ ਇੱਕ ਹੈ। ਨਾਈਟ੍ਰੋਜਨ ਨਾਲ ਭਰਪੂਰ ਉਪ-ਉਤਪਾਦ ਘੋਲ, ਇੱਕ ਪ੍ਰਭਾਵਸ਼ਾਲੀ ਜੈਵਿਕ ਖਾਦ ਦੇ ਰੂਪ ਵਿੱਚ ਪ੍ਰਯੋਗ ਕੀਤੀ ਜਾਂਦੀ ਹੈ, ਜਿਸ ਨਾਲ ਰਸਾਇਣਕ ਪਦਾਰਥਾਂ ’ਤੇ ਨਿਰਭਰਤਾ ਘੱਟ ਹੁੰਦੀ ਹੈ, ਲਾਗਤ ਘਟਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਇੱਕ ਹੀ ਯਤਨ ਨਾਲ ਦੁਹਰਾ ਲਾਭ ਪ੍ਰਾਪਤ ਹੁੰਦਾ ਹੈ।

ਗੁਜਰਾਤ ਊਰਜਾ ਵਿਕਾਸ ਏਜੰਸੀ (ਜੀਈਡੀਏ) 25 ਤੋਂ 85 ਘਣ ਮੀਟਰ ਸਮਰੱਥਾ ਵਾਲੇ ਬਾਇਓਗੈਸ ਪਲਾਂਟਾਂ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਗੈਰ-ਲਾਭਕਾਰੀ ਸੰਸਥਾਵਾਂ 75 ਪ੍ਰਤੀਸ਼ਤ ਤੱਕ ਸਬਸਿਡੀ ਦੇ ਲਈ ਯੋਗ ਹਨ, ਜਿਸ ਨਾਲ ਸੰਗਠਨਾਂ ਦੀ ਇੱਕ ਵਿਸਤ੍ਰਿਤ ਚੇਨ ਦੇ ਲਈ ਇਹ ਪਰਿਵਰਤਨ ਆਰਥਿਕ ਤੌਰ ‘ਤੇ ਪਹੁੰਚਯੋਗ ਹੋ ਜਾਂਦਾ ਹੈ।

ਪਿਛਲੇ ਪੰਜ ਵਰ੍ਹਿਆਂ ਵਿੱਚ, ਗੁਜਰਾਤ ਭਰ ਵਿੱਚ ਲਗਭਗ 193 ਸੰਸਥਾਗਤ ਬਾਇਓਗੈਸ ਪਲਾਂਟ ਲਗਾਏ ਗਏ ਹਨ। ਗੁਜਰਾਤ ਵਿਕਲਪਿਕ ਊਰਜਾ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ, ਪ੍ਰਦੂਸ਼ਣ ਘੱਟ ਕਰਨ, ਊਰਜਾ ਆਤਮ-ਨਿਰਭਰਤਾ ਪ੍ਰਾਪਤ ਕਰਨ ਅਤੇ ਗਊਸ਼ਾਲਾਵਾਂ ਅਤੇ ਵਿਦਿਅਕ ਸੰਸਥਾਨਾਂ ਤੋਂ ਪ੍ਰਾਪਤ ਜੈਵਿਕ ਕੂੜੇ ਦੇ ਵਿਗਿਆਨਿਕ ਨਿਪਟਾਰੇ ਦੀ ਦਿਸ਼ਾ ਵਿੱਚ ਨਿਰੰਤਰ ਪ੍ਰਗਤੀ ਕਰ ਰਿਹਾ ਹੈ।

ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਦੇ ਉਦੇਸ਼ਾਂ ਦੇ ਅਨੁਸਾਰ, ਇਹ ਪਹਿਲਕਦਮੀਆਂ ਦਰਸਾਉਂਦੀਆਂ ਹਨ ਕਿ ਸ਼ਹਿਰ ਅਤੇ ਸੰਸਥਾਨ ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਵੇਸਟ ਪ੍ਰਬੰਧਨ ਦੇ ਲਈ ਨਵੀਨ, ਸਰਕੂਲਰ ਦ੍ਰਿਸ਼ਟੀਕੋਣ ਅਪਣਾ ਕੇ, ਉਹ ਨਾ ਕੇਵਲ ਵਾਤਾਵਰਣਿਕ ਪ੍ਰਭਾਵ ਨੂੰ ਘੱਟ ਕਰ ਰਹੇ ਹਨ, ਸਗੋਂ ਵੇਸਟ ਨੂੰ ਇੱਕ ਸੰਸਾਥਨ ਦੇ ਰੂਪ ਵਿੱਚ ਵੀ ਉਪਯੋਗ ਵਿੱਚ ਲਿਆ ਰਹੇ ਹਨ। ਸਵੱਛ ਊਰਜਾ ਉਤਪਾਦਨ ਤੋਂ ਲੈ ਕੇ ਜੈਵਿਕ ਪ੍ਰਥਾਵਾਂ ਨੂੰ ਹੁਲਾਰਾ ਦੇਣ ਤੱਕ, ਇਹ ਯਤਨ, ਵਿਗਿਆਨਿਕ ਵੇਸਟ ਪ੍ਰਬੰਧਨ, ਭਾਈਚਾਰਕ ਭਾਗੀਦਾਰੀ ਅਤੇ ਦੂਰਦਰਸ਼ੀ ਨੀਤੀਆਂ ਮਿਲ ਕੇ ਦੇਸ਼ ਵਿੱਚ ਸਵੱਛ, ਹਰਿਤ ਅਤੇ ਜ਼ਿਆਦਾ ਆਤਮ-ਨਿਰਭਰ ਸ਼ਹਿਰਾਂ ਦਾ ਮਾਰਗ ਪੱਧਰਾ ਕਰਦੀਆਂ ਹਨ।

****

ਐੱਸਕੇ/ਬਲਜੀਤ


(Release ID: 2256280) ਵਿਜ਼ੀਟਰ ਕਾਊਂਟਰ : 7