ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਏਮਸ ਰਿਸ਼ੀਕੇਸ਼ ਦੇ ਛੇਵੇਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ; ਨੈਤਿਕ, ਹਮਦਰਦੀ ਅਤੇ ਭਵਿੱਖ ਲਈ ਤਿਆਰ ਹੈਲਥ ਕੇਅਰ ਵਰਕਫੋਰਸ ਨੂੰ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਏਮਸ ਰਿਸ਼ੀਕੇਸ਼ ਦੇ ਛੇਵੇਂ ਕਨਵੋਕੇਸ਼ਨ ਦੌਰਾਨ ਭਾਰਤ ਦੀ ਮਜ਼ਬੂਤ ਕੋਵਿਡ-19 ਪ੍ਰਤੀਕਿਰਿਆ, ਦੁਨੀਆ ਦੇ ਸਭ ਤੋਂ ਵੱਡੇ ਮੁਫ਼ਤ ਟੀਕਾਕਰਣ ਅਭਿਆਨ ਅਤੇ ‘ਵੈਕਸੀਨ ਮੈਤ੍ਰੀ’ ਰਾਹੀਂ ਵਿਸ਼ਵਵਿਆਪੀ ਅਗਵਾਈ ਨੂੰ ਉਜਾਗਰ ਕੀਤਾ
ਹੈਲਥ ਕੇਅਰ ਇੱਕ ਜਨਤਕ ਵਿਸ਼ਵਾਸ ਹੈ; ਸਹਿਣਸ਼ੀਲਤਾ, ਇਮਾਨਦਾਰੀ ਅਤੇ ਸਿਹਤਮੰਦ ਭਾਰਤ ਦੇ ਪ੍ਰਤੀ ਵਚਨਬੱਧਤਾ ਦੇ ਨਾਲ ਸੇਵਾ ਕਰੋ: ਉਪ ਰਾਸ਼ਟਰਪਤੀ
ਏਕੀਕ੍ਰਿਤ ਚਿਕਿਤਸਾ ਅਤੇ ‘ਵੰਨ ਹੈਲਥ’ ਦ੍ਰਿਸ਼ਟੀਕੋਣ ਸਮੁੱਚੀ ਸਿਹਤ ਸੰਭਾਲ ਨੂੰ ਗਤੀ ਦੇ ਰਹੇ ਹਨ; ਮੁਸ਼ਕਲ ਖੇਤਰਾਂ ਵਿੱਚ ਨਵੀਨਤਾਵਾਂ ਲਈ ਏਮਸ ਰਿਸ਼ੀਕੇਸ਼ ਦੀ ਸ਼ਲਾਘਾ ਕੀਤੀ: ਕੇਂਦਰੀ ਰਾਜ ਮੰਤਰੀ
ਡਾਕਟਰੀ ਪੇਸ਼ਾ ਸੇਵਾ ਦਾ ਸਰਬਉੱਚ ਰੂਪ ਹੈ; ਬਿਹਤਰ ਮਰੀਜ਼ਾਂ ਦੀ ਦੇਖਭਾਲ ਲਈ ਨੈਤਿਕਤਾ, ਆਜੀਵਨ ਸਿੱਖਣ ਅਤੇ ਸੰਚਾਲ ਨੂੰ ਬਣਾਏ ਰੱਖੋ; ਸ਼੍ਰੀਮਤੀ ਅਨੁਪ੍ਰਿਆ ਪਟੇਲ
ਉਪ ਰਾਸ਼ਟਰਪਤੀ ਨੇ ਏਮਸ ਰਿਸ਼ੀਕੇਸ਼ ਦੀ ਸਲਾਨਾ ਪੱਤ੍ਰਿਕਾ ‘ਰੁਦ੍ਰਾਕਸ਼’ ਨੂੰ ਜਾਰੀ ਕੀਤਾ, ਜੋ ਸੰਸਥਾਨ ਦੀਆਂ ਉਪਲਬਧੀਆਂ ਅਤੇ ਵਿਦਿਅਕ ਉੱਤਮਤਾ ਨੂੰ ਪ੍ਰਦਰਸ਼ਿਤ ਕਰਦੀ ਹੈ
Posted On:
23 APR 2026 5:46PM by PIB Chandigarh
ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ (ਏਆਈਆਈਐੱਮਐੱਸ) ਰਿਸ਼ੀਕੇਸ਼ ਦਾ ਛੇਵਾਂ ਕਨਵੋਕੇਸ਼ਨ ਅੱਜ ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਦੀ ਗਰਿਮਾਮਈ ਮੌਜੂਦਗੀ ਵਿੱਚ ਸੰਪੰਨ ਹੋਇਆ। ਇਹ ਸਮਾਰੋਹ ਸੰਸਥਾਨ ਦੀ ਵਿਦਿਅਕ ਉੱਤਮਤਾ ਅਤੇ ਸਿਹਤ ਸੰਭਾਲ ਖੇਤਰ ਵਿੱਚ ਰਾਸ਼ਟਰੀ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਸਮਾਰੋਹ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ, ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਅਤੇ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ) ਵੀ ਮੌਜੂਦ ਸਨ।
ਇਸ ਮੌਕੇ 'ਤੇ, ਉਪ ਰਾਸ਼ਟਰਪਤੀ ਨੇ ਸੰਸਥਾਨ ਦੀ ਸਲਾਨਾ ਮੈਗਜ਼ੀਨ, " ਰੁਦ੍ਰਾਕਸ਼ " ਨੂੰ ਜਾਰੀ ਕੀਤਾ , ਜਿਸ ਵਿੱਚ ਪਿਛਲੇ ਸਾਲ ਦੌਰਾਨ ਏਮਸ ਰਿਸ਼ੀਕੇਸ਼ ਦੀਆਂ ਪ੍ਰਮੁੱਖ ਪ੍ਰਾਪਤੀਆਂ, ਨਵੀਨਤਾਵਾਂ ਅਤੇ ਅਕਾਦਮਿਕ ਪ੍ਰਗਤੀ ਸੰਕਲਨ ਹੈ। ਇਹ ਪ੍ਰਕਾਸ਼ਨ ਮੈਡੀਕਲ ਸਿੱਖਿਆ, ਖੋਜ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਉੱਤਮਤਾ ਪ੍ਰਤੀ ਸੰਸਥਾਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਅੱਜ ਏਮਸ ਰਿਸ਼ੀਕੇਸ਼ ਦੇ 6ਵੇਂ ਕਨਵੋਕੇਸ਼ਨ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ , ਸ਼੍ਰੀ ਰਾਧਾਕ੍ਰਿਸ਼ਣਨ ਨੇ ਗ੍ਰੈਜੂਏਟਿੰਗ ਮੈਡੀਕਲ ਪੇਸ਼ੇਵਰਾਂ ਲਈ ਇਸ ਮੌਕੇ ਦੀ ਮਹੱਤਤਾ ਨੂੰ ਸੰਕ੍ਰਮਣ, ਚਿੰਤਨ ਅਤੇ ਜ਼ਿੰਮੇਵਾਰੀ ਦੇ ਪਲ ਵਜੋਂ ਦਰਸਾਇਆ।

ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਮੌਕਾ ਵਰ੍ਹਿਆਂ ਦੇ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਕੁਰਬਾਨੀ ਦਾ ਨਤੀਜਾ ਹੈ, ਨਾਲ ਹੀ ਇਹ ਸਮਾਜ ਅਤੇ ਰਾਸ਼ਟਰ ਪ੍ਰਤੀ ਡੂੰਘੀ ਪੇਸ਼ੇਵਰ ਵਚਨਬੱਧਤਾ ਦੀ ਸ਼ੁਰੂਆਤ ਵੀ ਹੈ। ਉਨ੍ਹਾਂ ਨੇ ਗ੍ਰੈਜੂਏਟਾਂ ਨੂੰ ਆਪਣੇ ਕਰੀਅਰ ਵਿੱਚ ਉੱਚਤਮ ਨੈਤਿਕ ਮਿਆਰਾਂ, ਹਮਦਰਦੀ ਅਤੇ ਸੇਵਾ ਦੀ ਭਾਵਨਾ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ।
ਕੋਵਿਡ-19 ਮਹਾਮਾਰੀ ਦੌਰਾਨ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਨੂੰ ਉਜਾਗਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਦ੍ਰਿੜ੍ਹਤਾ ਅਤੇ ਨਿਰਣਾਇਕ ਅਗਵਾਈ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸ਼ਵ ਦੇ ਸਭ ਤੋਂ ਵੱਡੇ ਟੀਕਾਕਰਣ ਅਭਿਆਨਾਂ ਵਿੱਚੋਂ ਇੱਕ ਦੇ ਸਫਲ ਲਾਗੂਕਰਨ 'ਤੇ ਚਾਨਣਾ ਪਾਇਆ, ਜਿਸ ਦੇ ਤਹਿਤ 140 ਕਰੋੜ ਤੋਂ ਵੱਧ ਨਾਗਰਿਕਾਂ ਲਈ ਮੁਫਤ ਟੀਕਾਕਰਣ ਨੂੰ ਯਕੀਨੀ ਬਣਾਇਆ ਗਿਆ, ਜਿਸ ਨਾਲ ਸਿਹਤ ਸੰਭਾਲ ਵਿੱਚ ਸਮਾਨਤਾ ਅਤੇ ਸਮਾਵੇਸ਼ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਬਲ ਮਿਲਿਆ।
ਉਪ ਰਾਸ਼ਟਰਪਤੀ ਨੇ ਮਹਾਮਾਰੀ ਦੌਰਾਨ ਭਾਰਤ ਦੀ ਵਿਸ਼ਵਵਿਆਪੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਵੈਕਸੀਨ ਆਊਟਰੀਚ ਪਹਿਲ "ਵੈਕਸੀਨ ਮੈਤ੍ਰੀ" ਦਾ ਜ਼ਿਕਰ ਕੀਤਾ ਗਿਆ, ਜਿਸ ਦੇ ਤਹਿਤ 100 ਤੋਂ ਵੱਧ ਦੇਸ਼ਾਂ ਨੂੰ ਟੀਕੇ ਉਪਲਬਧ ਕਰਵਾਏ ਗਏ। ਉਨ੍ਹਾਂ ਕਿਹਾ ਕਿ ਭਾਰਤ ਦੇ ਯਤਨਾਂ ਨੇ " ਵਸੁਧੈਵ ਕੁਟੁੰਬਕਮ " ਦੀ ਭਾਵਨਾ ਨੂੰ ਦਰਸਾਇਆ ਅਤੇ ਹਮਦਰਦੀ, ਏਕਤਾ ਅਤੇ ਸਾਂਝੀ ਵਿਸ਼ਵਵਿਆਪੀ ਤਰੱਕੀ 'ਤੇ ਅਧਾਰਿਤ ਅਗਵਾਈ ਦਾ ਪ੍ਰਦਰਸ਼ਨ ਕੀਤਾ।

ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਸਰਕਾਰ ਦੇ ਫੋਕਸ ਨੂੰ ਉਜਾਗਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਭਰ ਵਿੱਚ ਏਮਸ ਸੰਸਥਾਨਾਂ ਦੇ ਵਿਸਥਾਰ ਨਾਸ ਗੁਣਵੱਤਾ ਵਾਲੇ ਤੀਜੇ ਦਰਜੇ ਦੀ ਡਾਕਟਰੀ ਦੇਖਭਾਲ ਤੱਕ ਪਹੁੰਚ ਵਿੱਚ ਕਾਫ਼ੀ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾਨ ਕਲੀਨਿਕਲ ਦੇਖਭਾਲ, ਅਕਾਦਮਿਕ ਉੱਤਮਤਾ, ਖੋਜ, ਨਵੀਨਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਏਕੀਕ੍ਰਿਤ ਕਰਕੇ ਉੱਤਮਤਾ ਦਾ ਇੱਕ ਆਦਰਸ਼ ਪੇਸ਼ ਕਰਦੇ ਹਨ।
ਉੱਤਰਾਖੰਡ ਦੀਆਂ ਵਿਲੱਖਣ ਭੂਗੋਲਿਕ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਇਸ ਖੇਤਰ ਲਈ ਇੱਕ ਮਹੱਤਵਪੂਰਨ ਸਿਹਤ ਸੰਭਾਲ ਕੇਂਦਰ ਦੇ ਰੂਪ ਵਿੱਚ ਉਭਰਨ ਲਈ ਏਮਸ ਰਿਸ਼ੀਕੇਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਸਥਾਨ ਨੇ ਟੈਲੀਮੈਡੀਸਿਨ ਜਿਹੀਆਂ ਨਵੀਨਤਾਕਾਰੀ ਪ੍ਰਣਾਲੀਆਂ ਨੂੰ ਅਪਣਾ ਕੇ ਰਵਾਇਤੀ ਸਿਹਤ ਸੰਭਾਲ ਵੰਡ ਤੋਂ ਅੱਗੇ ਵਧ ਕੇ ਕੰਮ ਕੀਤਾ ਹੈ, ਜਿਸ ਨਾਲ ਦੂਰ-ਦੁਰਾਡੇ ਅਤੇ ਪਹਾੜੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਪਹੁੰਚਯੋਗਤਾ ਵਿੱਚ ਸੁਧਾਰ ਹੋਇਆ ਹੈ।
ਉਨ੍ਹਾਂ ਨੇ ਸੰਸਥਾਨ ਦੀ ਐਮਰਜੈਂਸੀ ਹੈਲੀਕੌਪਟਰ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਮੁਸ਼ਕਲ ਇਲਾਕਿਆਂ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਸਮਰੱਥਾਵਾਂ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ। ਚਾਰ ਧਾਮ ਯਾਤਰਾ ਦੌਰਾਨ ਜ਼ਰੂਰੀ ਦਵਾਈਆਂ ਦੀ ਸਪਲਾਈ ਲਈ ਡ੍ਰੋਨ ਦੀ ਵਰਤੋਂ ਨੂੰ ਵੀ ਜਨਤਕ ਸਿਹਤ ਨਵੀਨਤਾ ਦੀ ਇੱਕ ਜ਼ਿਕਰਯੋਗ ਉਦਾਹਰਣ ਵਜੋਂ ਉਜਾਗਰ ਕੀਤਾ ਗਿਆ ਹੈ, ਜਿਸ ਨਾਲ ਸਿਹਤ ਸੇਵਾਵਾਂ ਦੀ ਸਮੇਂ ‘ਤੇ ਡਿਲੀਵਰੀ ਯਕੀਨੀ ਹੋਈ। ਉਪ ਰਾਸ਼ਟਰਪਤੀ ਨੇ ਐੱਨਆਈਆਰਐੱਫ ਰੈਂਕਿੰਗ ਵਿੱਚ ਦੇਸ਼ ਦੇ ਟੌਪ ਮੈਡੀਕਲ ਇੰਸਟੀਟਿਊਟਸ ਵਿੱਚ ਏਮਸ ਰਿਸ਼ੀਕੇਸ਼ ਦੇ ਲਗਾਤਾਰ ਸਥਾਨ ਬਣਾਏ ਰੱਖਣ ‘ਤੇ ਵੀ ਸੰਤੋਸ਼ ਵਿਅਕਤ ਕੀਤਾ।
ਗ੍ਰੈਜੂਏਟਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਹਤ ਸੰਭਾਲ ਇੱਕ ਜਨਤਕ ਵਿਸ਼ਵਾਸ ਹੈ ਅਤੇ ਮੈਡੀਕਲ ਪੇਸ਼ੇਵਰਾਂ ਦੀ ਭੂਮਿਕਾ ਨਾ ਸਿਰਫ਼ ਕਲੀਨਿਕਲ ਦੇਖਭਾਲ ਵਿੱਚ, ਸਗੋਂ ਇੱਕ ਸਿਹਤਮੰਦ ਅਤੇ ਵਧੇਰੇ ਸਸ਼ਕਤ ਭਾਰਤ ਦੇ ਵਿਆਪਕ ਰਾਸ਼ਟਰੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਵੀ ਮਹੱਤਵਪੂਰਨ ਹੈ। ਉਨ੍ਹਾਂ ਨੇ ਉਨ੍ਹਾਂ ਤੋਂ ਆਪਣੇ ਪੇਸ਼ੇਵਰ ਜੀਵਨ ਵਿੱਚ ਸਹਿਣਸ਼ੀਲਤਾ, ਇਮਾਨਦਾਰੀ ਅਤੇ ਸੇਵਾ ਭਾਵਨਾ ਤੋਂ ਪ੍ਰੇਰਿਤ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ‘ਤੇ ਬੋਲਦੇ ਹੋਏ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਮੈਡੀਕਲ ਪੇਸ਼ੇ ਦੇ ਪ੍ਰਤੀ ਵਚਨਬੱਧਤਾ ਲਈ ਵਧਾਈ ਦਿੱਤੀ।

ਉਨ੍ਹਾਂ ਨੇ ਯੁਵਾ ਡਾਕਟਰਾਂ ਲਈ ਚਾਰ ਪ੍ਰਮੁੱਖ ਸਿਧਾਂਤਾਂ ‘ਤੇ ਜ਼ੋਰ ਦਿੱਤਾ। ਪਹਿਲਾਂ ਉਨ੍ਹਾਂ ਨੇ ਕਿਹਾ ਕਿ ਮੈਡੀਕਲ ਪੇਸ਼ਾ ਮਨੁੱਖਤਾ ਦੀ ਸੇਵਾ ਦੇ ਉੱਚਤਮ ਰੂਪਾਂ ਵਿੱਚੋਂ ਇੱਕ ਹੈ ਅਤੇ ਇਸ ਦੇ ਲਈ ਅਟੁੱਟ ਸਮਰਪਣ, ਨੈਤਿਕ ਆਚਰਣ ਅਤੇ ਮਰੀਜ਼ਾਂ ਦੇ ਵਿਸ਼ਵਾਸ ਨੂੰ ਬਣਾਏ ਰੱਖਣ ਲਈ ਇਮਾਨਦਾਰੀ ਦੀ ਜ਼ਰੂਰਤ ਹੁੰਦੀ ਹੈ। ਦੂਜਾ, ਮੈਡੀਕਲ ਸਾਇੰਸ ਵਿੱਚ ਤੇਜ਼ ਤਰੱਕੀ ਨੂੰ ਦੇਖਦੇ ਹੋਏ ਆਜੀਵਨ ਸਿੱਖਣਾ ਅਤੇ ਕੌਸ਼ਲ ਅਪਗ੍ਰੇਡ ਕਰਨਾ ਬਹੁਤ ਜ਼ਰੂਰੀ ਹੈ।
ਤੀਜਾ, ਪ੍ਰਭਾਵਸ਼ਾਲੀ ਸੰਚਾਰ ਗੁਣਵੱਤਾਪੂਰਨ ਸਿਹਤ ਸੰਭਾਲ ਦਾ ਅਧਾਰ ਹੈ ਅਤੇ ਮਰੀਜ਼ ਨਤੀਜਿਆਂ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਚੌਥਾ, ਉਨ੍ਹਾਂ ਨੇ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਾਤਾ-ਪਿਤਾ, ਅਧਿਆਪਕ ਅਤੇ ਰਾਸ਼ਟਰ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਵਾ ਦੇ ਮਾਧਿਅਮ ਨਾਲ ਸਮਾਜ ਨੂੰ ਵਾਪਸ ਦੇਣਾ ਚਾਹੀਦਾ ਹੈ।
ਗ੍ਰੈਜੂਏਟਾਂ ‘ਤੇ ਵਿਸ਼ਵਾਸ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਕਲਪਨਾ ਕੀਤੇ 2047 ਤੱਕ ‘ਵਿਕਸਿਤ ਭਾਰਤ’ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਸਿਹਤ ਖੇਤਰ ਵਿੱਚ ਹਾਲ ਹੀ ਵਿੱਚ ਹੋਈ ਤਰੱਕੀ ਨੂੰ ਉਜਾਗਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਤਰੱਕੀ ਹੋਈ ਹੈ ਅਤੇ ਮੈਡੀਕਲ ਸਿੱਖਿਆ ਵਿੱਚ ਰਿਕਾਰਡ ਵਿਸਤਾਰ ਹੋਇਆ ਹੈ, ਜਿਸ ਦਾ ਉਦੇਸ਼ 140 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਕਿਫਾਇਤੀ ਅਤੇ ਭਰੋਸੇਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਕ ਸਿਹਤ ਖਰਚਾ ਹੁਣ 1.06 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ, ਜਿਸ ਨਾਲ ਲੋਕਾਂ ਦੀ ਜੇਬ ਤੋਂ ਹੋਣ ਵਾਲਾ ਖਰਚ 62.5 ਪ੍ਰਤੀਸ਼ਤ ਤੋਂ ਘਟ ਕੇ 39.4 ਪ੍ਰਤੀਸ਼ਤ ਤੱਕ ਹੋ ਗਿਆ ਹੈ।
ਉਨ੍ਹਾਂ ਨੇ ਸਮੁੱਚੇ ਅਤੇ ਏਕੀਕ੍ਰਿਤ ਸਿਹਤ ਸੰਭਾਲ ‘ਤੇ ਸਰਕਾਰ ਦੇ ਵਿਸ਼ੇਸ਼ ਜ਼ੋਰ ਨੂੰ ਰੇਖਾਂਕਿਤ ਕੀਤਾ। ਏਮਸ ਰਿਸ਼ੀਕੇਸ਼ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੰਸਥਾਨ ਨੇ ਇੱਕ ਏਕੀਕ੍ਰਿਤ ਮੈਡੀਕਲ ਮਾਡਲ ਸਥਾਪਿਤ ਕੀਤਾ ਹੈ, ਜੋ ਵਿਆਪਕ ਮਰੀਜ਼ ਦੀ ਦੇਖਭਾਲ ਲਈ ਰਵਾਇਤੀ ਅਤੇ ਆਧੁਨਿਕ ਮੈਡੀਕਲ ਪ੍ਰਣਾਲੀਆਂ ਨੂੰ ਜੋੜਦਾ ਹੈ। ਉਨ੍ਹਾਂ ਨੇ ‘ਵੰਨ ਹੈਲਥ’ ਦ੍ਰਿਸ਼ਟੀਕੋਣ ‘ਤੇ ਵੀ ਬਲ ਦਿੱਤਾ, ਜੋ ਤਾਲਮੇਲ ਵਾਲੀ ਅੰਤਰ-ਖੇਤਰੀ ਕਾਰਵਾਈ ਰਾਹੀਂ ਮਨੁੱਖ, ਪਸ਼ੂ ਅਤੇ ਵਾਤਾਵਰਣਿਕ ਸਿਹਤ ਨੂੰ ਜੋੜਦਾ ਹੈ।

ਵਿਸ਼ਵ ਵਿਆਪੀ ਪੱਧਰ ‘ਤੇ ਭਾਰਤ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਟੀਬੀ, ਮਲੇਰੀਆ ਅਤੇ ਐੱਚਆਈਵੀ/ਏਡਜ਼ ਜਿਹੀਆਂ ਪ੍ਰਮੁੱਖ ਜਨਤਕ ਸਿਹਤ ਚੁਣੌਤੀਆਂ ਨਾਲ ਨਜਿੱਠਣ ਵਿੱਚ ਦੇਸ਼ ਦੀ ਤਰੱਕੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤ ਦੇ ਸਫ਼ਲ ਕੋਵਿਡ-19 ਟੀਕਾਕਰਣ ਅਭਿਆਨ ਨੂੰ ਵੀ ਉਜਾਗਰ ਕੀਤਾ, ਜਿਸ ਦੌਰਾਨ ਸਵਦੇਸ਼ੀ ਤੌਰ ‘ਤੇ ਵਿਕਸਿਤ ਟੀਕਿਆਂ ਦੀ 220 ਕਰੋੜ ਤੋਂ ਵੱਧ ਖੁਰਾਕਾਂ, ਜਿਨ੍ਹਾਂ ਵਿੱਚ ਬੂਸਟਰ ਖੁਰਾਕਾਂ ਵੀ ਸ਼ਾਮਲ ਹਨ, ਦਿੱਤੀਆਂ ਗਈਆਂ।
ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਉੱਤਰਾਖੰਡ ਜਿਹੇ ਭੂਗੋਲਿਕ ਰੂਪ ਨਾਲ ਚੁਣੌਤੀਪੂਰਨ ਰਾਜ ਵਿੱਚ ਏਸਮ ਰਿਸ਼ੀਕੇਸ਼ ਦੀਆਂ ਪ੍ਰਭਾਵਸ਼ਾਲੀ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਟੈਲੀਮੈਡੀਸਿਨ, ਹੈਲੀਕੌਪਟਰ ਐਂਬੂਲੈਂਸ ਸੇਵਾਵਾਂ, ਡ੍ਰੋਨ ਦੁਆਰਾ ਮੈਡੀਕਲ ਸਹਾਇਤਾ ਅਤੇ ਉਧਮ ਸਿੰਘ ਨਗਰ ਵਿੱਚ ਇੱਕ ਸੈਟੇਲਾਈਟ ਸੈਂਟਰ ਦੇ ਵਿਕਾਸ ਜਿਹੀਆਂ ਪ੍ਰਮੁੱਖ ਸੇਵਾਵਾਂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਦੂਰ-ਦੁਰਾਡੇ ਅਤੇ ਦੁਰਗਮ ਖੇਤਰਾਂ ਵਿੱਚ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਵਿੱਚ ਇਸ ਮੌਕੇ ਨੂੰ ਗ੍ਰੈਜੂਏਟ ਵਿਦਿਆਰਥੀਆਂ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੈ, ਜਿੱਥੇ ਉਹ ਆਪਣੇ ਚੁਣੇ ਹੋਏ ਮੈਡੀਕਲ ਪੇਸ਼ੇ ਰਾਹੀਂ ਮਨੁੱਖਤਾ ਦੀ ਸੇਵਾ ਲਈ ਅੱਗੇ ਵਧ ਰਹੇ ਹਨ।
ਉਨ੍ਹਾਂ ਨੇ ਯੁਵਾ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਦੂਰ-ਦੁਰਾਡੇ ਅਤੇ ਦੁਰਗਮ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੇਵਾ ਲਈ ਖੁਦ ਨੂੰ ਸਮਰਪਿਤ ਕਰਨ, ਵਿਸ਼ੇਸ਼ ਤੌਰ ‘ਤੇ ਉੱਤਰਾਖੰਡ ਜਿਹੇ ਭੂਗੋਲਿਕ ਤੌਰ ‘ਤੇ ਚੁਣੌਤੀਪੂਰਨ ਰਾਜ ਵਿੱਚ, ਜਿੱਥੇ ਸਿਹਤ ਸੇਵਾ ਤੱਕ ਪਹੁੰਚ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਮੁੱਖ ਮੰਤਰੀ ਨੇ ਰਾਜ ਵਿੱਚ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ ਰਿਸ਼ੀਕੇਸ਼ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾਨ ਉੱਨਤ ਚਿਕਿਤਸਾ ਦੇਖਭਾਲ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਕੇ ਉਭਰਿਆ ਹੈ ਅਤੇ ਇਸ ਪੂਰੇ ਖੇਤਰ ਵਿੱਚ ਸਿਹਤ ਨਤੀਜਿਆਂ ਵਿੱਚ ਸੁਧਾਰ ਲਿਆਉਣ ਵਿੱਚ ਇੱਕ ਪਰਿਵਰਤਨਕਾਰੀ ਭੂਮਿਕਾ ਨਿਭਾ ਰਿਹਾ ਹੈ।
ਸਮਾਰੋਹ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਗ੍ਰੇਜੂਏਟ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਿਦਿਅਕ ਉਪਲਬਧੀਆਂ ਅਤੇ ਸਮਰਪਣ ਨੂੰ ਮਾਨਤਾ ਦਿੰਦੇ ਹੋਏ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਨਾਲ ਹੀ, ਉਪ ਰਾਸ਼ਟਰਪਤੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ 11 ਪੁਰਸਕਾਰ ਅਤੇ ਗੋਲਡ ਮੈਡਲ ਪ੍ਰਦਾਨ ਕੀਤੇ।
************
ਐੱਸਆਰ/ਏਕੇ
(Release ID: 2255296)
ਵਿਜ਼ੀਟਰ ਕਾਊਂਟਰ : 9