ਰੇਲ ਮੰਤਰਾਲਾ
azadi ka amrit mahotsav

ਰੇਲਵੇ ਵਿੱਚ ਸ਼ਰਾਬ, ਤੰਬਾਕੂ ਅਤੇ ਸਿਗਰਟਨੋਸ਼ੀ ਵਰਗੇ ਕਾਨੂੰਨ ਦੀ ਨਜ਼ਰ ਵਿੱਚ ਇਤਰਾਜ਼ਯੋਗ ਇਸ਼ਤਿਹਾਰਾਂ 'ਤੇ ਪਾਬੰਦੀ ਹੈ: ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ


ਭਾਰਤੀ ਰੇਲਵੇ ਰੇਲਗੱਡੀਆਂ (ਡੱਬਿਆਂ ਦੇ ਅੰਦਰ ਅਤੇ ਬਾਹਰ) ਦੇ ਨਾਲ-ਨਾਲ ਸਟੇਸ਼ਨ ਦੇ ਅਹਾਤੇ ਵਿੱਚ ਵੀ ਇਸ਼ਤਿਹਾਰਾਂ ਲਈ ਨੈਤਿਕ ਨੀਤੀ 'ਤੇ ਅਧਾਰਿਤ ਪਹੁੰਚ ਅਪਣਾਉਂਦਾ ਹੈ

ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਸਮੱਗਰੀ ਨਹੀਂ ਦਿਖਾਈ ਜਾਂਦੀ; ਨਿੱਜੀ ਬੀਮਾ ਕੰਪਨੀਆਂ ਵੱਲੋਂ ਰੇਲ ਹਾਦਸਿਆਂ ਲਈ ਬੀਮਾ ਪਾਲਿਸੀ ਦੇਣ ਵਾਲੇ ਇਸ਼ਤਿਹਾਰ ਮਨਜ਼ੂਰ ਨਹੀਂ ਕੀਤੇ ਜਾਂਦੇ

ਏਜੰਸੀਆਂ ਨੂੰ ਸਾਰੇ ਇਸ਼ਤਿਹਾਰ ਈ-ਨਿਲਾਮੀ ਰਾਹੀਂ ਦਿੱਤੇ ਜਾਂਦੇ ਹਨ; ਆਨਲਾਈਨ ਪੋਰਟਲ ਨਿਰਪੱਖ ਚੋਣ ਯਕੀਨੀ ਬਣਾਉਂਦਾ ਹੈ

ਇਸ਼ਤਿਹਾਰ ਏਜੰਸੀਆਂ ਨੂੰ ਕੇਂਦਰ ਅਤੇ ਸੂਬੇ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਤਰਾਜ਼ਯੋਗ ਇਸ਼ਤਿਹਾਰਾਂ 'ਤੇ ਰੋਕ ਲਗਾਈ ਜਾਵੇ; ਉਲੰਘਣਾ ਕਰਨ 'ਤੇ ਤੁਰੰਤ ਸੁਧਾਰਾਤਮਕ ਕਾਰਵਾਈ ਕੀਤੀ ਜਾਂਦੀ ਹੈ

Posted On: 28 MAR 2026 4:42PM by PIB Chandigarh

ਭਾਰਤੀ ਰੇਲਵੇ ਨੇ ਇਸ਼ਤਿਹਾਰਬਾਜ਼ੀ ਅਤੇ ਬ੍ਰਾਂਡਿੰਗ ਪਹਿਲਕਦਮੀਆਂ ਰਾਹੀਂ ਗੈਰ-ਕਿਰਾਇਆ ਮਾਲੀਆ ਕਮਾਉਣ ਲਈ ਵਿਆਪਕ ਗੈਰ-ਕਿਰਾਇਆ ਮਾਲੀਆ (ਐੱਨਐੱਫਆਰ) ਨੀਤੀਆਂ ਬਣਾਈਆਂ ਹਨ। ਆਊਟ-ਆਫ਼-ਹੋਮ (ਓਓਐੱਚ) ਇਸ਼ਤਿਹਾਰਬਾਜ਼ੀ ਨੀਤੀ ਤਹਿਤ ਸਟੇਸ਼ਨਾਂ ਦੇ ਆਉਣ-ਜਾਣ ਵਾਲੇ ਖੇਤਰਾਂ ਵਿੱਚ ਇਸ਼ਤਿਹਾਰ ਦੇਣ ਦੇ ਮੌਕੇ ਮੌਜੂਦ ਹਨ। ਰੇਲ ਡਿਸਪਲੇਅ ਨੈੱਟਵਰਕ (ਆਰਡੀਐੱਨ) ਨੀਤੀ ਸਟੇਸ਼ਨਾਂ ਅਤੇ ਆਉਣ-ਜਾਣ ਵਾਲੇ ਖੇਤਰਾਂ ਵਿੱਚ ਸਕ੍ਰੀਨਾਂ ਅਤੇ ਡਿਸਪਲੇਅ ਪ੍ਰਣਾਲੀ ਰਾਹੀਂ ਡਿਜੀਟਲ ਇਸ਼ਤਿਹਾਰਬਾਜ਼ੀ ਸੰਭਵ ਬਣਾਉਂਦੀ ਹੈ। ਇਸ ਤੋਂ ਇਲਾਵਾ ਮੌਜੂਦਾ ਦਿਸ਼ਾ-ਨਿਰਦੇਸ਼ਾਂ ਤਹਿਤ ਰੇਲਗੱਡੀਆਂ ਅਤੇ ਡੱਬਿਆਂ (ਅੰਦਰ ਅਤੇ ਬਾਹਰ ਦੋਵੇਂ) ਵਰਗੀਆਂ ਚੱਲ ਸੰਪਤੀਆਂ ਦੀ ਵਰਤੋਂ ਬ੍ਰਾਂਡਿੰਗ ਅਤੇ ਇਸ਼ਤਿਹਾਰਬਾਜ਼ੀ ਲਈ ਕੀਤੀ ਗਈ ਹੈ।

ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਆਮਦਨ ਫੁਟਕਲ ਆਮਦਨ ਦਾ ਹਿੱਸਾ ਹੈ। ਸ਼੍ਰੇਣੀਵਾਰ ਆਮਦਨ ਦਾ ਵੇਰਵਾ ਭਾਰਤੀ ਰੇਲਵੇ ਦੇ ਸਾਲਾਨਾ ਅੰਕੜਾ ਬਿਆਨ ਵਿੱਚ ਮੌਜੂਦ ਹੈ।

ਸਾਰੇ ਇਸ਼ਤਿਹਾਰ ਠੇਕੇ ਭਾਰਤੀ ਰੇਲਵੇ ਈ-ਪ੍ਰੋਕਿਓਰਮੈਂਟ ਸਿਸਟਮ (ਆਈਆਰਈਪੀਐੱਸ) ਆਨਲਾਈਨ ਪੋਰਟਲ 'ਤੇ ਈ-ਨਿਲਾਮੀ ਰਾਹੀਂ ਦਿੱਤੇ ਜਾਂਦੇ ਹਨ। ਬੋਲੀਕਾਰ ਦੀ ਚੋਣ ਵਪਾਰਕ ਆਮਦਨ ਅਤੇ ਗੈਰ-ਕਿਰਾਇਆ ਮਾਲੀਆ ਨੀਤੀ ਅਤੇ ਸਬੰਧਤ ਠੇਕੇ ਦੀਆਂ ਵਿਸ਼ੇਸ਼ ਸ਼ਰਤਾਂ ਅਨੁਸਾਰ ਕੀਤੀ ਜਾਂਦੀ ਹੈ, ਜੋ ਇਸ਼ਤਿਹਾਰ ਦੇਣ ਵਾਲਿਆਂ ਲਈ ਯੋਗਤਾ ਮਾਪਦੰਡ ਤੈਅ ਕਰਦੀਆਂ ਹਨ।

ਰੇਲਗੱਡੀਆਂ ਵਿੱਚ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ ਲਈ, ਹਰੇਕ ਇਸ਼ਤਿਹਾਰ ਯੋਜਨਾ ਦੀ ਅਗਾਊਂ ਮਨਜ਼ੂਰੀ ਲਾਜ਼ਮੀ ਹੈ ਅਤੇ ਇਸ ਨੂੰ ਸਬੰਧਿਤ ਰੇਲਵੇ ਡਿਵੀਜ਼ਨ ਦੇ ਡਿਵੀਜ਼ਨਲ ਅਥਾਰਟੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਹੈ। ਹਾਲਾਂਕਿ, ਇਸ਼ਤਿਹਾਰ ਦਿਖਾਉਣ ਲਈ ਬ੍ਰਾਂਡ ਦੀ ਚੋਣ ਕਰਨਾ ਇਸ਼ਤਿਹਾਰ ਏਜੰਸੀ ਦਾ ਵਿਸ਼ੇਸ਼ ਅਧਿਕਾਰ ਹੈ। ਇਸ਼ਤਿਹਾਰ ਏਜੰਸੀਆਂ ਲਈ ਇਸ਼ਤਿਹਾਰ ਦਿਖਾਉਣ ਵਾਸਤੇ ਕੇਂਦਰ/ਸੂਬੇ ਦੇ ਕਾਨੂੰਨਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਕਾਨੂੰਨ ਦੀ ਨਜ਼ਰ ਵਿੱਚ ਇਤਰਾਜ਼ਯੋਗ ਇਸ਼ਤਿਹਾਰਾਂ 'ਤੇ ਪਾਬੰਦੀ ਹੈ। ਰੇਲਗੱਡੀਆਂ ਦੇ ਅੰਦਰ/ਬਾਹਰ ਹੇਠ ਲਿਖੇ ਇਸ਼ਤਿਹਾਰ ਦਿਖਾਉਣ ਦੀ ਇਜਾਜ਼ਤ ਨਹੀਂ ਹੈ:

* ਸ਼ਰਾਬ ਦੇ ਇਸ਼ਤਿਹਾਰ

* ਕਾਮੁਕ ਪਿਛੋਕੜ ਵਾਲੇ ਇਸ਼ਤਿਹਾਰ

* ਆਵਾਜਾਈ ਦੇ ਹੋਰ ਸਾਧਨਾਂ ਦੇ ਮੁਕਾਬਲੇਬਾਜ਼ ਇਸ਼ਤਿਹਾਰ

* ਰੇਲ ਹਾਦਸਿਆਂ ਲਈ ਬੀਮਾ ਪਾਲਿਸੀ ਦੇਣ ਵਾਲੀਆਂ ਨਿੱਜੀ ਬੀਮਾ ਕੰਪਨੀਆਂ ਦੇ ਇਸ਼ਤਿਹਾਰ

* ਸਿਗਰਟ, ਬੀੜੀ ਅਤੇ ਹੋਰ ਤੰਬਾਕੂ ਉਤਪਾਦਾਂ ਦੇ ਇਸ਼ਤਿਹਾਰ

ਹਾਲਾਂਕਿ, ਕਿਸੇ ਵੀ ਉਲੰਘਣਾ ਦੀ ਸਥਿਤੀ ਵਿੱਚ ਤੁਰੰਤ ਸੁਧਾਰਾਤਮਕ ਕਾਰਵਾਈ ਕੀਤੀ ਜਾਂਦੀ ਹੈ।

ਕੇਂਦਰੀ ਰੇਲ, ਸੂਚਨਾ ਤੇ ਪ੍ਰਸਾਰਣ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

************

ਧਰਮੇਂਦਰ ਤਿਵਾੜੀ/ ਡਾ. ਨਯਨ ਸੋਲੰਕੀ/ ਰਿਤੂ ਰਾਜ 


(Release ID: 2246713) ਵਿਜ਼ੀਟਰ ਕਾਊਂਟਰ : 3