ਗ੍ਰਹਿ ਮੰਤਰਾਲਾ
azadi ka amrit mahotsav

ਜਨਗਣਨਾ 2027 ਲਈ ਸੁਰੱਖਿਆ ਉਪਾਅ

Posted On: 24 MAR 2026 4:26PM by PIB Chandigarh

ਜਨਗਣਨਾ 2027 ਨੂੰ ਡਿਜੀਟਲ ਮਾਧਿਅਮਾਂ ਰਾਹੀਂ ਕਰਵਾਉਣ ਦੀ ਯੋਜਨਾ ਹੈ। ਮੋਬਾਈਲ ਐਪ ਦੀ ਵਰਤੋਂ ਕਰਕੇ ਜਨਗਣਨਾ ਕਰਮਚਾਰੀਆਂ ਵੱਲੋਂ ਜਨਗਣਨਾ ਡੇਟਾ ਇਕੱਠਾ ਕਰਨ ਤੋਂ ਇਲਾਵਾ, ਪਹਿਲੀ ਵਾਰ ਇੱਕ ਵੈੱਬ ਪੋਰਟਲ ਰਾਹੀਂ ਉੱਤਰਦਾਤਾਵਾਂ ਦੁਆਰਾ ਸਵੈ-ਗਣਨਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਜਨਗਣਨਾ 2027 ਦੀਆਂ ਵੱਖ-ਵੱਖ ਗਤੀਵਿਧੀਆਂ ਦੇ ਪ੍ਰਬੰਧਨ ਅਤੇ ਨਿਗਰਾਨੀ ਲਈ ਇੱਕ ਵੈੱਬ ਪੋਰਟਲ ਵਿਕਸਿਤ ਕੀਤਾ ਗਿਆ ਹੈ। ਜਨਗਣਨਾ 2027 ਦੇ ਪਹਿਲੇ ਪੜਾਅ ਦੇ ਪ੍ਰਸ਼ਨ ਨੋਟੀਫਾਈ ਕੀਤੇ ਜਾ ਚੁੱਕੇ ਹਨ। ਜਨਗਣਨਾ ਦੇ ਦੂਜੇ ਪੜਾਅ ਦੇ ਪ੍ਰਸ਼ਨ ਦੂਜੇ ਪੜਾਅ ਦੇ ਸੰਚਾਲਨ ਤੋਂ ਪਹਿਲਾਂ ਉਚਿਤ ਸਮੇਂ 'ਤੇ ਨੋਟੀਫਾਈ ਕੀਤੇ ਜਾਣਗੇ। ਜਨਗਣਨਾ ਦੇ ਪਹਿਲੇ ਪੜਾਅ ਵਿੱਚ ਰਿਹਾਇਸ਼ ਦੀ ਸਥਿਤੀ, ਪਰਿਵਾਰ ਦਾ ਵੇਰਵਾ, ਉਪਲਬਧ ਸਹੂਲਤਾਂ ਅਤੇ ਪਰਿਵਾਰ ਕੋਲ ਮੌਜੂਦ ਸੰਪਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਜਦੋਂ ਕਿ ਜਨਗਣਨਾ ਦੇ ਦੂਜੇ ਪੜਾਅ ਵਿੱਚ ਵਿਅਕਤੀਗਤ ਮੈਂਬਰਾਂ ਦੀ ਜਨਸੰਖਿਆ, ਸਮਾਜਿਕ-ਆਰਥਿਕ, ਸਿੱਖਿਆ, ਪ੍ਰਵਾਸ ਆਦਿ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ।

ਜਨਗਣਨਾ ਦਾ ਆਯੋਜਨ ਜਨਗਣਨਾ ਐਕਟ 1948 ਅਤੇ ਜਨਗਣਨਾ ਨਿਯਮ, 1990 ਅਤੇ ਉਸ ਦੇ ਅਧੀਨ ਕੀਤੀਆਂ ਗਈਆਂ ਸੋਧਾਂ ਦੇ ਪ੍ਰਬੰਧਾਂ ਅਨੁਸਾਰ ਕੀਤਾ ਜਾਂਦਾ ਹੈ। ਜਨਗਣਨਾ ਵਿੱਚ ਇਕੱਠਾ ਕੀਤਾ ਗਿਆ ਨਿੱਜੀ ਡੇਟਾ ਗੁਪਤ ਰੱਖਿਆ ਜਾਂਦਾ ਹੈ ਅਤੇ ਸਿਰਫ਼ ਵੱਖ-ਵੱਖ ਪ੍ਰਸ਼ਾਸਨਿਕ ਪੱਧਰਾਂ 'ਤੇ ਇਕੱਠਾ ਕੀਤਾ ਗਿਆ ਡੇਟਾ ਹੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

ਜਨਗਣਨਾ ਦੇ ਸੁਚਾਰੂ ਸੰਚਾਲਨ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ, ਕਿਉਂਕਿ ਅੰਕੜਿਆਂ ਦਾ ਸੰਗ੍ਰਹਿ, ਤਸਦੀਕ, ਨਿਗਰਾਨੀ, ਨਿਰੀਖਣ, ਪ੍ਰਗਤੀ ਦੀ ਸਮੀਖਿਆ ਸਮੇਤ ਵੱਖ-ਵੱਖ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਜਨਗਣਨਾ ਐਕਟ, 1948 ਅਤੇ ਜਨਗਣਨਾ ਨਿਯਮ, 1990 ਦੇ ਪ੍ਰਬੰਧਾਂ ਦੇ ਅਧੀਨ ਸਬੰਧਤ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨਾਂ ਦੁਆਰਾ ਨਿਯੁਕਤ ਅਤੇ ਤਾਇਨਾਤ ਜਨਗਣਨਾ ਅਧਿਕਾਰੀਆਂ ਦੁਆਰਾ ਕੀਤੀਆਂ ਜਾਂਦੀਆਂ ਹਨ।

ਇਹ ਜਾਣਕਾਰੀ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ।

 

*****

ਆਰਕੇ/ਆਰਆਰ/ਪੀਆਰ/ਪੀਐੱਸ/ਐੱਸਸੀ/ਸ਼ੀਨਮ


(Release ID: 2245177) ਵਿਜ਼ੀਟਰ ਕਾਊਂਟਰ : 9