ਆਯੂਸ਼
ਯੋਗਾ 365: ਰੋਜ਼ਾਨਾ ਜੀਵਨ ਵਿੱਚ ਸਿਹਤ ਦਾ ਸਮਾਵੇਸ਼
ਇਸ ਪਹਿਲਕਦਮੀ ਦਾ ਉਦੇਸ਼ ਯੋਗਾ ਨੂੰ ਰੋਜ਼ਾਨਾ ਦੀ ਆਦਤ ਬਣਾਉਣਾ ਹੈ
Posted On:
19 MAR 2026 2:59PM by PIB Chandigarh
ਜਦੋਂ ਅੰਤਰਰਾਸ਼ਟਰੀ ਯੋਗਾ ਦਿਵਸ (ਆਈਡੀਵਾਈ) ਨੂੰ 2015 ਵਿੱਚ ਪਹਿਲੀ ਵਾਰ ਵਿਸ਼ਵ ਪੱਧਰ 'ਤੇ ਮਨਾਇਆ ਗਿਆ ਸੀ, ਤਾਂ ਇਹ ਤੇਜ਼ੀ ਨਾਲ ਦੁਨੀਆ ਦੇ ਸਭ ਤੋਂ ਵੱਡੇ ਸਿਹਤ ਅੰਦੋਲਨਾਂ ਵਿੱਚੋਂ ਇੱਕ ਬਣ ਗਿਆ। ਹਰ ਸਾਲ 21 ਜੂਨ ਨੂੰ, ਦੁਨੀਆ ਭਰ ਦੇ ਲੱਖਾਂ ਲੋਕ ਪਾਰਕਾਂ, ਸੰਸਥਾਨਾਂ ਅਤੇ ਘਰਾਂ ਵਿੱਚ ਯੋਗਾ ਅਭਿਆਸ ਕਰਦੇ ਹਨ।
ਕੇਂਦਰੀ ਆਯੂਸ਼ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਤਾਪਰਾਓ ਜਾਧਵ ਨੇ ਦੱਸਿਆ, "ਆਯੂਸ਼ ਮੰਤਰਾਲੇ ਦਾ ਉਦੇਸ਼ ਉਸ ਇੱਕ ਦਿਨ ਦੇ ਜਸ਼ਨ ਦੀ ਭਾਵਨਾ ਨੂੰ ਅੱਗੇ ਵਧਾਉਣਾ ਅਤੇ ਯੋਗਾ ਨੂੰ ਰੋਜ਼ਾਨਾ ਅਭਿਆਸ ਵਿੱਚ ਬਦਲਣਾ ਹੈ। ਇਹ ਦ੍ਰਿਸ਼ਟੀਕੋਣ 'ਯੋਗਾ 365' ਦੇ ਰੂਪ ਵਿੱਚ ਸਾਕਾਰ ਕੀਤਾ ਗਿਆ ਹੈ, ਜੋ ਇੱਕ ਰਾਸ਼ਟਰਵਿਆਪੀ ਮੁਹਿੰਮ ਹੈ । ਜਿਸਦਾ ਉਦੇਸ਼ ਯੋਗਾ ਨੂੰ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਦਾ ਇੱਕ ਅਨਿਖੜਵਾਂ ਅੰਗ ਬਣਾਉਣਾ ਹੈ।"
0
ਇਸ ਪਹਿਲ ਦਾ ਰਸਮੀ ਲਾਂਚ ਯੋਗਾ ਮਹੋਤਸਵ-2026 ਦੀ ਸ਼ੁਰੂਆਤ ਦੌਰਾਨ ਕੀਤਾ ਗਿਆ, ਜਿਸ ਨਾਲ ਅੰਤਰਰਾਸ਼ਟਰੀ ਯੋਗਾ ਉਤਸਵ 2026 ਦੇ 100 ਦਿਨਾਂ ਦੀ ਉਲਟੀ ਗਿਣਤੀ ਦੀ ਸ਼ੁਰੂਆਤ ਹੋਈ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਏ ਇਸ ਸਮਾਗਮ ਵਿੱਚ, ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ਼ ਯੋਗਾ (ਐਮਡੀਐਨਆਈਵਾਈ) ਨੇ ਮੁਫ਼ਤ ਰੋਜ਼ਾਨਾ ਔਨਲਾਈਨ ਯੋਗਾ ਸੈਸ਼ਨ ਪ੍ਰਦਾਨ ਕਰਨ ਲਈ ਵੈੱਲਨੈੱਸ ਪਲੈਟਫਾਰਮ ਹੈਬਿਲਡ ਨਾਲ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ।
ਜਾਗਰੂਕਤਾ ਤੋਂ ਲੈ ਕੇ ਕਾਰਵਾਈ ਤੱਕ
ਸ਼੍ਰੀ ਜਾਧਵ ਨੇ ਦੱਸਿਆ, “ਭਾਰਤ ਵਿੱਚ ਰਵਾਇਤੀ ਸਿਹਤ ਪ੍ਰਣਾਲੀਆਂ ਬਾਰੇ ਜਾਗਰੂਕਤਾ ਦਾ ਪੱਧਰ ਪਹਿਲਾਂ ਹੀ ਬਹੁਤ ਉੱਚਾ ਹੈ, ਪਰ ਅਸਲੀ ਚੁਣੌਤੀ ਇਸ ਜਾਗਰੂਕਤਾ ਨੂੰ ਨਿਯਮਿਤ ਅਭਿਆਸ ਵਿੱਚ ਬਦਲਣ ਵਿੱਚ ਹੈ। ਰਾਸ਼ਟਰੀ ਨਮੂਨਾ ਸਰਵੇਖਣ (ਐੱਨਐੱਸਐੱਸ) ਦੇ ਅਨੁਸਾਰ, ਯੋਗਾ ਵਰਗੀਆਂ ਰਵਾਇਤੀ ਪ੍ਰਣਾਲੀਆਂ ਬਾਰੇ ਜਾਗਰੂਕਤਾ ਗ੍ਰਾਮੀਣ ਭਾਰਤ ਵਿੱਚ 95 ਪ੍ਰਤੀਸ਼ਤ ਅਤੇ ਸ਼ਹਿਰੀ ਭਾਰਤ ਵਿੱਚ 96 ਪ੍ਰਤੀਸ਼ਤ ਹੈ। ਐੱਨਐੱਸਐੱਸ ਵਿੱਚ ਇਹ ਵੀ ਪਾਇਆ ਕਿ ਗ੍ਰਾਮੀਣ ਭਾਰਤ ਵਿੱਚ ਲਗਭਗ 1.1 ਕਰੋੜ ਪਰਿਵਾਰਾਂ ਅਤੇ ਸ਼ਹਿਰੀ ਭਾਰਤ ਵਿੱਚ ਲਗਭਗ 1.4 ਪਰਿਵਾਰਾਂ ਵਿੱਚ ਘੱਟੋ-ਘੱਟ ਇੱਕ ਮੈਂਬਰ ਨਿਯਮਿਤ ਤੌਰ 'ਤੇ ਯੋਗਾ ਦਾ ਅਭਿਆਸ ਕਰਦਾ ਹੈ।”
ਸ਼੍ਰੀ ਜਾਧਵ ਨੇ ਜ਼ੋਰ ਦੇ ਕੇ ਕਿਹਾ ਕਿ ਜਾਗਰੂਕਤਾ ਅਤੇ ਅਭਿਆਸ ਦਰਮਿਆਨ ਇਸ ਪਾੜੇ ਨੂੰ ਯੋਗਾ 365 ਮੁਹਿੰਮ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਯੋਗਾ ਮਾਨਸਿਕ ਸਪਸ਼ਟਤਾ, ਸਰੀਰਕ ਸਿਹਤ ਅਤੇ ਭਾਵਨਾਤਮਕ ਸੰਤੁਲਨ ਲਈ ਇੱਕ ਸ਼ਕਤੀਸ਼ਾਲੀ ਸਾਧਨਾ ਹੈ। ਯੋਗਾ 365 ਰਾਹੀਂ, ਅਸੀਂ ਲੋਕਾਂ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜੋ ਸਿਹਤ ਕਦੇ-ਕਦਾਈਂ ਹੋਣ ਵਾਲੀ ਗਤੀਵਿਧੀ ਦੀ ਬਜਾਏ ਜੀਵਨ ਸ਼ੈਲੀ ਬਣ ਜਾਵੇ।
ਉਨ੍ਹਾਂ ਕਿਹਾ ਕਿ ਜਦੋਂ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਵਿਸ਼ਵਵਿਆਪੀ ਜਸ਼ਨ ਜਾਗਰੂਕਤਾ ਪੈਦਾ ਕਰਨ ਵਿੱਚ ਸਫਲ ਹੋਇਆ ਹੈ, ਅਗਲਾ ਕਦਮ ਭਾਈਚਾਰਿਆਂ, ਸੰਸਥਾਵਾਂ ਅਤੇ ਕਾਰਜ ਸਥਾਨਾਂ ਵਿੱਚ ਯੋਗਾ ਨੂੰ ਰੋਜ਼ਾਨਾ ਜੀਵਨ ਵਿੱਚ ਜੋੜਨ ਬਾਰੇ ਹੈ।
365 ਦਿਨਾਂ ਦੀ ਆਦਤ
ਯੋਗਾ 365 ਦੇ ਪਿੱਛੇ ਦੀ ਧਾਰਨਾ ਸਰਲ ਪਰ ਮਹੱਤਵਾਕਾਂਖੀ ਹੈ, ਜੋ ਕਿ ਇੱਕ ਦਿਨ ਦੇ ਜਸ਼ਨ ਤੋਂ ਅੱਗੇ ਵਧ ਕੇ ਸਾਲ ਭਰ ਨਿਰੰਤਰ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੀ ਹੈ।
ਇਸ ਮੁਹਿੰਮ ਦਾ ਉਦੇਸ਼ ਮਿਸ਼ਨ-ਮੋਡ ਆਊਟਰੀਚ ਰਾਹੀਂ ਭਾਈਚਾਰਿਆਂ ਨੂੰ ਲਾਮਬੰਦ ਕਰਨਾ, ਵਿਵਹਾਰ ਵਿੱਚ ਤਬਦੀਲੀ ਨੂੰ ਉਤਸ਼ਾਹਿਤ ਕਰਨਾ, ਅਤੇ ਯੋਗਾ ਨੂੰ ਸਕੂਲਾਂ ਅਤੇ ਦਫਤਰਾਂ ਤੋਂ ਲੈ ਕੇ ਆਂਢ-ਗੁਆਂਢ ਦੇ ਸਮੂਹਾਂ ਅਤੇ ਡਿਜੀਟਲ ਪਲੇਟਫਾਰਮਾਂ ਤੱਕ ਵੱਖ-ਵੱਖ ਥਾਵਾਂ 'ਤੇ ਜੋੜਨਾ ਹੈ।
ਹੈਬਿਲਡ ਨਾਲ ਭਾਈਵਾਲੀ ਮੁਹਿੰਮ ਦੇ ਪਹਿਲੇ ਵਿਆਪਕ ਡਿਜੀਟਲ ਆਊਟਰੀਚ ਨੂੰ ਦਰਸਾਉਂਦੀ ਹੈ। ਪਲੈਟਫਾਰਮ ਰੋਜ਼ਾਨਾ ਮੁਫਤ ਔਨਲਾਈਨ ਯੋਗਾ ਸੈਸ਼ਨਾਂ ਦੀ ਮੇਜ਼ਬਾਨੀ ਕਰੇਗਾ, ਜਿਸ ਨਾਲ ਭੂਗੋਲਿਕ ਸਥਾਨ ਜਾਂ ਤੰਦਰੁਸਤੀ ਦੇ ਪੱਧਰ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਲਈ ਮਾਰਗਦਰਸ਼ਨ ਅਭਿਆਸਾਂ ਤੱਕ ਪਹੁੰਚਯੋਗਾਤਾ ਹੋਵੇਗੀ।
ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ, "ਐੱਨਐੱਸਐੱਸ ਦੇ 79ਵੇਂ ਦੌਰ ਦੇ ਅਨੁਸਾਰ, 96 ਪ੍ਰਤੀਸ਼ਤ ਸ਼ਹਿਰੀ ਭਾਰਤੀ ਸਾਡੀਆਂ ਡਾਕਟਰੀ ਪ੍ਰਣਾਲੀਆਂ ਤੋਂ ਜਾਣੂ ਹਨ, ਪਰ ਬਹੁਤ ਘੱਟ ਲੋਕ ਰੋਜ਼ਾਨਾ ਇਨ੍ਹਾਂ ਦਾ ਅਭਿਆਸ ਕਰਦੇ ਹਨ। ਯੋਗਾ 365, ਗੈਰ-ਸੰਚਾਰੀ ਬਿਮਾਰੀਆਂ ਲਈ ਹਾਲ ਹੀ ਵਿੱਚ ਲਾਂਚ ਕੀਤੇ ਗਏ ਯੋਗਾ ਪ੍ਰੋਟੋਕੋਲ ਦੇ ਨਾਲ, ਯੋਗਾ ਨੂੰ ਵਧੇਰੇ ਪਹੁੰਚਯੋਗਾ, ਵਿਵਹਾਰਿਕ ਅਤੇ ਰੋਜ਼ਾਨਾ ਸਿਹਤ ਲਈ ਢੁਕਵਾਂ ਬਣਾ ਕੇ ਇਸ ਪਾੜੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ।"
ਇੱਕ ਰਾਸ਼ਟਰਵਿਆਪੀ ਸਿਹਤ ਮੁਹਿੰਮ
ਡਿਜੀਟਲ ਸੈਸ਼ਨਾਂ ਤੋਂ ਇਲਾਵਾ, ਯੋਗਾ 365 ਇੱਕ ਵਿਆਪਕ ਮੁਹਿੰਮ ਵਜੋਂ ਕੰਮ ਕਰੇਗਾ ਜੋ ਆਯੁਸ਼ ਮੰਤਰਾਲੇ ਦੀਆਂ ਕਈ ਯੋਗਾ-ਸਬੰਧਿਤ ਪਹਿਲਕਦਮੀਆਂ ਨੂੰ ਏਕੀਕ੍ਰਿਤ ਕਰਦਾ ਹੈ। ਇਸ ਰਣਨੀਤੀ ਵਿੱਚ ਰੋਜ਼ਾਨਾ ਅਭਿਆਸ ਦੇ ਮੌਕੇ ਵਧਾਉਣ ਲਈ ਸੰਸਥਾਨਾਂ, ਕਾਰਪੋਰੇਟ ਸੰਗਠਨਾਂ, ਭਾਈਚਾਰਕ ਸਮੂਹਾਂ ਅਤੇ ਵਿਦਿਅਕ ਨੈੱਟਵਰਕਾਂ ਨਾਲ ਸਹਿਯੋਗ ਸ਼ਾਮਲ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਵਿਆਪਕ ਪੱਧਰ ְְ‘ਤੇ ਨਾਗਰਿਕ ਸ਼ਮੂਲੀਅਤ, ਵਿਵਹਾਰ ਤਬਦੀਲੀ ਸੰਚਾਰ ਅਤੇ ਸੰਸਥਾਗਤ ਏਕੀਕਰਣ 'ਤੇ ਕੇਂਦ੍ਰਿਤ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਯੋਗਾ ਰੋਜ਼ਾਨਾ ਰੁਟੀਨ ਦਾ ਇੱਕ ਸੁਭਾਵਿਕ ਹਿੱਸਾ ਬਣ ਜਾਵੇ।
ਆਯੁਸ਼ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਸ਼੍ਰੀ ਮੋਨਾਲੀਸਾ ਦਾਸ਼ ਨੇ ਜ਼ੋਰ ਦੇ ਕੇ ਕਿਹਾ, "ਯੋਗਾ 365 ਦੇਸ਼ ਭਰ ਵਿੱਚ ਰੋਜ਼ਾਨਾ ਸਿਹਤ ਅਤੇ ਤੰਦਰੁਸਤੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਇੱਕ ਯਤਨ ਹੈ। ਭਾਈਚਾਰਕ ਭਾਗੀਦਾਰੀ, ਡਿਜੀਟਲ ਪਲੈਟਫਾਰਮ ਅਤੇ ਸੰਸਥਾਗਤ ਸਹਿਯੋਗਾ ਨੂੰ ਜੋੜ ਕੇ, ਮੁਹਿੰਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਯੋਗਾ ਹਰ ਘਰ ਤੱਕ ਪਹੁੰਚੇ ਅਤੇ ਇੱਕ ਟਿਕਾਊ ਜੀਵਨ ਸ਼ੈਲੀ ਦਾ ਹਿੱਸਾ ਬਣੇ।"
ਯੋਗਾ 365: ਰੋਜ਼ਾਨਾ ਜੀਵਨ ਵਿੱਚ ਤੰਦਰੁਸਤੀ ਲਿਆਉਣਾ
ਯੋਗਾ 365 ਦਾ ਉਦੇਸ਼ ਨਾ ਸਿਰਫ਼ ਸਾਲ ਭਰ ਯੋਗਾ ਦੇ ਅਭਿਆਸ ਨੂੰ ਉਤਸ਼ਾਹਿਤ ਕਰਨਾ ਹੈ, ਸਗੋਂ ਸਮਾਜ ਦੇ ਵਿਭਿੰਨ ਵਰਗਾਂ ਦੇ ਰੋਜ਼ਾਨਾ ਜੀਵਨ ਵਿੱਚ ਤੰਦਰੁਸਤੀ ਨੂੰ ਜੋੜਨਾ ਵੀ ਹੈ। ਕਾਰਪੋਰੇਟ ਕਰਮਚਾਰੀਆਂ ਲਈ ਵਾਈ-ਬ੍ਰੇਕ, ਆਮ ਜਨਤਾ ਲਈ ਸਾਂਝਾ ਯੋਗਾ ਪ੍ਰੋਟੋਕੋਲ (ਸੀਵਾਈਪੀ), ਅਤੇ ਬਿਮਾਰੀ ਪ੍ਰਬੰਧਨ ਲਈ ਥੈਰੇਪਿਊਟਿਕ ਯੋਗਾ ਪ੍ਰੋਟੋਕੋਲ ਵਰਗੀਆਂ ਪਹਿਲਕਦਮੀਆਂ ਦਰਸਾਉਂਦੀਆਂ ਹਨ ਕਿ ਯੋਗਾ ਕਿਵੇਂ ਕੰਮ ਵਾਲੀ ਥਾਂ 'ਤੇ ਤੰਦਰੁਸਤੀ, ਰੋਜ਼ਾਨਾ ਤੰਦਰੁਸਤੀ ਅਤੇ ਰੋਕਥਾਮ ਵਾਲੀ ਸਿਹਤ ਸੰਭਾਲ ਦਾ ਸਮਰਥਨ ਕਰ ਸਕਦਾ ਹੈ। ਇਕੱਠੇ ਮਿਲ ਕੇ, ਇਹ ਯਤਨ ਰੋਜ਼ਾਨਾ ਜੀਵਨ ਵਿੱਚ ਸਿਹਤ ਅਤੇ ਸੰਤੁਲਨ ਨੂੰ ਬਿਹਤਰ ਬਣਾਉਣ ਲਈ ਯੋਗਾ ਨੂੰ ਇੱਕ ਵਿਵਹਾਰਿਕ ਸਾਧਨ ਬਣਾਉਣ ਦੇ ਇੱਕ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ।
21 ਜੂਨ ਤੋਂ ਪਰ੍ਹੇ
ਜਿਵੇਂ-ਜਿਵੇਂ ਅੰਤਰਰਾਸ਼ਟਰੀ ਯੋਗਾ ਦਿਵਸ 2026 ਨੇੜੇ ਆ ਰਿਹਾ ਹੈ, ਯੋਗਾ 365 ਭਾਰਤ ਦੇ ਯੋਗਾ ਅੰਦੋਲਨ ਦੇ ਅਗਲੇ ਪੜਾਅ ਦਾ ਸੰਕੇਤ ਦਿੰਦਾ ਹੈ—ਇੱਕ ਅਜਿਹਾ ਪੜਾਅ ਜੋ ਜਨਤਕ ਸਮਾਗਮਾਂ ਅਤੇ ਜਨਸਭਾਵਾਂ ਤੋਂ ਪਰੇ ਹੈ।
ਪਿਛਲੇ ਦਹਾਕੇ ਦੌਰਾਨ, ਅੰਤਰਰਾਸ਼ਟਰੀ ਯੋਗਾ ਦਿਵਸ ਇੱਕ ਪ੍ਰਤੀਕਾਤਮਕ ਆਯੋਜਨ ਤੋਂ ਇੱਕ ਸ਼ਕਤੀਸ਼ਾਲੀ ਵਿਸ਼ਵ ਸਿਹਤ ਅੰਦੋਲਨ ਬਣ ਗਿਆ ਹੈ। 2015 ਵਿੱਚ ਸੰਪੂਰਨ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਸਮੂਹਿਕ ਯਤਨ ਵਜੋਂ ਸ਼ੁਰੂ ਹੋਇਆ ਇਹ ਅੰਦੋਲਨ ਹੌਲੀ-ਹੌਲੀ ਦੁਨੀਆ ਦੇ ਸਭ ਤੋਂ ਵੱਡੇ ਜਨਤਕ ਸਿਹਤ ਅਤੇ ਜੀਵਨ ਸ਼ੈਲੀ ਪਹਿਲਕਦਮੀਆਂ ਵਿੱਚੋਂ ਇੱਕ ਬਣ ਗਿਆ ਹੈ। 2025 ਵਿੱਚ ਯੋਗਾ ਦਿਵਸ 'ਤੇ 260 ਮਿਲੀਅਨ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਇਸ ਅੰਦੋਲਨ ਦੀ ਵਧਦੀ ਪਹੁੰਚ ਅਤੇ ਗਤੀ ਨੂੰ ਹੋਰ ਵੀ ਸਪੱਸ਼ਟ ਕਰਦੀ ਹੈ। ਇਸ ਨਾਲ ਇਹ ਪਤਾ ਲੱਗਦਾ ਹੈ ਕਿ ਯੋਗਾ ਕਿਸ ਤਰ੍ਹਾਂ ਸਿਹਤ, ਸਦਭਾਵਨਾ ਅਤੇ ਸਮੂਹਿਕ ਭਲਾਈ ਲਈ ਇੱਕ ਵਿਸ਼ਵਵਿਆਪੀ ਸ਼ਕਤੀ ਵਿੱਚ ਵਿਕਸਿਤ ਹੋਇਆ ਹੈ।
ਇਹ ਵਿਜ਼ਨ ਸਰਲ ਪਰ ਪਰਿਵਰਤਨਕਾਰੀ ਹੈ: ਜੇਕਰ ਲੱਖਾਂ ਲੋਕ ਇੱਕ ਦਿਨ ਲਈ ਯੋਗਾ ਦਾ ਅਭਿਆਸ ਕਰਦੇ ਹਨ, ਤਾਂ ਉਹ ਹਰ ਰੋਜ਼ ਇਸਦਾ ਅਭਿਆਸ ਕਰ ਸਕਦੇ ਹਨ।
ਦੇਸ਼ ਭਰ ਵਿੱਚ ਪਹਿਲਾਂ ਤੋਂ ਮੌਜੂਦ ਜਾਗਰੂਕਤਾ ਨੂੰ ਦੇਖਦੇ ਹੋਏ, ਯੋਗਾ 365 ਦੀ ਸਫਲਤਾ ਸੰਭਾਵਿਤ : ਉਸ ਜਾਗਰੂਕਤਾ ਨੂੰ ਇੱਕ ਸਰਲ ਰੋਜ਼ਾਨਾ ਆਦਤ ਵਿੱਚ ਬਦਲਣ ਦੀ ਯੋਗਾਤਾ ਵਿੱਚ ਹੈ - ਇੱਕ ਅਜਿਹੀ ਆਦਤ ਜੋ ਵਿਅਕਤੀਗਤ ਸਿਹਤ ਅਤੇ ਸਮੂਹਿਕ ਤੰਦਰੁਸਤੀ ਦੋਵਾਂ ਨੂੰ ਮਜ਼ਬੂਤ ਬਣਾਉਂਦੀ ਹੈ।
************
ਐਸਆਰ/ਐਸਵੀ
(Release ID: 2243512)
ਵਿਜ਼ੀਟਰ ਕਾਊਂਟਰ : 23