ਸੱਭਿਆਚਾਰ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਜੀਐੱਨਸੀਏ ਦੇ 39ਵੇਂ ਸਥਾਪਨਾ ਦਿਵਸ ‘ਤੇ ਟਰੱਸਟੀਆਂ ਨਾਲ ਮੁਲਾਕਾਤ ਕੀਤੀ; ਭਾਰਤ ਦੇ ਵਿਭਿੰਨ ਸੱਭਿਆਚਾਰ ਨੂੰ ਪ੍ਰਸਿੱਧ ਬਣਾਉਣ ‘ਤੇ ਚਰਚਾ ਕੀਤੀ

Posted On: 19 MAR 2026 11:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ (ਆਈਜੀਐੱਨਸੀਏ) ਦੇ ਟਰੱਸਟੀਆਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੇ ਵਿਭਿੰਨ ਸੱਭਿਆਚਾਰ ਨੂੰ ਹੋਰ ਵਧੇਰੇ ਪ੍ਰਸਿੱਧ ਬਣਾਉਣ ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ। ਆਈਜੀਐੱਨਸੀਏ ਟਰੱਸਟ ਦੇ ਚੇਅਰਮੈਨ ਸ਼੍ਰੀ ਰਾਮ ਬਹਾਦੁਰ ਰਾਏ ਅਤੇ ਮੈਂਬਰ ਸਕੱਤਰ ਡਾ. ਸਚਿਦਾਨੰਦ ਜੋਸ਼ੀ ਸਮੇਤ ਟਰੱਸਟ ਦੇ 14 ਮੈਂਬਰਾਂ ਨੇ ਸੰਸਥਾਨ ਦੇ 39ਵੇਂ ਸਥਾਪਨਾ ਦਿਵਸ ਸਮਾਰੋਹ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।

 

ਵਫ਼ਦ ਨੂੰ ਸੰਬੋਧਨ ਕਰਦੇ ਹੋਏ ਮਾਣਯੋਗ ਪ੍ਰਧਾਨ ਮੰਤਰੀ ਨੇ ‘ਯੁਗੇ ਯੁਗੀਨ ਭਾਰਤ ਸੰਗ੍ਰਹਾਲਿਆ’ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਜੋ ਸਥਾਨ ਪਹਿਲਾਂ ਸੱਤਾ ਦਾ ਕੇਂਦਰ ਹੋਇਆ ਕਰਦਾ ਸੀ, ਉਹ ਹੁਣ ਸੱਭਿਆਚਾਰ ਦੇ ਕੇਂਦਰ ਵਿੱਚ ਬਦਲ ਗਿਆ ਹੈ। ਉਨ੍ਹਾਂ ਨੇ ਦੁਹਰਾਇਆ ਕਿ ਪਹਿਲੇ ਨੌਰਥ ਅਤੇ ਸਾਊਥ ਬਲੌਕ ਸੱਤਾ ਦੇ ਪ੍ਰਤੀਕ ਮੰਨੇ ਜਾਂਦੇ ਸਨ, ਲੇਕਿਨ ਹੁਣ ਇਹ ਸਥਿਤੀ ਬਦਲ ਗਈ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਤਿਹਾਸ ਦੀ ਸਮਝ ਹੋਣਾ ਬੇਹੱਦ ਹੀ ਜ਼ਰੂਰੀ ਹੈ ਅਤੇ ਆਈਜੀਐੱਨਸੀਏ ਜਿਹੇ ਸੱਭਿਆਚਾਰਕ ਸੰਗਠਨਾਂ ਨੇ ਲੋਕਾਂ ਵਿੱਚ ਇਸ ਇਤਿਹਾਸ ਦੀ ਇਸ ਸਮਝ ਨੂੰ ਜਗਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ‘ਸਵ’ ਦੀ ਭਾਵਨਾ ਰਾਹੀਂ ਭਾਰਤ ਨੂੰ ਸਮਝਣ ਦੇ ਮਹੱਤਵ ‘ਤੇ ਵੀ ਬਲ ਦਿੱਤਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਲਿਖਿਆ: “ਆਈਜੀਐੱਨਸੀਏ ਦੇ ਟਰੱਸਟੀਆਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੇ ਵਿਭਿੰਨ ਸੱਭਿਆਚਾਰ ਨੂੰ ਹੋਰ ਵਧੇਰੇ ਪ੍ਰਸਿੱਧ ਬਣਾਉਣ ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ। ਅਸੀਂ ਇਸ ਯਾਤਰਾ ਵਿੱਚ ਵੱਧ-ਤੋਂ ਵੱਧ ਲੋਕਾਂ ਨੂੰ ਜੋੜਨ, ਡਿਜੀਟਲ ਅਤੇ ਜ਼ਮੀਨੀ ਪੱਧਰ ਦੀਆਂ ਪਹਿਲਕਦਮੀਆਂ ਰਾਹੀਂ ਜਨਸੰਪਰਕ ਨੂੰ ਮਜ਼ਬੂਤ ਕਰਨ ਅਤੇ ਕਲਾਕਾਰਾਂ ਅਤੇ ਵਿਦਵਾਨਾਂ ਨੂੰ ਸਾਡੀ ਸਮ੍ਰਿੱਧ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਸੰਭਾਲ ਕਰਨ ਵਿੱਚ ਸਹਿਯੋਗ ਦੇਣ ਦੇ ਤਰੀਕਿਆਂ ‘ਤੇ ਵੀ ਵਿਚਾਰ ਕੀਤਾ।”

ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਟਰੱਸਟ ਦੇ ਮੈਂਬਰਾਂ ਵਿੱਚ ਡਾ. ਸੋਨਲ ਮਾਨਸਿੰਘ, ਸਾਬਕਾ ਰਾਜ ਸਭਾ ਸਾਂਸਦ; ਸ਼੍ਰੀ ਹਰਸ਼ਵਰਧਨ ਨੇਓਟੀਆ; ਡਾ. ਪਦਮਾ ਸੁਬ੍ਰਹਾਮਣਯਮ; ਡਾ. ਭਾਰਤ ਗੁਪਤ; ਡਾ. ਸੰਧਿਆ ਪੁਰੇਚਾ; ਸ਼੍ਰੀ ਦੇਵੇਂਦਰ ਸ਼ਰਮਾ; ਸੁਸ਼੍ਰੀ ਰਾਠੀ ਵਿਨੈ ਝਾਅ; ਪ੍ਰੋਫੈਸਰ. ਨਿਰਮਲਾ ਸ਼ਰਮਾ; ਸ਼੍ਰੀ ਬਿਰਾਦ ਯਾਜਨਿਕ; ਪ੍ਰੋਫੈਸਰ ਕੁਲਦੀਪ ਅਗਨੀਹੋਤਰੀ; ਸੁਸ਼੍ਰੀ ਵੰਦਨਾ ਜੈਨ; ਅਤੇ ਸ਼੍ਰੀ ਪ੍ਰਸੂਨ ਜੋਸ਼ੀ ਸ਼ਾਮਲ ਸਨ।

ਇਸ ਮੌਕੇ ‘ਤੇ ਸ਼੍ਰੀ ਰਾਮ ਬਹਾਦੁਰ ਰਾਏ ਨੇ ਕਿਹਾ ਕਿ ਆਈਜੀਐੱਨਸੀਏ ਦੇ ਚੇਅਰਮੈਨ ਦੇ ਰੂਪ ਵਿੱਚ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਪਿਛਲੇ ਦਸ ਵਰ੍ਹਿਆਂ ਵਿੱਚ ਇਹ ਸੰਸਥਾਨ ਇੱਕ ਵਿਸ਼ੇਸ਼ ਸੰਸਥਾਨ ਤੋਂ ਬਦਲ ਕੇ ਹਰ ਭਾਰਤੀ ਦਾ ਸੰਸਥਾਨ ਬਣ ਗਿਆ ਹੈ ਅਤੇ ਦੇਸ਼ ਦੇ ਲੋਕਾਂ ਲਈ ਸੱਭਿਆਚਾਰ ਦਾ ਇੱਕ ਲੋਕਤੰਤਰੀ ਕੇਂਦਰ ਬਣ ਕੇ ਉਭਰਿਆ ਹੈ। ਹੋਰ ਟਰੱਸਟੀਆਂ ਨੇ ਵੀ ਇਸੇ ਭਾਵਨਾ ਨੂੰ ਦੁਹਰਾਇਆ ਅਤੇ ਸਮੂਹਿਕ ਤੌਰ ‘ਤੇ ਪਿਛਲੇ ਦਹਾਕੇ ਨੂੰ ਸੱਭਿਆਚਾਰਕ ਪੁਨਰ ਜਾਗਰਣ ਦਾ ਕਾਲ ਦੱਸਿਆ, ਇੱਕ ਅਜਿਹਾ ਕਾਲ ਜੋ ਨਿਰਵਿਘਨ, ਵਿਵਾਦਾਂ ਤੋਂ ਮੁਕਤ ਅਤੇ ਹਰ ਦ੍ਰਿਸ਼ਟੀ ਤੋਂ ਸਫ਼ਲ ਰਿਹਾ ਹੈ।

ਆਈਜੀਐੱਨਸੀਏ ਦੇ 39ਵੇਂ ਸਥਾਪਨਾ ਦਿਵਸ ਦੀ ਸ਼ੁਰੂਆਤ ਤਿੰਨ ਮਹੱਤਵਪੂਰਨ ਪ੍ਰਦਰਸ਼ਨੀਆਂ ਦੇ ਸ਼ਾਨਦਾਰ ਉਦਘਾਟਨ ਨਾਲ ਹੋਈ। ਇਨ੍ਹਾਂ ਪ੍ਰਦਰਸ਼ਨੀਆਂ ਦਾ ਉਦਘਾਟਨ ਚੇਅਰਮੈਨ ਸ਼੍ਰੀ ਰਾਮ ਬਹਾਦੁਰ ਰਾਏ, ਮੈਂਬਰ ਸਕੱਤਰ ਡਾ. ਸੱਚਿਦਾਨੰਦ ਜੋਸ਼ੀ ਅਤੇ ਟਰੱਸਟ ਦੇ ਪ੍ਰਤਿਸ਼ਠਿਤ ਮੈਂਬਰਾਂ, ਜਿਨ੍ਹਾਂ ਵਿੱਚ ਪ੍ਰਸਿੱਧ ਗੀਤਕਾਰ ਅਤੇ ਕਵੀ ਪ੍ਰਸੂਨ ਜੋਸ਼ੀ ਵੀ ਸ਼ਾਮਲ ਹਨ, ਦੁਆਰਾ ਕੀਤਾ ਗਿਆ। ਇਹ ਜ਼ਿਕਰਯੋਗ ਹੈ ਕਿ ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾਨ ਆਈਜੀਐੱਨਸੀਏ 19 ਤੋਂ 21 ਮਾਰਚ 2026 ਤੱਕ ਆਪਣਾ 39ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ।

ਸਥਾਪਨਾ ਦਿਵਸ ਸਮਾਰੋਹ ਦੇ ਤਹਿਤ, ਕਲਾਕੋਸ਼ ਡਿਵੀਜ਼ਨ ਦੁਆਰਾ ਮਹੱਤਵਪੂਰਨ ਪੁਸਤਕ ਲੜੀ ‘ਕਲਾਤੱਤਵਕੋਸ਼’ ਦੇ ਅੱਠਵੇਂ ਖੰਡ ਦੇ ਰਿਲੀਜ਼ ਅਤੇ ਚਰਚਾ ਦੇ ਲਈ ਇੱਕ ਮਹੱਤਵਪੂਰਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਖੰਡ ਦੀ ਰਿਲੀਜ਼ ਪ੍ਰੋਫੈਸਰ ਸੁਧੀਰ ਲਾਲ, ਵਿਭਾਗ ਦੇ ਮੁਖੀ (ਕਲਾਕੋਸ਼) ਪ੍ਰੋਫੈਸਰ ਆਰੀਆ ਭੂਸ਼ਣ ਸ਼ੁਕਲਾ, ਪ੍ਰਮੁੱਖ, ਭਾਰਤੀ ਵਿਦਿਆ ਪ੍ਰਯੋਜਨਾ, ਅਤੇ ਪ੍ਰੋਫੈਸਰ ਮਾਰੂਤੀ ਨੰਦਨ ਤਿਵਾੜੀ, ਪ੍ਰੋਫੈਸਰ ਰਜਨੀਸ਼ ਕੁਮਾਰ ਮਿਸ਼ਰਾ ਅਤੇ ਪ੍ਰੋਫੈਸਰ ਓਮਨਾਥ ਵਿਮਲੀ ਦੁਆਰਾ ਕੀਤਾ ਗਿਆ।

 

 

ਬੁਲਾਰਿਆਂ ਨੇ ਭਾਰਤੀ ਕਲਾ ਦੇ ਬੁਨਿਆਦੀ ਸੰਕਲਪਾਂ ਨੂੰ ਸਮਝਣ ਵਿੱਚ ‘ਕਲਾਤੱਤਵਕੋਸ਼’ ਦੇ ਮਹੱਤਵ ‘ਤੇ ਬਲ ਦਿੱਤਾ ਅਤੇ ਇਸ ਨੂੰ ਭਾਰਤੀ ਗਿਆਨ ਪਰੰਪਰਾ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਦੱਸਿਆ। ਪ੍ਰੋਫੈਸਰ ਸੁਧੀਰ ਲਾਲ ਨੇ ਸੁਆਗਤ ਅਤੇ ਜਾਣ-ਪਛਾਣ ਭਾਸ਼ਣ ਪੇਸ਼ ਕੀਤਾ, ਜਿਸ ਵਿੱਚ ਉਨ੍ਹਾਂ ਨੇ ਇਸ ਪ੍ਰੋਜੈਕਟ ਅਤੇ ਇਸ ਖੰਡ ਦੇ ਪਿਛੋਕੜ, ਉਦੇਸ਼ਾਂ ਅਤੇ ਵਿਸ਼ਿਸ਼ਟ ਵਿਸ਼ੇਸ਼ਤਾਵਾਂ ਨੂੰ ਉਜਾਗਰ ਕੀਤਾ। ਇਸ ਮੌਕੇ ‘ਤੇ ਮੌਜੂਦ ਵਿਦਵਾਨਾਂ ਅਤੇ ਭਾਗੀਦਾਰਾਂ ਨੇ ਇਸ ਪ੍ਰਕਾਸ਼ਨ ਨੂੰ ਭਾਰਤੀ ਕਲਾ ਅਧਿਐਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਦੱਸਿਆ ਅਤੇ ਇਸ ਦਿਸ਼ਾ ਵਿੱਚ ਆਈਜੀਐੱਨਸੀਏ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਵਿੱਚ ਵਿਦਵਾਨਾਂ, ਖੋਜਕਰਤਾਵਾਂ ਅਤੇ ਕਲਾ ਪ੍ਰੇਮੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ।

ਇਸ ਮੌਕੇ ‘ਤੇ ਆਯੋਜਿਤ ਵਿਸ਼ੇਸ਼ ਪ੍ਰਦਰਸ਼ਨੀਆਂ ਵਿੱਚ ‘ਕਲਾਦ੍ਰਿਸ਼ਟੀ; ਏ ਡਿਕੇਡ ਆਫ ਵਿਜ਼ਨ’ ਨਾਮਕ ਇੱਕ ਫੋਟੋਗ੍ਰਾਫਿਕ ਪ੍ਰਦਰਸ਼ਨੀ ਪ੍ਰਮੁੱਖ ਆਕਰਸ਼ਣ ਦੇ ਰੂਪ ਵਿੱਚ ਉਭਰੀ। ਇਹ ਪ੍ਰਦਰਸ਼ਨੀ ਤਸਵੀਰਾਂ ਰਾਹੀਂ ਵਰ੍ਹੇ 2016 ਤੋਂ ਲੈ ਕੇ ਵਰ੍ਹੇ 2026 ਤੱਕ ਦੇ ਇੱਕ ਦਹਾਕੇ ਵਿੱਚ ਆਈਜੀਐੱਨਸੀਏ ਦੀ ਸਮ੍ਰਿੱਧ ਯਾਤਰਾ ਦੀ ਝਲਕ ਪੇਸ਼ ਕਰਦੀ ਹੈ। ਹੋਰ ਪ੍ਰਦਰਸ਼ਨੀਆਂ ਵਿੱਚ ‘ਬ੍ਰੀਦਿੰਗ ਹਾਈਡਜ- ਦ ਸੋਲ ਆਫ਼ ਆਂਧਰ ਪਪੇਟ੍ਰੀ’ ਸ਼ਾਮਲ ਹੈ, ਜੋ ਆਂਧਰ ਪ੍ਰਦੇਸ਼ ਦੀ ਰਵਾਇਤੀ ਚਮੜੇ ਦੀ ਕਠਪੁਤਲੀ ਕਲਾ ‘ਤੇ ਅਧਾਰਿਤ ਇੱਕ ਬਿਰਤਾਂਤਕ ਪ੍ਰਦਰਸ਼ਨੀ ਹੈ, ਅਤੇ ‘ਥੇਵਾ: ਲੇਸਰ ਨੋਨ ਆਫ਼ ਰਾਜਸਥਾਨ’ ‘ਤੇ ਕੇਂਦ੍ਰਿਤ ਇੱਕ ਪ੍ਰਦਰਸ਼ਨੀ ਵੀ ਸ਼ਾਮਲ ਹੈ। ਇਹ ਪ੍ਰਦਰਸ਼ਨੀਆਂ ਵਿਜ਼ਿਟਰਾਂ ਨੂੰ ਭਾਰਤ ਦੀ ਦੁਰਲਭ ਅਤੇ ਜੀਵੰਤ ਕਲਾਤਮਕ ਪਰੰਪਰਾਵਾਂ ਤੋਂ ਜਾਣੂ ਕਰਵਾਉਂਦੀਆਂ ਹਨ।

 

ਸਥਾਪਨਾ ਦਿਵਸ ਸਮਾਰੋਹ ਭਾਰਤ ਕਲਾ, ਸੱਭਿਆਚਾਰ ਅਤੇ ਪਰੰਪਰਾਵਾਂ ਦਾ ਇੱਕ ਸ਼ਾਨਦਾਰ ਉਤਸਵ ਪੇਸ਼ ਕਰਦਾ ਹੈ, ਜਿਸ ਵਿੱਚ ਸ਼ਾਸਤਰੀ ਨਾਚ, ਲੋਕ ਕਲਾਵਾਂ, ਰਵਾਇਤੀ ਪ੍ਰਥਾਵਾਂ ਅਤੇ ਸੁਚਾਰੂ ਪ੍ਰਦਰਸ਼ਨੀਆਂ ਰਾਹੀਂ ਭਾਰਤ ਦੇ ਸੱਭਿਆਚਾਰਕ ਪ੍ਰਗਟਾਵੇ ਦੇ ਵਿਭਿੰਨ ਆਯਾਮਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਪਹਿਲੇ ਦਿਨ, 19 ਮਾਰਚ ਨੂੰ ਸ਼ਾਮ 7:00 ਵਜੇ, ਪ੍ਰਸਿੱਧ ਨ੍ਰਿਤ ਗੁਰੂ, ਸੱਭਿਆਚਾਰਕ ਵਿਦਵਾਨ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ, ਪਦਮ ਵਿਭੂਸ਼ਣ ਡਾ. ਸੋਨਲ ਮਾਨਸਿੰਘ ਨੇ ਆਪਣੀ ਪੇਸ਼ਕਾਰੀ ‘ਨਾਟਯ ਕਥਾ- ਦੇਵੀֹ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।

ਦੂਜੇ ਦਿਨ, 20 ਮਾਰਚ ਨੂੰ ਸ਼ਾਮ 7:00 ਵਜੇ, ਉੱਘੇ ਸੱਭਿਆਚਾਰਕ ਵਿਚਾਰਕ, ਭਾਰਤਨਾਟਯਮ ਦੇ ਮੋਹਰੀ ਕਲਾਕਾਰ ਅਤੇ ਪਦਮ ਵਿਭੂਸ਼ਣ ਡਾ. ਪਦਮਾ ਸੁਬ੍ਰਹਾਮਣਯਮ ਭਗਵਦ-ਗੀਤਾ ‘ਤੇ ਅਧਾਰਿਤ ਇੱਕ ਵਿਸ਼ੇਸ਼ ਨ੍ਰਿਤ-ਨਾਟਯ ਪੇਸ਼ ਕਰਨਗੇ, ਜਿਸ ਵਿੱਚ ਉਹ ਆਪਣੇ ਪ੍ਰਗਟਾਵੇ ਅਤੇ ਭਾਵਨਾ-ਭੰਗੀਮਾਂ ਦੇ ਮਾਧਿਅਮ ਤੋਂ ਇਸ ਦੇ ਦਾਰਸ਼ਨਿਕ ਸੰਦੇਸ਼ਾਂ ਨੂੰ ਜੀਵੰਤ ਰੂਪ ਪ੍ਰਦਾਨ ਕਰਨਗੇ।

ਤੀਜਾ ਦਿਨ, ਯਾਨੀ 21 ਮਾਰਚ, ਭਾਰਤ ਦੀਆਂ ਵਿਭਿੰਨ ਲੋਕ ਪਰੰਪਰਾਵਾਂ ਅਤੇ ਮਾਰਸ਼ਲ ਆਰਟਸ ਨੂੰ ਸਮਰਪਿਤ ਹੋਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ 4:00 ਵਜੇ ਅਸਾਮ ਦੇ ਬਾਗੁਰੁੰਬਾ ਨਾਚ ਨਾਲ ਹੋਵੇਗੀ, ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦਾ ‘ਨਾਟੀ’ ਨ੍ਰਿਤ, ਗੁਜਰਾਤ ਦਾ ਤਲਵਾਰ ਰਾਸ, ਕੇਰਲ ਦੀ ਪ੍ਰਾਚੀਨ ਮਾਰਸ਼ਲ ਆਰਟ ਕਲਾਰੀਪਯੱਟੂ, ਮੱਧ ਪ੍ਰਦੇਸ਼ ਦੀ ਕਬੀਰ ਕਾਇਨ ਪਰੰਪਰਾ ਪੇਸ਼ ਕੀਤੀ ਜਾਵੇਗੀ, ਅਤੇ ਪ੍ਰੋਗਰਾਮ ਦੀ ਸਮਾਪਤੀ ਆਕਰਸ਼ਣ ਸੂਫੀ ਅਤੇ ਕਬੀਰ ਸੰਗੀਤ ਪੇਸ਼ਕਾਰੀਆਂ ਦੇ ਨਾਲ ਹੋਵੇਗੀ।

ਇਹ ਸਥਾਪਨਾ ਦਿਵਸ ਸਮਾਰੋਹ ਭਾਰਤ ਦੀਆਂ ਸੱਭਿਆਚਾਰਕ ਪਰੰਪਰਾਵਾਂ ਦੀ ਸੁਰੱਖਿਆ, ਸੰਭਾਲ ਅਤੇ ਪ੍ਰਸਾਰ ਦੇ ਪ੍ਰਤੀ ਆਈਜੀਐੱਨਸੀਏ ਦੀ ਟਿਕਾਊ ਵਚਨਬੱਧਤਾ ਦਾ ਪ੍ਰਤੀਬਿੰਬ ਹੈ। ਇਹ ਵਿਭਿੰਨ ਕਲਾ ਰੂਪਾਂ ਦਰਮਿਆਨ ਸੰਵਾਦ ਲਈ ਇੱਕ ਪਲੈਟਫਾਰਮ ਵੀ ਪ੍ਰਦਾਨ ਕਰਦਾ ਹੈ, ਜੋ ਪਰੰਪਰਾ ਅਤੇ ਸਮਕਾਲੀ ਪ੍ਰਗਟਾਵੇ ਦੇ ਸੰਗਮ ਨੂੰ ਸਾਹਮਣੇ ਲਿਆਉਂਦਾ ਹੈ।

****

ਐੱਮ. ਅੰਨਾਦੁਰਾਈ


(Release ID: 2243004) ਵਿਜ਼ੀਟਰ ਕਾਊਂਟਰ : 7