ਪ੍ਰਧਾਨ ਮੰਤਰੀ ਦਫਤਰ
azadi ka amrit mahotsav AI Impact Summit 2026

ਪ੍ਰਧਾਨ ਮੰਤਰੀ ਨੇ ਸੇਵਾ ਤੀਰਥ ਵਿੱਚ ਏਆਈ ਅਤੇ ਡੀਪਟੈਕ ਸਟਾਰਟਅੱਪਸ ਦੇ ਸੀਈਓ ਨਾਲ ਗੋਲਮੇਜ਼ ਸੰਮੇਲਨ ਕੀਤਾ


16 ਏਆਈ ਅਤੇ ਡੀਪਟੈਕ ਸਟਾਰਟਅੱਪਸ ਦੇ ਸੀਈਓ ਅਤੇ ਸੰਸਥਾਪਕਾਂ ਨੇ ਆਪਣੇ ਵਿਚਾਰ ਅਤੇ ਕੰਮ ਪੇਸ਼ ਕੀਤੇ

ਇਹ ਸਟਾਰਟਅੱਪ ਸਿਹਤ ਸੰਭਾਲ, ਖੇਤੀਬਾੜੀ, ਸਾਈਬਰ ਸੁਰੱਖਿਆ, ਪੁਲਾੜ ਅਤੇ ਸਮਾਜਿਕ ਸਸ਼ਕਤੀਕਰਨ ਜਿਹੇ ਵੱਖ-ਵੱਖ ਸੈਕਟਰਾਂ ਵਿੱਚ ਕੰਮ ਕਰ ਰਹੇ ਹਨ ਤਾਂ ਜੋ ਜਨਤਾ 'ਤੇ ਵਿਆਪਕ ਪ੍ਰਭਾਵ ਪਾਇਆ ਜਾ ਸਕੇ

ਪ੍ਰਧਾਨ ਮੰਤਰੀ ਨੇ ਪ੍ਰਭਾਵਸ਼ਾਲੀ ਹੱਲ ਵਿਕਸਿਤ ਕਰਨ ਵਾਲੇ ਇਨੋਵੇਟਰਾਂ ਦੀ ਸ਼ਲਾਘਾ ਕੀਤੀ ਅਤੇ ਭਾਰਤ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੱਲ ਵਿਕਸਿਤ ਕਰਨ ਦੀ ਅਪੀਲ ਕੀਤੀ

ਪ੍ਰਧਾਨ ਮੰਤਰੀ ਨੇ ਖੇਤੀਬਾੜੀ, ਵਾਤਾਵਰਣ ਸੁਰੱਖਿਆ, ਮਾਂ ਬੋਲੀ ਵਿੱਚ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਜਿਹੇ ਵੱਖ-ਵੱਖ ਸੈਕਟਰਾਂ ਵਿੱਚ ਏਆਈ ਟੈਕਨੋਲੋਜੀ ਦੀ ਵਰਤੋਂ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ

ਸਟਾਰਟਅੱਪਸ ਨੇ ਇੰਡੀਆ ਏਆਈ ਇਮਪੈਕਟ ਸਮਿਟ ਦੀ ਸ਼ਲਾਘਾ ਕੀਤੀ ਅਤੇ ਇਸਨੂੰ ਏਆਈ ਨਾਲ ਸਬੰਧਿਤ ਵਿਸ਼ਵਵਿਆਪੀ ਚਰਚਾਵਾਂ ਨੂੰ ਆਕਾਰ ਦੇਣ ਵਿੱਚ ਭਾਰਤ ਦੀ ਵਧਦੀ ਸਾਖ ਦਾ ਪ੍ਰਤੀਬਿੰਬ ਦੱਸਿਆ

Posted On: 20 FEB 2026 12:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਸੇਵਾ ਤੀਰਥ ਵਿੱਚ ਏਆਈ ਅਤੇ ਡੀਪਟੈਕ ਸਟਾਰਟਅੱਪਸ ਦੇ ਸੀਈਓ ਨਾਲ ਇੱਕ ਗੋਲਮੇਜ਼ ਬੈਠਕ ਕੀਤੀ।

ਇਸ ਗੋਲਮੇਜ਼ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਸਟਾਰਟਅੱਪਸ ਮੁੱਖ ਸੈਕਟਰਾਂ ਵਿੱਚ ਆਬਾਦੀ-ਪੱਧਰੀ ਚੁਣੌਤੀਆਂ ਦਾ ਹੱਲ ਕਰ ਰਹੇ ਹਨ। ਸਿਹਤ ਸੰਭਾਲ ਵਿੱਚ, ਉਹ ਅਡਵਾਂਸ ਡਾਇਗਨੌਸਟਿਕਸ, ਜੀਨ ਥੈਰੇਪੀ ਅਤੇ ਕੁਸ਼ਲ ਰੋਗੀ ਰਿਕਾਰਡ ਪ੍ਰਬੰਧਨ ਲਈ ਏਆਈ ਦੀ ਵਰਤੋਂ ਕਰਦੇ ਹਨ ਤਾਂ ਕਿ ਆਖਰੀ ਮੀਲ ਤੱਕ ਗੁਣਵੱਤਾਪੂਰਨ ਦੇਖਭਾਲ ਪਹੁੰਚਾਈ ਜਾ ਸਕੇ। ਖੇਤੀਬਾੜੀ ਵਿੱਚ, ਉਹ ਉਤਪਾਦਕਤਾ ਵਧਾਉਣ ਅਤੇ ਜਲਵਾਯੂ ਜੋਖ਼ਮਾਂ ਦੇ ਪ੍ਰਬੰਧਨ ਵਿੱਚ ਮਦਦ ਕਰਨ ਲਈ ਭੂ-ਸਥਾਨਕ ਅਤੇ ਅੰਡਰਵਾਟਰ ਇੰਟੈਲੀਜੈਂਸ ਦਾ ਲਾਭ ਉਠਾਉਂਦੇ ਹਨ। ਇਸ ਸਮੂਹ ਵਿੱਚ ਸਾਈਬਰ ਸੁਰੱਖਿਆ, ਨੈਤਿਕ ਏਆਈ, ਪੁਲਾੜ, ਨਿਆਂ ਅਤੇ ਸਿੱਖਿਆ ਤੱਕ ਸਥਾਨਕ ਬੋਲੀ ਵਿੱਚ ਪਹੁੰਚ ਜ਼ਰੀਏ ਸਮਾਜਿਕ ਸਸ਼ਕਤੀਕਰਨ ਅਤੇ ਉੱਦਮ ਉਤਪਾਦਕਤਾ ਨੂੰ ਮਜ਼ਬੂਤ ਕਰਨ ਲਈ ਪੁਰਾਣੀਆਂ ਪ੍ਰਣਾਲੀਆਂ ਦੇ ਆਧੁਨਿਕੀਕਰਨ 'ਤੇ ਕੇਂਦ੍ਰਿਤ ਉੱਦਮ ਵੀ ਸ਼ਾਮਲ ਹਨ। ਇਹ ਸਾਰੇ ਮਿਲ ਕੇ ਇੱਕ ਅਜਿਹੇ ਈਕੋਸਿਸਟਮ ਦੀ ਨੁਮਾਇੰਦਗੀ ਕਰਦੇ ਹਨ ਜੋ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਏਆਈ-ਸੰਚਾਲਿਤ ਇਨੋਵੇਸ਼ਨ ਵਿੱਚ ਵਿਸ਼ਵ ਅਗਵਾਈ ਦਾ ਨਿਰਮਾਣ ਕਰਦਾ ਹੈ।

ਏਆਈ ਸਟਾਰਟਅੱਪਸ ਨੇ ਭਾਰਤ ਵੱਲੋਂ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਸੈਕਟਰ ਦੇ ਤੇਜ਼ ਵਿਸਤਾਰ ਅਤੇ ਅਥਾਹ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਏਆਈ ਇਨੋਵੇਸ਼ਨ ਅਤੇ ਤੈਨਾਤੀ ਦੀ ਵਿਸ਼ਵਵਿਆਪੀ ਗਤੀ ਤੇਜ਼ੀ ਨਾਲ ਭਾਰਤ ਵੱਲ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਹੁਣ ਏਆਈ ਵਿਕਾਸ ਲਈ ਇੱਕ ਸਹਾਇਕ ਅਤੇ ਗਤੀਸ਼ੀਲ ਵਾਤਾਵਰਣ ਪ੍ਰਦਾਨ ਕਰਦਾ ਹੈ, ਜਿਸ ਨਾਲ ਗਲੋਬਲ ਏਆਈ ਲੈਂਡਸਕੇਪ ਵਿੱਚ ਇਸਦੀ ਮਜ਼ਬੂਤ ਮੌਜੂਦਗੀ ਸਥਾਪਤ ਹੋ ਰਹੀ ਹੈ। ਉਨ੍ਹਾਂ ਨੇ ਇੰਡੀਆ ਏਆਈ ਇਮਪੈਕਟ ਸਮਿਟ ਦੀ ਵੀ ਸ਼ਲਾਘਾ ਕੀਤੀ ਅਤੇ ਇਸਨੂੰ ਏਆਈ ਨਾਲ ਸਬੰਧਿਤ ਗਲੋਬਲ ਚਰਚਾਵਾਂ ਨੂੰ ਆਕਾਰ ਦੇਣ ਵਿੱਚ ਦੇਸ਼ ਦੀ ਵਧਦੀ ਸਾਖ ਦਾ ਪ੍ਰਤੀਬਿੰਬ ਦੱਸਿਆ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਿਨ੍ਹਾਂ ਨੇ ਦਲੇਰਾਨਾ ਕਦਮ ਚੁੱਕਣ ਅਤੇ ਪ੍ਰਭਾਵਸ਼ਾਲੀ ਹੱਲ ਵਿਕਸਿਤ ਕਰਨ ਵਾਲੇ ਇਨੋਵੇਟਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਖੇਤੀਬਾੜੀ ਅਤੇ ਵਾਤਾਵਰਣ ਸੁਰੱਖਿਆ ਜਿਹੇ ਵੱਖ-ਵੱਖ ਸੈਕਟਰਾਂ ਵਿੱਚ ਏਆਈ ਟੈਕਨੋਲੋਜੀ ਦੀ ਵਰਤੋਂ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ, ਜਿਸ ਵਿੱਚ ਮਿੱਟੀ ਦੀ ਸਿਹਤ ਦੀ ਰੱਖਿਆ ਲਈ ਫ਼ਸਲ ਉਤਪਾਦਕਤਾ ਅਤੇ ਖਾਦ ਵਰਤੋਂ ਦੀ ਨਿਗਰਾਨੀ ਸ਼ਾਮਿਲ ਹੈ। ਭਾਰਤੀ ਬੋਲੀਆਂ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਮਾਂ ਬੋਲੀ ਵਿੱਚ ਉੱਚ ਸਿੱਖਿਆ ਲਈ ਏਆਈ ਟੂਲਸ ਦੇ ਵਿਸਤਾਰ ਕਰਨ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਮਜ਼ਬੂਤ ਡੇਟਾ ਪ੍ਰਬੰਧਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਗਲਤ ਜਾਣਕਾਰੀ ਪ੍ਰਤੀ ਸਾਵਧਾਨ ਕੀਤਾ ਅਤੇ ਭਾਰਤ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੱਲ ਵਿਕਸਿਤ ਕਰਨ ਦੀ ਤਾਕੀਦ ਕੀਤੀ। ਯੂਪੀਆਈ ਨੂੰ ਸਰਲ ਅਤੇ ਵਿਸਤਾਰਯੋਗ ਡਿਜੀਟਲ ਇਨੋਵੇਸ਼ਨ ਦਾ ਇੱਕ ਮਾਡਲ ਦੱਸਦੇ ਹੋਏ, ਉਨ੍ਹਾਂ ਨੇ ਭਾਰਤੀ ਕੰਪਨੀਆਂ ਵਿੱਚ ਭਰੋਸਾ ਜਤਾਇਆ ਅਤੇ ਘਰੇਲੂ ਉਤਪਾਦਾਂ ‘ਤੇ ਭਰੋਸਾ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਪੁਲਾੜ ਸੈਕਟਰ ਵਿੱਚ ਨਿੱਜੀ ਭਾਗੀਦਾਰੀ ਵਧਾਉਣ ਦੀ ਗੱਲ ਵੀ ਕਹੀ ਅਤੇ ਭਾਰਤੀ ਸਟਾਰਟਅੱਪਸ ਵਿੱਚ ਨਿਵੇਸ਼ਕਾਂ ਦੀ ਮਜ਼ਬੂਤ ਦਿਲਚਸਪੀ ਦਾ ਜ਼ਿਕਰ ਕੀਤਾ।

ਇਸ ਬੈਠਕ ਵਿੱਚ ਏਬ੍ਰਿਜ, ਅਦਾਲਤ ਏਆਈ, ਬ੍ਰੇਨਸਾਇਟਏਆਈ, ਕ੍ਰੇਡੋ ਏਆਈ, ਏਕਾ ਕੇਅਰ, ਗਲੀਨ, ਇਨੋਗਲ, ਇਨਵੀਡੀਓ, ਮਾਇਕੋ, ਓਰਿਜਿਨ, ਪ੍ਰੋਫੇਜ਼, ਰਾਸੇਨ, ਰੂਬ੍ਰਿਕ, ਸੈਟਸ਼ਿਓਰ, ਸੁਪਰਨੋਵਾ ਅਤੇ ਸਾਇਫਾ ਏਆਈ ਦੇ ਸੀਈਓ ਅਤੇ ਸੰਸਥਾਪਕ ਮੌਜੂਦ ਸਨ। ਪ੍ਰਮੁੱਖ ਸਕੱਤਰ ਸ਼੍ਰੀ ਪੀ.ਕੇ. ਮਿਸ਼ਰਾ, ਪ੍ਰਮੁੱਖ ਸਕੱਤਰ-2 ਸ਼੍ਰੀ ਸ਼ਕਤੀਕਾਂਤ ਦਾਸ ਅਤੇ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਵੀ ਬੈਠਕ ਵਿੱਚ ਮੌਜੂਦ ਸਨ।

****

ਐੱਮਜੇਪੀਐੱਸ/ ਐੱਸਆਰ


(Release ID: 2232522) ਵਿਜ਼ੀਟਰ ਕਾਊਂਟਰ : 5