ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਅਤੇ ਬ੍ਰਾਜ਼ੀਲ ਨੇ ਫਾਰਮਾਸਿਊਟੀਕਲ ਅਤੇ ਮੈਡੀਕਲ ਪ੍ਰੋਡਕਟ ਰੈਗੂਲੇਸ਼ਨ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਮਝੌਤਾ ਪੱਤਰ (ਐੱਮਓਯੂ) 'ਤੇ ਦਸਤਖਤ ਕੀਤੇ
Posted On:
21 FEB 2026 6:57PM by PIB Chandigarh
ਭਾਰਤ ਅਤੇ ਬ੍ਰਾਜ਼ੀਲ ਨੇ ਅੱਜ ਫਾਰਮਾਸਿਊਟੀਕਲ ਮੈਡੀਕਲ ਉਤਪਾਦਾਂ ਦੇ ਰੈਗੂਲੇਸ਼ਨ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਦਸਤਖਤ ਕੀਤੇ। ਇਹ ਐੱਮਓਯੂ ਭਾਰਤ ਦੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਅਤੇ ਬ੍ਰਾਜ਼ੀਲ ਦੀ ਹੈਲਥ ਰੈਗੂਲੇਟਰੀ ਏਜੰਸੀ (ਏਐੱਨਵੀਆਈਐੱਸਏ) ਦੇ ਵਿਚਕਾਰ ਹੋਇਆ, ਜੋ ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਰੈਗੂਲੇਟਰੀ ਸਹਿਯੋਗ ਵੱਲ ਇੱਕ ਮਹੱਤਵਪੂਰਨ ਕਦਮ ਹੈ। ਏਐੱਨਵੀਆਈਐੱਸਏ ਦੇ ਡਾਇਰੈਕਟਰ-ਪ੍ਰੈਸ਼ੀਡੈਂਟ ਸ਼੍ਰੀ ਲਿਏਂਡਰੋ ਸਫਾਤਲੇ (Leandro Safatle) ਅਤੇ ਬ੍ਰਾਜ਼ੀਲ ਵਿੱਚ ਭਾਰਤੀ ਰਾਜਦੂਤ ਸ਼੍ਰੀ ਦਿਨੇਸ਼ ਭਾਟੀਆ ਨੇ ਅੱਜ ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਹਾਮਹਿਮ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ (H.E. Luiz Inácio Lula da Silva) ਦੀ ਗਰਿਮਾਮਈ ਮੌਜੂਦਗੀ ਵਿੱਚ ਸਮਝੌਤੇ ਪੱਤਰ ਦਾ ਅਦਾਨ-ਪ੍ਰਦਾਨ ਕੀਤਾ।
ਇਸ ਐੱਮਓਯੂ ਦੇ ਤਹਿਤ ਫਾਰਮਾਸਿਊਟੀਕਲ ਸਮੱਗਰੀ, ਦਵਾਈਆਂ, ਜੈਵਿਕ ਉਤਪਾਦ ਅਤੇ ਮੈਡੀਕਲ ਉਪਕਰਣ ਸਹਿਤ ਮੈਡੀਕਲ ਉਤਪਾਦਾਂ ਦੇ ਖੇਤਰ ਵਿੱਚ ਸਹਿਯੋਗ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਲਈ ਇੱਕ ਢਾਂਚਾਗਤ ਢਾਂਚਾ ਸਥਾਪਿਤ ਕੀਤਾ ਜਾਵੇਗਾ। ਇਸ ਦਾ ਉਦੇਸ਼ ਰੈਗੂਲੇਟਰੀ ਪ੍ਰਕਿਰਿਆਵਾਂ ਵਿੱਚ ਇਕਸਾਰਤਾ ਨੂੰ ਉਤਸ਼ਾਹਿਤ ਕਰਨਾ, ਰੈਗੂਲੇਟਰੀ ਪ੍ਰਣਾਲੀਆਂ ਦੀ ਆਪਸੀ ਸਮਝ ਨੂੰ ਵਧਾਉਣਾ, ਅਤੇ ਮੈਡੀਕਲ ਉਤਪਾਦਾਂ ਦੀ ਪ੍ਰਭਾਵਸ਼ਾਲੀ ਅਤੇ ਤਾਲਮੇਲ ਵਾਲੀ ਨਿਗਰਾਨੀ ਨੂੰ ਪਹੁੰਚਯੋਗ ਬਣਾਉਣਾ ਹੈ।
ਇਸ ਐੱਮਓਯੂ ਵਿੱਚ ਭਾਰਤ ਅਤੇ ਬ੍ਰਾਜ਼ੀਲ ਦੀ ਆਪਣੀ-ਆਪਣੀ ਆਬਾਦੀ ਲਈ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਗੁਣਵੱਤਾ ਵਾਲੀਆਂ ਦਵਾਈਆਂ ਅਤੇ ਮੈਡੀਕਲ ਉਤਪਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਾਂਝੀ ਵਚਨਬੱਧਤਾ ਝਲਕਦੀ ਹੈ। ਇਸ ਐਮਓਯੂ ਨਾਲ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ, ਰੈਗੂਲੇਟਰੀ ਵਧੀਆ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਕਿਫਾਇਤੀ ਸਿਹਤ ਸੰਭਾਲ ਹੱਲਾਂ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਯੋਗਦਾਨ ਮਿਲਣ ਵੀ ਉਮੀਦ ਹੈ।
ਸੀਡੀਐੱਸਸੀਓ ਅਤੇ ਐੱਨਵੀਆਈਐੱਸਏ ਵਿਚਕਾਰ ਐੱਮਓਯੂ ਸਿਹਤ ਖੇਤਰ ਵਿੱਚ ਵਿਆਪਕ ਭਾਰਤ-ਬ੍ਰਾਜ਼ੀਲ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਇਹ ਦੁਵੱਲੇ ਸਬੰਧਾਂ ਲਈ ਮੌਜੂਦਾ ਸੰਸਥਾਗਤ ਵਿਧੀਆਂ ਦਾ ਪੂਰਕ ਹੈ। ਇਹ ਐਮਓਯੂ ਸਿਹਤ, ਫਾਰਮਾਸਿਊਟੀਕਲ ਅਤੇ ਮੈਡੀਕਲ ਤਕਨਾਲੋਜੀਆਂ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੇ ਸਹਿਯੋਗ ਨੂੰ ਰੇਖਾਂਕਿਤ ਕਰਦਾ ਹੈ, ਖਾਸ ਕਰਕੇ ਗਲੋਬਲ ਸਾਊਥ ਦੇ ਮੋਹਰੀ ਭਾਈਵਾਲਾਂ ਵਜੋਂ ਉਨ੍ਹਾਂ ਦੀਆਂ ਸਾਂਝੀਆਂ ਤਰਜੀਹਾਂ ਦੇ ਸੰਦਰਭ ਵਿੱਚ ।
ਇਸ ਐੱਮਓਯੂ ਰਾਹੀਂ, ਦੋਵਾਂ ਧਿਰਾਂ ਨੇ ਆਪਣੇ-ਆਪਣੇ ਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਦੇ ਅਨੁਸਾਰ ਸੂਚਨਾ ਸਾਂਝੀ ਕਰਨ, ਰੈਗੂਲੇਟਰੀ ਸਮਰੱਥਾ ਨਿਰਮਾਣ ਅਤੇ ਫਾਰਮਾਸਿਊਟੀਕਲ ਅਤੇ ਮੈਡੀਕਲ ਪ੍ਰੋਡਕਟ ਰੈਗੂਲੇਸ਼ਨ ਨਾਲ ਸਬੰਧਿਤ ਮਾਮਲਿਆਂ ਵਿੱਚ ਸਹਿਯੋਗ ਵਰਗੇ ਖੇਤਰਾਂ ਵਿੱਚ ਇਕੱਠੇ ਕੰਮ ਕਰਨ ਦੇ ਆਪਣੇ ਇਰਾਦੇ ਦੀ ਪੁਸ਼ਟੀ ਕੀਤੀ।
ਇਸ ਐਮਓਯੂ ਦੇ ਅਦਾਨ-ਪ੍ਰਦਾਨ ਨਾਲ ਭਾਰਤ-ਬ੍ਰਾਜ਼ੀਲ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲਣ ਅਤੇ ਸਿਹਤ ਅਤੇ ਫਾਰਮਾਸਿਊਟੀਕਲ ਖੇਤਰਾਂ ਵਿੱਚ ਸਹਿਯੋਗ ਦੇ ਨਵੇਂ ਰਸਤੇ ਖੁੱਲ੍ਹਣ ਦੀ ਉਮੀਦ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿੱਚ ਜਨਤਕ ਸਿਹਤ ਦੇ ਨਤੀਜਿਆਂ ਵਿੱਚ ਸੁਧਾਰ ਹੋਵੇਗਾ ।
*********
ਐਸਆਰ
ਐਚਐਫਡਬਲਯੂ-ਇੰਡੀਆ ਬ੍ਰਾਜ਼ੀਲ ਹੈਲਥ ਐਮਓਯੂ/21 ਫਰਵਰੀ 2026/2
(Release ID: 2231640)
ਵਿਜ਼ੀਟਰ ਕਾਊਂਟਰ : 5