ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਜਰਮਨੀ ਵਿੱਚ ਆਯੋਜਿਤ ਬਾਇਓਫੈਚ (BIOFACH) 2026 ਵਿੱਚ ਭਾਰਤ ਨੂੰ ‘ਕੰਟ੍ਰੀ ਆਫ ਦ ਈਅਰ’ ਚੁਣਿਆ ਗਿਆ


ਬਾਇਓਫੈਚ 2026 ਵਿੱਚ ਏਪੀਡਾ (APEDA) ਭਾਰਤ ਦੀ ਜੈਵਿਕ ਖੇਤੀਬਾੜੀ ਦਾ ਪ੍ਰਦਰਸ਼ਨ ਕਰੇਗਾ

ਭਾਰਤ ਦੇ ਕੰਟ੍ਰੀ ਪਵੇਲੀਅਨ ਵਿੱਚ ਜੈਵਿਕ ਚੌਲ, ਮਸਾਲੇ, ਤੇਲ ਬੀਜਾਂ, ਜੜੀਆਂ-ਬੂਟੀਆਂ ਅਤੇ ਵੈਲਿਊ ਐਡਿਡ ਉਤਪਾਦਾਂ ਨੂੰ ਦਰਸਾਇਆ ਜਾਵੇਗਾ

20 ਤੋਂ ਜ਼ਿਆਦਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਭਾਗੀਦਾਰੀ ਭਾਰਤ ਦੀ ਖੇਤੀਬਾੜੀ ਵਿਭਿੰਨਤਾ ਨੂੰ ਦਰਸਾਏਗੀ

Posted On: 10 FEB 2026 11:58AM by PIB Chandigarh

ਜੈਵਿਕ ਉਤਪਾਦਾਂ ਲਈ ਵਿਸ਼ਵ ਦੇ ਮੋਹਰੀ ਵਪਾਰ ਮੇਲੇ ਬਾਇਓਫੈਚ 2026 ਵਿੱਚ ਭਾਰਤ ਨੂੰ ‘ਕੰਟ੍ਰੀ ਆਫ ਦ ਈਅਰ’ ਚੁਣਿਆ ਗਿਆ ਹੈ। ਇਸ ਦਾ ਆਯੋਜਨ 10 ਤੋਂ 13 ਫਰਵਰੀ 2026 ਤੱਕ ਜਰਮਨੀ ਦੇ ਨੂਰੇਮਬਰਗ ਵਿੱਚ ਕੀਤਾ ਜਾ ਰਿਹਾ ਹੈ।

ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਖੇਤੀਬਾੜੀ ਅਤੇ ਪ੍ਰੋਸੈੱਸਿੰਗ ਖੁਰਾਕ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (ਏਪੀਡਾ) ਬਾਇਓਫੈਚ 2026 ਵਿੱਚ ਭਾਰਤ ਦੀ ਪ੍ਰਮੁੱਖ ਅਤੇ ਪ੍ਰਭਾਵਸ਼ਾਲੀ ਭਾਗੀਦਾਰੀ ਦਾ ਆਯੋਜਨ ਕਰ ਰਿਹਾ ਹੈ। ਇਸ ਵਿੱਚ ਭਾਰਤ ਦੀ ਭਾਗੀਦਾਰੀ ਦੇਸ਼ ਦੀ ਸਮ੍ਰਿੱਧ ਖੇਤੀਬਾੜੀ ਵਿਰਾਸਤ ਅਤੇ ਜੈਵਿਕ ਉਤਪਾਦਾਂ ਦੇ ਪ੍ਰਮੁੱਖ ਆਲਮੀ ਸਪਲਾਇਰ ਵਜੋਂ ਇਸ ਦੀ ਮਜ਼ਬੂਤ ਸਮਰੱਥਾ ਨੂੰ ਦਰਸਾਏਗੀ।

ਜਰਮਨੀ ਵਿੱਚ ਆਯੋਜਿਤ ਬਾਇਓਫੈਚ ਜੈਵਿਕ ਖੁਰਾਕ ਪਦਾਰਥਾਂ ਅਤੇ ਖੇਤੀਬਾੜੀ ਨੂੰ ਸਮਰਪਿਤ ਵਿਸ਼ਵ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਹੈ। ਏਪੀਡਾ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਬਾਇਓਫੈਚ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਇਸ ਵਿੱਚ ਲਗਾਤਾਰ ਆਪਣੀ ਮਜ਼ਬੂਤ ਮੌਜੂਦਗੀ ਬਣਾਏ ਹੋਏ ਹੈ। 

ਬਾਇਓਫੈਚ 2026 ਵਿੱਚ ਭਾਰਤ ਦੀ ਭਾਗੀਦਾਰੀ ਪਿਛਲੇ ਐਡੀਸ਼ਨਾਂ ਦੇ ਮੁਕਾਬਲੇ ਇਸ ਵਾਰ ਮਹੱਤਵਪੂਰਨ ਵਿਸਥਾਰ ਨੂੰ ਦਰਸਾਉਂਦੀ ਹੈ ਜੋ ਭਾਰਤੀ ਜੈਵਿਕ ਨਿਰਯਾਤ ਦੇ ਵਧਦੇ ਪ੍ਰਭਾਵ, ਜੈਵਿਕ ਉਤਪਾਦਾਂ ਦੀ ਵਧਦੀ ਆਲਮੀ ਮੰਗ ਅਤੇ ਨਿਰਯਾਤਕਾਂ, ਐਸੋਸੀਏਸ਼ਨਾਂ ਅਤੇ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੀ ਵਧਦੀ ਹਿੱਸੇਦਾਰੀ ਨੂੰ ਪ੍ਰਤੀਬਿੰਬਤ ਕਰਦੀ ਹੈ। 

14 ਵਰ੍ਹਿਆਂ ਦੇ ਅੰਤਰਾਲ ਤੋਂ ਬਾਅਦ ਭਾਰਤ ਦਾ ਜੈਵਿਕ ਖੇਤੀਬਾੜੀ ਖੇਤਰ ਇੱਕ ਵਾਰ ਫਿਰ ਬਾਇਓਫੈਚ 2026 ਵਿੱਚ ਕੇਂਦਰ ਬਿੰਦੂ ਬਣਨ ਲਈ ਤਿਆਰ ਹੈ। 

ਬਾਇਓਫੈਚ 2026 ਵਿੱਚ ਏਪੀਡਾ ਵੱਲੋਂ ਬਣਾਇਆ ਗਿਆ ਭਾਰਤ ਦਾ ਰਾਸ਼ਟਰੀ ਪਵੇਲੀਅਨ 1,074 ਵਰਗ ਮੀਟਰ ਖੇਤਰ ਵਿੱਚ ਫੈਲਿਆ ਹੋਵੇਗਾ ਅਤੇ ਇਸ ਵਿੱਚ ਜੈਵਿਕ ਉਤਪਾਦਾਂ ਦੇ ਨਿਰਯਾਤਕਾਂ, ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ), ਸਹਿਕਾਰੀ ਸਭਾਵਾਂ, ਜੈਵਿਕ ਪ੍ਰਯੋਗਸ਼ਾਲਾਵਾਂ, ਰਾਜ ਸਰਕਾਰੀ ਸੰਗਠਨਾਂ ਅਤੇ ਕਮੋਡਿਟੀ ਬੋਰਡ ਸਮੇਤ 67 ਸਹਿ-ਪ੍ਰਦਰਸ਼ਕ ਸ਼ਾਮਲ ਹੋਣਗੇ। ਇੰਡੀਆ ਪਵੇਲੀਅਨ ਵਿੱਚ ਚੌਲ, ਤੇਲ ਬੀਜਾਂ, ਜੜੀਆਂ-ਬੂਟੀਆਂ, ਮਸਾਲੇ, ਦਾਲਾਂ, ਕਾਜੂ, ਅਦਰਕ, ਹਲਦੀ, ਵੱਡੀ ਇਲਾਇਚੀ, ਦਾਲਚੀਨੀ, ਮੈਂਗੋ ਪਿਊਰੀ ਅਤੇ ਜ਼ਰੂਰੀ ਤੇਲਾਂ ਸਮੇਤ ਵਿਭਿੰਨ ਤਰ੍ਹਾਂ ਦੇ ਜੈਵਿਕ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।  

ਇੰਡੀਆ ਪਵੇਲੀਅਨ ਵਿੱਚ 20 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਦਰਸ਼ਕ ਹਿੱਸਾ ਲੈ ਰਹੇ ਹਨ ਜੋ ਕਿ ਦੇਸ਼ ਦੀ ਵਿਆਪਕ ਖੇਤੀਬਾੜੀ ਅਤੇ ਖੇਤਰੀ ਵਿਭਿੰਨਤਾ ਨੂੰ ਦਰਸਾਉਂਦੇ ਹਨ। ਇਨ੍ਹਾਂ ਵਿੱਚ ਅਸਾਮ, ਮੇਘਾਲਿਆ, ਮਣੀਪੁਰ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਕੇਰਲ, ਪੱਛਮ ਬੰਗਾਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਅਰੁਣਾਚਲ ਪ੍ਰਦੇਸ਼, ਤਮਿਲ ਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਸ਼ਾਮਲ ਹੈ। ਇਹ ਭਾਗੀਦਾਰੀ ਵੱਖ-ਵੱਖ ਖੇਤਰਾਂ ਦੇ ਵਿਸ਼ੇਸ਼ ਜੈਵਿਕ ਉਤਪਾਦਾਂ ਅਤੇ ਵੈਲਿਊ ਐਡਿਡ ਫੂਡ ਉਤਪਾਦਾਂ ਨੂੰ ਦਰਸਾਉਣ ਨਾਲ ਅੰਤਰਰਾਸ਼ਟਰੀ ਜੈਵਿਕ ਵਪਾਰ ਵਿੱਚ ਭਾਰਤ ਦੇ ਸਲਾਨਾ ਵਾਧੇ ਨੂੰ ਪ੍ਰਦਰਸ਼ਿਤ ਕਰਦੀ ਹੈ। 

ਇੰਡੀਆ ਪਵੇਲੀਅਨ ਵਿੱਚ ਉਤਪਾਦਾਂ ਦੇ ਪ੍ਰਦਰਸ਼ਨ ਤੋਂ ਇਲਾਵਾ ਵਿਜ਼ੀਟਰਾਂ ਨੂੰ ਭਾਰਤੀ ਜੈਵਿਕ ਉਤਪਾਦਾਂ ਦੇ ਸੁਆਦ ਅਤੇ ਖੁਸ਼ਬੂ ਨੂੰ ਪ੍ਰਦਰਸ਼ਿਤ ਕਰਨ ਵਾਲੇ ਵਿਸ਼ੇਸ਼ ਖੁਰਾਕ ਪਦਾਰਥਾਂ ਨੂੰ ਚਖਣ ਦਾ ਮੌਕਾ ਵੀ ਮਿਲੇਗਾ। ਇਸ ਦੌਰਾਨ ਪ੍ਰੀਮੀਅਮ ਜੈਵਿਕ ਬਾਸਮਤੀ ਚੌਲਾਂ ਅਤੇ ਮਸਾਲਿਆਂ ਨਾਲ ਤਿਆਰ ਕੀਤੀ ਗਈ ਤਾਜ਼ਾ, ਖੁਸ਼ਬੂਦਾਰ ਬਿਰੀਆਨੀ ਦੇ ਨਮੂਨਿਆ ਦੀ ਵੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਚੌਲਾਂ ਦੀਆਂ ਭਾਰਤੀ ਰਵਾਇਤੀ ਕਿਸਮਾਂ ਨੂੰ ਦਰਸਾਉਣ ਲਈ 5 ਜੀਆਈ-ਟੈਗ ਵਾਲੀਆਂ ਚੌਲਾਂ ਦੀਆਂ ਕਿਸਮਾਂ, ਇੰਦਰਾਣੀ ਚੌਲ, ਨਵਾਰਾ ਚੌਲ, ਗੋਵਿੰਦਭੋਗ ਚੌਲ, ਲਾਲ ਚੌਲ ਅਤੇ ਚੱਕ ਹਾਓ (ਕਾਲੇ ਚੌਲ) ਵਿਜ਼ੀਟਰਾਂ ਨੂੰ ਪਰੋਸੇ ਜਾਣਗੇ। 

ਏਪੀਡਾ ਨੇ ਬਾਇਓਫੈਚ 2026 ਵਿੱਚ ਭਾਰਤ ਨੂੰ ‘ਕੰਟ੍ਰੀ ਆਫ ਦ ਈਅਰ’ ਨਾਮਜ਼ਦ ਕੀਤੇ ਜਾਣ ਦੇ ਮੌਕੇ ‘ਤੇ ਨੂਰੇਮਬਰਗ ਮੈਸੇ ਪ੍ਰਦਰਸ਼ਨੀ ਕੇਂਦਰ ਦੇ ਪ੍ਰਮੁੱਖ ਸਥਾਨਾਂ ‘ਤੇ ਵਿਆਪਕ ਬ੍ਰਾਂਡਿੰਗ ਅਤੇ ਵਧੇਰੇ ਪ੍ਰਭਾਵਸ਼ਾਲੀ ਪ੍ਰਚਾਰ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਹਨ। 

ਵਿਸ਼ਵ ਦਾ ਧਿਆਨ ਟਿਕਾਊ ਵਿਕਾਸ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਜੀਵਨ ਸ਼ੈਲੀ ਵੱਲ ਵਧਦਾ ਜਾ ਰਿਹਾ ਹੈ। ਅਜਿਹੇ ਵਿੱਚ, ਬਾਇਓਫੈਚ 2026 ਵਿੱਚ ‘ਕੰਟ੍ਰੀ ਆਫ ਦ ਈਅਰ’ ਵਜੋਂ ਭਾਰਤ ਦੀ ਭਾਗੀਦਾਰੀ ਜੈਵਿਕ ਖੇਤੀਬਾੜੀ ਵਿੱਚ ਆਲਮੀ ਤੌਰ ‘ਤੇ ਮੋਹਰੀ ਦੇਸ਼ ਵਜੋਂ ਇਸ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀ ਹੈ। ਭਾਰਤ ਅੰਤਰਰਾਸ਼ਟਰੀ ਮਾਪਢੰਡਾਂ ਨੂੰ ਪੂਰਾ ਕਰਨ ਵਾਲੇ ਉੱਚ ਗੁਣਵੱਤਾ ਵਾਲੇ, ਲੰਬੇ ਸਮੇਂ ਤੋਂ ਪੈਦਾ ਕੀਤੇ ਜੈਵਿਕ ਉਤਪਾਦਾਂ ਦੀ ਸਪਲਾਈ ਲਈ ਪ੍ਰਤੀਬੱਧ ਹੈ। 

ਏਪੀਡਾ ਨੇ ਆਲਮੀ ਮੁਕਾਬਲੇ ਨੂੰ ਹੁਲਾਰਾ ਦੇਣ ਅਤੇ ਵਿਸ਼ਵ ਨੂੰ ਜੈਵਿਕ ਖੁਰਾਕ-ਪਦਾਰਥਾਂ ਦੇ ਵੱਡੇ ਸਪਲਾਇਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਟੀਚਾਗਤ ਪਹਿਲਕਦਮੀਆਂ ਰਾਹੀਂ ਭਾਰਤੀ ਨਿਰਯਾਤਕਾਂ ਦਾ ਸਹਿਯੋਗ ਜਾਰੀ ਰੱਖਿਆ ਹੈ। 

*********

ਅਭਿਸ਼ੇਕ ਦਿਆਲ/ਗਰਿਮਾ ਸਿੰਘ/ਇਸ਼ਿਤਾ ਵਿਸਵਾਸ/ਏਕੇ


(Release ID: 2225940) ਵਿਜ਼ੀਟਰ ਕਾਊਂਟਰ : 4