ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਫ਼ਕੀਰ ਮੋਹਨ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ਵਿੱਚ ਸ਼ਿਰਕਤ ਕੀਤੀ
ਯੂਨੀਵਰਸਿਟੀਆਂ ਦੀ ਸਮਾਵੇਸ਼ੀ ਵਿਕਾਸ, ਨਵੀਨਤਾ ਅਤੇ ਸਮਾਜਿਕ ਤਬਦੀਲੀ ਦੇ ਉਤਪ੍ਰੇਰਕ ਵਜੋਂ ਕੰਮ ਕਰਨ ਦੀ ਵਿਸ਼ੇਸ਼ ਜ਼ਿੰਮੇਵਾਰੀ: ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ
Posted On:
03 FEB 2026 5:17PM by PIB Chandigarh
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (3 ਫਰਵਰੀ, 2026) ਓਡੀਸ਼ਾ ਦੇ ਬਾਲਾਸੋਰ ਵਿੱਚ ਫ਼ਕੀਰ ਮੋਹਨ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸੰਬੋਧਨ ਕੀਤਾ। ਉਨ੍ਹਾਂ ਨੇ ਇਸ ਦੇ ਨਵੇਂ ਆਡੀਟੋਰੀਅਮ ਦਾ ਉਦਘਾਟਨ ਕੀਤਾ।
ਰਾਸ਼ਟਰਪਤੀ ਨੇ ਇਸ ਮੌਕੇ 'ਤੇ ਵਿਆਸਕਵੀ ਫ਼ਕੀਰ ਮੋਹਨ ਸੈਨਾਪਤੀ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਆਪਣੇ ਵਿਦਿਆਰਥੀ ਜੀਵਨ ਦੌਰਾਨ ਉਹ ਉਨ੍ਹਾਂ ਦੀ ਕਾਲਜਈ ਕਹਾਣੀ "ਰੇਵਤੀ" ਤੋਂ ਬਹੁਤ ਪ੍ਰਭਾਵਿਤ ਸਨ। ਇਹ ਪ੍ਰਭਾਵ ਅੱਜ ਵੀ ਅਮਿੱਟ ਹੈ। 19ਵੀਂ ਸਦੀ ਵਿੱਚ ਇੱਕ ਕੁੜੀ ਦਾ ਸਿੱਖਿਆ ਪ੍ਰਾਪਤ ਕਰਨ ਦਾ ਦ੍ਰਿੜ੍ਹ ਇਰਾਦਾ ਉਸ ਦੀ ਹਿੰਮਤ ਦਾ ਅਮਿੱਟ ਪ੍ਰਮਾਣ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਦੂਰ-ਦੁਰਾਡੇ ਆਦਿਵਾਸੀ ਪਿੰਡ ਵਿੱਚ ਪੜ੍ਹਾਈ ਕੀਤੀ ਅਤੇ ਆਪਣੇ ਦ੍ਰਿੜ੍ਹ ਇਰਾਦੇ ਦੇ ਬਲ ‘ਤੇ ਭੁਵਨੇਸ਼ਵਰ ਗਏ, ਜਿੱਥੇ ਉਨ੍ਹਾਂ ਨੇ ਆਪਣੀ ਹਾਈ ਸਕੂਲ ਅਤੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ। ਇਸ ਤਰ੍ਹਾਂ, ਫ਼ਕੀਰ ਮੋਹਨ ਜੀ ਉਨ੍ਹਾਂ ਲਈ ਪ੍ਰੇਰਨਾ ਸਰੋਤ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਫ਼ਕੀਰ ਮੋਹਨ ਜੀ ਨੂੰ ਆਪਣੀ ਮਾਤ ਭਾਸ਼ਾ ਨਾਲ ਬਹੁਤ ਪਿਆਰ ਸੀ। ਉਨ੍ਹਾਂ ਨੇ ਲਿਖਿਆ ਸੀ, "ਮੇਰੀ ਮਾਤ-ਭਾਸ਼ਾ ਮੇਰੇ ਲਈ ਸਭ ਤੋਂ ਉੱਪਰ ਹੈ।" ਉਨ੍ਹਾਂ ਕਿਹਾ ਕਿ ਮਾਤ-ਭਾਸ਼ਾ ਵਿੱਚ ਸਿੱਖਿਆ ਪ੍ਰਾਪਤ ਕਰਨ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਆਲ਼ੇ-ਦੁਆਲੇ, ਰੀਤੀ-ਰਿਵਾਜ਼ਾਂ ਅਤੇ ਸਭਿਆਚਾਰਕ ਮਾਹੌਲ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲਦੀ ਹੈ। ਉਹ ਆਪਣੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਅਤੇ ਜੀਵਨ-ਸ਼ੈਲੀ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦੇ ਹਨ । ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਮਾਤ ਭਾਸ਼ਾ ਦੀ ਮਹੱਤਤਾ 'ਤੇ ਜ਼ੋਰ ਦਿੰਦੀ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਮਾਰਗ-ਦਰਸ਼ਨ ਕਰਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਕੋਲ ਗਿਆਨ ਦੀ ਇੱਕ ਅਮੀਰ ਪਰੰਪਰਾ ਹੈ। ਸਾਡੇ ਧਰਮ ਗ੍ਰੰਥ ਅਤੇ ਹੱਥ-ਲਿਖਤਾਂ ਬੁੱਧੀ ਅਤੇ ਗਿਆਨ ਨਾਲ ਭਰਪੂਰ ਹਨ। ਕਵਿਤਾ ਅਤੇ ਸਾਹਿਤ ਤੋਂ ਇਲਾਵਾ, ਇਹ ਵਿਗਿਆਨ, ਚਿਕਿਤਸਾ, ਖਗੋਲ ਵਿਗਿਆਨ ਅਤੇ ਆਰਕੀਟੈਕਚਰ ਵਰਗੇ ਖੇਤਰਾਂ ਵਿੱਚ ਵੀ ਗਿਆਨ ਦਾ ਸਰੋਤ ਹਨ। ਨੌਜਵਾਨ ਵਿਦਿਆਰਥੀ ਇਸ ਪ੍ਰਾਚੀਨ ਗਿਆਨ ਪਰੰਪਰਾ ਵਿੱਚ ਖੋਜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਤੀਤ ਨੂੰ ਸਮਝ ਕੇ ਅਤੇ ਵਰਤਮਾਨ ਨੂੰ ਅਪਣਾ ਕੇ ਵਿਦਿਆਰਥੀ ਆਪਣਾ ਅਤੇ ਦੇਸ਼ ਦਾ ਭਵਿੱਖ ਬਣਾ ਸਕਦੇ ਹਨ।
ਰਾਸ਼ਟਰਪਤੀ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗਿਆਨ, ਜਨੂਨ ਅਤੇ ਵਚਨਬੱਧਤਾ ਦੀ ਤਾਕਤ ਰਾਹੀਂ ਉਹ ਸਮਾਜ ਵਿੱਚ ਸਤਿਕਾਰ ਅਤੇ ਪਹਿਚਾਣ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਜਿੱਥੇ ਵੀ ਜਾਣ ਅਤੇ ਜੋ ਵੀ ਕਰਨ, ਹਰ ਯਤਨ ਵਿੱਚ ਸਫਲਤਾ ਦੀ ਕੁੰਜੀ ਸਮਰਪਣ ਹੈ। ਉਨ੍ਹਾਂ ਕਿਹਾ ਕਿ ਸਫਲ ਜੀਵਨ ਅਤੇ ਸਾਰਥਕ ਜੀਵਨ ਇੱਕ ਸਮਾਨ ਨਹੀਂ ਹਨ । ਉਨ੍ਹਾਂ ਕਿਹਾ ਕਿ ਸਫਲ ਜੀਵਨ ਚੰਗਾ ਹੈ, ਪਰ ਜੀਵਨ ਨੂੰ ਸਾਰਥਕ ਬਣਾਉਣਾ ਉਸ ਤੋਂ ਵੀ ਬਿਹਤਰ ਹੈ। ਉਨ੍ਹਾਂ ਕਿਹਾ ਕਿ ਪ੍ਰਸਿੱਧੀ, ਪ੍ਰਤਿਸ਼ਠਾ ਅਤੇ ਵਿੱਤੀ ਸੁਰੱਖਿਆ ਪ੍ਰਾਪਤ ਕਰਨਾ ਮਹੱਤਵਪੂਰਨ ਹੈ, ਪਰ ਦੂਜਿਆਂ ਲਈ ਵੀ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਦੀ ਰਾਹ ਵਿੱਚ ਪਿੱਛੇ ਰਹਿ ਗਏ ਲੋਕਾਂ ਦੀ ਮਦਦ ਕਰਨ । ਉਨ੍ਹਾਂ ਕਿਹਾ ਕਿ ਸਮਾਜ ਦਾ ਵਿਕਾਸ ਸਾਰਿਆਂ ਦੇ ਵਿਕਾਸ ਵਿੱਚ ਹੀ ਹੈ।
ਰਾਸ਼ਟਰਪਤੀ ਨੇ ਇਹ ਦੇਖ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਫ਼ਕੀਰ ਮੋਹਨ ਯੂਨੀਵਰਸਿਟੀ ਅਕਾਦਮਿਕ ਅਧਿਐਨਾਂ ਦੇ ਨਾਲ-ਨਾਲ ਖੋਜ ਅਤੇ ਜਨਤਕ ਸੰਪਰਕ ਪ੍ਰੋਗਰਾਮਾਂ ਨੂੰ ਵੀ ਮਹੱਤਵ ਦਿੰਦੀ ਹੈ । ਉਨ੍ਹਾਂ ਕਿਹਾ ਕਿ ਬਾਲਾਸੋਰ-ਭਦਰਕ ਖੇਤਰ ਆਪਣੇ ਚੌਲ, ਪਾਨ ਪੱਤੇ ਅਤੇ ਮੱਛੀਆਂ ਲਈ ਮਸ਼ਹੂਰ ਹੈ। ਉਨ੍ਹਾਂ ਨੇ ਇਨ੍ਹਾਂ ਖੇਤਰਾਂ ਵਿੱਚ ਖੋਜ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਲਈ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ "ਸਕੂਲ ਵਾਪਸ ਜਾਓ," "ਕਮਾਓ ਅਤੇ ਸਿੱਖੋ," "ਹਰ ਵਿਅਕਤੀ ਇੱਕ ਦੂਜੇ ਨੂੰ ਸਿਖਾਏ" ਜਿਹੇ ਪ੍ਰੋਗਰਾਮਾਂ ਦੇ ਨਾਲ-ਨਾਲ ਵਾਤਾਵਰਣ ਜਾਗਰੂਕਤਾ ਅਤੇ ਸਮੁੰਦਰੀ ਕੰਢੇ ਦੀ ਸਫ਼ਾਈ ਪ੍ਰੋਗਰਾਮ ਸ਼ਲਾਘਾਯੋਗ ਹਨ । ਬਾਲਾਸੋਰ ਅਤੇ ਭਦਰਕ ਦੇ ਸਮੁੰਦਰੀ ਕੰਢਿਆਂ 'ਤੇ ਨੀਲੇ ਕੇਕੜੇ ਭਰਪੂਰ ਮਾਤਰਾ ਵਿੱਚ ਮਿਲਦੇ ਹਨ, ਅਜਿਹੇ ਵਿੱਚ ਨੀਲੇ ਕੇਕੜਿਆਂ ਜਾਂ ਹਾਰਸ਼ੂ ਕੇਕੜਿਆਂ ‘ਤੇ ਖੋਜ ਕੇਂਦਰ ਦੀ ਸਥਾਪਨਾ ਯੂਨੀਵਰਸਿਟੀ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦੇ ਵਿਕਾਸ, ਸੁਰੱਖਿਆ ਅਤੇ ਤਕਨੀਕੀ ਵਿਕਾਸ ਨਾਲ ਦੇਸ਼ ਦੀ ਤਰੱਕੀ ਵਿੱਚ ਤੇਜ਼ੀ ਆਏਗੀ । ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀ ਇਸ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਹੈ। ਸਮਾਵੇਸ਼ੀ ਵਿਕਾਸ, ਨਵੀਨਤਾ ਅਤੇ ਸਮਾਜਿਕ ਤਬਦੀਲੀ ਦੇ ਉਤਪ੍ਰੇਰਕ ਵਜੋਂ ਕੰਮ ਕਰਨ ਦੀ ਯੂਨੀਵਰਸਿਟੀਆਂ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ। ਆਲੋਚਨਾਤਮਕ ਸੋਚ, ਨੈਤਿਕ ਲੀਡਰਸ਼ਿਪ ਅਤੇ ਸਥਾਨਕ ਵਿਸ਼ਵ-ਵਿਆਪੀ ਚੁਣੌਤੀਆਂ ਦਾ ਹੱਲ ਕਰਨ ਵਾਲੇ ਖੋਜ ਕੇਂਦਰਾਂ ਨੂੰ ਉਤਸ਼ਾਹਿਤ ਕਰਕੇ ਉੱਚ ਸਿੱਖਿਆ ਸੰਸਥਾਵਾਂ ਇੱਕ ਅਜਿਹੇ ਭਵਿੱਖ ਦਾ ਨਿਰਮਾਣ ਕਰ ਸਕਦੀਆਂ ਹਨ ਜੋ ਟਿਕਾਊ, ਬਰਾਬਰੀ ਵਾਲਾ ਅਤੇ ਮਨੁੱਖੀ ਕਦਰਾਂ-ਕੀਮਤਾਂ 'ਤੇ ਅਧਾਰਿਤ ਹੋਵੇ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਫ਼ਕੀਰ ਮੋਹਨ ਯੂਨੀਵਰਸਿਟੀ, ਆਪਣੇ ਅਕਾਦਮਿਕ ਦ੍ਰਿਸ਼ਟੀਕੋਣ ਅਤੇ ਭਾਈਚਾਰਕ ਸ਼ਮੂਲੀਅਤ ਰਾਹੀਂ, ਇਸ ਦਿਸ਼ਾ ਵਿੱਚ ਇੱਕ ਪਰਿਵਰਤਨਸ਼ੀਲ ਭੂਮਿਕਾ ਨਿਭਾਏਗੀ।





*********
ਐੱਮਜੇਪੀਐੱਸ/ਐੱਸਆਰ
(Release ID: 2223560)
ਵਿਜ਼ੀਟਰ ਕਾਊਂਟਰ : 16