ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰ ਲਈ ਭਾਰਤੀ ਮਾਪਦੰਡ ਜਾਰੀ ਕੀਤਾ
प्रविष्टि तिथि:
28 DEC 2025 12:06PM by PIB Chandigarh
ਸ਼੍ਰੀ ਪ੍ਰਹਿਲਾਦ ਜੋਸ਼ੀ, ਖਪਤਕਾਰ ਮਾਮਲੇ,ਖੁਰਾਕ ਅਤੇ ਜਨਤਕ ਵੰਡ ਮੰਤਰੀ ਨੇ ਰਾਸ਼ਟਰੀ ਖਪਤਕਾਰ ਦਿਵਸ 2025 ਦੇ ਮੌਕੇ ‘ਤੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਆਈਐੱਸ 19262: 2025 ‘ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰ- ਟੈਸਟ ਕੋਡ’ ਜਾਰੀ ਕੀਤਾ। ਇੰਡੀਅਨ ਸਟੈਂਡਰਡ ਬਿਊਰੋ (ਬੀਆਈਐੱਸ) ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰਾਂ ਦੀ ਸੁਰੱਖਿਆ, ਭਰੋਸੇਯੋਗਤਾ ਅਤੇ ਕਾਰਜ ਸਮਰੱਥਾ ਨੂੰ ਯਕੀਨੀ ਬਣਾਉਣ ਲਈ ਇੱਕਸਾਰ ਅਤੇ ਮਿਆਰੀ ਟੈਸਟਿੰਗ ਪ੍ਰੋਟੋਕੋਲ ਰਾਹੀਂ ਭਾਰਤੀ ਮਾਪਦੰਡ ਬਣਾਉਂਦਾ ਹੈ।
ਆਈਐੱਸ19262:2025 ‘ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰ- ਟੈਸਟਿੰਗ ਕੋਡ’ ਸਾਰੇ ਹਿਤਧਾਰਕਾਂ ਦਰਮਿਆਨ ਇਕਸਾਰ ਸ਼ਬਦਾਵਲੀ, ਆਮ ਦਿਸ਼ਾ-ਨਿਰਦੇਸ਼ਾਂ ਅਤੇ ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰਾਂ ‘ਤੇ ਕੀਤੇ ਜਾਣ ਵਾਲੇ ਟੈਸਟਾਂ-ਪੀਟੀਓ ਪਾਵਰ, ਡ੍ਰਾਬਾਰ ਪਾਵਰ ਅਤੇ ਬੈਲਟ ਅਤੇ ਪੁਲੀ ਆਦਿ ਦੇ ਪ੍ਰਦਰਸ਼ਨ ਦੇ ਸਬੰਧ ਵਿੱਚ ਇੱਕ ਆਮ ਸਮਝ ਬਣਾਉਂਦੀ ਹੈ। ਇਸ ਵਿੱਚ ਵਾਈਬ੍ਰੇਸ਼ਨ ਮਾਪ, ਨਿਰਧਾਰਨ ਤਸਦੀਕ ਅਤੇ ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰਾਂ ਦੇ ਵੱਖ-ਵੱਖ ਕੰਪੋਨੈਂਟਸ ਅਤੇ ਅਸੈਂਬਲੀ ਦੇ ਨਿਰੀਖਣ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਹ ਮਾਪਦੰਡ ਤਕਨੀਕੀ ਸਹਾਇਤਾ ਲਈ ਆਈਐੱਸ 5994: 2022 ‘ਖੇਤੀਬਾੜੀ ਟਰੈਕਟਰ-ਟੈਸਟ ਕੋਡ’ ਅਤੇ ਇਲੈਕਟ੍ਰਿਕ ਵਾਹਨਾਂ ਲਈ ਵਿਕਸਿਤ ਸੰਗਤ ਆਟੋਮੋਟਿਵ ਉਦਯੋਗ ਮਾਪਦੰਡਾਂ ਤੋਂ ਸਹਾਇਤਾ ਲੈਂਦਾ ਹੈ ਜੋ ਖੇਤੀਬਾੜੀ ਐਪਲੀਕੇਸ਼ਨਾਂ ਦੇ ਲਈ ਅਨੁਕੂਲ ਹੈ। ਅਧਿਕਾਰਤ ਟੈਸਟਿੰਗ ਸੰਸਥਾਵਾਂ ਰਾਹੀਂ ਆਈਐੱਸ 19262: 2025 ਦਾ ਲਾਗੂਕਰਨ ਦੇਸ਼ ਵਿੱਚ ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰਾਂ ਨੂੰ ਵਿਆਪਕ ਤੌਰ ‘ਤੇ ਅਪਣਾਉਣ ਵਿੱਚ ਸੁਵਿਧਾ ਪ੍ਰਦਾਨ ਕਰੇਗਾ, ਸਵੱਛ ਖੇਤੀਬਾੜੀ ਤਕਨਾਲੋਜੀਆਂ ਵਿੱਚ ਨਵੀਨਤਾ ਨੂੰ ਹੁਲਾਰਾ ਦੇਵੇਗਾ ਯਤੇ ਨਿਕਾਸੀ ਨੂੰ ਘੱਟ ਕਰਨ ਅਤੇ ਟਿਕਾਊ ਖੇਤੀਬਾੜੀ ਮਸ਼ੀਨੀਕਰਣ ਵਿੱਚ ਯੋਗਦਾਨ ਦੇਵੇਗਾ।
ਆਈਐੱਸ 19262: 2025 ਵਿੱਚ ਨਿਰਧਾਰਿਤ ਪ੍ਰਕਿਰਿਆਵਾਂ ਦੀ ਵਰਤੋਂ ਕਰਕੇ ਪ੍ਰਾਪਤ ਟੈਸਟ ਡੇਟਾ ਤੋਂ ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰਾਂ ਦੇ ਪ੍ਰਦਰਸ਼ਨ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਮੁਲਾਂਕਣ ਲਈ ਇੱਕ ਵਿਗਿਆਨਿਕ ਅਧਾਰ ਮਿਲਣ ਦੀ ਉਮੀਦ ਹੈ। ਇਹ ਡੇਟਾ ਭਵਿੱਖ ਵਿੱਚ ਇਲੈਕਟ੍ਰਿਕ ਟਰੈਕਟਰਾਂ ਲਈ ਵਿਸ਼ੇਸ਼ ਸਵੀਕ੍ਰਿਤੀ ਮਾਪਦੰਡ ਅਤੇ ਅਨੁਕੂਲਤਾ ਮੁਲਾਂਕਣ ਯੋਜਨਾਵਾਂ ਦੇ ਵਿਕਾਸ ਵਿੱਚ ਵੀ ਸਹਾਇਕ ਹੋਵੇਗਾ। ਇਹ ਮਾਪਦੰਡ ਸੁਚਾਰੂ ਅਤੇ ਇਕਸਾਰ ਟੈਸਟਿੰਗ ਪ੍ਰਕਿਰਿਆਵਾਂ ਨੂੰ ਨਿਰਧਾਰਿਤ ਕਰਕੇ ਨਿਰਮਾਤਾਵਾਂ ਨੂੰ ਭਰੋਸੇਯੋਗ ਅਤੇ ਸੁਰੱਖਿਅਤ ਉਤਪਾਦ ਪ੍ਰਦਾਨ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ ਨਾਲ ਹੀ ਕਿਸਾਨਾਂ ਅਤੇ ਖਪਤਕਾਰਾਂ ਨੂੰ ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰਾਂ ਦੇ ਪ੍ਰਦਰਸ਼ਨ ਅਤੇ ਸਮਰੱਥਾਵਾਂ ‘ਤੇ ਵੱਧ ਵਿਸ਼ਵਾਸ ਦਿਵਾਉਂਦਾ ਹੈ।
ਭਾਰਤ ਦੇ ਫਾਰਮ ਮਕੈਨਾਈਜ਼ੇਸ਼ਨ ਈਕੋਸਿਸਟਮ ਵਿੱਚ ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰ ਇੱਕ ਉਭਰਦਾ ਹੋਇਆ ਅਤੇ ਮਹੱਤਵਪੂਰਨ ਖੇਤਰ ਹੈ। ਇਹ ਟਰੈਕਟਰ ਰਵਾਇਤੀ ਡੀਜ਼ਲ ਇੰਜਣਾਂ ਦੀ ਬਜਾਏ ਬੈਟਰੀ ਪੈਕ ਨਾਲ ਚਲਣ ਵਾਲੇ ਇਲੈਕਟ੍ਰਿਕ ਮੋਟਰਾਂ ਦੀ ਵਰਤੋਂ ਪ੍ਰੋਪੈਲਸ਼ਨ ਅਤੇ ਹੋਰ ਖੇਤੀਬਾੜੀ ਕਾਰਜਾਂ ਲਈ ਕਰਦੇ ਹਨ। ਬੈਟਰੀ ਤਕਨਾਲੋਜੀ, ਇਲੈਕਟ੍ਰਿਕ ਮੋਟਰਾਂ ਅਤੇ ਪਾਵਰ ਇਲੈਕਟ੍ਰੌਨਿਕਸ ਵਿੱਚ ਤੇਜ਼ੀ ਨਾਲ ਤਰੱਕੀ ਦੇ ਨਾਲ, ਇਲੈਕਟ੍ਰਿਕ ਟਰੈਕਟਰਾਂ ਦਾ ਹਾਲ ਦੇ ਵਰ੍ਹਿਆਂ ਵਿੱਚ ਬਹੁਤ ਵਿਕਾਸ ਹੋਇਆ ਹੈ ਜਿਸ ਨਾਲ ਕੁਸ਼ਲ ਅਤੇ ਸਮਰੱਥ ਮਸ਼ੀਨਾਂ ਦਾ ਵਿਕਾਸ ਸੰਭਵ ਹੋਇਆ ਹੈ।
ਇਹ ਟਰੈਕਟਰ ਰਵਾਇਤੀ ਡੀਜ਼ਲ-ਸੰਚਾਲਿਤ ਟਰੈਕਟਰਾਂ ਦਾ ਇੱਕ ਟਿਕਾਊ ਵਿਕਲਪ ਪ੍ਰਦਾਨ ਕਰਦੇ ਹਨ ਜਿਨ੍ਹਾਂ ਦੇ ਲਾਭਾਂ ਵਿੱਚ ਘੱਟ ਨਿਕਾਸੀ, ਘੱਟ ਸੰਚਾਲਨ ਲਾਗਤ ਅਤੇ ਬਿਹਤਰ ਸੰਚਾਲਨ ਪ੍ਰਦਰਸ਼ਨ ਸ਼ਾਮਲ ਹਨ। ਇਲੈਕਟ੍ਰਿਕ ਟਰੈਕਟਰ ਖੇਤ ਵਿੱਚ ਟੇਲਪਾਈਪ ਨਿਕਾਸੀ ਨੂੰ ਸਮਾਪਤ ਕਰਦੇ ਹਨ ਜਿਸ ਨਾਲ ਹਵਾ ਪ੍ਰਦੂਸ਼ਨ ਅਤੇ ਖੇਤੀਬਾੜੀ ਕਾਰਜਾਂ ਵਿੱਚ ਕਾਰਬਨ ਦੀ ਨਿਕਾਸੀ ਨੂੰ ਘੱਟ ਕਰਨ ਵਿੱਚ ਸਹਾਇਤਾ ਮਿਲਦੀ ਹੈ।
ਇਹ ਟਰੈਕਟਰ ਖੇਤਾਂ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਵਾਲੇ ਕਿਸਾਨਾਂ ਨੂੰ ਘੱਟ ਸ਼ੋਰ ਅਤੇ ਧੂੰਏਂ ਦੇ ਸੰਪਰਕ ਤੋਂ ਮੁਕਤੀ ਦੇ ਨਾਲ ਇੱਕ ਸਿਹਤਮੰਦ ਕੰਮ ਕਰਨ ਵਾਲਾ ਵਾਤਾਵਰਣ ਪ੍ਰਦਾਨ ਕਰਦਾ ਹੈ। ਨਾਲ ਹੀ, ਡੀਜ਼ਲ ਇੰਜਣਾਂ ਦੀ ਤੁਲਨਾ ਵਿੱਚ ਇਨ੍ਹਾਂ ਵਿੱਚ ਘੱਟ ਚਲਣ ਵਾਲੇ ਪੁਰਜ਼ੇ ਹੁੰਦੇ ਹਨ ਜਿਸ ਨਾਲ ਰੱਖ-ਰਖਾਅ ਦੀ ਜ਼ਰੂਰਤ ਘੱਟ ਹੁੰਦੀ ਹੈ, ਸੰਚਾਲਨ ਲਾਗਤ ਘੱਟ ਹੁੰਦੀ ਹੈ ਅਤੇ ਊਰਜਾ ਕੁਸ਼ਲਤਾ ਵਿੱਚ ਸੁਧਾਰ ਹੁੰਦਾ ਹੈ। ਇਹ ਟਰੈਕਟਰ ਖੇਤੀਬਾੜੀ ਖੇਤਰ ਵਿੱਚ ਡੀਜ਼ਲ ਦੀ ਖਪਤ ਨੂੰ ਘੱਟ ਕਰਨ ਵਿੱਚ ਸਹਾਇਕ ਹੁੰਦੇ ਹਨ। ਇਹ ਇਸ ਜੈਵਿਕ ਈਂਧਣ ਦੀ ਵਰਤੋਂ ਨੂੰ ਘੱਟ ਕਰਕੇ ਡੀਜ਼ਲ ਉਤਪਾਦਨ ਲਈ ਜ਼ਰੂਰੀ ਕਦੁਰਤੀ ਸੰਸਾਧਨਾਂ ਦੀ ਵਰਤੋਂ ਨੂੰ ਵੀ ਘੱਟ ਕਰਦੇ ਹਨ।
ਦੇਸ਼ ਵਿੱਚ ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰਾਂ ਦੀ ਵਰਤੋਂ ਵਧਣ ਦੇ ਨਾਲ-ਨਾਲ ਸਮਰਪਿਤ ਅਤੇ ਮਿਆਰੀ ਟੈਸਟਿੰਗ ਪ੍ਰਕਿਰਿਆਵਾਂ ਦੀ ਘਾਟ ਨੇ ਇਨ੍ਹਾਂ ਦੇ ਪ੍ਰਦਰਸ਼ਨ, ਸੁਰੱਖਿਆ ਅਤੇ ਭਰੋਸੇਯੋਗਤਾ ਦੀ ਇਕਸਾਰ ਮੁਲਾਂਕਣ ਕਰਨ ਵਿੱਚ ਚੁਣੌਂਤੀਆਂ ਪੈਦਾ ਕਰ ਦਿੱਤੀਆਂ ਹਨ। ਇਸ ਜ਼ਰੂਰਤ ਅਤੇ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਮਸ਼ੀਨੀਕਰਣ ਅਤੇ ਤਕਨਾਲੋਜੀ ਵਿਭਾਗ ਦੁਆਰਾ ਇਲੈਕਟ੍ਰਿਕ ਟਰੈਕਟਰ ਮਾਪਦੰਡਾਂ ਨੂੰ ਤਰਜੀਹ ਦੇ ਅਧਾਰ ‘ਤੇ ਬਣਾਉਣ ਦੀ ਅਪੀਲ ‘ਤੇ ਇੰਡੀਅਨ ਸਟੈਂਡਰਡ ਬਿਊਰੋ ਨੇ ਇਲੈਕਟ੍ਰਿਕ ਐਗਰੀਕਲਚਰਲ ਟਰੈਕਟਰਾਂ ਲਈ ਮਿਆਰੀ ਟੈਸਟਿੰਗ ਪ੍ਰੋਟੋਕੋਲ ਸਥਾਪਿਤ ਕਰਨ ਲਈ ਇੱਕ ਭਾਰਤੀ ਮਿਆਰ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ।
ਇਸ ਮਿਆਰ ਨੂੰ ਬਣਾਉਣ ਵਿੱਚ ਪ੍ਰਮੁੱਖ ਹਿਤਧਾਰਕਾਂ ਦੀ ਸਰਗਰਮ ਭਾਗੀਦਾਰੀ ਰਹੀ ਜਿਨ੍ਹਾਂ ਵਿੱਚ ਇਲੈਕਟ੍ਰਿਕ ਟਰੈਕਟਰ ਨਿਰਮਾਤਾ, ਟੈਸਟਿੰਗ ਅਤੇ ਪ੍ਰਮਾਣਨ ਏਜੰਸੀਆਂ, ਖੋਜ ਅਤੇ ਵਿਦਿਅਕ ਸੰਸਥਾਨ ਅਤੇ ਖੇਤੀਬਾੜੀ ਇੰਜੀਨੀਅਰਿੰਗ ਅਤੇ ਇਲੈਕਟ੍ਰਿਕ ਗਤੀਸ਼ੀਲਤਾ ਦੇ ਖੇਤਰ ਵਿੱਚ ਕੰਮ ਕਰ ਰਹੇ ਤਕਨੀਕੀ ਮਾਹਿਰ ਸ਼ਾਮਲ ਸਨ। ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਆਈਸੀਏਆਰ-ਸੈਂਟਰਲ ਇੰਸਟੀਟਿਊਟ ਆਫ਼ ਐਗਰੀਕਲਚਰਲ ਇੰਜੀਨੀਅਰਿੰਗ, ਭੋਪਾਲ, ਸੈਂਟਰਲ ਫਾਰਮ ਮਸ਼ੀਨਰੀ ਟ੍ਰੇਨਿੰਗ ਐਂਡ ਟੈਸਟਿੰਗ ਇੰਸਟੀਟਿਊਟ, ਬੁਦਨੀ, ਟਰੈਕਟਰ ਅਤੇ ਮਕੈਨਾਈਜ਼ੇਸ਼ਨ ਐਸੋਸੀਏਸ਼ਨ, ਨਵੀਂ ਦਿੱਲੀ, ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ, ਪੁਣੇ, ਆਲ ਇੰਡੀਆ ਫਾਰਮਰਜ਼ ਅਲਾਇੰਸ, ਨਵੀਂ ਦਿੱਲੀ ਆਦਿ ਦੇ ਪ੍ਰਤੀਨਿਧੀਆਂ ਨੇ ਮਿਆਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।
ਇਸ ਮਿਆਰ ਦੀ ਨੋਟੀਫਿਕੇਸ਼ਨ, ਜੋ ਸਵੈਇੱਛਤ ਹੈ, ਖੇਤੀਬਾੜੀ ਖੇਤਰ ਵਿੱਚ ਉਭਰਦੀਆਂ ਤਕਨਾਲੋਜੀਆਂ ਲਈ ਭਾਰਤ ਦੇ ਮਾਨਕੀਕਰਣ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਨਾਲ ਹੀ ਘਰੇਲੂ ਪ੍ਰਥਾਵਾਂ ਦੇ ਇਲੈਕਟ੍ਰਿਕ ਮੋਬਿਲਿਟੀ ਅਤੇ ਖੇਤੀਬਾੜੀ ਮਸ਼ੀਨੀਕਰਣ ਵਿੱਚ ਵਿਕਸਿਤ ਹੋ ਰਹੇ ਅੰਤਰਰਾਸ਼ਟਰੀ ਰੁਝਾਨਾਂ ਦੇ ਅਨੁਸਾਰ ਹੈ।
********
ਆਰਟੀ
(रिलीज़ आईडी: 2209449)
आगंतुक पटल : 7