ਕੋਲਾ ਮੰਤਰਾਲਾ
azadi ka amrit mahotsav

ਕੇਂਦਰੀ ਕੋਲਾ ਅਤੇ ਮਾਈਨਜ਼ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਸੋਧੇ ਹੋਏ ਝਰੀਆ ਮਾਸਟਰ ਪਲਾਨ ਦੇ ਤਹਿਤ ਪੁਨਰਵਾਸ ਕਾਰਜਾਂ ਦੀ ਸਮੀਖਿਆ ਕੀਤੀ


Posted On: 24 DEC 2025 5:53PM by PIB Chandigarh

ਕੇਂਦਰੀ ਕੋਲਾ ਅਤੇ ਮਾਈਨਜ਼ ਮੰਤਰੀ ਜੀ. ਕਿਸ਼ਨ ਰੈੱਡੀ ਨੇ ਆਪਣੇ ਧਨਬਾਦ ਦੇ ਦੌਰੇ ਦੇ ਦੂਜੇ ਦਿਨ, ਝਰੀਆ ਕੋਲਾ ਖੇਤਰਾਂ ਵਿੱਚ ਪੁਨਰਵਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਸੋਧੇ ਹੋਏ ਝਰੀਆ ਮਾਸਟਰ ਪਲਾਨ (ਆਰਜੇਐੱਮਪੀ) ਦੇ ਤਹਿਤ ਬੇਲਗਾਰੀਆ ਅਤੇ ਕਰਮਾਟਾਂਡ ਪੁਨਰਵਾਸ ਸਥਾਨਾਂ 'ਤੇ ਜਨਤਕ ਭਲਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸ਼੍ਰੀ ਰੈੱਡੀ ਨੂੰ ਬੀਸੀਸੀਐੱਲ ਗੈਸਟ ਹਾਊਸ ਵਿਖੇ ਸੀਆਈਐੱਸਐੱਫ ਕਰਮਚਾਰੀਆਂ ਦੁਆਰਾ ਰਸਮੀ ਗਾਰਡ ਆਫ਼ ਆਨਰ ਦਿੱਤਾ ਗਿਆ।

 

ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 25 ਜੂਨ, 2025 ਨੂੰ ਸੋਧੇ ਹੋਏ ਝਰੀਆ ਮਾਸਟਰ ਪਲਾਨ (ਆਰਜੇਐੱਮਪੀ) ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦਾ ਉਦੇਸ਼ ਝਰੀਆ ਕੋਲਾ ਖੇਤਰ ਵਿੱਚ ਮਾਈਨਜ਼ ਵਿੱਚ ਅੱਗ ਲੱਗਣ, ਜ਼ਮੀਨ ਦੇ ਡਿੱਗਣ ਅਤੇ ਪੁਨਰਵਾਸ ਨਾਲ ਸਬੰਧਿਤ ਲੰਬੇ ਸਮੇਂ ਦੀਆਂ ਚੁਣੌਤੀਆਂ ਨੂੰ ਹੱਲ ਕਰਨਾ ਹੈ। ਆਰਜੇਐੱਮਪੀ ਦੇ ਤਹਿਤ, ਸੰਕਟ ਗ੍ਰਸਤ ਖੇਤਰਾਂ ਤੋਂ ਗੈਰ-ਬੀਸੀਸੀਐੱਲ ਪਰਿਵਾਰਾਂ ਦਾ ਪੁਨਰਵਾਸ ਰਾਜ ਸਰਕਾਰ ਦੇ ਅਧੀਨ ਝਰੀਆ ਪੁਨਰਵਾਸ ਅਤੇ ਵਿਕਾਸ ਅਥਾਰਿਟੀ (ਜੇਆਰਡੀਏ) ਦੁਆਰਾ ਕੀਤਾ ਜਾ ਰਿਹਾ ਹੈ, ਜਦਕਿ ਭਾਰਤ ਕੋਕਿੰਗ ਕੋਲ ਲਿਮਟਿਡ (ਬੀਸੀਸੀਐੱਲ) ਆਪਣੇ ਸੰਚਾਲਨ ਖੇਤਰਾਂ ਦੇ ਅੰਦਰ ਪਰਿਵਾਰਾਂ ਦੇ ਪੁਨਰਵਾਸ ਲਈ ਜ਼ਿੰਮੇਵਾਰ ਹੈ।

ਬੇਲਗਾਰੀਆ ਪੁਨਰਵਾਸ ਟਾਊਨਸ਼ਿਪ

 

ਸ਼੍ਰੀ ਰੈੱਡੀ ਨੇ ਬੇਲਗਾਰੀਆ ਪੁਨਰਵਾਸ ਟਾਊਨਸ਼ਿਪ ਵਿਖੇ ਜੇਆਰਡੀਏ ਦੇ ਪ੍ਰਸ਼ਾਸਕੀ ਇਮਾਰਤ ਅਤੇ ਇੱਕ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਦੁਕਾਨ ਦਾ ਉਦਘਾਟਨ ਕੀਤਾ, ਜੋ ਕਿ 24 ਘੰਟੇ ਸ਼ਾਸਨ, ਕੁਸ਼ਲ ਕਲੋਨੀ ਪ੍ਰਬੰਧਨ ਅਤੇ ਵਸਨੀਕਾਂ ਲਈ ਸਮੇਂ ਸਿਰ ਸ਼ਿਕਾਇਤ ਨਿਵਾਰਣ ਨੂੰ ਯਕੀਨੀ ਬਣਾਉਣ ਲਈ ਸਥਾਪਿਤ ਕੀਤੀ ਗਈ ਹੈ।

ਸ਼੍ਰੀ ਰੈੱਡੀ ਨੇ ਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਵਿੱਚ ਵਧਦੀ ਆਬਾਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੜਕ ਚੌੜੀ ਕਰਨ ਦੇ ਕੰਮ (ਪੜਾਅ II ਅਤੇ III) ਸ਼ਾਮਲ ਹਨ; ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਵਾਤਾਵਰਣ ਅਨੁਕੂਲ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ 500 ਐੱਲਈਡੀ ਸੋਲਰ ਸਟਰੀਟ ਲਾਈਟਾਂ ਦੀ ਸਥਾਪਨਾ; ਪੜਾਅ IV, VI, VII ਅਤੇ VIII ਲਈ ਬਾਕੀ ਵਿਕਾਸ ਕਾਰਜ; ਅਤੇ ਪ੍ਰਾਇਮਰੀ ਸਕੂਲ ਨੂੰ ਆਧੁਨਿਕ ਕਲਾਸਰੂਮਾਂ, ਡਿਜੀਟਲ ਸਿਖਲਾਈ ਸਹੂਲਤਾਂ, ਸੈਨੀਟੇਸ਼ਨ ਬੁਨਿਆਦੀ ਢਾਂਚੇ, ਪਾਵਰ ਬੈਕਅੱਪ ਅਤੇ ਬਿਹਤਰ ਵਿਦਿਅਕ ਸਹੂਲਤਾਂ ਵਾਲੇ ਇੱਕ ਮਾਡਲ ਸਕੂਲ ਵਿੱਚ ਅਪਗ੍ਰੇਡ ਕਰਨਾ ਸ਼ਾਮਲ ਹੈ।

ਬੇਲਗਾਰੀਆ, ਜੋ ਕਿ ਜੇਆਰਡੀਏ ਦੁਆਰਾ ਵਿਕਸਿਤ ਕੀਤੀ ਗਈ ਇੱਕ ਸਭ ਤੋਂ ਵੱਡੀ ਪੁਨਰਵਾਸ ਕਲੋਨੀ ਹੈ, ਨੂੰ ਇੱਕ ਵਿਆਪਕ ਪੁਨਰਵਾਸ ਕੇਂਦਰ ਵਜੋਂ ਮੰਨਿਆ ਗਿਆ ਹੈ। ਅੱਠ ਪੜਾਵਾਂ ਵਿੱਚ 1,191 ਬਲਾਕਾਂ ਦੇ ਨਾਲ ਵਿਕਸਿਤ ਇਸ ਕਲੋਨੀ ਵਿੱਚ ਕੁੱਲ 18,272 ਘਰ ਹਨ,ਜੋ ਕਿ ਮਜ਼ਬੂਤ ​​ਨਾਗਰਿਕ, ਸਮਾਜਿਕ ਅਤੇ ਭਾਈਚਾਰਕ ਬੁਨਿਆਦੀ ਢਾਂਚੇ ਦੁਆਰਾ ਸਮਰਥਿਤ ਹਨ। ਜੇਆਰਡੀਏ ਪ੍ਰਬੰਧਕੀ ਇਮਾਰਤ ਅਤੇ ਪੀਡੀਐੱਸ ਦੁਕਾਨ ₹1.23 ਕਰੋੜ ਦੀ ਪ੍ਰੋਜੈਕਟ ਲਾਗਤ ਨਾਲ ਪੂਰੇ ਕੀਤੇ ਜਾ ਚੁੱਕੇ ਹਨ।

ਬੀਸੀਸੀਐੱਲ ਦੇ ਸੀਐੱਸਆਰ ਪ੍ਰੋਗਰਾਮ ਤਹਿਤ ਆਜੀਵਿਕਾ ਸਹਾਇਤਾ ਦੀ ਇੱਕ ਮਹੱਤਵਪੂਰਨ ਪਹਿਲ ਦੇ ਤੌਰ ‘ਤੇ ਮੁੜ ਵਸੇਬੇ ਵਾਲੇ ਪਰਿਵਾਰਾਂ ਨੂੰ 11 ਈ-ਰਿਕਸ਼ਾ ਵੰਡੀਆਂ ਗਈਆਂ, ਜੋ ਕਿ ਟਿਕਾਊ ਆਮਦਨ ਪੈਦਾ ਕਰਨ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ।

ਸ਼੍ਰੀ ਰੈੱਡੀ ਨੇ ਬੇਲਗਾਰੀਆ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਪਰਿਵਾਰਾਂ ਲਈ ਸੁਰੱਖਿਅਤ, ਸਨਮਾਨਜਨਕ ਅਤੇ ਟਿਕਾਊ ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਲਾਗੂ ਕਰਨ, ਉੱਚ-ਗੁਣਵੱਤਾ ਵਾਲੀ ਉਸਾਰੀ ਅਤੇ ਆਜੀਵਿਕਾ ਅਧਾਰਿਤ ਪੁਨਰਵਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਕਰਮਟਾਂਡ ਪੁਨਰਵਾਸ ਸਥਾਨ

ਖ਼ਤਰੇ ਵਾਲੇ ਖੇਤਰਾਂ ਤੋਂ ਮੁੜ ਵਸੇਬੇ ਵਾਲੇ ਪਰਿਵਾਰਾਂ ਲਈ ਬੀਸੀਸੀਐੱਲ ਦੁਆਰਾ ਵਿਕਸਿਤ ਕੀਤੇ ਗਏ ਕਰਮਟਾਂਡ (Karmatand) ਪੁਨਰਵਾਸ ਸਥਾਨ 'ਤੇ, ਸ੍ਰੀ ਰੈੱਡੀ ਨੇਜ਼ਿਕਰ ਕੀਤਾ ਕਿ 4,008 ਘਰ ਬਣਾਏ ਗਏ ਹਨ, ਜਿਨ੍ਹਾਂ ਵਿੱਚ ਪਾਣੀ ਅਤੇ ਬਿਜਲੀ ਸਪਲਾਈ, ਚੌੜੀਆਂ ਅੰਦਰੂਨੀ ਸੜਕਾਂ, ਸਟਰੀਟ ਲਾਈਟਾਂ ਅਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਹਨ।

 

ਕਰਮਟਾਂਡ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਰੈੱਡੀ ਨੇ ਕਿਹਾ ਕਿ ਸੋਧਿਆ ਹੋਇਆ ਝਰੀਆ ਮਾਸਟਰ ਪਲਾਨ (ਆਰਜੇਐੱਮਪੀ) ਅਸੁਰੱਖਿਅਤ ਰਿਹਾਇਸ਼, ਮਾਈਨਜ਼ ਵਿੱਚ ਅੱਗ ਅਤੇ ਜ਼ਮੀਨ ਖਿਸਕਣ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਨੂੰ ਇੱਕ ਵਿਆਪਕ ਅਤੇ ਜਨ-ਕੇਂਦ੍ਰਿਤ ਪੁਨਰਵਾਸ ਪਹੁੰਚ ਰਾਹੀਂ ਹੱਲ ਕੀਤਾ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੀਸੀਸੀਐੱਲ ਨੇ ਆਰਜੇਐੱਮਪੀ ਦੇ ਅਧੀਨ ਕਈ ਪੁਨਰਵਾਸ ਸਥਾਨ ਵਿਕਸਿਤ ਕੀਤੇ ਹਨ, ਜਿਸ ਵਿੱਚ ਕਰਮਟਾਂਡ ਇੱਕ ਪ੍ਰਮੁੱਖ ਪੁਨਰਵਾਸ ਕੇਂਦਰ ਵਜੋਂ ਉੱਭਰ ਰਿਹਾ ਹੈ।

ਮੰਤਰੀ ਮਹੋਦਯ ਨੇ ਕਰਮਟਾਂਡ ਵਿੱਚ ਸਥਿਤ ਮਿਡਲ/ਹਾਈ ਸਕੂਲ ਦਾ ਉਦਘਾਟਨ ਕੀਤਾ, ਜਿਸ ਨੂੰ ਲੋਦਨਾ ਖੇਤਰ ਤੋਂ ਇੱਕ ਨਵੀਂ ਮੁਰੰਮਤ ਕੀਤੀ ਗਈ ਇਮਾਰਤ ਵਿੱਚ ਤਬਦੀਲ ਕੀਤਾ ਗਿਆ ਹੈ। ਇਹ ਸਕੂਲ 1 ਨਵੰਬਰ, 2025 ਤੋਂ ਕਾਰਜਸ਼ੀਲ ਹੈ, ਅਤੇ ਆਧੁਨਿਕ ਫਰਨੀਚਰ ਅਤੇ ਸਹੂਲਤਾਂ ਨਾਲ ਲੈਸ ਇੱਕ ਉੱਨਤ ਬੁਨਿਆਦੀ ਢਾਂਚੇ ਰਾਹੀਂ ਮੁੜ ਵਸੇਬੇ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ।

ਮੰਤਰੀ ਨੇ ਕਰਮਟਾਂਡ ਵਿੱਚ ਮਲਟੀ-ਸਕਿੱਲ ਡਿਵੈਲਪਮੈਂਟ ਇੰਸਟੀਟਿਊਟ (ਐੱਮਐੱਸਡੀਆਈ-IV) ਦਾ ਉਦਘਾਟਨ ਵੀ ਕੀਤਾ। ਰਾਸ਼ਟਰੀ ਕੌਸ਼ਲ ਵਿਕਾਸ ਪ੍ਰੀਸ਼ਦ (ਐੱਨਐੱਸਡੀਸੀ) ਦੇ ਸਹਿਯੋਗ ਨਾਲ ਕਾਰਜਸ਼ੀਲ, ਇਹ ਸੰਸਥਾ ਗ੍ਰਾਹਕ ਸੇਵਾ ਕਾਰਜਕਾਰੀ, ਬਿਊਟੀਸ਼ੀਅਨ ਅਤੇ ਸਹਾਇਕ ਫਿਟਰ ਵਰਗੇ ਕਿੱਤਿਆਂ ਵਿੱਚ ਕੌਸ਼ਲ ਸਿਖਲਾਈ ਪ੍ਰਦਾਨ ਕਰਦੀ ਹੈ, ਜਿਸ ਵਿੱਚ ਬਜ਼ਾਰ ਦੀ ਮੰਗ ਦੇ ਅਧਾਰ 'ਤੇ ਵਿਸਤਾਰ ਕਰਨ ਦੀ ਵੀ ਸੰਭਾਵਨਾ ਹੈ।

ਸ਼੍ਰੀ ਰੈੱਡੀ ਨੇ ਕਿਹਾ ਕਿ ਕਰਮਟਾਂਡ ਵਿੱਚ ਮੁਫ਼ਤ ਈ-ਬੱਸ ਟਰਾਂਸਪੋਰਟ ਸੇਵਾਵਾਂ, ਇੱਕ ਮਾਰਕੀਟ ਕੰਪਲੈਕਸ ਅਤੇ ਸ਼ਿਕਾਇਤ ਨਿਵਾਰਣ ਵਿਧੀ ਪਹਿਲਾਂ ਤੋਂ ਹੀ ਮੌਜੂਦ ਹੈ, ਜਦਕਿ ਸਿਹਤ ਸੇਵਾਵਾਂ, ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਸਹੂਲਤਾਂ, ਭਾਈਚਾਰਕ ਬੁਨਿਆਦੀ ਢਾਂਚੇ ਅਤੇ ਆਂਗਣਵਾੜੀ ਕੇਂਦਰਾਂ ਨੂੰ ਹੋਰ ਮਜ਼ਬੂਤ ​​ਕਰਨ ਦੇ ਯਤਨ ਜਾਰੀ ਹਨ।

 

ਆਪਣੀ ਯਾਤਰਾ ਦੌਰਾਨ, ਸ਼੍ਰੀ ਰੈੱਡੀ ਨੇ ਭਾਰਤ ਕੋਕਿੰਗ ਕੋਲ ਲਿਮਿਟੇਡ ਦੇ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਉਦਘਾਟਨ ਕੀਤਾ ਜੋ ਕਿ ਸੀਸੀਟੀਵੀ ਨਿਗਰਾਨੀ, ਆਰਐੱਫਆਈਡੀ-ਅਧਾਰਿਤ ਪਹੁੰਚ ਨਿਯੰਤਰਣ, ਵਾਹਨ ਟ੍ਰੈਕਿੰਗ ਪ੍ਰਣਾਲੀ ਅਤੇ ਸਵੈ-ਚਾਲਿਤ ਤੋਲ ਸਹੂਲਤਾਂ ਸਮੇਤ ਉੱਨਤ ਡਿਜੀਟਲ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਦਾ ਹੈ,ਜਿਸ ਨਾਲ ਬੀਸੀਸੀਐੱਲ ਦੇ ਕਾਰਜਾਂ ਵਿੱਚ ਸੁਰੱਖਿਆ, ਪਾਰਦਰਸ਼ਿਤਾ ਅਤੇ ਸੰਚਾਲਨ ਕੁਸ਼ਲਤਾ ਵਿੱਚ ਵਾਧਾ ਹੁੰਦਾ ਹੈ।

ਸ਼੍ਰੀ ਰੈੱਡੀ ਨੇ ਬੀਸੀਸੀਐਲ ਦੇ ਦੁਗਧ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਵੀ ਕੀਤਾ, ਜੋ ਕਿ ਸਾਫ਼ ਊਰਜਾ ਅਪਣਾਉਣ, ਕਾਰਬਨ ਨਿਕਾਸੀ ਨੂੰ ਘਟਾਉਣ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਅਤੇ ਟਿਕਾਊ ਕਾਰਜਾਂ ਪ੍ਰਤੀ ਬੀਸੀਸੀਐੱਲ ਦੀ ਵਚਨਬੱਧਤਾ ਨੂੰ ਮਜ਼ਬੂਤ ​​ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਇਕੱਠੇ ਮਿਲ ਕੇ, ਇਹ ਪਹਿਲਕਦਮੀਆਂ ਭਾਰਤ ਸਰਕਾਰ, ਜੇਆਰਡੀਏ, ਅਤੇ ਬੀਸੀਸੀਐੱਲ ਦੀ ਝਰੀਆ ਕੋਲਾ ਖੇਤਰ ਵਿੱਚ ਮਾਈਨਿੰਗ ਗਤੀਵਿਧੀਆਂ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਸੁਰੱਖਿਅਤ ਪੁਨਰਵਾਸ, ਬਿਹਤਰ ਜੀਵਨ ਪੱਧਰ, ਵਧੇਰੇ ਰੋਜ਼ੀ-ਰੋਟੀ ਦੇ ਮੌਕੇ ਅਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀਆਂ ਹਨ। ਇਹ ਏਕੀਕ੍ਰਿਤ ਪਹੁੰਚ, ਜਿਸ ਵਿੱਚ ਰਿਹਾਇਸ਼, ਸਿੱਖਿਆ, ਸਿਹਤ ਸੰਭਾਲ, ਕੌਸ਼ਲ ਵਿਕਾਸ, ਸਾਫ਼ ਊਰਜਾ ਅਤੇ ਸਮਾਰਟ ਬੁਨਿਆਦੀ ਢਾਂਚੇ ਨੂੰ ਸ਼ਾਮਲ ਕੀਤਾ ਗਿਆ ਹੈ, ਨਾਲ ਸੋਧੇ ਹੋਏ ਝਰੀਆ ਮਾਸਟਰ ਪਲਾਨ ਦੇ ਤਹਿਤ ਪੁਨਰਵਾਸ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ ਜੀਵਨ ਪੱਧਰ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ।

****

ਸ਼ੁਹੈਬ ਟੀ/ਏਕੇ


(Release ID: 2208570) ਵਿਜ਼ੀਟਰ ਕਾਊਂਟਰ : 33