ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਆਯੋਜਿਤ ਦੋ ਦਿਨਾਂ ਇਨਫਲੂਐਂਜ਼ਾ ਚਿੰਤਨ ਸ਼ਿਵਿਰ ਤੋਂ ਫਲੂ ਦੇ ਮੌਸਮ ਤੋਂ ਪਹਿਲਾਂ ਤਿਆਰੀਆਂ ਅਤੇ ਕਾਰਵਾਈ ਲਈ ਅੰਤਰ-ਮੰਤਰੀ ਤਾਲਮੇਲ ਮਜ਼ਬੂਤ ਹੋਇਆ
ਇਸ ਦੇ ਨਤੀਜੇ ਵਜੋਂ ਇਨਫਲੂਐਂਜ਼ਾ ਦੀ ਵਿਆਪਕ ਅਤੇ ਸੁਚਾਰੂ ਤਿਆਰੀ ਸਬੰਧੀ ਚੈੱਕਲਿਸਟ ਬਣਾਈ ਗਈ ਜਿਸ ਵਿੱਚ ਨਿਗਰਾਨੀ, ਸ਼ੁਰੂਆਤੀ ਚੇਤਾਵਨੀ, ਜੋਖਮ ਦਾ ਮੁਲਾਂਕਣ, ਪ੍ਰਯੋਗਸ਼ਾਲਾ ਪ੍ਰਣਾਲੀ, ਕਲੀਨਿਕਲ ਪ੍ਰਤੀਕਿਰਿਆ ਅਤੇ ਏਕੀਕ੍ਰਿਤਕ ਸਿਹਤ ਤਾਲਮੇਲ ਸ਼ਾਮਲ ਹਨ
ਮੌਸਮੀ ਅਤੇ ਜ਼ੂਨੋਟਿਕ ਇਨਫਲੂਐਂਜ਼ਾ ਨਾਲ ਨਜਿੱਠਣ ਲਈ ਸਮੁੱਚੀ ਸਰਕਾਰ ਅਤੇ ਇੱਕ ਸਿਹਤ ਦੇ ਦ੍ਰਿਸ਼ਟੀਕੋਣ ਅਪਣਾਉਣ ‘ਤੇ ਆਮ ਸਹਿਮਤੀ ਦੇ ਨਾਲ ਚਿੰਤਨ ਸ਼ਿਵਿਰ ਦੀ ਸਮਾਪਤੀ ਹੋਈ
ਮੰਤਰਾਲਿਆਂ ਨੇ ਏਕੀਕ੍ਰਿਤ ਨਿਗਰਾਨੀ, ਮਜ਼ਬੂਤ ਪ੍ਰਯੋਗਸ਼ਾਲਾਵਾਂ ਅਤੇ ਮਿਲਜੁਲ ਕੇ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ
Posted On:
23 DEC 2025 3:39PM by PIB Chandigarh
ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐੱਨਸੀਡੀਸੀ) ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮਓਐੱਚਡਬਲਿਊ) ਵੱਲੋਂ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਭਾਰਤੀ ਦਫ਼ਤਰ ਦੇ ਸਹਿਯੋਗ ਨਾਲ 22-23 ਦਸੰਬਰ 2025 ਨੂੰ ਨਵੀਂ ਦਿੱਲੀ ਵਿੱਚ “ਇਨਫਲੂਐਂਜ਼ਾ ਦੇ ਸਬੰਧ ਵਿੱਚ ਤਿਆਰੀ ਅਤੇ ਪ੍ਰਤੀਕਿਰਿਆ ਲਈ ਅੰਤਰ-ਮੰਤਰਾਲਾ ਅਤੇ ਅੰਤਰ-ਖੇਤਰੀ ਤਾਲਮੇਲ ਨੂੰ ਮਜ਼ਬੂਤ ਕਰਨ” ਦੇ ਵਿਸ਼ੇ ‘ਤੇ ਦੋ ਦਿਨਾਂ ਇਨਫਲੂਐਂਜ਼ਾ ਚਿੰਤਨ ਸ਼ਿਵਿਰ ਦਾ ਆਯੋਜਨ ਕੀਤਾ।
ਇਸ ਚਿੰਤਨ ਸ਼ਿਵਿਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਆਫ਼ਤ ਪ੍ਰਬੰਧਨ (ਡੀਐੱਮ) ਸੈੱਲ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ), ਪਸ਼ੂਪਾਲਣ ਅਤੇ ਡੇਅਰੀ ਵਿਭਾਗ (ਡੀਏਐੱਚਡੀ) ਅਤੇ ਨੈਸ਼ਨਲ ਇੰਸਟੀਟਿਊਟ ਆਫ਼ ਹਾਈ ਸਿਕਿਓਰਿਟੀ ਐਨੀਮਲ ਡਿਜ਼ੀਜ਼ (ਐੱਨਆਈਐੱਚਐੱਸਏਡੀ) ਦੇ ਹਿਤਧਾਰਕਾਂ ਨੇ ਹਿੱਸਾ ਲਿਆ। ਇਸ ਸ਼ਿਵਿਰ ਨੇ ਇਨਫਲੂਐਂਜ਼ਾ ਦੇ ਆਗਾਮੀ ਮੌਸਮ ਤੋਂ ਪਹਿਲਾਂ ਇਸ ਨਾਲ ਨਜਿੱਠਣ ਦੀ ਤਿਆਰੀ ਅਤੇ ਪ੍ਰਤੀਕਿਰਿਆ ਵਿਧੀ ਨੂੰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰੇ ਦੇ ਉਦੇਸ਼ ਨਾਲ ਸੁਚਾਰੂ ਪਲੈਟਫਾਰਮ ਪ੍ਰਦਾਨ ਕੀਤਾ।
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਵੀਡੀਓ ਸੰਦੇਸ਼ ਰਾਹੀਂ ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇਨਫਲੂਐਂਜ਼ਾ ਨਾਲ ਨਜਿੱਠਣ ਲਈ ਉਪਯੁਕਤ ਇਕਸਾਰ ਤਿਆਰੀ ਅਤੇ ਪ੍ਰਤੀਕਿਰਿਆ ਸਬੰਧੀ ਉਪਾਵਾਂ ਦੇ ਮਹੱਤਵ ‘ਤੇ ਬਲ ਦਿੱਤਾ ਜਿਨ੍ਹਾਂ ਵਿੱਚ ਤੇਜ਼ੀ ਨਾਲ ਕਾਰਵਾਈ ਦੀ ਸਮਰੱਥਾ ਸਬੰਧੀ ਯੋਜਨਾ ਵੀ ਸ਼ਾਮਲ ਹੈ ਤਾਂ ਜੋ ਦੇਸ਼ ਦੇ ਇਨਫਲੂਐਂਜ਼ਾ ‘ਤੇ ਕੰਟਰੋਲ ਲਈ ਸਮਰੱਥ ਬਣਾਇਆ ਜਾ ਸਕੇ।
ਉਨ੍ਹਾਂ ਨੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਮਜ਼ਬੂਤ ਅਤੇ ਸਹਿਯੋਗਾਤਮਕ ਨਿਗਰਾਨੀ ਪ੍ਰਣਾਲੀਆਂ ਨੂੰ ਯਕੀਨੀ ਬਣਾਉਣ ਲਈ ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ ਨਾਲ ਕੀਤੇ ਜਾਣ ਵਾਲੇ ਯਤਨਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।


ਚਿੰਤਨ ਸ਼ਿਵਿਰ ਵਿੱਚ ਸਿਹਤ, ਪਸ਼ੂਪਾਲਣ, ਖੇਤੀਬਾੜੀ ਅਤੇ ਵਾਤਾਵਰਣ ਸਮੇਤ ਵੱਖ-ਵੱਖ ਮੰਤਰਾਲਿਆਂ ਦੇ ਲਗਭਗ 100 ਪ੍ਰਤਿਸ਼ਠਿਤ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਉਨ੍ਹਾਂ ਵਿੱਚ ਪ੍ਰਮੁੱਖ ਖੋਜ ਸੰਸਥਾਨ, ਰਾਜ ਸਰਕਾਰਾਂ ਅਤੇ ਅੰਤਰਰਾਸ਼ਟਰੀ ਭਾਗੀਦਾਰ ਵੀ ਸ਼ਾਮਲ ਸਨ, ਜਿਨ੍ਹਾਂ ਨੇ ਸਰਕਾਰ ਦੀ ‘ਇੱਕ ਸਿਹਤ’ ਅਤੇ ਸੰਪੂਰਨ ਸਰਕਾਰੀ ਦ੍ਰਿਸ਼ਟੀਕੋਣ ਨੂੰ ਹੁਲਾਰਾ ਦਿੱਤਾ।
ਜਿਨ੍ਹਾਂ ਗਿਆਰਾਂ ਰਾਜਾਂ ਵਿੱਚ ਇਨਫਲੂਐਂਜ਼ਾ ਦੇ ਮਾਮਲੇ ਦਰਜ ਕੀਤੇ ਜਾਣ ਦਾ ਪੁਰਾਣਾ ਇਤਿਹਾਸ ਹੈ, ਉਨ੍ਹਾਂ ਦੇ ਪ੍ਰਤੀਨਿਧੀ ਸ਼ਿਵਿਰ ਵਿੱਚ ਭੌਤਿਕ ਤੌਰ ‘ਤੇ ਮੌਜੁਦ ਹੋਏ ਜਦ ਕਿ ਰਾਜ ਅਤੇ ਜ਼ਿਲ੍ਹਾ ਨਿਗਰਾਨੀ ਯੂਨਿਟਾਂ ਦੇ ਆਈਡੀਐੱਸਪੀ ਅਧਿਕਾਰੀ ਇਸ ਨਾਲ ਵਰਚੁਅਲ ਮਾਧਿਅਮ ਨਾਲ ਜੁੜੇ। ਇਸ ਸ਼ਮੂਲੀਅਤ ਨਾਲ ਇਨਫਲੂਐਂਜ਼ਾ ‘ਤੇ ਕੰਟਰੋਲ ਦੇ ਸਰਵੋਤਮ ਤੌਰ-ਤਰੀਕਿਆਂ ਨੂੰ ਸਾਂਝਾ ਕਰਕੇ ਸਿੱਖਣ ਦਾ ਮੌਕਾ ਮਿਲਿਆ। ਇਸ ਦੌਰਾਨ, ਵਿਚਾਰ-ਵਟਾਂਦਰੇ ਵਿੱਚ ਤਕਨੀਕੀ ਪੇਸ਼ਕਾਰੀਆਂ, ਪੈਨਲ ਚਰਚਾਵਾਂ, ਸਮੂਹ ਕਾਰਜ ਸੈਸ਼ਨ ਅਤੇ ਰਾਜ ਪੱਧਰੀ ਪੇਸ਼ਕਾਰੀਆਂ ਸ਼ਾਮਲ ਸਨ।

ਇਨਫਲੂਐਂਜ਼ਾ ਹੁਣ ਵੀ ਵਿਸ਼ੇਸ਼ ਤੌਰ ‘ਤੇ ਛੋਟੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਪੁਰਾਣੀਆਂ ਬਿਮਾਰੀਆਂ ਨਾਲ ਪੀੜ੍ਹਤ ਵਿਅਕਤੀਆਂ ਜਿਹੇ ਸੰਵੇਦਨਸ਼ੀਲ ਵਰਗਾਂ ਲਈ ਜਨਤਕ ਸਿਹਤ ਦੀ ਮਹੱਤਵਪੂਰਨ ਚੁਣੌਤੀ ਬਣਿਆ ਹੋਇਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਆਈਡੀਐੱਸਪੀ ਨੈੱਟਵਰਕ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਵਿੱਚ ਮੌਸਮੀ ਇਨਫਲੂਐਂਜ਼ਾ ਦੇ ਰੁਝਾਨਾਂ ਦੀ ਅਸਲ ਸਮੇਂ ਵਿੱਚ ਨਿਗਰਾਨੀ ਕਰ ਰਿਹਾ ਹੈ। ਸ਼ਿਵਿਰ ਵਿੱਚ ਹੋਏ ਵਿਚਾਰ-ਵਟਾਂਦਰੇ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਪ੍ਰਭਾਵਸ਼ਾਲੀ ਤਾਲਮੇਲ ਰਾਹੀਂ ਇਨਫਲੂਐਂਜ਼ਾ ‘ਤੇ ਕੰਟਰੋਲ ਦੀ ਤਿਆਰੀ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਮੌਸਮੀ ਅਤੇ ਜਾਨਵਰਾਂ ਤੋਂ ਫੈਲਣ ਵਾਲੇ ਇਨਫਲੂਐਂਜ਼ਾ ਦੇ ਪ੍ਰਕੋਪਾਂ ਦਾ ਜਲਦੀ ਪਤਾ ਲਗਾਉਣ ਅਤੇ ਇਸ ਸਿਲਸਿਲੇ ਵਿੱਚ ਸਮੇਂ ‘ਤੇ ਕਾਰਵਾਈ ਲਈ ਨਿਗਰਾਨੀ, ਪ੍ਰਯੋਗਸ਼ਾਲਾ ਸਮਰੱਥਾ ਅਤੇ ਕਲੀਨਿਕਲ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।

ਇਨਫਲੂਐਂਜ਼ਾ ਨਾਲ ਨਜਿੱਠਣ ਦੀ ਤਿਆਰੀ ਦੇ ਸਬੰਧ ਵਿੱਚ ਇੱਕ ਸੁਚਾਰੂ ਚੈੱਕਲਿਸਟ ਦਾ ਵਿਕਾਸ ਇਨ੍ਹਾਂ ਦੋ ਦਿਨਾਂ ਦੌਰਾਨ ਵਿਸਤ੍ਰਿਤ ਵਿਚਾਰ-ਵਟਾਂਦਰੇ ਦੇ ਬਾਅਦ ਚਿੰਤਨ ਸ਼ਿਵਿਰ ਦਾ ਪ੍ਰਮੁੱਖ ਨਤੀਜਾ ਰਿਹਾ। ਇਹ ਚੈੱਕਲਿਸਟ ਕੇਂਦਰ, ਰਾਜਾਂ ਅਤੇ ਜ਼ਿਲ੍ਹਿਆਂ ਨੂੰ ਚਾਰ ਪ੍ਰਮੁੱਖ ਖੇਤਰਾਂ ਵਿੱਚ ਤਿਆਰੀ ਯੋਜਨਾ ਬਣਾਉਣ ਵਿੱਚ ਮਾਰਗਦਰਸ਼ਨ ਕਰਨ ਲਈ ਬਣਾਈ ਗਈ ਹੈ:
-
ਨਿਗਰਾਨੀ, ਸ਼ੁਰੂਆਤੀ ਚੇਤਾਵਨੀ ਅਤੇ ਜੋਖਮ ਮੁਲਾਂਕਣ
-
ਪ੍ਰਯੋਗਸ਼ਾਲਾ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣਾ
-
ਹਸਪਤਾਲਾਂ ਦੀ ਤਿਆਰੀ ਅਤੇ ਕਲੀਨਿਕਲ ਪ੍ਰਤੀਕਿਰਿਆ
-
ਸਿਹਤ ਸਬੰਧੀ ਤਾਲਮੇਲ ਅਤੇ ਜੋਖਮ ਸੰਚਾਰ ਅਤੇ ਭਾਈਚਾਰਕ ਸ਼ਮੂਲੀਅਤ (ਆਰਸੀਸੀਈ)
ਮੌਸਮੀ ਅਤੇ ਜ਼ੂਨੋਟਿਕ ਇਨਫਲੂਐਂਜ਼ਾ ਨਾਲ ਨਜਿੱਠਣ ਲਈ ਸੰਪੂਰਨ ਸਰਕਾਰੀ ਅਤੇ ਇੱਕ ਸਿਹਤ ਦਾ ਦ੍ਰਿਸ਼ਟੀਕੋਣ ਅਪਣਾਉਣ ‘ਤੇ ਆਮ ਸਹਿਮਤੀ ਦੇ ਨਾਲ ਚਿੰਤਨ ਸ਼ਿਵਿਰ ਦੀ ਸਮਾਪਤੀ ਹੋਈ। ਇਸ ਦੌਰਾਨ ਮੰਤਰਾਲਿਆਂ ਨੇ ਮਨੁੱਖੀ, ਪਸ਼ੂ ਅਤੇ ਜੰਗਲੀ ਜੀਵ ਖੇਤਰਾਂ ਵਿੱਚ ਏਕੀਕ੍ਰਿਤ ਨਿਗਰਾਨੀ ਨੂੰ ਮਜ਼ਬੂਤ ਕਰਨ, ਪ੍ਰਯੋਗਸ਼ਾਲਾ ਅਤੇ ਜੀਨੋਮਿਕ ਸਮਰੱਥਾਵਾਂ ਨੂੰ ਵਧਾਉਣ, ਸਮੇਂ ‘ਤੇ ਅੰਕੜੇ ਸਾਂਝੇ ਕਰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਅਤੇ ਖੇਤਰੀ ਕਾਰਜ ਯੋਜਨਾਵਾਂ ਨੂੰ ਮਹਾਮਾਰੀ ਨਾਲ ਨਜਿੱਠਣ ਦੀ ਤਿਆਰੀ ਦੇ ਰਾਸ਼ਟਰੀ ਢਾਂਚੇ ਦੇ ਅਨੁਸਾਰ ਬਣਾਉਣ ‘ਤੇ ਸਹਿਮਤੀ ਵਿਅਕਤ ਕੀਤੀ। ਵਿਚਾਰ-ਵਟਾਂਦਰੇ ਵਿੱਚ ਇਨਫਲੂਐਂਜ਼ਾ ਅਤੇ ਹੋਰ ਸਾਹ ਸਬੰਧੀ ਵਾਈਰਲ ਖਤਰਿਆਂ ਦੀ ਰੋਕਥਾਮ, ਉਨ੍ਹਾਂ ਦਾ ਪਤਾ ਲਗਾਉਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਤੀਕਿਰਿਆ ਲਈ ਰਾਸ਼ਟਰੀ ਪੱਧਰ ‘ਤੇ ਤਾਲਮੇਲ ਕਾਰਵਾਈ ਦੇ ਪ੍ਰਤੀ ਭਾਰਤੀ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ।
******
ਐੱਸਆਰ/ਬਲਜੀਤ
(Release ID: 2208073)
ਵਿਜ਼ੀਟਰ ਕਾਊਂਟਰ : 41