ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇਥੋਪੀਆ ਵਿੱਚ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ
प्रविष्टि तिथि:
17 DEC 2025 1:37PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਥੋਪੀਆ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਇਹ ਪ੍ਰਧਾਨ ਮੰਤਰੀ ਲਈ ਇੱਕ ਖ਼ਾਸ ਸਨਮਾਨ ਸੀ, ਜੋ ਇਥੋਪੀਆ ਦੀ ਆਪਣੀ ਪਹਿਲੀ ਦੁਵੱਲੀ ਯਾਤਰਾ 'ਤੇ ਹਨ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਭਾਰਤ ਦੇ ਲੋਕਾਂ ਵੱਲੋਂ ਇਥੋਪੀਆ ਦੇ ਸੰਸਦ ਮੈਂਬਰਾਂ ਨੂੰ ਦੋਸਤੀ ਅਤੇ ਸਦਭਾਵਨਾ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਸਦ ਨੂੰ ਸੰਬੋਧਨ ਕਰਨਾ ਅਤੇ ਲੋਕਤੰਤਰ ਦੇ ਇਸ ਮੰਦਰ ਜ਼ਰੀਏ ਇਥੋਪੀਆ ਦੇ ਆਮ ਲੋਕਾਂ, ਕਿਸਾਨਾਂ, ਉੱਦਮੀਆਂ, ਮਾਣਮੱਤੀਆਂ ਮਹਿਲਾਵਾਂ ਅਤੇ ਨੌਜਵਾਨਾਂ ਨਾਲ ਗੱਲ ਕਰਨਾ ਉਨ੍ਹਾਂ ਦੇ ਲਈ ਇੱਕ ਖ਼ੁਸ਼ਕਿਸਮਤੀ ਦੀ ਗੱਲ ਹੈ, ਜੋ ਦੇਸ਼ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ। ਉਨ੍ਹਾਂ ਨੇ ਇਥੋਪੀਆ ਦੇ ਲੋਕਾਂ ਅਤੇ ਸਰਕਾਰ ਦਾ ਉਨ੍ਹਾਂ ਨੂੰ ਸਰਬ-ਉੱਚ ਸਨਮਾਨ ਯਾਨੀ ਗ੍ਰੇਟ ਆਨਰ ਨਿਸ਼ਾਨ ਆਫ਼ ਇਥੋਪੀਆ ਦੇਣ ਲਈ ਧੰਨਵਾਦ ਕੀਤਾ। ਸਬੰਧਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਡੂੰਘੀ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਚ ਪੁਰਾਣੇ ਸਬੰਧਾਂ ਨੂੰ ਰਣਨੀਤਕ ਸਾਂਝੇਦਾਰੀ ਵਿੱਚ ਬਦਲਿਆ ਗਿਆ ਹੈ।
ਭਾਰਤ ਅਤੇ ਇਥੋਪੀਆ ਦੇ ਵਿੱਚ ਸਭਿਆਚਾਰਕ ਸਬੰਧਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੋਵੇਂ ਦੇਸ਼ ਪ੍ਰਾਚੀਨ ਗਿਆਨ ਨੂੰ ਆਧੁਨਿਕ ਇੱਛਾਵਾਂ ਨਾਲ ਜੋੜਦੇ ਹਨ। ਇਸ ਸੰਦਰਭ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਰਾਸ਼ਟਰੀ ਗੀਤ, ਵੰਦੇ ਮਾਤਰਮ ਅਤੇ ਇਥੋਪੀਆ ਦਾ ਰਾਸ਼ਟਰੀ ਗੀਤ ਦੋਵੇਂ ਆਪਣੀ ਧਰਤੀ ਨੂੰ ਮਾਂ ਵਜੋਂ ਸੰਬੋਧਿਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਦੇ ਸਾਂਝੇ ਸੰਘਰਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 1941 ਵਿੱਚ ਇਥੋਪੀਆ ਦੀ ਮੁਕਤੀ ਲਈ ਭਾਰਤੀ ਫੌਜੀਆਂ ਨੇ ਉੱਥੋਂ ਦੇ ਫੌਜੀਆਂ ਨਾਲ ਮਿਲ ਕੇ ਲੜਾਈ ਵਿੱਚ ਆਪਣਾ ਯੋਗਦਾਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਥੋਪੀਆ ਦੇ ਲੋਕਾਂ ਦੀਆਂ ਕੁਰਬਾਨੀਆਂ ਦੇ ਪ੍ਰਤੀਕ ਅਦਵਾ ਵਿਕਟਰੀ ਸਮਾਰਕ ਨੂੰ ਸ਼ਰਧਾਂਜਲੀ ਦੇਣਾ ਉਨ੍ਹਾਂ ਦੇ ਲਈ ਸਨਮਾਨ ਦੀ ਗੱਲ ਹੈ।
ਪ੍ਰਧਾਨ ਮੰਤਰੀ ਨੇ ਭਾਰਤ-ਇਥੋਪੀਆ ਸਾਂਝੇਦਾਰੀ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਪ੍ਰਗਟਾਈ। ਇਸ ਸਬੰਧ ਵਿੱਚ ਉਨ੍ਹਾਂ ਨੇ ਇਥੋਪੀਆ ਦੇ ਵਿਕਾਸ ਅਤੇ ਖ਼ੁਸ਼ਹਾਲੀ ਵਿੱਚ ਭਾਰਤੀ ਅਧਿਆਪਕਾਂ ਅਤੇ ਭਾਰਤੀ ਕਾਰੋਬਾਰਾਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਫੂਡ ਪ੍ਰੋਸੈਸਿੰਗ ਅਤੇ ਇਨੋਵੇਸ਼ਨ ਸਮੇਤ ਭਾਰਤ ਦੇ ਵਿਕਾਸ ਦੇ ਤਜਰਬੇ ਸਾਂਝੇ ਕੀਤੇ ਅਤੇ ਇਥੋਪੀਆ ਦੀਆਂ ਤਰਜੀਹਾਂ ਦੇ ਅਨੁਸਾਰ ਉਸ ਨੂੰ ਵਿਕਾਸ ਸਬੰਧੀ ਸਹਾਇਤਾ ਜਾਰੀ ਰੱਖਣ ਲਈ ਭਾਰਤ ਦੀ ਤਿਆਰੀ ਪ੍ਰਗਟ ਕੀਤੀ। "ਵਸੁਧੈਵ ਕੁਟੁੰਬਕਮ" [ਸਾਰਾ ਸੰਸਾਰ ਇੱਕ ਪਰਿਵਾਰ ਹੈ] ਦੇ ਸਿਧਾਂਤ ਵਿੱਚ ਸਮਾਈ ਮਨੁੱਖਤਾ ਦੀ ਸੇਵਾ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਦੌਰਾਨ ਇਥੋਪੀਆ ਨੂੰ ਵੈਕਸੀਨ ਦੀ ਸਪਲਾਈ ਕਰਨਾ ਭਾਰਤ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਕਾਸਸ਼ੀਲ ਦੇਸ਼ਾਂ ਦੇ ਤੌਰ 'ਤੇ ਭਾਰਤ ਅਤੇ ਇਥੋਪੀਆ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਇਕੱਠੇ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅੱਤਵਾਦ ਖ਼ਿਲਾਫ਼ ਵਿਸ਼ਵ-ਵਿਆਪੀ ਲੜਾਈ ਨੂੰ ਮਜ਼ਬੂਤ ਕਰਨ ਵਿੱਚ ਇੱਕਜੁੱਟਤਾ ਦਿਖਾਉਣ ਲਈ ਇਥੋਪੀਆ ਦਾ ਧੰਨਵਾਦ ਕੀਤਾ।
ਅਫ਼ਰੀਕੀ ਏਕਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਅਫ਼ਰੀਕੀ ਯੂਨੀਅਨ ਦੇ ਮੁੱਖ ਦਫ਼ਤਰ, ਅਦੀਸ ਅਬਾਬਾ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਪਣੀ ਪ੍ਰਧਾਨਗੀ ਦੌਰਾਨ ਜੀ20 ਵਿੱਚ ਅਫ਼ਰੀਕੀ ਯੂਨੀਅਨ ਦਾ ਸਥਾਈ ਮੈਂਬਰ ਦੇ ਤੌਰ 'ਤੇ ਸਵਾਗਤ ਕਰਦੇ ਹੋਏ ਮਾਣ ਮਹਿਸੂਸ ਹੋਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ 11 ਸਾਲਾਂ ਵਿੱਚ ਭਾਰਤ-ਅਫ਼ਰੀਕਾ ਸਬੰਧ ਕਈ ਗੁਣਾ ਵਧੇ ਹਨ ਅਤੇ ਦੋਵਾਂ ਪਾਸਿਆਂ ਦੇ ਰਾਸ਼ਟਰੀ ਅਤੇ ਸਰਕਾਰ ਦੇ ਮੁਖੀਆਂ ਦੇ ਪੱਧਰ 'ਤੇ 100 ਤੋਂ ਵੱਧ ਦੌਰੇ ਹੋਏ ਹਨ। ਉਨ੍ਹਾਂ ਨੇ ਅਫ਼ਰੀਕਾ ਦੇ ਵਿਕਾਸ ਪ੍ਰਤੀ ਭਾਰਤ ਦੀ ਡੂੰਘੀ ਵਚਨਬੱਧਤਾ 'ਤੇ ਗੱਲ ਕਰਦੇ ਹੋਏ ਜੌਹੈੱਨਸਬਰਗ ਜੀ-20 ਸੰਮੇਲਨ ਵਿੱਚ ਮਹਾਂਦੀਪ ਵਿੱਚ 10 ਲੱਖ ਟ੍ਰੇਨਰਾਂ ਨੂੰ ਸਿਖਲਾਈ ਦੇਣ ਲਈ "ਅਫ਼ਰੀਕਾ ਸਕਿੱਲ ਮਲਟੀਪਲਾਯਰ ਇਨਿਸ਼ੀਏਟੀਵ" ਸ਼ੁਰੂ ਕਰਨ ਦੇ ਆਪਣੇ ਪ੍ਰਸਤਾਵ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਇੱਕ ਸਾਥੀ ਲੋਕਤੰਤਰੀ ਦੇਸ਼ ਨਾਲ ਭਾਰਤ ਦੀ ਯਾਤਰਾ ਸਾਂਝੀ ਕਰਨ ਦਾ ਮੌਕੇ ਦੇਣ ਲਈ ਮਾਣਯੋਗ ਸਪੀਕਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਕਾਸਸ਼ੀਲ ਦੇਸ਼ ਆਪਣਾ ਭਵਿੱਖ ਖ਼ੁਦ ਲਿਖ ਰਹੇ ਹਨ।
************
ਐੱਮਜੇਪੀਐੱਸ/ ਐੱਸਟੀ
(रिलीज़ आईडी: 2205380)
आगंतुक पटल : 5
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam