ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪ੍ਰਸਾਰਣ ਦੇ ਦੋ ਦਹਾਕੇ ਪੂਰੇ ਹੋਣ ਦੇ ਮੌਕੇ ‘ਤੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਦਾ ਗੁਵਾਹਾਟੀ ਵਿੱਚ ਸੰਮੇਲਨ

प्रविष्टि तिथि: 10 DEC 2025 5:49PM by PIB Chandigarh

ਦੋ ਦਿਨਾਂ ਦੇ ਖੇਤਰੀ ਕਮਿਊਨਿਟੀ ਰੇਡੀਓ ਕਾਨਫਰੰਸ (ਪੂਰਬੀ) ਦਾ ਅੱਜ ਗੁਵਾਹਾਟੀ ਵਿੱਚ ਉਦਘਾਟਨ ਹੋਇਆ। ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਇੰਡੀਅਨ ਇੰਸਟੀਟਿਊਟ ਆਫ਼ ਮਾਸ ਕਮਿਊਨੀਕੇਸ਼ਨ (ਆਈਆਈਐੱਮਸੀ), ਨਵੀਂ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਇਸ ਕਾਨਫਰੰਸ ਦੀ ਥੀਮ ਹੈ "ਭਾਰਤ ਵਿੱਚ ਕਮਿਊਨਿਟੀ ਰੇਡੀਓ ਦੇ 20 ਵਰ੍ਹੇ ਪੂਰੇ ਹੋਣ ਦਾ ਜਸ਼ਨ"। ਪੂਰਬੀ ਅਤੇ ਉੱਤਰ-ਪੂਰਬੀ ਖੇਤਰਾਂ ਦੇ 65 ਤੋਂ ਵੱਧ ਕਮਿਊਨਿਟੀ ਰੇਡੀਓ ਸਟੇਸ਼ਨ ਇਸ ਆਯੋਜਨ ਵਿੱਚ ਹਿੱਸਾ ਲੈ ਰਹੇ ਹਨ।

ਨਵੀਂ ਦਿੱਲੀ ਸਥਿਤ ਆਈਆਈਐੱਮਸੀ ਦੇ ਵਾਈਸ ਚਾਂਸਲਰ ਡਾ. ਪ੍ਰਗਿਆ ਪਾਲੀਵਾਲ ਗੌਰ ਨੇ ਇਕੱਠ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਮਹੱਤਵਪੂਰਨ ਕਾਨਫਰੰਸ ਲਈ ਮੰਤਰਾਲੇ ਨਾਲ ਭਾਈਵਾਲੀ ਕਰਨਾ ਆਈਆਈਐੱਮਸੀ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਕਮਿਊਨਿਟੀ ਰੇਡੀਓ ਸਿਸਟਮ ਦੇ ਵਿਕਾਸ 'ਤੇ ਚਾਨਣਾ ਪਾਇਆ, ਜਿਸ ਦੇ ਤਹਿਤ ਹੁਣ ਪੂਰੇ ਭਾਰਤ ਵਿੱਚ 550 ਤੋਂ ਵੱਧ ਸਟੇਸ਼ਨ ਸੰਚਾਲਿਤ ਹੋ ਰਹੇ ਹਨ ਅਤੇ ਉੱਤਰ-ਪੂਰਬ ਸਮੇਤ ਕਈ ਹੋਰ ਸਟੇਸ਼ਨ ਵੀ ਸ਼ੁਰੂ ਹੋਣ ਦੀ ਪ੍ਰਕਿਰਿਆ ਵਿੱਚ ਹਨ। ਡਾ. ਗੌਰ ਨੇ ਜੈਡਰ ਸੰਵੇਦਨਸ਼ੀਲਤਾ ਨੂੰ ਉਤਸ਼ਾਹਿਤ ਕਰਨ, ਐਮਰਜੈਂਸੀ ਜਾਣਕਾਰੀ ਦਾ ਪ੍ਰਸਾਰ ਕਰਨ, ਮੀਡੀਆ ਸਿੱਖਿਆ ਦੇ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਲ ਕਰਨ, ਲੋਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਸਮੱਗਰੀ ਵਿਕਾਸ ਵਿੱਚ ਏਆਈ ਨੂੰ ਜ਼ਿੰਮੇਵਾਰੀ ਪੂਰਨ ਏਕੀਕ੍ਰਿਤ ਕਰਨ ਵਿੱਚ ਕਮਿਊਨਿਟੀ ਰੇਡੀਓ ਦੀ ਮਹੱਤਵਪੂਰਨ ਭੂਮਿਕਾ 'ਤੇ ਚਰਚਾ ਕੀਤੀ। ਉਨ੍ਹਾਂ ਨੇ ਹਿਤਧਾਰਕਾਂ ਨੂੰ ਕਮਿਊਨਿਟੀ ਰੇਡੀਓ ਰਾਹੀਂ ਕਮਿਊਨਿਟੀ-ਅਧਾਰਿਤ ਵਿਕਾਸ ਨੂੰ ਮਜ਼ਬੂਤ ​​ਕਰਨ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ।

ਆਈਆਈਐੱਮਸੀ ਦੇ ਰਜਿਸਟਰਾਰ ਸ਼੍ਰੀ ਐੱਲ. ਮਧੂ ਨਾਗ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਰੇਡੀਓ ਲੈਂਡਸਕੇਪ ਵਿੱਚ ਆਈਆਂ ਮਹੱਤਵਪੂਰਨ ਤਬਦੀਲੀਆਂ- ਮੁੱਖ ਧਾਰਾ ਦੇ ਐੱਫਐੱਮ ਪ੍ਰਸਾਰਣ ਤੋਂ ਲੈ ਕੇ ਕਮਿਊਨਿਟੀ ਰੇਡੀਓ ਦੇ ਇੱਕ ਸਸ਼ਕਤ ਪਲੈਟਫਾਰਮ ਵਜੋਂ ਉਭਾਰ ਤੱਕ, ਜਿੱਥੇ ਸਥਾਨਕ ਆਵਾਜ਼ਾਂ ਬੁਲੰਦ ਹੁੰਦੀਆਂ ਹਨ- ਨੂੰ ਰੇਖਾਂਕਿਤ ਕੀਤਾ। ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਮਜ਼ਬੂਤ ​​ਬਣਾਉਣ ਦੇ ਬੁਨਿਆਦੀ ਥੰਮ੍ਹਾਂ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਮਿਊਨਿਟੀ-ਅਧਾਰਿਤ ਸਮੱਗਰੀ ਸਿਰਜਣ, ਸਮਰੱਥਾ ਨਿਰਮਾਣ ਵਿੱਚ ਵਾਧਾ ਅਤੇ ਲੰਬੇ ਸਮੇਂ ਦੀ ਵਿੱਤੀ ਸਥਿਰਤਾ ਦੀ ਮਹੱਤਤਾ 'ਤੇ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਰਚਨਾਤਮਕ ਤੌਰ 'ਤੇ ਤਿਆਰ ਕੀਤੀ ਗਈ, ਸਥਾਨਕ ਪਿਛੋਕੜ ਨਾਲ ਜੁੜੀ ਸਮੱਗਰੀ ਕਮਿਊਨਿਟੀ ਰੇਡੀਓ ਦੀ ਸਫਲਤਾ ਦੇ ਲਈ ਕੇਂਦਰੀ ਮਹੱਤਤਾ ਰੱਖਦੀ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕਮਿਊਨਿਟੀ ਰੇਡੀਓ ਦੀ ਡਾਇਰੈਕਟਰ ਸੁਸ਼੍ਰੀ ਸ਼ਿਲਪਾ ਰਾਓ ਨੇ ਕਾਨਫਰੰਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਉੱਤਰ-ਪੂਰਬੀ ਖੇਤਰ ਵਿੱਚ ਕਮਿਊਨਿਟੀ ਰੇਡੀਓ ਸੈਕਟਰ ਦੇ ਵਿਕਾਸ ਅਤੇ ਮਜ਼ਬੂਤੀ​​ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅੰਡਰ ਸੈਕਟਰੀ ਸ਼੍ਰੀ ਮਹੇਂਦਰ ਮੀਣਾ ਨੇ ਕਿਹਾ ਕਿ ਕਮਿਊਨਿਟੀ ਰੇਡੀਓ ਸਟੇਸ਼ਨ ਦੇਸ਼ ਦੇ ਹਰ ਕੋਨੇ ਤੱਕ ਸੰਚਾਰ ਲਈ ਲਾਜ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਮਿਊਨਿਟੀ ਰੇਡੀਓ ਸਟੇਸ਼ਨ ਭਾਈਚਾਰੇ ਦੀ ਪ੍ਰਮਾਣਿਕ ​​ਆਵਾਜ਼ ਨੂੰ ਸਸ਼ਕਤ ਕਰਦੇ ਹਨ ਅਤੇ ਐਮਰਜੈਂਸੀ ਸਥਿਤੀਆਂ ਅਤੇ ਵਿਕਾਸ ਪ੍ਰੋਗਰਾਮਾਂ ਦੌਰਾਨ ਲੋਕਾਂ ਨੂੰ ਸਹੀ ਜਾਣਕਾਰੀ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਨੇ ਕਮਿਊਨਿਟੀ ਰੇਡੀਓ ਅੰਦੋਲਨ ਦੇ ਪ੍ਰਤੀ ਮੰਤਰਾਲੇ ਦੇ ਨਿਰੰਤਰ ਸਹਾਇਤਾ ਦੀ ਪੁਸ਼ਟੀ ਕੀਤੀ।

ਕਾਨਫਰੰਸ ਦੇ ਕਨਵੀਨਰ ਪ੍ਰੋਫੈਸਰ (ਡਾ.) ਸੰਗੀਤਾ ਪ੍ਰਣਵੇਂਦਰ ਨੇ ਗੁਵਾਹਾਟੀ ਆਉਣ ਅਤੇ ਭਾਰਤ ਦੇ ਕਮਿਊਨਿਟੀ ਰੇਡੀਓ ਅੰਦੋਲਨ ਦੇ ਦੋ ਦਹਾਕਿਆਂ ਦੇ ਸਮੂਹਿਕ ਜਸ਼ਨ ਵਿੱਚ ਸ਼ਾਮਲ ਹੋਣ ਲਈ ਸਾਰੇ ਭਾਗੀਦਾਰਾਂ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ ਨੇ ਕਮਿਊਨਿਟੀ ਰੇਡੀਓ ਕਾਰਕੁਨਾਂ ਅਤੇ ਮਾਹਿਰਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ, ਜੋ ਪੂਰੇ ਖੇਤਰ ਵਿੱਚ ਜ਼ਮੀਨੀ ਪੱਧਰ 'ਤੇ ਪ੍ਰਸਾਰਣ ਨੂੰ ਮਜ਼ਬੂਤ ​​ਕਰਨ ਵਿੱਚ ਲੱਗੇ ਹੋਏ ਹਨ।

ਕਾਨਫਰੰਸ ਦੇ ਪਹਿਲੇ ਦਿਨ ਕਈ ਤਕਨੀਕੀ ਅਤੇ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤੇ ਗਏ। ਦੂਰਸੰਚਾਰ ਮੰਤਰਾਲੇ ਦੇ ਡਿਪਟੀ ਵਾਇਰਲੈੱਸ ਐਡਵਾਈਜ਼ਰ ਸ਼੍ਰੀ ਮਨੀਸ਼ ਸ਼ੀਲਵੰਤ ਨੇ ਟ੍ਰਾਂਸਮੀਟਰ ਰਿਪਲੈਸਮੈਂਟ ਅਤੇ ਸਰਲ ਸੰਚਾਰ ਪੋਰਟਲ 'ਤੇ ਮਾਈਗ੍ਰੇਸ਼ਨ ਬਾਰੇ ਵਿਸਥਾਰ ਨਾਲ ਦੱਸਿਆ, ਨਾਲ ਹੀ ਵਲੰਟੀਅਰ ਲਾਇਸੈਂਸ ਨਵੀਨੀਕਰਨ ਲਈ ਅਰਜ਼ੀ ਦੇਣ ਬਾਰੇ ਮਾਰਗਦਰਸ਼ਨ ਵੀ ਦਿੱਤਾ।

ਪ੍ਰੋਫੈਸਰ (ਡਾ.) ਕੰਚਨ ਕੇ. ਮਲਿਕ ਨੇ ਲਿੰਗ-ਅਧਾਰਿਤ ਪ੍ਰੋਗਰਾਮਿੰਗ ਦੀ ਸਾਰਥਕਤਾ ਅਤੇ ਸੀਆਰਐੱਸ ਪ੍ਰੋਗਰਾਮਿੰਗ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਸਮੁੱਚੇ ਸਮੱਗਰੀ ਪ੍ਰਬੰਧਨ ਅਤੇ ਪ੍ਰਸਾਰਣ ਵਿੱਚ ਉਨ੍ਹਾਂ ਦੀ ਭਾਗੀਦਾਰੀ 'ਤੇ ਜ਼ੋਰ ਦਿੱਤਾ।

ਪੂਰਬੀ ਖੇਤਰ ਵਿੱਚ ਕਮਿਊਨਿਟੀ ਰੇਡੀਓ ਨੂੰ ਉਤਸ਼ਾਹਿਤ ਕਰਨ ਵਿੱਚ ਰਾਜ ਸਰਕਾਰਾਂ ਦੀ ਭਾਗੀਦਾਰਾਂ ‘ਤੇ ਇੱਕ ਪੈਨਲ ਚਰਚਾ ਆਯੋਜਿਤ ਕੀਤੀ ਗਈ, ਜਿਸ ਦਾ ਸੰਚਾਲਨ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਅਮਿਤ ਦ੍ਵਿਵੇਦੀ ਨੇ ਕੀਤਾ। ਇਸ ਚਰਚਾ ਵਿੱਚ ਬਿਹਾਰ, ਮਣੀਪੁਰ, ਅਸਾਮ, ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਕਮਿਊਨਿਟੀ ਰੇਡੀਓ ਕਾਰਕੁਨਾਂ ਨੇ ਹਿੱਸਾ ਲਿਆ।

ਪਹਿਲੇ ਦਿਨ ਸੈਸ਼ਨ ਵਿੱਚ ਮੈਸੂਰ ਸਥਿਤ ਕੇਂਦਰੀ ਭਾਰਤੀ ਭਾਸ਼ਾ ਸੰਸਥਾਨ ਦੇ ਪ੍ਰੋਫੈਸਰ ਉਮਾ ਪੱਪੂਸਵਾਮੀ ਦੁਆਰਾ "ਸਵਦੇਸ਼ੀ ਭਾਸ਼ਾਵਾਂ ਦਾ ਪ੍ਰਚਾਰ ਅਤੇ ਸੰਭਾਲ ਅਤੇ CRS’ ਵਿਸ਼ੇ 'ਤੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ CRS ਦੇ ਕੁਦਰਤੀ ਅਤਿ-ਸਥਾਨਕ ਹੋਣ ਕਾਰਨ, ਸਵਦੇਸ਼ੀ ਭਾਸ਼ਾਵਾਂ ਦੀ ਸੰਭਾਲ ਅਤੇ ਪ੍ਰਚਾਰ ਸੀਆਰਐੱਸ ਰਾਹੀਂ ਸਭ ਤੋਂ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ।

ਪ੍ਰੋਗਰਾਮ ਦੀ ਸਮਾਪਤੀ ਓਡੀਸ਼ਾ ਦੇ ਕੋਣਾਰਕ ਸਥਿਤ ਰੇਡੀਓ ਨਮਸਕਾਰ ਦੇ ਡਾਇਰੈਕਟਰ ਸ਼੍ਰੀ ਐੱਨ.ਏ. ਸ਼ਾਹ ਅੰਸਾਰੀ ਦੁਆਰਾ ਕਮਿਊਨਿਟੀ-ਅਧਾਰਿਤ ਸਮੱਗਰੀ 'ਤੇ ਦਿੱਤੇ ਗਏ ਇੱਕ ਸੈਸ਼ਨ ਨਾਲ ਹੋਈ। ਉਨ੍ਹਾਂ ਨੇ ਕਮਿਊਨਿਟੀ ਸਮੱਗਰੀ ਤਿਆਰ ਕਰਦੇ ਸਮੇਂ ਆਪਣਾਏ ਜਾਣ ਵਾਲੇ ਸਭ ਤੋਂ ਉੱਤਮ ਅਭਿਆਸਾਂ 'ਤੇ ਚਾਨਣਾ ਪਾਇਆ।

ਇਹ ਕਾਨਫਰੰਸ ਕਮਿਊਨਿਟੀ ਰੇਡੀਓ ਨਾਲ ਜੁੜੇ ਲੋਕਾਂ ਨੂੰ ਅਨੁਭਵ ਸਾਂਝੇ ਕਰਨ, ਚਿੰਤਾਵਾਂ ਨੂੰ ਲੈ ਕੇ ਆਵਾਜ਼ ਉਠਾਉਣ, ਨਵੀਨਤਾਕਾਰੀ ਦ੍ਰਿਸ਼ਟੀਕੋਣਾਂ ਨੂੰ ਪਤਾ ਲਗਾਉਣ ਅਤੇ ਪੂਰਬੀ ਅਤੇ ਉੱਤਰ-ਪੂਰਬੀ ਖੇਤਰਾਂ ਵਿੱਚ ਜ਼ਮੀਨੀ ਪੱਧਰ ਦੇ ਪ੍ਰਸਾਰਣ ਦੇ ਭਵਿੱਖ ਨੂੰ ਸਮੂਹਿਕ ਤੌਰ 'ਤੇ ਮਜ਼ਬੂਤ ​​ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੀ ਹੈ।

***********

ਪੀਜੀ/ਐੱਸਐੱਮ/ਏਕੇ


(रिलीज़ आईडी: 2205336) आगंतुक पटल : 21
इस विज्ञप्ति को इन भाषाओं में पढ़ें: English , Urdu , हिन्दी , Assamese , Telugu