ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲਾ ਅਤੇ ਵਿਸ਼ਵ ਸਿਹਤ ਸੰਗਠਨ ਨੇ ਮਹਿਲਾਵਾਂ ਅਤੇ ਲੜਕੀਆਂ ਦੀ ਸਿਹਤ ਅਤੇ ਭਲਾਈ ਲਈ ਦਿੱਲੀ ਮੈਟਰੋ ਅਭਿਆਨ ਸ਼ੁਰੂ ਕੀਤਾ
ਮਹਿਲਾਵਾਂ ਦੇ ਸਿਹਤਮੰਦ ਹੋਏ ਬਿਨਾ ਕੋਈ ਪਰਿਵਾਰ ਜਾਂ ਰਾਸ਼ਟਰ ਸਹੀ ਮਾਇਨੇ ਵਿੱਚ ਤਰੱਕੀ ਨਹੀਂ ਕਰ ਸਕਦਾ: ਸ਼੍ਰੀਮਤੀ ਪੁਣਯਾ ਸਲਿਲਾ ਸ੍ਰੀਵਾਸਤਵ, ਕੇਂਦਰੀ ਸਿਹਤ ਸਕੱਤਰ
“ਲਿੰਗ ਨਿਰਧਾਰਣ ਅਤੇ ਚੋਣ ਲਈ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਅਭਿਆਸਾਂ ਨੂੰ ਰੋਕਣਾ ਹੋਵੇਗਾ ਅਤੇ ਲੋਕਾਂ ਨੂੰ ਇਸ ਸਬੰਧ ਵਿੱਚ ਜਾਗਰੂਕ ਕਰਨਾ ਜ਼ਰੂਰੀ ਹੈ”
ਸਿਹਤਮੰਦ ਮਹਿਲਾਵਾਂ ਇੱਕ ਸਵਸਥ ਪਰਿਵਾਰ, ਭਾਈਚਾਰੇ ਅਤੇ ਇੱਕ ਸਵਸਥ ਰਾਸ਼ਟਰ ਦੇ ਥੰਮ੍ਹ ਹਨ: ਡਾ. ਕੈਥਰੀਨਾ ਬੋਹੇਮ, ਅਧਿਕਾਰੀ-ਇੰਚਾਰਜ, ਵਿਸ਼ਵ ਸਿਹਤ ਸੰਗਠਨ-ਦੱਖਣ ਏਸ਼ੀਆ ਖੇਤਰ
प्रविष्टि तिथि:
10 DEC 2025 11:40AM by PIB Chandigarh
ਕੇਂਦਰੀ ਸਿਹਤ ਮੰਤਰਾਲੇ ਨੇ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਸੁਲਤਾਨਪੁਰ ਮੈਟਰੋ ਸਟੇਸ਼ਨ ‘ਤੇ ਮਹਿਲਾਵਾਂ ਅਤੇ ਲੜਕੀਆਂ ਦੀ ਸਿਹਤ ਅਤੇ ਭਲਾਈ ‘ਤੇ ਇੱਕ ਮਹੀਨੇ ਦੇ ਦਿੱਲੀ ਮੈਟ੍ਰੋ ਅਭਿਆਨ ਦੀ ਸ਼ੁਰੂਆਤ ਕੀਤੀ। 10 ਦਸੰਬਰ 2025 ਤੋਂ 10 ਜਨਵਰੀ 2026 ਤੱਕ ਚਲਣ ਵਾਲੇ ਇਸ ਅਭਿਆਨ ਦਾ ਉਦੇਸ਼ ਮੈਟ੍ਰੋ ਟ੍ਰੇਨਾਂ ਅਤੇ ਚੁਣੇ ਹੋਏ ਸਟੇਸ਼ਨਾਂ ‘ਤੇ ਪ੍ਰਦਰਸ਼ਿਤ ਸੰਦੇਸ਼ਾਂ ਰਾਹੀਂ ਲੱਖਾਂ ਯਾਤਰੀਆਂ ਤੱਕ ਪਹੁੰਚਾਉਣਾ ਹੈ। ਇਨ੍ਹਾਂ ਸੰਦੇਸ਼ਾਂ ਵਿੱਚ ਮਹਿਲਾਵਾਂ ਦੀ ਸੁਰੱਖਿਆ, ਸਿਹਤ ਅਤੇ ਭਲਾਈ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ, ਡਿਜੀਟਲ ਵੰਡ ਨੂੰ ਘੱਟ ਕਰਨਾ; ਮਹਿਲਾਵਾਂ ਲਈ ਮਾਨਸਿਕ ਸਿਹਤ ਸਹਾਇਤਾ ਦੀ ਪਹੁੰਚ ਵਿੱਚ ਸੁਧਾਰ ਕਰਨਾ; ਜਣੇਪੇ ਤੋਂ ਬਾਅਦ ਦੀ ਬਿਮਾਰੀ ਦੀ ਰੋਕਥਾਮ ਅਤੇ ਬਾਲ ਰੋਗ ਦੀ ਰੋਕਥਾਮ ਅਤੇ ਟੀਬੀ ਬਾਰੇ ਜਾਗਰੂਕਤਾ ਫੈਲਾਉਣਾ ਸ਼ਾਮਲ ਹੈ।

ਇਸ ਮੌਕੇ ‘ਤੇ ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਕਿਹਾ ਕਿ ਮਹਿਲਾਵਾਂ ਦੇ ਸਿਹਤਮੰਦ ਹੋਏ ਬਿਨਾ ਕੋਈ ਵੀ ਪਰਿਵਾਰ ਜਾਂ ਰਾਸ਼ਟਰ ਸਹੀ ਮਾਇਨੇ ਵਿੱਚ ਤਰੱਕੀ ਨਹੀਂ ਕਰ ਸਕਦਾ। ਮਹਿਲਾਵਾਂ ਦੀ ਸਿਹਤ ਅਤੇ ਸੁਰੱਖਿਆ ਅਤਿਅੰਤ ਮਹੱਤਵਪੂਰਨ ਮੁੱਦੇ ਹਨ। ਦਿੱਲੀ ਮੈਟ੍ਰੋ ਦੇ ਇਸ ਅਭਿਆਨ ਰਾਹੀਂ ਅਸੀਂ ਇਸ ਸੰਦੇਸ਼ ਨੂੰ ਵਿਆਪਕ ਜਨਤਕ ਭਾਈਚਾਰੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਇਹ ਸੰਦੇਸ਼ ਨੂੰ ਸਿੱਧੇ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਸਸ਼ਕਤ ਮਾਧਿਅਮ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟੀਬੀ ਜਾਗਰੂਕਤਾ, ਡਿਜੀਟਲ ਵੰਡ ਨੂੰ ਘੱਟ ਕਰਨ, ਪੀਸੀ ਐਂਡ ਪੀਐੱਨਡੀਟੀ ਐਕਟ, 1994 ਅਤੇ ਹੋਰ ਪ੍ਰਮੁੱਖ ਮੁੱਦਿਆਂ ‘ਤੇ ਸੰਦੇਸ਼ ਮੈਟ੍ਰੋ ਦੇ ਕੋਚਾਂ ਦੇ ਅੰਦਰ ਅਤੇ ਬਾਹਰ ਦੋਵੇਂ ਜਗ੍ਹਾ ਪ੍ਰਦਰਸ਼ਿਤ ਕੀਤੇ ਗਏ ਹਨ।

ਲਿੰਗ ਨਿਰਧਾਰਣ ਅਤੇ ਚੋਣ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਤਕਨੀਕਾਂ ਦੀ ਵਧਦੀ ਪਹੁੰਚਯੋਗਤਾ ‘ਤੇ ਬੋਲਦੇ ਹੋਏ ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਪਹਿਲਾਂ ਲੋਕ ਭਰੂਣ ਦਾ ਲਿੰਗ ਨਿਰਧਾਰਿਤ ਕਰਨ ਲਈ ਅਲਟ੍ਰਾਸਾਊਂਡ ‘ਤੇ ਨਿਰਭਰ ਸਨ। ਹੁਣ ਇਸ ਉਦੇਸ਼ ਲਈ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਅਭਿਆਸਾਂ ਨੂੰ ਬੰਦ ਕਰਨਾ ਹੋਵੇਗਾ ਅਤੇ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਕਰਨਾ ਜ਼ਰੂਰੀ ਹੈ।
ਵਿਸ਼ਵ ਸਿਹਤ ਸੰਗਠਨ, ਦੱਖਣ ਪੂਰਬ ਏਸ਼ੀਆ ਦੀ ਇੰਚਾਰਜ ਅਧਿਕਾਰੀ ਡਾ. ਕੈਥਰੀਨਾ ਬੋਹੇਮ ਨੇ ਕਿਹਾ ਕਿ ਇਸ ਮੈਟ੍ਰੋ ਸਟੇਸ਼ਨ ‘ਤੇ ਕੁਝ ਯਾਤਰਾਵਾਂ ਸਮਾਪਤ ਹੁੰਦੀਆਂ ਹਨ ਅਤੇ ਕੁਝ ਸ਼ੁਰੂ ਹੁੰਦੀਆਂ ਹਨ। ਅੱਜ ਲੈਂਗਿਕ ਹਿੰਸਾ ਦੇ ਵਿਰੁੱਧ 16 ਦਿਨਾਂ ਦੇ ਅਭਿਆਨ ਦਾ ਆਖਰੀ ਦਿਨ ਹੈ। ਅਤੇ ਜਿਵੇਂ ਹੀ ਇਹ ਅਭਿਆਨ ਸਮਾਪਤ ਹੁੰਦਾ ਹੈ, ਇੱਕ ਨਵਾਂ ਅਭਿਆਨ ਸ਼ੁਰੂ ਹੁੰਦਾ ਹੈ। ਸਾਨੂੰ ਮਹਿਲਾਵਾਂ ਅਤੇ ਲੜਕੀਆਂ ਦੀ ਸਿਹਤ ਅਤੇ ਭਲਾਈ ਲਈ ਦਿੱਲੀ ਮੈਟ੍ਰੋ ਅਭਿਆਨ ਸ਼ੁਰੂ ਕਰਦੇ ਹੋਏ ਮਾਣ ਹੋ ਰਿਹਾ ਹੈ, ਜੋ ਦੋ ਸਰਲ ਅਤੇ ਸਥਾਈ ਸੱਚਾਈਆਂ ‘ਤੇ ਅਧਾਰਿਤ ਹਨ: ਸਵਸਥ ਮਹਿਲਾਵਾਂ= ਸਵਸਥ ਰਾਸ਼ਟਰ ਅਤੇ #ਕਿਉਂਕਿ ਉਹ ਮਹੱਤਵਪੂਰਨ ਹੈ (BecozSheMatter)।
ਡਾ. ਬੋਹੇਮ ਨੇ ਅੱਗੇ ਕਿਹਾ ਕਿ ਸਿਹਤਮੰਦ ਮਹਿਲਾਵਾਂ ਇੱਕ ਸਵਸਥ ਪਰਿਵਾਰ, ਭਾਈਚਾਰਾ ਅਤੇ ਇੱਕ ਸਵਸਥ ਰਾਸ਼ਟਰ ਦੇ ਥੰਮ੍ਹ ਹਨ। ਇਸ ਲਈ ਮਹਿਲਾਵਾਂ ਅਤੇ ਲੜਕੀਆਂ ਦੀ ਸਿਹਤ, ਜਿਸ ਵਿੱਚ ਉਨ੍ਹਾਂ ਦੀ ਮਾਨਸਿਕ ਸਿਹਤ ਵੀ ਸ਼ਾਮਲ ਹੈ, ਨਾ ਸਿਰਫ਼ ਉਨ੍ਹਾਂ ਦੀ ਭਲਾਈ ਲਈ, ਸਗੋਂ ਸਭ ਤੋਂ ਮਹੱਤਵਪੂਰਨ ਤੌਰ ‘ਤੇ ਸਾਡੀ ਭਲਾਈ ਲਈ ਵੀ ਮਹੱਤਵਪੂਰਨ ਹੈ ।

ਭਾਰਤ, ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ, ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ, ਮਿਸ਼ਨ ਸ਼ਕਤੀ, ਨਿਰਭਯਾ ਫੰਡ ਅਤੇ ਆਯੁਸ਼ਮਾਨ ਭਾਰਤ ਜਿਹੀਆਂ ਵੱਖ-ਵੱਖ ਰਾਸ਼ਟਰੀ ਪਹਿਲਕਦਮੀਆਂ ਰਾਹੀਂ ਮਹਿਲਾਵਾਂ ਦੀ ਸਿਹਤ ਅਤੇ ਸਸ਼ਕਤੀਕਰਣ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸੁਸ਼੍ਰੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੀਆਂ ਸਹਿਯੋਗੀ ਏਜੰਸੀਆਂ ਦੇ ਨਾਲ ਮਿਲ ਕੇ ਇਸ ਪਹਿਲ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਸ਼ੁਰੂਆਤੀ ਪ੍ਰੋਗਰਾਮ ਵਿੱਚ ਮਹਿਲਾਵਾਂ ਦੇ ਬੈਂਡ ਵੈਬਹੋਰ ਦੀ ਪੇਸ਼ਕਾਰੀ ਵੀ ਸ਼ਾਮਲ ਸੀ, ਜੋ ਅਭਿਆਨ ਦੀ ਸਮੂਹਿਕ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਮਹਿਲਾਵਾਂ ਦੇ ਲਚਕੀਲੇਪਣ, ਗਰਿਮਾ ਅਤੇ ਸਸ਼ਕਤੀਕਰਣ ਦਾ ਜਸ਼ਨ ਮਨਾਉਂਦੀ ਹੈ। ਇਸ ਤੋਂ ਬਾਅਦ ਪਤਵੰਤਿਆਂ ਅਤੇ ਭਾਗੀਦਾਰਾਂ ਨੇ ਉਦਘਾਟਨ ਅਭਿਆਨ ਦੀ ਸਵਾਰੀ ਵਿੱਚ ਹਿੱਸਾ ਲਿਆ, ਜੋ ਮਹਿਲਾਵਾਂ ਅਤੇ ਲੜਕੀਆਂ ਦੀ ਸੁਰੱਖਿਆ, ਸਨਮਾਨ ਅਤੇ ਭਲਾਈ ਨੂੰ ਹੁਲਾਰਾ ਦੇਣ ਦੀ ਸਾਂਝੀ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ।
ਦਿੱਲੀ ਮੈਟ੍ਰੋ ਨੂੰ ਪੂਰੇ ਸ਼ਹਿਰ ਵਿੱਚ ਇਨ੍ਹਾਂ ਸਸ਼ਕਤ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨ ਲਈ ਧੰਨਵਾਦ ਦਿੰਦੇ ਹੋਏ ਡਾ. ਬੋਹੇਮ ਨੇ ਇਸ ਅਭਿਆਨ ਨੂੰ ਅੱਗੇ ਵਧਾਉਣ ਲਈ ਸਮੂਹਿਕ ਕਾਰਵਾਈ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, “ਇਸ ਮਹੱਤਵਪੂਰਨ ਯਾਤਰਾ ਵਿੱਚ ਸਹਿ –ਯਾਤਰੀ ਬਣਨ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਇਸ ਸੰਦੇਸ਼ ਨੂੰ ਫੈਲਾਉਣ ਵਿੱਚ ਮਦਦ ਕਰੋ ਅਤੇ ਇਕਜੁੱਟ ਹੋਵੋ ਕਿਉਂਕਿ ਸਵਸਥ ਮਹਿਲਾਵਾਂ ਸਵਸਥ ਰਾਸ਼ਟਰਾਂ ਦਾ ਨਿਰਮਾਣ ਕਰਦੀਆਂ ਹਨ।”


ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਮੀਰਾ ਸ੍ਰੀਵਾਸਤਵ, ਕੇਂਦਰੀ ਸਿਹਤ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਗੀਤੂ ਜੋਸ਼ੀ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
*********
ਐੱਸਆਰ
(रिलीज़ आईडी: 2201600)
आगंतुक पटल : 3