ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਵਿਗਿਆਨ ਭਵਨ ਵਿੱਚ ਵਿਸ਼ਵ ਏਡਸ ਦਿਵਸ 2025 ਪ੍ਰੋਗਰਾਮ ਦਾ ਉਦਘਾਟਨ ਕੀਤਾ
ਭਾਰਤ ਨਾ ਸਿਰਫ ਆਪਣੇ ਲੋਕਾਂ ਦੀ ਰੱਖਿਆ ਕਰ ਰਿਹਾ ਹੈ, ਸਗੋਂ ਏਡਸ ਦੇ ਨਿਯੰਤਰਣ ਵਿੱਚ ਦੁਨੀਆ ਦੀ ਮਦਦ ਵੀ ਕਰ ਰਿਹਾ ਹੈ: ਸ਼੍ਰੀ ਨੱਡਾ
ਭਾਰਤ ਵਿੱਚ ਐੱਚਆਈਵੀ ਦੇ ਨਵੇਂ ਸੰਕਰਮਣ ਅਤੇ ਏਡਸ ਨਾਲ ਸਬੰਧਿਤ ਮੌਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਆਲਮੀ ਔਸਤ ਤੋਂ ਜ਼ਿਆਦਾ ਹੈ: ਸ਼੍ਰੀ ਨੱਡਾ
ਸਰਕਾਰ ਨੇ ਅਧਿਕਾਰ-ਅਧਾਰਿਤ, ਸਮਾਵੇਸ਼ ਅਤੇ ਕਲੰਕ-ਮੁਕਤ ਐੱਚਆਈਵੀ ਪ੍ਰਤੀਕ੍ਰਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ
ਸ਼੍ਰੀ ਨੱਡਾ ਨੇ ਨਵੇਂ ਮਲਟੀਮੀਡੀਆ ਅਭਿਆਨ ਅਤੇ ਪ੍ਰਮੁੱਖ ਰਾਸ਼ਟਰੀ ਐੱਚਆਈਵੀ ਪ੍ਰੋਗਰਾਮ ਰਿਪੋਰਟ ਨੂੰ ਲਾਂਚ ਕੀਤਾ
ਭਾਰਤ ਨੇ ਵਿਸਤ੍ਰਿਤ ਟੈਸਟਿੰਗ, ਇਲਾਜ ਅਤੇ ਵਾਇਰਲ ਲੋਡ ਨੂੰ ਘਟ ਕਰਨ ਦੇ ਨਾਲ 95-95-95 ਟੀਚਿਆਂ ਦੀ ਦਿਸ਼ਾ ਵਿੱਚ ਤੇਜ਼ ਪ੍ਰਗਤੀ ਕੀਤੀ
प्रविष्टि तिथि:
01 DEC 2025 7:25PM by PIB Chandigarh
ਵਿਸ਼ਵ ਏਡਸ ਦਿਵਸ ਦੇ ਮੌਕੇ 'ਤੇ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਥੇ ਵਿਗਿਆਨ ਭਵਨ ਵਿੱਚ ਵਿਸ਼ਵ ਏਡਸ ਦਿਵਸ 2025 ਦੇ ਰਾਸ਼ਟਰੀ ਸਮਾਗਮ ਦਾ ਉਦਘਾਟਨ ਕੀਤਾ ਅਤੇ ਏਡਸ ਨੂੰ ਇੱਕ ਜਨਤਕ ਸਿਹਤ ਖਤਰੇ ਵਜੋਂ ਖ਼ਤਮ ਕਰਨ ਸਬੰਧੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ।

ਆਪਣੇ ਮੁੱਖ ਭਾਸ਼ਣ ਵਿੱਚ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਇਹ ਦਿਨ ਸਾਡੀ ਪ੍ਰਤੀਬੱਧਤਾ ਨੂੰ ਦੁਹਰਾਉਣ, ਅਤੀਤ ਤੋਂ ਸਿੱਖੇ ਗਏ ਸਬਕ 'ਤੇ ਵਿਚਾਰ ਕਰਨ ਅਤੇ ਮੌਜੂਦਾ ਸਮੇਂ ਅਤੇ ਭਵਿੱਖ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਆਪਣਾਉਣ ਦਾ ਇੱਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਨੇ ਰਾਸ਼ਟਰੀ ਏਡਸ ਅਤੇ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ ਨਿਯੰਤਰਣ ਪ੍ਰੋਗਰਾਮ ਤਹਿਤ ਭਾਰਤ ਦੀ ਨਿਰੰਤਰ ਪ੍ਰਗਤੀ 'ਤੇ ਚਾਨਣਾ ਪਾਉਣ ਅਤੇ ਅਧਿਕਾਰ-ਅਧਾਰਿਤ, ਕਲੰਕ-ਮੁਕਤ ਅਤੇ ਸਮਾਵੇਸ਼ੀ ਐੱਚਆਈਵੀ ਪ੍ਰਤੀਕ੍ਰਿਆ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ। ਕੇਂਦਰੀ ਮੰਤਰੀ ਨੇ ਇੱਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪ੍ਰਮੁੱਖ ਪ੍ਰਗੋਰਾਮ ਖੇਤਰਾਂ ਵਿੱਚ ਠੋਸ ਅਤੇ ਨਿਰੰਤਰ ਗਤੀ ਪ੍ਰਦਰਸ਼ਿਤ ਕਰਦੇ ਹੋਏ ਐੱਨਏਸੀਪੀ-V ਤਹਿਤ ਰੋਕਥਾਮ, ਜਾਂਚ ਅਤੇ ਇਲਾਜ ਸੇਵਾਵਾਂ ਦੀ ਪਹੁੰਚ ਦਾ ਲਗਾਤਾਰ ਵਿਸਥਾਰ ਹੋਇਆ ਹੈ।

ਸ਼੍ਰੀ ਨੱਡਾ ਨੇ ਇਸ ਤੱਥ ਨੂੰ ਦਰਸਾਇਆ ਕਿ ਭਾਰਤ ਦਾ ਐੱਚਆਈਵੀ ਅਤੇ ਜਿਨਸੀ ਸੰਚਾਰਿਤ ਬਿਮਾਰੀਆਂ (ਐੱਸਟੀਡੀ) ਪ੍ਰੋਗਰਾਮ ਲਗਾਤਾਰ ਠੋਸ ਨਤੀਜੇ ਦੇ ਰਹੇ ਹਨ, ਜੋ ਨਵੇਂ ਸੰਕਰਮਣਾਂ ਅਤੇ ਮੌਤ ਦਰ ਵਿੱਚ ਜ਼ਿਕਰਯੋਗ ਕਮੀ ਦੇ ਨਾਲ-ਨਾਲ ਜ਼ਰੂਰੀ ਸੇਵਾਵਾਂ ਦੀ ਪਹੁੰਚਯੋਗਤਾ ਵਿੱਚ ਹੋਏ ਵਾਧੇ ਨਾਲ ਸਪਸ਼ਟ ਹੁੰਦਾ ਹੈ। ਸਾਲ 2010 ਅਤੇ 2024 ਵਿਚਾਲੇ, ਨਵੇਂ ਐੱਚਆਈਵੀ ਸੰਕਰਮਣਾਂ ਵਿੱਚ 48.7 ਪ੍ਰਤੀਸ਼ਤ, ਏਡਸ ਨਾਲ ਸਬੰਧਿਤ ਮੌਤਾਂ ਵਿੱਚ 81.4 ਪ੍ਰਤੀਸ਼ਤ ਅਤੇ ਮਾਂ ਤੋਂ ਬੱਚੇ ਵਿੱਚ ਹੋਣ ਵਾਲੇ ਸੰਕਰਮਣ ਵਿੱਚ 74.6 ਪ੍ਰਤੀਸ਼ਤ ਦੀ ਕਮੀ ਆਈ ਹੈ। ਜਾਂਚ ਕਵਰੇਜ 2020-21 ਵਿੱਚ 4.13 ਕਰੋੜ ਤੋਂ ਵੱਧ ਕੇ 2024-25 ਵਿੱਚ 6.62 ਕਰੋੜ ਹੋ ਗਈ, ਜਦੋਂ ਕਿ ਇਲਾਜ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ 14.94 ਲੱਖ ਤੋਂ ਵੱਧ ਕੇ 18.60 ਲੱਖ ਹੋ ਗਈ। ਵਾਇਰਲ ਲੋਡ ਜਾਂਚ ਵਿੱਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ- ਜੋ 8.90 ਲੱਖ ਤੋਂ ਵੱਧ ਕੇ 15.98 ਲੱਖ ਟੈਸਟਸ ਹੋ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀਆਂ ਇਸ ਹੀ ਮਿਆਦ ਦੇ ਆਲਮੀ ਔਸਤ ਤੋਂ ਵੱਧ ਹਨ ਅਥੇ ਮਜ਼ਬੂਤ ਰਾਜਨੀਤਕ ਪ੍ਰਤੀਬੱਧਤਾ, ਟਿਕਾਊ ਘਰੇਲੂ ਨਿਵੇਸ਼, ਸਬੂਤ-ਅਧਾਰਿਤ ਪ੍ਰੋਗਰਾਮ ਰਣਨੀਤੀਆਂ ਅਤੇ ਨਿਰੰਤਰ ਭਾਈਚਾਰਕ ਸ਼ਮੂਲੀਅਤ ਨੂੰ ਦਰਸਾਉਂਦਾ ਹੈ।
ਭਾਰਤ ਦੀ ਪ੍ਰਗਤੀ ਦੇ ਨਵੀਨਤਮ ਸੰਕੇਤਕਾਂ ਨੂੰ ਸਾਂਝਾ ਕਰਦੇ ਹੋਏ, ਸ਼੍ਰੀ ਨੱਡਾ ਨੇ ਇਸ ਤੱਥ ਨੂੰ ਦਰਸਾਇਆ ਕਿ ਦੇਸ਼ ਨੇ ਐੱਚਆਈਵੀ ਦੇ ਨਵੇਂ ਸੰਕਰਮਣਾਂ ਵਿੱਚ 35 ਪ੍ਰਤੀਸ਼ਤ ਦੀ ਕਮੀ (ਆਲਮੀ ਪੱਧਰ 32 ਪ੍ਰਤੀਸ਼ਤ ਦੇ ਮੁਕਾਬਲੇ ਵਿੱਚ) ਅਤੇ ਐੱਚਆਈਵੀ ਨਾਲ ਸਬੰਧਿਤ ਮੌਤਾਂ ਵਿੱਚ 69 ਪ੍ਰਤੀਸ਼ਤ ਦੀ ਕਮੀ ਹਾਸਲ ਕੀਤੀ ਹੈ, ਜੋ ਕਿ ਆਲਮੀ ਪੱਧਰ 'ਤੇ ਹੋਈ 37 ਪ੍ਰਤੀਸ਼ਤ ਦੀ ਕਮੀ ਤੋਂ ਕਿਤੇ ਵੱਧ ਹੈ। ਐੱਚਆਈਵੀ ਦੀ ਸਥਿਤੀ ਬਾਰੇ ਜਾਗਰੂਕਤਾ 85 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜਦੋਂ ਕਿ ਰਾਸ਼ਟਰੀ ਟੀਚੇ 95 ਪ੍ਰਤੀਸ਼ਤ ਦਾ ਹੈ। ਇਲਾਜ ਕਵਰੇਜ ਹੁਣ 88 ਪ੍ਰਤੀਸ਼ਤ ਹੈ ਅਤੇ ਵਾਇਰਲ ਲੋਡ ਵਿੱਚ ਕਮੀ 97 ਪ੍ਰਤੀਸ਼ਤ ਦੇ ਅਸਾਧਾਰਨ ਉੱਚ ਪੱਧਰ 'ਤੇ ਬਣਿਆ ਹੋਇਆ ਹੈ। ਭਾਰਤੀ ਦਵਾ ਉਦਯੋਗ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ ਭਾਰਤ ਪੂਰੀ ਮਾਨਵਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਲਮੀ ਪੱਧਰ 'ਤੇ ਏਡਸ ਦੇ ਖਿਲਾਫ ਲੜ੍ਹਾਈ ਦੀ ਅਗਵਾਈ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ, ਭਾਰਤ ਨਾ ਸਿਰਫ ਆਪਣੇ ਲੋਕਾਂ ਦੀ ਰੱਖਿਆ ਕਰ ਰਿਹਾ ਹੈ, ਸਗੋਂ ਦੁਨੀਆਂ ਭਰ ਵਿੱਚ ਸਸਤੀ ਅਤੇ ਗੁਣਵੱਤਾਪੂਰਨ ਦਵਾਈਆਂ ਦੀ ਸਪਲਾਈ ਕਰਕੇ ਏਡਸ ਨਿਯੰਤਰਣ ਵਿੱਚ ਦੁਨੀਆਂ ਦਾ ਸਹਿਯੋਗ ਵੀ ਕਰ ਰਿਹਾ ਹੈ।
ਕੇਂਦਰੀ ਸਿਹਤ ਮੰਤਰੀ ਨੇ ਦੇਸ਼ ਭਰ ਵਿੱਚ ਐੱਚਆਈਵੀ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਨਾਕੋ ਅਤੇ ਸਾਰੇ ਰਾਜ ਏਡਸ ਨਿਯੰਤਰਣ ਕਮੇਟੀਆਂ ਦੇ ਨਿਰੰਤਰ ਯਤਨਾਂ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਹਰੇਕ ਜ਼ਿਲ੍ਹੇ ਦੇ ਹਰ ਸਬ-ਡਿਵੀਜ਼ਨ ਵਿੱਚ ਏਆਰਟੀ ਕੇਂਦਰ ਉਪਲਬਧ ਹਨ, ਜਿਸ ਨਾਲ ਬਿਹਤਰ ਇਲਾਜ ਤੱਕ ਪਹੁੰਚ, ਜਲਦੀ ਇਲਾਜ ਦੀ ਸ਼ੁਰੂਆਤ ਅਤੇ ਦੇਖਭਾਲ ਦੀ ਨਿਰੰਤਰਤਾ ਯਕੀਨੀ ਹੋ ਰਹੀ ਹੈ।
ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ 2030 ਤੱਕ ਆਲਮੀ 95-95-95 ਦੇ ਟੀਚਿਆਂ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਦ੍ਰਿੜ੍ਹਤਾ ਨਾਲ ਅੱਗੇ ਵੱਧ ਰਿਹਾ ਹੈ। ਸਹਿ-ਸੰਕਰਮਣਾਂ ਬਾਰੇ ਬੋਲਦੇ ਹੋਏ, ਕੇਂਦਰੀ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਟੀਬੀ ਦੇ ਮਰੀਜ਼ਾਂ ਦੀ ਇੱਕ ਵੱਡੀ ਗਿਣਤੀ ਐੱਚਆਈਵੀ ਦੇ ਨਾਲ ਵੀ ਜੀਅ ਰਹੀ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਖਰਾਬ ਪਾਲਨ- ਜਿਵੇਂ ਕਿ ਏਆਰਟੀ ਗੋਲੀਆਂ ਨਿਯਮਿਤ ਤੌਰ 'ਤੇ ਨਾ ਲੈਣਾ ਜਾਂ ਏਆਰਟੀ ਕੇਂਦਰਾਂ 'ਤੇ ਨਾ ਜਾਣਾ- ਇੱਕ ਚੁਣੌਤੀ ਬਣੀ ਹੋਈ ਹੈ, ਜਿਸ ਦੇ ਲਈ ਗੰਭੀਰ ਸਲਾਹ, ਫਾਲੋ-ਅੱਪ ਅਤੇ ਭਾਈਚਾਰਕ ਸਮਰਥਣ ਦੀ ਜ਼ਰੂਰਤ ਹੈ।
ਸ਼੍ਰੀ ਨੱਡਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪ੍ਰਗਤੀ ਦੀ ਮੌਜੂਦਾ ਗਤੀ ਦੇ ਨਾਲ, ਭਾਰਤ ਆਪਣੇ 2030 ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤਿਆਰ ਹੈ, ਪਰ ਵਧੇਰੇ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਅਤੇ ਭਾਈਚਾਰਕ ਭਾਗੀਦਾਰੀ ਨੂੰ ਨਿਰੰਤਰ ਵਧਾਉਣਾ ਹੋਵੇਗਾ। ਉਨ੍ਹਾਂ ਨੇ 2017 ਵਿੱਚ ਲਾਗੂ ਕੀਤੇ ਗਏ ਇਤਿਹਾਸਕ ਐੱਚਆਈਵੀ/ਏਡਜ਼ (ਰੋਕਥਾਮ ਅਤੇ ਨਿਯੰਤਰਣ) ਐਕਟ, 2014 ਨੂੰ ਉਜਾਗਰ ਕੀਤਾ, ਜੋ ਕਾਨੂੰਨੀ ਤੌਰ 'ਤੇ ਸੁਰੱਖਿਅਤ, ਭੇਦਭਾਵ-ਮੁਕਤ ਵਾਤਾਵਰਣ ਪ੍ਰਦਾਨ ਕਰਦਾ ਹੈ ਅਤੇ ਐੱਚਆਈਵੀ ਨਾਲ ਪੀੜਤ ਲੋਕਾਂ ਦੇ ਅਧਿਕਾਰਾਂ ਅਤੇ ਸਨਮਾਨ ਨੂੰ ਮਜ਼ਬੂਤ ਕਰਦਾ ਹੈ।
ਇਸ ਆਯੋਜਨ ਦੇ ਇੱਕ ਹਿੱਸੇ ਵਜੋਂ, ਮਾਣਯੋਗ ਮੰਤਰੀ ਨੇ ਤਿੰਨ ਵਿਸ਼ੈ- ਨੌਜਵਾਨਾਂ ਵਿੱਚ ਜਾਗਰੂਕਤਾ; ਐੱਚਆਈਵੀ ਅਤੇ ਸਿਫਲਿਸ ਦੇ ਲੰਬਕਾਰੀ ਸੰਚਾਰ ਨੂੰ ਖਤਮ ਕਰਨਾ; ਅਤੇ ਕਲੰਕ ਅਤੇ ਭੇਦਭਾਵ ਨੂੰ ਖ਼ਤਮ ਕਰਨਾ- 'ਤੇ ਅਧਾਰਿਤ ਇੱਕ ਰਾਸ਼ਟਰੀ ਮਲਟੀਮੀਡੀਆ ਅਭਿਆਨ ਲੜੀ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਨੇ ਸੰਕਲਕ ਦੇ 7ਵੇਂ ਸੰਸਕਰਣ, ਭਾਰਤ ਐੱਚਆਈਵੀ ਅਨੁਮਾਨ 2025, ਖੋਜ ਸੰਗ੍ਰਹਿ ਅਤੇ ਇੱਕ ਆਈਟੀ-ਅਧਾਰਿਤ ਵਰਚੁਅਲ ਪਲੈਟਫਾਰਮ 'ਬ੍ਰੇਕਫ੍ਰੀ' (https://breakfreeindia.org/) ਸਮੇਤ ਪ੍ਰਮੱਖ ਪ੍ਰੋਗਰਾਮ ਦਸਤਾਵੇਜ ਜ਼ਾਰੀ ਕੀਤੇ, ਜੋ ਗੁਪਤ ਜੋਖਮ ਮੁਲਾਂਕਣ, ਟੈਸਟਿੰਗ ਲਿੰਕੇਜ ਅਤੇ ਰੋਕਥਾਮ, ਇਲਾਜ ਅਤੇ ਦੇਖਭਾਲ ਸੇਵਾਵਾਂ ਬਾਰੇ ਨੌਜਵਾਨ-ਅਨੁਕੂਲ ਜਾਣਕਾਰੀ ਪ੍ਰਦਾਨ ਕਰਦੇ ਹਨ। ਇਸ ਪ੍ਰੋਗਰਾਮ ਵਿੱਚ ਇੱਕ ਪ੍ਰਦਰਸ਼ਨੀ ਜ਼ੋਨ ਵੀ ਸੀ ਜਿਸ ਵਿੱਚ ਡਿਜ਼ੀਟਲ ਸਮਾਧਾਨ, ਭਾਈਚਾਰੇ ਦੀ ਅਗਵਾਈ ਵਾਲੇ ਮਾਡਲ ਅਤੇ ਨੌਜਵਾਨਾਂ 'ਤੇ ਕੇਂਦ੍ਰਿਤ ਪਲੈਟਫਾਰਮ ਨੂੰ ਪ੍ਰਦਰਸ਼ਿਤ ਕਰਨ ਵਾਲੇ ਇੰਟਰਐਕਟਿਵ ਸਟਾਲ ਸਨ, ਜਿਨ੍ਹਾਂ ਵਿੱਚ ਨਾਗਾਲੈਂਡ ਦੇ ਸਿਟੀ ਬਾਰਨ ਯੂਥ ਸਪੇਸ ਅਤੇ ਮੁਬੰਈ ਦੇ ਫਾਸਟ-ਟਰੈਕ ਸਿਟੀ ਮਾਡਲ ਜਿਹੀਆਂ ਨਵੀਨਤਾਕਾਰੀ ਪਹਿਲਕਦਮੀਆਂ ਸ਼ਾਮਲ ਸਨ।


ਉਨ੍ਹਾਂ ਨੇ ਰਾਸ਼ਟਰੀ ਏਡਸ ਨਿਯੰਤਰਣ ਪ੍ਰੋਗਰਾਮ ਵਿੱਚ ਉਨ੍ਹਾਂ ਦੀ ਵਿਸ਼ੇਸ਼ ਸੇਵਾ ਅਤੇ ਲੰਬੇ ਸਮੇਂ ਦੇ ਯੋਗਦਾਨ ਲਈ ਤਿੰਨ ਪ੍ਰਤਿਸ਼ਠਿਤ ਸੀਨੀਅਰ ਤਕਨੀਕੀ ਮਾਹਿਰਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਐੱਚਆਈਵੀ ਤੋਂ ਪੀੜ੍ਹਤ ਦੋ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਆਪਣੀ ਨਿਜੀ ਯਾਤਰਾ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਅਤੇ ਇਸ ਬਿਮਾਰੀ ਦੇ ਖਿਲਾਫ ਆਪਣੀ ਲੜਾਈ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਨੂੰ ਦਰਸਾਇਆ। ਉਨ੍ਹਾਂ ਦੀਆਂ ਕਹਾਣੀਆਂ ਨੇ ਇਲਾਜ, ਸਹਾਇਤਾ ਅਤੇ ਜਾਗਰੂਕਤਾ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ, ਜੋ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਸਸ਼ਕਤੀਕਰਣ ਲਈ ਮਹੱਤਵਪੂਰਣ ਰਹੀਆਂ ਹਨ।

ਇਸ ਮੌਕੇ 'ਤੇ ਬੋਲਦਿਆਂ, ਕੇਂਦਰੀ ਸਿਹਤ ਸਕੱਤਰ, ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਦੀ ਐੱਚਆਈਵੀ ਪ੍ਰਤੀਕ੍ਰਿਆ "ਇੱਕ ਮਾਮੂਲੀ ਪਹਿਲਕਦਮੀ ਵਜੋਂ ਸ਼ੁਰੂ ਹੋਈ ਸੀ ਜੋ ਹੁਣ ਦੇਸ਼ ਦੇ ਸਭ ਤੋਂ ਵਿਆਪਕ ਅਤੇ ਪ੍ਰਭਾਵਸ਼ਾਲੀ ਜਨਤਕ ਸਿਹਤ ਪ੍ਰੋਗਰਾਮਾਂ ਵਿੱਚੋਂ ਇੱਕ ਬਣ ਗਈ ਹੈ ਅਤੇ ਸਾਡੀ ਸਮੂਹਿਕ ਵਚਨਬੱਧਤਾ ਅਤੇ ਦ੍ਰਿੜ੍ਹ ਸੰਕਲਪ ਦਾ ਇੱਕ ਸਥਾਈ ਪ੍ਰਮਾਣ ਹੈ।" ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਏਡਜ਼ ਵਿਰੁੱਧ ਭਾਰਤ ਦੀ ਲੜਾਈ, ਮੌਜੂਦਾ ਸਮੇਂ ਵਿੱਚ ਜਾਰੀ ਤੀਬਰ ਟੀਬੀ-ਮੁਕਤ ਭਾਰਤ ਅਭਿਆਨ ਸਮੇਤ ਹੋਰ ਰਾਸ਼ਟਰੀ ਸਿਹਤ ਪਹਿਲਕਦਮੀਆਂ ਲਈ ਵੀ ਮਹੱਤਵਪੂਰਨ ਹੈ।

ਇਸ ਮੌਕੇ 'ਤੇ ਸਿਹਤ ਸੇਵਾਵਾਂ ਦੀ ਡਾਇਰੈਕਟਰ ਜਨਰਲ ਡਾ. ਸੁਨੀਤਾ ਸ਼ਰਮਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵਧੀਕ ਸਕੱਤਰ ਸ਼੍ਰੀਮਤੀ ਵੀ. ਹੇਕਾਲੀ ਝਿਮੋਮੀ, ਅਤੇ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ (NACO) ਤੋਂ ਇਲਾਵਾ ਵਿਕਾਸ ਏਜੰਸੀਆਂ, ਭਾਈਚਾਰਕ ਸੰਗਠਨਾਂ, ਯੁਵਾ ਨੈੱਟਵਰਕ ਅਤੇ ਫਰੰਟਲਾਈਨ ਪ੍ਰੋਗਰਾਮ ਟੀਮਾਂ ਦੇ ਪ੍ਰਤੀਨਿਧੀ ਵੀ ਮੌਜੂਦ ਸਨ।
ਇਸ ਸਮਾਗਮ ਦੀ ਸਮਾਪਤੀ ਸਮੂਹਿਕ ਜ਼ਿੰਮੇਵਾਰੀ ਦੇ ਨਵੇਂ ਸੱਦੇ ਦੇ ਨਾਲ ਹੋਈ, ਜਿਸ ਵਿੱਚ ਇਹ ਯਕੀਨੀ ਬਣਾਇਆ ਗਿਆ ਕਿ ਪਛਾਣ, ਲਿੰਗ, ਭੂਗੋਲ ਜਾਂ ਹਾਲਾਤ ਦੀ ਪਰਵਾਹ ਕੀਤੇ ਬਿਨਾ ਹਰ ਵਿਅਕਤੀ ਨੂੰ ਕਲੰਕ-ਮੁਕਤ, ਗੁਪਤ ਅਤੇ ਉੱਚ-ਗੁਣਵੱਤਾ ਵਾਲੀਆਂ HIV ਸੇਵਾਵਾਂ ਮਿਲਣ। ਡਿਜੀਟਲ ਨਵੀਨਤਾ ਅਤੇ ਯੁਵਾ ਲੀਡਰਸ਼ਿਪ ਨੂੰ ਅੱਗੇ ਰੱਖਦੇ ਹੋਏ, ਭਾਰਤ ਇੱਕ ਅਜਿਹੇ ਭਵਿੱਖ ਨੂੰ ਦ੍ਰਿੜ੍ਹ ਕਰ ਰਿਹਾ ਹੈ ਜਿੱਥੇ ਐੱਚਆਈਵੀ ਸੇਵਾਵਾਂ ਵਧੇਰੇ ਪਹੁੰਚਯੋਗ, ਕਲੰਕ-ਮੁਕਤ ਅਤੇ ਜਨ-ਕੇਂਦ੍ਰਿਤ ਹੋਣਗੀਆਂ।
************
ਐੱਸਆਰ/ਬਲਜੀਤ
(रिलीज़ आईडी: 2197653)
आगंतुक पटल : 4