ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ ਨੱਡਾ ਨੇ ਭਾਰਤ ਮੰਡਪਮ ਵਿਖੇ ਆਯੋਜਿਤ 'ਨੈਸ਼ਨਲ ਵਨ ਹੈਲਥ ਮਿਸ਼ਨ ਅਸੈਂਬਲੀ 2025' ਵਿੱਚ ਉਦਘਾਟਨੀ ਭਾਸ਼ਣ ਦਿੱਤਾ


'ਇੱਕ ਧਰਤੀ, ਇੱਕ ਸਿਹਤ, ਇੱਕ ਭਵਿੱਖ' ਸਿਰਫ਼ ਇੱਕ ਥੀਮ ਨਹੀਂ ਹੈ - ਇਹ ਸਿਹਤ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਭਵਿੱਖ ਦੀਆਂ ਮਹਾਮਾਰੀਆਂ ਵਿਰੁੱਧ ਤਿਆਰੀ ਵਧਾਉਣ ਦੇ ਸਾਡੇ ਦ੍ਰਿਸ਼ਟੀਕੋਣ ਦੀ ਨੀਂਹ ਹੈ: ਸ਼੍ਰੀ ਜੇ.ਪੀ ਨੱਡਾ

"'ਨੈਸ਼ਨਲ ਵਨ ਹੈਲਥ ਮਿਸ਼ਨ ਸਮੁੱਚੀ ਸਰਕਾਰ ਅਤੇ ਸਮੁੱਚੇ ਸਮਾਜ ਦੇ ਸਹਿਯੋਗ ਦੀ ਇੱਕ ਵਿਲੱਖਣ ਉਦਾਹਰਣ ਹੈ"

“ਸਾਂਝੇ ਪ੍ਰਕੋਪ ਦੀ ਜਾਂਚ ਅਤੇ ਮੈਡੀਕਲ ਜਵਾਬੀ ਉਪਾਅ ਦਾ ਵਿਕਾਸ ਜਾਰੀ ਹੈ, ਜੋ ਸਾਡੀ ਮਹਾਮਾਰੀ ਨਾਲ ਲੜਨ ਦੀ ਤਿਆਰੀ ਸਬੰਧੀ ਆਰਕੀਟੈਕਚਰ ਨੂੰ ਮਜ਼ਬੂਤ ਕਰ ਰਿਹਾ ਹੈ”

ਜ਼ੂਨੋਟਿਕ ਅਤੇ ਜਲਵਾਯੂ ਨਾਲ ਸਬੰਧਿਤ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਸਾਰੇ ਖੇਤਰਾਂ ਵਿੱਚ ਏਕੀਕ੍ਰਿਤ ਅਤੇ ਤੇਜ਼ ਪ੍ਰਤੀਕਿਰਿਆ ਜ਼ਰੂਰੀ ਹੈ: ਡਾ. ਵੀ.ਕੇ. ਪਾਲ

"ਸਾਂਝੀ ਟ੍ਰੇਨਿੰਗ ਅਤੇ ਈਕੋਸਿਸਟਮ-ਵਿਆਪੀ ਸਮਰੱਥਾ ਨਿਰਮਾਣ ਰਾਹੀਂ ਵਨ ਹੈਲਥ ਮਾਹਰਾਂ ਦੀ ਇੱਕ ਨਵੀਂ ਪੀੜ੍ਹੀ ਦਾ ਨਿਰਮਾਣ ਕਰਨ ਦੀ ਜ਼ਰੂਰਤ ਹੈ”

प्रविष्टि तिथि: 20 NOV 2025 1:32PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਵਨ ਹੈਲਥ ਬਾਰੇ ਕਾਰਜਕਾਰੀ ਸੰਚਾਲਨ ਕਮੇਟੀ ਦੇ ਚੇਅਰਮੈਨ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਦਿੱਲੀ ਦੇ ਭਾਰਤ ਮੰਡਪਮ ਕਨਵੈਨਸ਼ਨ ਹਾਲ ਵਿਖੇ ਇੱਕ ਵੀਡੀਓ ਸੰਦੇਸ਼ ਰਾਹੀਂ ਆਯੋਜਿਤ 'ਨੈਸ਼ਨਲ ਵਨ ਹੈਲਥ ਮਿਸ਼ਨ ਅਸੈਂਬਲੀ 2025' ਵਿੱਚ ਉਦਘਾਟਨੀ ਭਾਸ਼ਣ ਦਿੱਤਾ। ਇਸ ਮੌਕੇ ‘ਤੇ ਨੀਤੀ ਆਯੋਗ (ਸਿਹਤ) ਦੇ ਮੈਂਬਰ ਡਾ. ਵੀ.ਕੇ. ਪਾਲ, ਵਨ ਹੈਲਥ ਬਾਰੇ ਵਿਗਿਆਨਿਕ ਸੰਚਾਲਨ ਕਮੇਟੀ ਦੇ ਚੇਅਰਮੈਨ ਅਤੇ ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਡਾ. ਅਜੈ ਕੇ. ਸੂਦ ਅਤੇ ਸਕੱਤਰ, ਸਿਹਤ ਖੋਜ ਵਿਭਾਗ ਅਤੇ ਡਾਇਰੈਕਟਰ ਜਨਰਲ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਡਾ. ਰਾਜੀਵ ਬਹਿਲ ਵੀ ਮੌਜੂਦ ਸਨ।

ਇਸ ਦੋ-ਦਿਨਾਂ ਸਮਾਗਮ ਦਾ ਵਿਸ਼ਾ ਹੈ: "ਗਿਆਨ ਨੂੰ ਅਮਲ ਵਿੱਚ ਲਿਆਉਣਾ - ਇੱਕ ਧਰਤੀ, ਇੱਕ ਸਿਹਤ, ਇੱਕ ਭਵਿੱਖ"।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨੱਡਾ ਨੇ ਥੀਮ ਦੀ ਸਮਾਂਬੱਧਤਾ 'ਤੇ ਜ਼ੋਰ ਦਿੱਤਾ, ਇਹ ਦੇਖਦੇ ਹੋਏ ਕਿ ਇਹ ਦੇਸ਼ ਦੀ ਸੰਪੂਰਨ ਸਿਹਤ ਪ੍ਰਤੀ ਵਧ ਰਹੀ ਵਚਨਬੱਧਤਾ ਅਤੇ ਵਿਸ਼ਵਵਿਆਪੀ ਤਰਜੀਹਾਂ ਨਾਲ ਇਸ ਦੀ ਇਕਸਾਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, "'ਇੱਕ ਧਰਤੀ, ਇੱਕ ਸਿਹਤ, ਇੱਕ ਭਵਿੱਖ' ਸਿਰਫ਼ ਇੱਕ ਥੀਮ ਨਹੀਂ ਹੈ - ਇਹ ਸਿਹਤ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਭਵਿੱਖ ਦੀਆਂ ਮਹਾਮਾਰੀਆਂ ਦੇ ਵਿਰੁੱਧ ਤਿਆਰੀ ਵਧਾਉਣ ਦੇ ਸਾਡੇ ਦ੍ਰਿਸ਼ਟੀਕੋਣ ਦੀ ਨੀਂਹ ਹੈ।"

ਪਿਛਲੇ ਇੱਕ ਦਹਾਕੇ ਦੌਰਾਨ ਸਿਹਤ ਖੋਜ ਅਤੇ ਨਵੀਨਤਾ ਵਿੱਚ ਭਾਰਤ ਦੀ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਫਾਰਮਾਸਿਊਟੀਕਲ ਅਤੇ ਮੈਡੀਕਲ ਵਿਗਿਆਨ ਦੇ ਖੇਤਰ ਵਿੱਚ ਇੱਕ ਵੱਡੀ ਵਿਸ਼ਵ ਸ਼ਕਤੀ ਵਜੋਂ ਉੱਭਰਿਆ ਹੈ। ਉਨ੍ਹਾਂ ਨੇ ਵੈਕਸੀਨ ਦੇ ਵਿਕਾਸ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਜਿਸ ਵਿੱਚ ਕੋ-ਵੈਕਸਿਨ, ਕੋਵੀਸ਼ੀਲਡ, ਕੋਰਬੇਵੈਕਸ ਵਰਗੇ ਸਵਦੇਸ਼ੀ ਕੋਵਿਡ-19 ਟੀਕੇ ਅਤੇ ਦੁਨੀਆ ਦਾ ਪਹਿਲਾ ਇੰਟ੍ਰਾਨੇਜ਼ਲ ਕੋਵਿਡ-19 ਟੀਕਾ ਸ਼ਾਮਲ ਹੈ। ਉਨ੍ਹਾਂ ਕਿਹਾ, "ਭਾਰਤ ਨੇ ਸੌ ਤੋਂ ਵੱਧ ਦੇਸ਼ਾਂ ਦੇ ਲਈ ਟੀਕੇ ਵਿਕਸਿਤ ਕੀਤੇ ਅਤੇ ਸਪਲਾਈ ਕੀਤੇ ਹਨ, ਜੋ ਇੱਕ ਭਰੋਸੇਮੰਦ ਵਿਸ਼ਵਵਿਆਪੀ ਭਾਈਵਾਲ ਵਜੋਂ ਸਾਡੀ ਭੂਮਿਕਾ ਦੀ ਪੁਸ਼ਟੀ ਕਰਦਾ ਹੈ।"

ਸ਼੍ਰੀ ਨੱਡਾ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਅਗਲੀ ਪੀੜ੍ਹੀ ਦੇ ਵੈਕਸੀਨ ਪਲੈਟਫਾਰਮਾਂ - ਜਿਨ੍ਹਾਂ ਵਿੱਚ ਐੱਮਆਰਐੱਨਏ, ਡੀਐੱਨਏ, ਵਾਇਰਲ ਵੈਕਟਰ ਅਤੇ ਬਾਓਸਿਮਿਲਰਸ ਸ਼ਾਮਲ ਹਨ –ਵਿੱਚ ਵੀ ਮਜ਼ਬੂਤ ​​ਤਰੱਕੀ ਕੀਤੀ ਹੈ,ਜਿਸ ਨਾਲ ਉੱਭਰ ਰਹੇ ਸਿਹਤ ਖ਼ਤਰਿਆਂ ਦਾ ਜਲਦੀ ਜਵਾਬ ਦੇਣ ਦੀ ਦੇਸ਼ ਦੀ ਸਮਰੱਥਾ ਮਜਬੂਤ ਹੋਈ ਹੈ।

ਡਾਇਗਨੌਸਟਿਕਸ ਦੇ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਬਾਰੇ ਬੋਲਦੇ ਹੋਏ, ਸ਼੍ਰੀ ਨੱਡਾ ਨੇ ਕਿਹਾ, "ਡਾਇਗਨੌਸਟਿਕਸ ਖੇਤਰ ਵਿੱਚ ਭਾਰਤ ਸਾਡੇ ਪ੍ਰਤਿਭਾਸ਼ਾਲੀ ਖੋਜਕਰਤਾਵਾਂ, ਵਧ ਰਹੇ ਸਟਾਰਟ-ਅੱਪ ਈਕੋਸਿਸਟਮ ਅਤੇ ਮਜ਼ਬੂਤ ​​ਤਕਨਾਲੋਜੀ ਸਮਰੱਥਾਵਾਂ ਦੁਆਰਾ ਸੰਚਾਲਿਤ ਇੱਕ ਨਵੀਨਤਾ ਕੇਂਦਰ ਬਣ ਗਿਆ ਹੈ। ਟਰੂਨੈਟ (TrueNat), ਪੈਥੋਡਿਟੈਕਟ ਅਤੇ ਕ੍ਰਿਸਪਰ (CRISPR) -ਅਧਾਰਿਤ ਟੈਸਟਾਂ ਵਰਗੇ ਸਮਾਧਾਨਾਂ ਨੇ ਡਾਇਗਨੌਸਟਿਕਸ ਨੂੰ ਤੇਜ਼, ਵਧੇਰੇ ਸਟੀਕ ਅਤੇ ਵਧੇਰੇ ਪਹੁੰਚਯੋਗ ਬਣਾਇਆ ਹੈ।" ਉਨ੍ਹਾਂ ਨੇ ਜ਼ੀਨੋਮਿਕ ਨਿਗਰਾਨੀ ਵਿੱਚ ਇਨਾਸੈਕੋਗ (INSACOG) ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਅਤੇ ਦੱਸਿਆ ਕਿ ਕੋਵਿਨ (CoWIN) ਵਰਗੇ ਪਲੈਟਫਾਰਮਾਂ ਨੇ ਉੱਚ-ਗੁਣਵੱਤਾ, ਆਬਾਦੀ-ਪੱਧਰੀ ਡਿਜੀਟਲ ਸਿਹਤ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਭਾਰਤ ਦੀ ਸਮਰਥਾ ਨੂੰ ਕਿਵੇਂ ਪ੍ਰਦਰਸ਼ਿਤ ਕੀਤਾ।

ਨੈਸ਼ਨਲ ਵਨ ਹੈਲਥ ਮਿਸ਼ਨ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਨੱਡਾ ਨੇ ਇਸ ਨੂੰ ਮਹਾਮਾਰੀ ਦੀ ਤਿਆਰੀ ਵੱਲ ਭਾਰਤ ਦੇ ਸਭ ਤੋਂ ਮਹੱਤਵਪੂਰਨ ਕਦਮਾਂ ਵਿੱਚੋਂ ਇੱਕ ਦੱਸਿਆ। ਇਹ ਮਿਸ਼ਨ ਮਨੁੱਖੀ ਸਿਹਤ, ਜਾਨਵਰਾਂ ਦੀ ਸਿਹਤ, ਵਾਤਾਵਰਣ, ਖੇਤੀਬਾੜੀ, ਦਵਾਈ, ਰੱਖਿਆ, ਧਰਤੀ ਵਿਗਿਆਨ, ਪੁਲਾੜ ਵਿਗਿਆਨ ਅਤੇ ਆਫ਼ਤ ਪ੍ਰਬੰਧਨ ਵਰਗੇ 16 ਵੱਖ-ਵੱਖ ਕੇਂਦਰੀ ਅਤੇ ਰਾਜ ਮੰਤਰਾਲਿਆਂ/ਵਿਭਾਗਾਂ ਨੂੰ ਏਕੀਕ੍ਰਿਤ ਕਰਦਾ ਹੈ। ਉਨ੍ਹਾਂ ਕਿਹਾ, "ਨੈਸ਼ਨਲ ਵਨ ਹੈਲਥ ਮਿਸ਼ਨ ਸਮੁੱਚੀ ਸਰਕਾਰ ਅਤੇ ਸਮੁੱਚੇ ਸਮਾਜ ਦੇ ਸਹਿਯੋਗ ਦੀ ਇੱਕ ਵਿਲੱਖਣ ਉਦਾਹਰਣ ਹੈ। ਪਹਿਲੀ ਵਾਰ, ਅਸੀਂ ਸਾਰੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਮਨੁੱਖਾਂ, ਜਾਨਵਰਾਂ, ਪੌਦਿਆਂ ਅਤੇ ਵਾਤਾਵਰਣ ਦੀ ਸਿਹਤ ਲਈ ਸਮੂਹਿਕ ਤੌਰ 'ਤੇ ਕੰਮ ਕਰਨ ਲਈ ਇਕੱਠੇ ਲਿਆਂਦਾ ਹੈ।"

ਕੇਂਦਰੀ ਮੰਤਰੀ ਨੇ ਇਸ ਗੱਲ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਮਿਸ਼ਨ ਨੇ ਮੁੱਖ ਗਤੀਵਿਧੀਆਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਪ੍ਰਮੁੱਖ ਸ਼ਹਿਰਾਂ ਵਿੱਚ ਬੁੱਚੜਖਾਨਿਆਂ, ਪੰਛੀਆਂ ਦੇ ਰੱਖ-ਰਖਾਅ, ਚਿੜੀਆਘਰਾਂ ਅਤੇ ਗੰਦੇ ਪਾਣੀ ਦੇ ਪ੍ਰਣਾਲੀਆਂ ਵਿੱਚ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ ਅਤੇ ਛੂਤ ਵਾਲੇ ਰੋਗਾਣੂਆਂ ਦੀ ਨਿਗਰਾਨੀ ਲਈ ਏਕੀਕ੍ਰਿਤ ਨਿਗਰਾਨੀ ਸ਼ਾਮਲ ਹੈ। ਉਨ੍ਹਾਂ ਅੱਗੇ ਕਿਹਾ, "ਸੰਯੁਕਤ ਪ੍ਰਕੋਪ ਜਾਂਚ ਅਤੇ ਡਾਕਟਰੀ ਪ੍ਰਤੀਰੋਧਕ ਉਪਾਵਾਂ ਦਾ ਵਿਕਾਸ ਚੱਲ ਰਿਹਾ ਹੈ, ਜੋ ਸਾਡੀ ਮਹਾਮਾਰੀ ਨਾਲ ਲੜਨ ਦੀ ਤਿਆਰੀ ਸਬੰਧੀ ਢਾਂਚੇ ਨੂੰ ਮਜ਼ਬੂਤ ​​ਕਰਦਾ ਹੈ।"

ਉਨ੍ਹਾਂ ਨੇ ਮਿਸ਼ਨ ਦੇ ਤਹਿਤ 23 ਬੀਐੱਸਐੱਲ-3 ਅਤੇ ਬੀਐੱਸਐੱਲ-4 ਪ੍ਰਯੋਗਸ਼ਾਲਾਵਾਂ ਦੇ ਇੱਕ ਰਾਸ਼ਟਰੀ ਨੈੱਟਵਰਕ ਦੀ ਸਥਾਪਨਾ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ, "ਇਹ ਉੱਚ-ਨਿਯੰਤਰਣ ਪ੍ਰਯੋਗਸ਼ਾਲਾਵਾਂ ਉੱਭਰ ਰਹੇ ਜਾਂ ਪਰਿਵਰਤਨਸ਼ੀਲ ਰੋਗਾਣੂਆਂ ਦੇ ਵਿਰੁੱਧ ਸਾਡੀ ਪਹਿਲੀ ਰੱਖਿਆ ਲਾਈਨ ਹਨ। ਇਹ ਖ਼ਤਰਿਆਂ ਦਾ ਜਲਦੀ ਪਤਾ ਲਗਾਉਣ ਅਤੇ ਤੇਜ਼ੀ ਨਾਲ ਜਵਾਬ ਦੇਣ ਦੀ ਸਾਡੀ ਸਮਰੱਥਾ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣਗੀਆਂ।"

ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਵਨ ਹੈਲਥ ਦ੍ਰਿਸ਼ਟੀਕੋਣ ਮਹਾਮਾਰੀ ਲਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਨੂੰ ਸਮਰੱਥ ਬਣਾਏਗੀ, ਏਕੀਕ੍ਰਿਤ ਦਖਲਅੰਦਾਜ਼ੀ ਦਾ ਸਮਰਥਨ ਕਰੇਗਾ ਅਤੇ ਭਾਰਤ ਨੂੰ ਭਵਿੱਖ ਲਈ ਤਿਆਰ ਕਰਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਨੇ ਸੰਮੇਲਨ ਦੇ ਆਯੋਜਨ ਲਈ ਸਾਰੇ ਹਿਤਧਾਰਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸੰਮੇਲਨ ਸਹਿਯੋਗ, ਗਿਆਨ ਸਾਂਝਾ ਕਰਨ ਅਤੇ ਅੰਤਰ-ਖੇਤਰੀ ਸਾਂਝੇਦਾਰੀ ਲਈ ਇੱਕ ਮਹੱਤਵਪੂਰਨ ਮੰਚ ਦੇ ਰੂਪ ਵਿੱਚ ਕੰਮ ਕਰੇਗਾ। ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸਮਾਪਤੀ ਇਹ ਕਹਿ ਕੇ ਕੀਤੀ ਕਿ, ”ਇਹ ਅਸੈਂਬਲੀ ਸਹਿਯੋਗ, ਨਵੀਨਤਾ ਅਤੇ ਤਿਆਰੀ ਦੀ ਭਾਵਨਾ ਨੂੰ ਦਰਸਾਉਂਦੀ ਹੈ।” ਉਨ੍ਹਾਂ ਨੇ ਕਿਹਾ, ‘‘ਮੈਂ ਇਸ ਸਮਾਰੋਹ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ ਸਾਰਿਆਂ ਲਈ ਸੁਰੱਖਿਅਤ ਅਤੇ ਤੰਦਰੁਸਤ ਭਵਿੱਖ ਦਾ ਰਸਤਾ ਖੋਲ੍ਹੇ।

ਇਸ ਮੌਕੇ 'ਤੇ ਬੀਐੱਸਐੱਲ3 ਲੈਬੋਰਟਰੀ ਨੈੱਟਵਰਕ ਐੱਸਓਪੀ ਕੰਪੈਂਡੀਅਮ ਜਾਰੀ ਕੀਤਾ ਗਿਆ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਯੋਗਸ਼ਾਲਾਵਾਂ ਇਕਸੁਰਤਾ ਵਾਲੇ ਪ੍ਰੋਟੋਕੋਲ ਦੀ ਪਾਲਣਾ ਕਰਨ।

ਇਸ ਮੌਕੇ ਬੋਲਦਿਆਂ, ਡਾ. ਵੀ.ਕੇ. ਪਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਦਾ ਦਿਨ ਇੱਕ ਏਕੀਕ੍ਰਿਤ, ਸਹਿਯੋਗੀ ਈਕੋਸਿਸਟਮ ਰਾਹੀਂ ਮਨੁੱਖੀ, ਜਾਨਵਰਾਂ ਅਤੇ ਵਾਤਾਵਰਣ ਸਿਹਤ ਦੀ ਰੱਖਿਆ ਲਈ ਇੱਕ ਸੱਚੇ ਜਨ ਅੰਦੋਲਨ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇੱਕ ਧਰਤੀ, ਇੱਕ ਸਿਹਤ, ਇੱਕ ਭਵਿੱਖ ਦਾ ਵਿਸ਼ਾ ਇੱਕ ਸ਼ਕਤੀਸ਼ਾਲੀ ਰਾਸ਼ਟਰੀ ਮੰਤਰ ਨੂੰ ਦਰਸਾਉਂਦਾ ਹੈ ਜਿਸ ਨੂੰ ਸਮੂਹਿਕ ਕਾਰਵਾਈ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ।

ਡਾ. ਪਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆ ਲਗਾਤਾਰ ਜ਼ੂਨੋਟਿਕ ਬਿਮਾਰੀਆਂ, ਜਲਵਾਯੂ-ਸੰਵੇਦਨਸ਼ੀਲ ਬਿਮਾਰੀਆਂ, ਅਤੇ ਹੋਰ ਉੱਭਰ ਰਹੇ ਖ਼ਤਰਿਆਂ ਦਾ ਸਾਹਮਣਾ ਕਰ ਰਹੀ ਹੈ ਜੋ ਸਰਹੱਦਾਂ ਦਾ ਸਤਿਕਾਰ ਨਹੀਂ ਕਰਦੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਲਈ ਸਾਰੇ ਖੇਤਰਾਂ ਵਿੱਚ ਇੱਕ ਤਾਲਮੇਲ ਅਤੇ ਸਮੂਹਿਕ ਪ੍ਰਤੀਕਿਰਿਆ ਦੀ ਲੋੜ ਹੈ।

 

ਆਪਣੀ ਵਿਸ਼ਾਲ ਜੈਵ ਵਿਭਿੰਨਤਾ ਅਤੇ ਵੱਡੀ ਆਬਾਦੀ ਦੇ ਨਾਲ, ਭਾਰਤ ਜ਼ਿੰਮੇਵਾਰੀ ਅਤੇ ਮੌਕੇ ਦੋਵਾਂ ਦੇ ਇੱਕ ਵਿਲੱਖਣ ਮੋੜ 'ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਇੱਕ ਸਿਹਤ ਮਿਸ਼ਨ (ਐੱਨਓਐੱਚਐੱਮ) ਇਸ ਖੇਤਰ ਵਿੱਚ ਹੁਣ ਤੱਕ ਕੀਤੀਆਂ ਗਈਆਂ ਸਭ ਤੋਂ ਵਿਆਪਕ ਅਤੇ ਏਕੀਕ੍ਰਿਤ ਪਹਿਲਕਦਮੀਆਂ ਵਿੱਚੋਂ ਇੱਕ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਇੱਕ ਲੰਬੇ ਸਮੇਂ ਦੀ ਵਚਨਬੱਧਤਾ ਹੈ, ਜਿਸ ਦਾ ਉਦੇਸ਼ ਤਕਨਾਲੋਜੀ-ਯੋਗ ਪ੍ਰਣਾਲੀਆਂ ਰਾਹੀਂ ਮੰਤਰਾਲਿਆਂ, ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਨੂੰ ਜੋੜਨ ਵਾਲਾ ਨਿਗਰਾਨੀ ਨੈੱਟਵਰਕ ਅਤੇ ਵਿਧੀਆਂ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਮਹੱਤਵਪੂਰਨ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਜਿਸ ਵਿੱਚ ਉਨ੍ਹਾਂ ਹੌਟਸਪੌਟਸ ਦੀ ਨਿਗਰਾਨੀ ਸ਼ਾਮਲ ਹੈ, ਜਿੱਥੇ ਮਨੁੱਖ ਅਤੇ ਜਾਨਵਰ ਨੇੜਲੇ ਸੰਪਰਕ ਵਿੱਚ ਆਉਂਦੇ ਹਨ, ਜੋ ਕਿ ਉੱਭਰ ਰਹੇ ਜੋਖਮਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਘਟਾਉਣ ਲਈ ਜ਼ਰੂਰੀ ਹੈ।

"ਏਕੀਕ੍ਰਿਤ ਅਤੇ ਤੇਜ਼ ਪ੍ਰਤੀਕਿਰਿਆ" ਦੀ ਮੰਗ ਕਰਦੇ ਹੋਏ, ਡਾ. ਪੌਲ ਨੇ ਕਿਹਾ ਕਿ ਪ੍ਰਕੋਪ ਦੀ ਜਾਂਚ, ਜੋਖਮ ਸੰਚਾਰ, ਅਤੇ ਤਾਲਮੇਲ ਵਾਲੀ ਕਾਰਵਾਈ ਨੂੰ ਸਾਰੇ ਪੱਧਰਾਂ 'ਤੇ ਸਮਕਾਲੀ ਬਣਾਇਆ ਜਾਣਾ ਚਾਹੀਦਾ ਹੈ। ਵੱਡੇ ਪੱਧਰ 'ਤੇ ਡਾਕਟਰੀ ਪ੍ਰਤੀਰੋਧਕ ਉਪਾਅ - ਟੀਕੇ, ਡਾਇਗਨੌਸਟਿਕਸ ਅਤੇ ਥੈਰੇਪੀ - ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਤਿਆਰੀ ਲਈ ਓਨਾ ਹੀ ਮਹੱਤਵਪੂਰਨ ਹੈ।

ਡਾ. ਪਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦਾ ਬੀਐੱਸਐੱਲ-3 ਅਤੇ ਬੀਐੱਸਐੱਲ-4 ਪ੍ਰਯੋਗਸ਼ਾਲਾਵਾਂ ਦਾ ਰਾਸ਼ਟਰੀ ਨੈੱਟਵਰਕ ਹੁਣ ਵਨ ਹੈਲਥ ਖ਼ਤਰਿਆਂ ਅਤੇ ਭਵਿੱਖ ਦੀਆਂ ਮਹਾਮਾਰੀਆਂ ਦਾ ਤੇਜ਼ੀ ਨਾਲ ਪਤਾ ਲਗਾਉਣ ਅਤੇ ਉਨ੍ਹਾਂ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਲੈਸ ਹੈ। ਉਨ੍ਹਾਂ ਨੇ ਸਾਂਝੇ ਸਿਖਲਾਈ ਪ੍ਰੋਗਰਾਮਾਂ ਅਤੇ ਅਕਾਦਮਿਕ ਅਤੇ ਖੋਜ ਸੰਸਥਾਵਾਂ ਵਿੱਚ ਵਨ ਹੈਲਥ ਸੋਚ ਦੇ ਏਕੀਕਰਣ ਰਾਹੀਂ ਵਨ ਹੈਲਥ ਮਾਹਰਾਂ ਦੀ ਇੱਕ ਨਵੀਂ ਪੀੜ੍ਹੀ ਤਿਆਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਜਦਕਿ ਰਾਸ਼ਟਰੀ ਢਾਂਚਾ ਸਮੁੱਚੀ ਦਿਸ਼ਾ ਨਿਰਧਾਰਿਤ ਕਰਦਾ ਹੈ। ਡਾ. ਪੌਲ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਮੁੱਖ ਲਾਗੂ ਕਰਨ ਵਾਲੀਆਂ ਏਜੰਸੀਆਂ ਵਜੋਂ ਕੰਮ ਕਰਨਗੇ ਅਤੇ ਮਿਸ਼ਨ ਦੀ ਸਫਲਤਾ ਲਈ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਸਾਰੇ ਹਿੱਸੇਦਾਰਾਂ - ਸਰਕਾਰ, ਵਿਗਿਆਨਿਕ ਸੰਸਥਾਵਾਂ, ਅਕਾਦਮਿਕ, ਉਦਯੋਗ ਅਤੇ ਨਾਗਰਿਕ ਸਮਾਜ - ਨੂੰ ਸਿਹਤ ਸੁਰੱਖਿਆ ਦੀ ਰੱਖਿਆ ਅਤੇ ਵਨ ਹੈਲਥ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਲਈ ਭਾਈਵਾਲੀ ਦੀ ਭਾਵਨਾ ਨਾਲ ਇਕੱਠੇ ਹੋਣ ਦਾ ਸੱਦਾ ਦਿੱਤਾ।

ਡਾ. ਅਜੈ ਕੇ. ਸੂਦ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ, ਭਾਰਤ ਲਗਾਤਾਰ ਉਨ੍ਹਾਂ ਖੇਤਰਾਂ - ਮਨੁੱਖੀ ਸਿਹਤ, ਜਾਨਵਰਾਂ ਦੀ ਸਿਹਤ, ਪੌਦਿਆਂ ਦੀ ਸਿਹਤ ਅਤੇ ਵਾਤਾਵਰਣ ਪ੍ਰਣਾਲੀਆਂ - ਨੂੰ ਇੱਕ ਸੁਮੇਲ ਅਤੇ ਤਾਲਮੇਲ ਵਾਲੇ ਢਾਂਚੇ ਵਿੱਚ ਲਿਆ ਰਿਹਾ ਹੈ ਜੋ ਕਦੇ ਖੰਡਿਤ ਸਮਝੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਨੈਸ਼ਨਲ ਵਨ ਹੈਲਥ ਮਿਸ਼ਨ ਇਨ੍ਹਾਂ ਨਿਰੰਤਰ ਯਤਨਾਂ ਦਾ ਸ਼ਿਖਰ ਹੈ। ਉਨ੍ਹਾਂ ਕਿਹਾ "ਪਹਿਲੀ ਵਾਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਮੇਤ 16 ਮੁੱਖ ਹਿੱਸੇਦਾਰ ਇਸ ਏਕੀਕ੍ਰਿਤ ਪਹੁੰਚ ਨੂੰ ਅੱਗੇ ਵਧਾਉਣ ਲਈ ਇੱਕ ਏਕੀਕ੍ਰਿਤ ਪਲੈਟਫਾਰਮ 'ਤੇ ਇਕੱਠੇ ਹੋਏ ਹਨ।" 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਿਸ਼ਨ ਦਾ ਏਜੰਡਾ ਲੋਕਾਂ ਅਤੇ ਉਨ੍ਹਾਂ ਵਾਤਾਵਰਣ ਪ੍ਰਣਾਲੀਆਂ ਦੀ ਰੱਖਿਆ ਲਈ ਲੋੜੀਂਦੀ ਡੂੰਘਾਈ ਅਤੇ ਦਲੇਰੀ ਦੋਨਾਂ ਨੂੰ ਦਰਸਾਉਂਦਾ ਹੈ, ਜਿਨ੍ਹਾਂ ‘ਤੇ ਉਹ ਨਿਰਭਰ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਮਿਸ਼ਨ ਵਨ ਹੈਲਥ ਪੈਰਾਡਾਈਮ ਨੂੰ ਅੱਗੇ ਵਧਾਉਣ ਲਈ ਦੇਸ਼ ਦੇ ਸਮੂਹਿਕ ਯਤਨਾਂ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ​​ਅਤੇ ਤੇਜ਼ ਕਰੇਗਾ।

ਇਸ ਮੌਕੇ 'ਤੇ ਸਿਹਤ ਖੋਜ ਵਿਭਾਗ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਅਨੂ ਨਾਗਰ, ਆਈਸੀਐੱਮਆਰ ਦੇ ਸੰਚਾਰੀ ਰੋਗਾਂ ਦੇ ਵਿਗਿਆਨੀ ਜੀ ਅਤੇ ਮੁਖੀ ਡਾ. ਨਿਵੇਦਿਤਾ ਗੁਪਤਾ, ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਅਤੇ ਭਾਈਵਾਲ ਏਜੰਸੀਆਂ ਦੇ ਪ੍ਰਤੀਨਿਧੀ ਮੌਜੂਦ ਸਨ।

************

ਐੱਸਆਰ/ਏਕੇ

HFW- One Health Mission Assembly/20th Nov 2025/1


(रिलीज़ आईडी: 2194506) आगंतुक पटल : 23
इस विज्ञप्ति को इन भाषाओं में पढ़ें: English , Urdu , Marathi , हिन्दी , Tamil