ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਜੇਐੱਚਪੀਈਜੀਓ ਅਤੇ ਐਡਿਥ ਕੋਵਾਨ ਯੂਨੀਵਰਸਿਟੀ, ਆਸਟ੍ਰੇਲੀਆ ਨਰਸਿੰਗ ਸਮਰੱਥਾਵਾਂ ਨੂੰ ਬਿਹਤਰ ਬਣਾਉਣ ਅਤੇ ਭਵਿੱਖ ਲਈ ਕਾਰਜਬਲ ਤਿਆਰ ਕਰਨ ਲਈ ਇਕੱਠੇ ਹੋਏ ਹਨ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਅਗਵਾਈ ਹੇਠ ਆਯੋਜਿਤ ਗੋਲਮੇਜ਼ ਮੀਟਿੰਗ ਵਿੱਚ ਮਜ਼ਬੂਤ ਨਰਸਿੰਗ ਸੈਕਟਰ ਲਈ ਸਮਰੱਥਾ ਨਿਰਮਾਣ ਅਤੇ ਕਾਰਜਬਲ ਯੋਜਨਾਬੰਦੀ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ
ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਹਨ : ਡਾ. ਅਕਾਂਕਸ਼ਾ ਰੰਜਨ.
प्रविष्टि तिथि:
17 NOV 2025 3:13PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਨੇ ਐਡਿਥ ਕੋਵਾਨ ਯੂਨੀਵਰਸਿਟੀ (ਈਸੀਯੂ), ਆਸਟ੍ਰੇਲੀਆ ਅਤੇ ਜੌਨਸ ਹੌਪਕਿੰਸ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਇਨ ਗਾਇਨੌਕੌਲੋਜੀ ਐਂਡ ਔਬਸਟੈਟ੍ਰਿਕਸ (Jhpiego-ਜੇਐੱਚਪੀਈਜੀਓ) ਦੇ ਸਹਿਯੋਗ ਨਾਲ, ਅੱਜ ਇੱਥੇ 'ਭਾਰਤ ਅਤੇ ਆਸਟ੍ਰੇਲੀਆ ਵਿੱਚ ਨਰਸਿੰਗ ਵਰਕਫੋਰਸ ਨੂੰ ਮਜ਼ਬੂਤ ਕਰਨਾ: ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਦੇ ਅਨੁਸਾਰ ਇੱਕ ਹੁਨਰਮੰਦ ਨਰਸਿੰਗ ਵਰਕਫੋਰਸ ਲਈ ਸਹਿਯੋਗੀ ਮਾਰਗਾਂ ਦਾ ਨਿਰਮਾਣ' ਵਿਸ਼ੇ 'ਤੇ ਦੋ-ਦਿਨਾਂ ਗੋਲਮੇਜ਼ ਦੇ ਪਹਿਲੇ ਦਿਨ ਦਾ ਸਫਲਤਾਪੂਰਵਕ ਉਦਘਾਟਨ ਕੀਤਾ।
ਇਸ ਗੱਲਬਾਤ ਦਾ ਉਦੇਸ਼ ਡੂੰਘੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਵਧੀਆ ਅਭਿਆਸਾਂ ਨੂੰ ਸਾਂਝਾ ਕਰਨਾ ਅਤੇ ਟਿਕਾਊ ਵਿਕਾਸ ਟੀਚਿਆਂ ਦੇ ਅਨੁਸਾਰ ਇੱਕ ਲਚਕੀਲੇ, ਭਵਿੱਖ ਲਈ ਤਿਆਰ ਨਰਸਿੰਗ ਕਾਰਜਬਲ ਦੇ ਨਿਰਮਾਣ ਲਈ ਸਾਂਝੇ ਮਾਰਗ ਵਿਕਸਿਤ ਕਰਨਾ ਸੀ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਉਪ ਸਕੱਤਰ (ਨਰਸਿੰਗ ਅਤੇ ਡੈਂਟਲ) ਸੁਸ਼੍ਰੀ ਅਕਾਂਕਸ਼ਾ ਰੰਜਨ ਨੇ ਆਪਣਾ ਮੁੱਖ ਭਾਸ਼ਣ ਦਿੰਦੇ ਹੋਏ ਕਿਹਾ ਕਿ ਇਹ ਗੋਲਮੇਜ਼ ਬੈਠਕ ਇੱਕ ਢੁੱਕਵੇਂ ਸਮੇਂ ‘ਤੇ ਹੋ ਰਹੀ ਹੈ, ਕਿਉਂਕਿ ਇਹ ਤਿੰਨ ਦਿਨਾਂ ਰਾਸ਼ਟਰੀ ਰਣਨੀਤਕ ਬੈਠਕ ਤੋਂ ਠੀਕ ਬਾਅਦ ਹੋ ਰਹੀ ਹੈ, ਜਿਸ ਵਿੱਚ ਭਾਰਤ ‘ਚ ਨਰਸਿੰਗ ਨੀਤੀ ਦੀ ਭਵਿੱਖ ਦੀ ਦਿਸ਼ਾ 'ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਹਨ। ਉਨ੍ਹਾਂ ਨੇ ਇੱਕ ਵਧੇਰੇ ਲਚਕਦਾਰ ਅਤੇ ਯੋਗਤਾ-ਅਧਾਰਿਤ ਨਰਸਿੰਗ ਕਾਰਜਬਲ ਦੇ ਨਿਰਮਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਸੁਸ਼੍ਰੀ ਰੰਜਨ ਨੇ ਇਹ ਵੀ ਦੱਸਿਆ ਕਿ ਦੁਨੀਆ ਭਰ ਵਿੱਚ 2.9 ਮਿਲੀਅਨ ਨਰਸਾਂ ਕੰਮ ਕਰਦੀਆਂ ਹਨ, ਜਦੋਂ ਕਿ ਉਨ੍ਹਾਂ ਦੀ ਕਮੀ 4.5 ਮਿਲੀਅਨ ਹੈ, ਜਿਸ ਨਾਲ ਮਹੱਤਵਪੂਰਨ ਵਿਸ਼ਵਵਿਆਪੀ ਮੰਗ ਵਧਦੀ ਹੈ ਅਤੇ ਨਰਸਾਂ ਦੇ ਪ੍ਰਵਾਸ ਨੂੰ ਸੁਚਾਰੂ ਬਣਾਉਣ ਲਈ ਰਾਹ ਖੁੱਲ੍ਹਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ-ਆਸਟ੍ਰੇਲੀਆ ਸਹਿਯੋਗ ਨਰਸਿੰਗ ਸਿੱਖਿਆ ਦੇ ਮਿਆਰਾਂ ਨੂੰ ਸਾਂਝੇ ਤੌਰ 'ਤੇ ਅੱਗੇ ਵਧਾਉਣ, ਕਾਰਜਬਲ ਦੇ ਮਾਰਗਾਂ ਦਾ ਵਿਸਤਾਰ ਕਰਨ ਅਤੇ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਬਹੁਮੁੱਲਾ ਮੰਚ ਪ੍ਰਦਾਨ ਕਰਦਾ ਹੈ। ਦੁਵੱਲਾ ਸਹਿਯੋਗ ਦੋਵਾਂ ਦੇਸ਼ਾਂ ਦੀ ਉੱਭਰ ਰਹੀਆਂ ਸਿਹਤ ਪ੍ਰਣਾਲੀ ਦੀਆਂ ਚੁਣੌਤੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (ਡੀਜੀਐੱਚਐੱਸ) ਦੀ ਨਰਸਿੰਗ ਸਲਾਹਕਾਰ, ਡਾ. ਦੀਪਿਕਾ ਖਾਖਾ (Dr. Deepika Khakha) ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਰਸਾਂ ਵਿਸ਼ਵ ਪੱਧਰ 'ਤੇ ਸਿਹਤ ਸੰਭਾਲ ਪ੍ਰਣਾਲੀਆਂ ਦੀ ਧੜਕਣ ਬਣੀਆਂ ਹੋਈਆਂ ਹਨ। ਇਸ ਗੋਲਮੇਜ਼ ਬੈਠਕ ਦਾ ਮੁੱਖ ਉਦੇਸ਼ ਆਪਸੀ ਸਿਖਲਾਈ ਹੈ, ਜੋ ਭਾਰਤ ਅਤੇ ਆਸਟ੍ਰੇਲੀਆ ਨੂੰ ਭਵਿੱਖ ਦੀਆਂ ਸਿਹਤ ਸੰਭਾਲ ਚੁਣੌਤੀਆਂ ਦਾ ਸਾਂਝੇ ਤੌਰ 'ਤੇ ਅੰਦਾਜ਼ਾ ਲਗਾਉਣ ਅਤੇ ਉਨ੍ਹਾਂ ਨੂੰ ਹੱਲ ਕਰਨ ਦੇ ਯੋਗ ਬਣਾਉਂਦਾ ਹੈ।
ਨਰਸਿੰਗ ਸਿਹਤ ਸੰਭਾਲ ਪ੍ਰਣਾਲੀ ਵਿੱਚ ਪ੍ਰਗਤੀ ਬਾਰੇ ਬੋਲਦਿਆਂ, ਉਨ੍ਹਾਂ ਨੇ ਕਿਹਾ ਕਿ ਭਾਰਤ ਦਾ 3.5 ਮਿਲੀਅਨ ਕਰਮਚਾਰੀਆਂ ਦਾ ਨਰਸਿੰਗ ਕਾਰਜਬਲ ਤੇਜ਼ੀ ਨਾਲ ਵਿਕਸਿਤ ਹੋ ਰਹੇ ਸਿਹਤ ਸੰਭਾਲ ਦ੍ਰਿਸ਼ ਵਿੱਚ ਸੇਵਾ ਕਰ ਰਿਹਾ ਹੈ, ਜਿਸਨੂੰ 5,000 ਤੋਂ ਵੱਧ ਨਰਸਿੰਗ ਸੰਸਥਾਵਾਂ ਦੇ ਇੱਕ ਮਜ਼ਬੂਤ ਈਕੋਸਿਸਟਮ ਦਾ ਸਮਰਥਨ ਪ੍ਰਾਪਤ ਹੈ, ਜੋ ਵੱਖ-ਵੱਖ ਨਰਸਿੰਗ ਪ੍ਰੋਗਰਾਮ ਪੇਸ਼ ਕਰਦੇ ਹਨ। ਭਾਰਤ ਸਰਕਾਰ ਸਿਹਤ ਸੰਭਾਲ ਕਾਰਜਬਲ ਵਿੱਚ ਮਹੱਤਵਪੂਰਨ ਨਿਵੇਸ਼ ਕਰ ਰਹੀ ਹੈ, ਜਿਸ ਵਿੱਚ ਭਵਿੱਖ ਵਿੱਚ 157 ਨਵੇਂ ਨਰਸਿੰਗ ਸੰਸਥਾਵਾਂ ਦੀ ਸਥਾਪਨਾ ਵੀ ਸ਼ਾਮਲ ਹੈ।

ਉਨ੍ਹਾਂ ਨੇ ਕਿਹਾ ਕਿ ਫੈਕਲਟੀ ਵਿਕਾਸ ਵਿੱਚ ਨਿਵੇਸ਼ ਦਾ ਪੂਰੇ ਨਰਸਿੰਗ ਈਕੋਸਿਸਟਮ 'ਤੇ ਇੱਕ ਸ਼ਕਤੀਸ਼ਾਲੀ ਪ੍ਰਭਾਵ ਪੈਂਦਾ ਹੈ। ਜਦੋਂ ਫੈਕਲਟੀ ਨੂੰ ਮਜ਼ਬੂਤ ਕੀਤਾ ਜਾਂਦਾ ਹੈ, ਤਾਂ ਲਾਭ ਕੁਦਰਤੀ ਤੌਰ 'ਤੇ ਵਿਦਿਆਰਥੀਆਂ ਤੱਕ ਪਹੁੰਚਦੇ ਹਨ - ਜੋ ਇਸ ਲਈ ਭਾਰਤ ਦੇ ਭਵਿੱਖ ਲਈ ਤਿਆਰ ਅਤੇ ਨੌਕਰੀ ਲਈ ਤਿਆਰ ਨਰਸਿੰਗ ਕਾਰਜਬਲ ਦੀ ਸਿਰਜਣਾ ਕਰਨਗੇ।
ਡਾ. ਖਾਖਾ ਨੇ ਕਿਹਾ ਕਿ ਨੈਸ਼ਨਲ ਨਰਸਿੰਗ ਐਂਡ ਮਿਡਵਾਈਫਰੀ ਕਮਿਸ਼ਨ ਐਕਟ, 2023 ਦੇ ਤਹਿਤ ਨਰਸਿੰਗ ਪਾਠਕ੍ਰਮ ਦਾ ਆਧੁਨਿਕੀਕਰਣ, ਵਿਸ਼ਵ ਪੱਧਰ 'ਤੇ ਨਰਸਿੰਗ ਪੇਸ਼ੇਵਰਾਂ ਦੀ ਗੁਣਵੱਤਾ, ਯੋਗਤਾ ਅਤੇ ਬਰਾਬਰ ਵੰਡ ਨੂੰ ਬਿਹਤਰ ਬਣਾਉਣ ਵੱਲ ਇੱਕ ਪਰਿਵਰਤਨਸ਼ੀਲ ਕਦਮ ਹੈ। ਯੋਗਤਾ-ਅਧਾਰਿਤ ਸਿੱਖਿਆ, ਡਿਜੀਟਲ ਸਿਖਲਾਈ ਪਲੈਟਫਾਰਮ, ਬਿਹਤਰ ਕਲੀਨਿਕਲ ਅਨੁਭਵ, ਨਿਰੰਤਰ ਪੇਸ਼ੇਵਰ ਵਿਕਾਸ, ਆਧੁਨਿਕ ਰੈਗੂਲੇਟਰੀ ਢਾਂਚੇ ਅਤੇ ਮਜ਼ਬੂਤ ਲੀਡਰਸ਼ਿਪ ਸਿਖਲਾਈ ਭਾਰਤ ਦੇ ਨਰਸਿੰਗ ਕਾਰਜਬਲ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਮੁੱਖ ਥੰਮ੍ਹ ਬਣੇ ਰਹਿਣਗੇ।
ਡਾ. ਖਾਖਾ ਨੇ ਦੱਸਿਆ ਕਿ ਇਹ ਗੋਲਮੇਜ਼ ਬੈਠਕ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਾਂਝੀ ਵਚਨਬੱਧਤਾ ਅਤੇ ਸਹਿਯੋਗੀ ਭਾਵਨਾ ਦਾ ਪ੍ਰਤੀਕ ਹੈ। ਅਜਿਹੀਆਂ ਭਾਈਵਾਲੀ ਨਵੀਨਤਾਵਾਂ ਨੂੰ ਸਾਂਝਾ ਕਰਨ, ਕਾਰਜਬਲ ਯੋਜਨਾਬੰਦੀ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਵਿਕਾਸ ਟੀਚਿਆਂ ਨਾਲ ਸਮੂਹਿਕ ਯਤਨਾਂ ਨੂੰ ਇਕਸਾਰ ਕਰਨ ਲਈ ਬਹੁਤ ਮਹੱਤਵਪੂਰਨ ਹਨ। ਸਰਹੱਦਾਂ ਤੋਂ ਪਾਰ ਸਹਿਯੋਗ ਅਤੇ ਸਿੱਖਣਾ ਇੱਕ ਲਚਕੀਲੇ ਅਤੇ ਭਵਿੱਖ ਲਈ ਤਿਆਰ ਨਰਸਿੰਗ ਕਾਰਜਬਲ ਨੂੰ ਆਕਾਰ ਦੇਣ ਲਈ ਲਾਜ਼ਮੀ ਹੈ।
ਇਸ ਮੌਕੇ 'ਤੇ ਬੋਲਦਿਆਂ, ਆਸਟ੍ਰੇਲੀਆ ਦੀ ਐਡਿਥ ਕੋਵਾਨ ਯੂਨੀਵਰਸਿਟੀ ਦੇ ਕਾਰਜਕਾਰੀ ਡੀਨ, ਪ੍ਰੋਫੈਸਰ ਕੈਰਨ ਸਟ੍ਰਿਕਲੈਂਡ (Prof. Karen Strickland) ਨੇ ਨਰਸਿੰਗ ਸਿੱਖਿਆ ਅਤੇ ਅਭਿਆਸ ਨੂੰ ਅੱਗੇ ਵਧਾਉਣ ਵਿੱਚ ਦੋਵਾਂ ਦੇਸ਼ਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਨਰਸਾਂ ਨੂੰ ਤਿਆਰ ਕਰਨ ਵਿੱਚ ਵਿਸ਼ਵਵਿਆਪੀ ਸਹਿਯੋਗ ਬਹੁਤ ਮਹੱਤਵਪੂਰਨ ਹੈ ਜੋ ਬਦਲਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਪੂਰਾ ਕਰ ਸਕਦੀਆਂ ਹਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਅਨੁਕੂਲ ਹੋ ਸਕਦੀਆਂ ਹਨ।

ਪ੍ਰੋਫੈਸਰ ਸਟ੍ਰਿਕਲੈਂਡ ਨੇ ਕਿਹਾ ਕਿ ਆਸਟ੍ਰੇਲੀਆ ਅਤੇ ਭਾਰਤ ਦੀ ਨਰਸਿੰਗ ਸਿੱਖਿਆ ਵਿੱਚ ਲੰਬੇ ਸਮੇਂ ਤੋਂ ਭਾਈਵਾਲੀ ਹੈ ਅਤੇ ਇਹ ਗੋਲਮੇਜ਼ ਬੈਠਕ ਨਵੀਨਤਾਵਾਂ, ਖੋਜ ਸੂਝ ਅਤੇ ਬਿਹਤਰੀਨ ਅਭਿਆਸਾਂ ਨੂੰ ਸਾਂਝਾ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦੀ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿੱਚ ਕਾਰਜਬਲ ਦੀ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
Jhpiego ਦੇ ਡਿਪਟੀ ਕੰਟਰੀ ਡਾਇਰੈਕਟਰ ਡਾ. ਕਮਲੇਸ਼ ਲਾਲਚੰਦਾਨੀ ਨੇ ਵੀ ਭਾਗੀਦਾਰਾਂ ਨੂੰ ਸੰਬੋਧਨ ਕੀਤਾ ਅਤੇ ਨਰਸਿੰਗ ਅਤੇ ਮਿਡਵਾਈਫਰੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਿੱਚ ਭਾਰਤ ਸਰਕਾਰ ਨਾਲ Jhpiego ਦੀ ਨਿਰੰਤਰ ਭਾਈਵਾਲੀ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਇੱਕ ਜਵਾਬਦੇਹ ਅਤੇ ਲਚਕੀਲਾ ਨਰਸਿੰਗ ਕਾਰਜਬਲ ਦੇ ਨਿਰਮਾਣ ਵਿੱਚ ਸਬੂਤ-ਅਧਾਰਿਤ ਅਭਿਆਸ, ਨਵੀਨਤਾ ਅਤੇ ਸਮਰੱਥਾ ਨਿਰਮਾਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਪਿਛਲੇ ਦਹਾਕੇ ਦੌਰਾਨ ਭਾਰਤ ਨੇ ਆਪਣੀ ਸਿਹਤ ਸੰਭਾਲ ਸਪੁਰਦਗੀ ਪ੍ਰਣਾਲੀ ਵਿੱਚ ਭਾਰਤ ਦੁਆਰਾ ਕੀਤੀ ਗਈ ਪ੍ਰਗਤੀ ਦੇ ਮਹੱਤਵ ‘ਤੇ ਜੋਰ ਦਿੱਤਾ।

ਵਿਚਾਰ-ਵਟਾਂਦਰੇ ਨੇ ਦੁਵੱਲੇ ਸਹਿਯੋਗ ਲਈ ਤਰਜੀਹੀ ਖੇਤਰਾਂ ਦੀ ਪਛਾਣ ਕੀਤੀ, ਜਿਸ ਵਿੱਚ ਫੈਕਲਟੀ ਵਿਕਾਸ, ਸੰਯੁਕਤ ਖੋਜ, ਅਦਾਨ-ਪ੍ਰਦਾਨ ਪ੍ਰੋਗਰਾਮ ਅਤੇ ਡਿਜੀਟਲ ਸਿਖਲਾਈ ਨਵੀਨਤਾਵਾਂ ਸ਼ਾਮਲ ਹਨ।

ਇਸ ਵਰਕਸ਼ਾਪ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ, ਨਰਸਿੰਗ ਆਗੂਆਂ, ਅਕਾਦਮਿਕ ਮਾਹਰਾਂ ਅਤੇ ਵਿਕਾਸ ਭਾਈਵਾਲਾਂ ਨੂੰ ਇਕੱਠਾ ਕੀਤਾ ਜਿਸ ਨੇ ਨਰਸਿੰਗ ਅਤੇ ਦਾਈਆਂ ਦੇ ਸੁਧਾਰਾਂ 'ਤੇ ਰਾਸ਼ਟਰੀ ਏਜੰਡੇ ਨੂੰ ਅੱਗੇ ਵਧਾਉਣ ਲਈ ਇੱਕ ਪਲੈਟਫਾਰਮ ਵਜੋਂ ਕੰਮ ਕੀਤਾ।
***
ਐੱਸਆਰ/ਏਕੇ
HFW- India Australia Nursing Workshop Roundtable/17th Nov 2025/1
(रिलीज़ आईडी: 2191236)
आगंतुक पटल : 22