ਰੱਖਿਆ ਮੰਤਰਾਲਾ
ਸੰਯੁਕਤ ਅਰਬ ਅਮੀਰਾਤ ਦੀ ਫੌਜ ਦੇ ਕਮਾਂਡਰ, ਮੇਜਰ ਜਨਰਲ ਯੂਸਫ਼ ਮਯੂਫ਼ ਸਈਦ ਅਲ ਹਲਾਮੀ, ਭਾਰਤ ਪਹੁੰਚੇ
प्रविष्टि तिथि:
27 OCT 2025 4:55PM by PIB Chandigarh
ਸੰਯੁਕਤ ਅਰਬ ਅਮੀਰਾਤ ਦੀ ਫੌਜ ਦੇ ਕਮਾਂਡਰ, ਮੇਜਰ ਜਨਰਲ ਯੂਸਫ਼ ਮਯੂਫ਼ ਸਈਦ ਅਲ ਹਲਾਮੀ, 27-28 ਅਕਤੂਬਰ, 2025 ਤੱਕ ਭਾਰਤ ਦੇ ਅਧਿਕਾਰਤ ਦੌਰੇ 'ਤੇ ਰਹਿਣਗੇ। ਇਸ ਉੱਚ-ਪੱਧਰੀ ਦੌਰੇ ਦਾ ਉਦੇਸ਼ ਦੁਵੱਲੇ ਫੌਜੀ ਸਹਿਯੋਗ ਨੂੰ ਵਧਾਉਣਾ ਅਤੇ ਖਾਸ ਕਰਕੇ ਸਿਖਲਾਈ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿੱਚ ਸਹਿਯੋਗ ਲਈ ਨਵੇਂ ਮੌਕਿਆਂ ਦੀ ਖੋਜ ਕਰਨਾ ਹੈ । ਇਹ ਦੌਰਾ ਦੋਵਾਂ ਦੇਸ਼ਾਂ ਦੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ।
ਮੇਜਰ ਜਨਰਲ ਯੂਸਫ਼ ਮਯੂਫ਼ ਸਈਦ ਅਲ ਹਲਾਮੀ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ ਗਿਆ ਅਤੇ ਆਪ੍ਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੱਤੀ ਗਈ। ਸੂਚਨਾ ਪ੍ਰਣਾਲੀ ਅਤੇ ਫੌਜ ਡਿਜ਼ਾਈਨ ਬਿਊਰੋ ਦੇ ਡਾਇਰੈਕਟਰ ਜਨਰਲ ਨੇ ਮੇਜਰ ਜਨਰਲ ਯੂਸਫ਼ ਮਯੂਫ਼ ਸਈਦ ਅਲ ਹਲਾਮੀ ਨੂੰ ਦੇਸ਼ ਦੀ ਰੱਖਿਆ ਸਮਰੱਥਾਵਾਂ ਅਤੇ ਭਾਰਤੀ ਫੌਜ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਰੋਡਮੈਪ ਬਾਰੇ ਵੀ ਜਾਣਕਾਰੀ ਦਿੱਤੀ।
ਮੇਜਰ ਜਨਰਲ ਯੂਸਫ਼ ਮਯੂਫ਼ ਸਈਦ ਅਲ ਹਲਾਮੀ 28 ਅਕਤੂਬਰ, 2025 ਨੂੰ ਰਾਸ਼ਟਰੀ ਯੁੱਧ ਸਮਾਰਕ 'ਤੇ ਫੁੱਲਮਾਲਾ ਭੇਂਟ ਕਰਨਗੇ। ਇਸ ਤੋਂ ਬਾਅਦ ਉਹ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦਾ ਦੌਰਾ ਕਰਨਗੇ ਅਤੇ ਵੱਖ-ਵੱਖ ਸਵਦੇਸ਼ੀ ਹਥਿਆਰਾਂ ਅਤੇ ਉਪਕਰਣ ਪਲੇਟਫਾਰਮਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨਗੇ। ਉਹ ਡਾ. ਸਮੀਰ ਵੀ. ਕਾਮਥ, ਸਕੱਤਰ, ਰੱਖਿਆ ਖੋਜ ਅਤੇ ਵਿਕਾਸ ਵਿਭਾਗ ਅਤੇ ਚੇਅਰਮੈਨ, ਡੀਆਰਡੀਓ ਨਾਲ ਵੀ ਗੱਲਬਾਤ ਕਰਨਗੇ। ਕਮਾਂਡਰ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਭਾਰਤੀ ਰੱਖਿਆ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕਰਨਗੇ।
ਯੂਏਈ ਫੌਜ ਦੇ ਕਮਾਂਡਰ ਮੇਜਰ ਜਨਰਲ ਯੂਸਫ਼ ਮਯੂਫ਼ ਸਈਦ ਅਲ ਹਲਾਮੀ ਦੀ ਫੇਰੀ ਯੂਏਈ ਅਤੇ ਭਾਰਤ ਵਿਚਕਾਰ ਰੱਖਿਆ ਸਹਿਯੋਗ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਫੇਰੀ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਫੌਜੀ ਸ਼ਮੂਲੀਅਤ ਅਤੇ ਖੇਤਰੀ ਸੁਰੱਖਿਆ ਸਹਿਯੋਗ ਰਾਹੀਂ ਭਵਿੱਖ ਦੀ ਭਾਈਵਾਲੀ ਲਈ ਰਾਹ ਪੱਧਰਾ ਕਰੇਗੀ।


****
ਐੱਨਏ/ਪੀਕੇ/ ਬਲਜੀਤ
(रिलीज़ आईडी: 2183733)
आगंतुक पटल : 17