ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਏਮਸ, ਨਵੀਂ ਦਿੱਲੀ ਦੇ 50ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਕੇਂਦਰੀ ਸਿਹਤ ਮੰਤਰੀ ਨੇ ਮੈਡੀਕਲ ਬੁਨਿਆਦੀ ਢਾਂਚੇ ਵਿੱਚ ਇੱਕ ਦਹਾਕੇ ਦੇ ਵਿਕਾਸ ਦਾ ਜ਼ਿਕਰ ਕੀਤਾ
ਭਾਰਤ ਦੀ ਮੈਡੀਕਲ ਸਿੱਖਿਆ ਵਿੱਚ ਤਰੱਕੀ: 819 ਕਾਲਜ, 1.29 ਲੱਖ ਅੰਡਰਗ੍ਰੈਜੁਏਟ ਸੀਟਾਂ: ਸਿਹਤ ਮੰਤਰੀ
ਇੱਕ ਤੋਂ ਤੇਈ (23) ਤੱਕ ਦਾ ਏਮਸ ਦਾ ਵਿਸਥਾਰ ਭਾਰਤ ਦੀ ਸਿਹਤ ਸੰਭਾਲ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਐੱਮਐੱਮਆਰ, ਆਈਐੱਮਆਰ, ਟੀਬੀ ਇਨਫੈਕਸ਼ਨ ਦਰਾਂ ਵਿੱਚ ਤੇਜ਼ੀ ਨਾਲ ਗਿਰਾਵਟ ਦੇ ਨਾਲ ਭਾਰਤ ਨੇ ਵਿਸ਼ਵਵਿਆਪੀ ਸਿਹਤ ਮਾਪਦੰਡਾਂ ਨੂੰ ਪਾਰ ਕੀਤਾ
ਸ਼੍ਰੀ ਨੱਡਾ ਨੇ ਏਮਸ ਦੇ ਗ੍ਰੈਜੂਏਟਾਂ ਨੂੰ ਉੱਤਮਤਾ ਬਣਾਈ ਰੱਖਣ ਅਤੇ ਡਾਕਟਰੀ ਸਿੱਖਿਆ ਅਤੇ ਖੋਜ ਕਾਰਜਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ
ਏਮਸ ਦੇ 50ਵੇਂ ਕਨਵੋਕੇਸ਼ਨ ਵਿੱਚ 326 ਗ੍ਰੈਜੂਏਟਾਂ ਨੂੰ ਡਿਗਰੀ ਪ੍ਰਦਾਨ ਕੀਤੀ ਗਈ; ਸੱਤ ਡਾਕਟਰਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲੇ
Posted On:
25 OCT 2025 2:06PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜੇ.ਪੀ. ਨੱਡਾ ਨੇ ਅੱਜ ਇੱਥੇ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ (ਏਮਸ), ਨਵੀਂ ਦਿੱਲੀ ਦੇ 50ਵੇਂ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨੱਡਾ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਾਰਤ ਵਿੱਚ ਮੈਡੀਕਲ ਸਾਇੰਸ, ਸਿੱਖਿਆ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਅੱਗੇ ਵਧਾਉਣ ਵਿੱਚ ਏਮਸ ਦੇ ਵਿਲੱਖਣ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨੌਜਵਾਨ ਡਾਕਟਰਾਂ ਨੂੰ ਦੇਸ਼ ਦੀਆਂ ਉੱਭਰ ਰਹੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਮਦਰਦੀ ਨਾਲ ਸੇਵਾ ਕਰਨ, ਨੈਤਿਕਤਾ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਅਤੇ ਨਵੀਨਤਾ ਦੀ ਵਰਤੋਂ ਦਾ ਸੱਦਾ ਦਿੱਤਾ।

ਸ੍ਰੀ ਨੱਡਾ ਨੇ ਕਿਹਾ, “ਮੈਡੀਕਲ ਸਾਇੰਸ, ਸਿਖਲਾਈ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ, ਏਮਸ, ਰਾਜਧਾਨੀ ਦਿੱਲੀ ਨੇ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਪੱਧਰ 'ਤੇ ਆਪਣਾ ਸਥਾਨ ਬਣਾਇਆ ਹੈ।” ਉਨ੍ਹਾਂ ਨੇ ਸੰਸਥਾ ਦੀ ਮੈਡੀਕਲ ਸਿੱਖਿਆ, ਅਤਿ-ਆਧੁਨਿਕ ਖੋਜ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਉੱਤਮਤਾ ਪ੍ਰਤੀ ਨਿਰੰਤਰ ਵਚਨਬੱਧਤਾ ਦੀ ਸ਼ਲਾਘਾ ਕੀਤੀ।
ਸ਼੍ਰੀ ਨੱਡਾ ਨੇ ਪਿਛਲੇ ਦਹਾਕੇ ਦੌਰਾਨ ਭਾਰਤ ਦੇ ਸਿਹਤ ਸੰਭਾਲ ਅਤੇ ਡਾਕਟਰੀ ਸਿੱਖਿਆ ਖੇਤਰ ਵਿੱਚ ਹੋਈ ਸ਼ਾਨਦਾਰ ਪ੍ਰਗਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਛਲੀ ਸਦੀ ਦੇ ਅੰਤ ਵਿੱਚ ਜਿੱਥੇ ਦੇਸ਼ ਵਿੱਚ ਸਿਰਫ਼ ਇੱਕ ਏਮਸ ਸੀ, ਉੱਥੇ ਹੀ ਅੱਜ ਪੂਰੇ ਭਾਰਤ ਵਿੱਚ 23 ਏਮਸ ਸੰਸਥਾਵਾਂ ਹਨ। ਇਹ ਹਰੇਕ ਖੇਤਰ ਵਿੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਅਤੇ ਡਾਕਟਰੀ ਸਿਖਲਾਈ ਦੇ ਵਿਸਥਾਰ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ 11 ਵਰ੍ਹਿਆਂ ਵਿੱਚ, ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵਧ ਕੇ 819 ਹੋ ਗਈ ਹੈ। ਇਸੇ ਤਰ੍ਹਾਂ, ਅੰਡਰਗ੍ਰੈਜੂਏਟ ਮੈਡੀਕਲ ਸੀਟਾਂ 51,000 ਤੋਂ ਵਧ ਕੇ 129,000 ਹੋ ਗਈਆਂ ਹਨ, ਅਤੇ ਪੋਸਟ ਗ੍ਰੈਜੂਏਟ ਸੀਟਾਂ 31,000 ਤੋਂ ਵਧ ਕੇ 78,000 ਹੋ ਗਈਆਂ ਹਨ। ਸ਼੍ਰੀ ਨੱਡਾ ਨੇ ਕਿਹਾ ਕਿ ਅਗਲੇ ਪੰਜ ਵਰ੍ਹਿਆਂ ਵਿੱਚ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਦੋਵਾਂ ਪੱਧਰਾਂ 'ਤੇ 75,000 ਵਾਧੂ ਸੀਟਾਂ ਜੋੜਨ ਦੀ ਉਮੀਦ ਹੈ।
ਕੇਂਦਰੀ ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਭਾਰਤ ਨੇ ਮਾਂ ਅਤੇ ਬੱਚੇ ਦੀ ਸਿਹਤ ਦੇ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ, ਜਿੱਥੇ ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸਆਰਐੱਸ) ਦੇ ਅੰਕੜਿਆਂ ਅਨੁਸਾਰ, ਮਾਤ੍ਰਿ ਮੌਤ ਦਰ (ਐੱਮਐੱਮਆਰ) 130 ਤੋਂ ਘਟ ਕੇ 88 ਅਤੇ ਬਾਲ ਮੌਤ ਦਰ (ਆਈਐੱਮਆਰ) 39 ਤੋਂ ਘਟ ਕੇ 27 ਹੋ ਗਈ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ (ਯੂ5ਐੱਮਆਰ) ਅਤੇ ਰਾਸ਼ਟਰੀ ਮੌਤ ਦਰ (ਐੱਨਐੱਮਆਰ) ਵਿੱਚ ਵੀ ਕ੍ਰਮਵਾਰ 42% ਅਤੇ 39% ਦੀ ਮਹੱਤਵਪੂਰਨ ਕਮੀ ਆਈ ਹੈ, ਜੋ ਕਿ ਵਿਸ਼ਵ ਔਸਤ ਨਾਲੋਂ ਵੱਧ ਹੈ।

ਉਨ੍ਹਾਂ ਅੱਗੇ ਕਿਹਾ ਕਿ ਲੈਂਸੇਟ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਟੀਬੀ ਦੇ ਮਾਮਲਿਆਂ ਵਿੱਚ 17.7 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਆਪਣੇ ਸਮਾਪਤੀ ਭਾਸ਼ਣ ਵਿੱਚ, ਸ਼੍ਰੀ ਨੱਡਾ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਖੋਜ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਅਤੇ ਆਪਣੇ ਪੇਸ਼ੇਵਰ ਅਤੇ ਨੈਤਿਕ ਆਚਰਣ ਵਿੱਚ ਉੱਤਮਤਾ ਦੁਆਰਾ ਏਮਸ ਦੀ ਵੱਕਾਰੀ ਵਿਰਾਸਤ ਅਤੇ ਬ੍ਰਾਂਡ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਭਰ ਸਿੱਖਣ ਵਾਲੇ ਅਤੇ ਨਵੀਨਤਾਕਾਰੀ ਬਣੇ ਰਹਿਣ, ਮੈਡੀਕਲ ਸਾਇੰਸ ਨੂੰ ਅੱਗੇ ਵਧਾਉਣ ਅਤੇ ਸਮਾਜ ਦੀ ਸੇਵਾ ਲਈ ਸਮਰਪਿਤ ਰਹਿਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਬੋਲਦਿਆਂ, ਨੀਤੀ ਆਯੋਗ ਦੇ ਮੈਂਬਰ, ਪ੍ਰੋਫੈਸਰ ਵੀ.ਕੇ. ਪਾਲ ਨੇ ਕਿਹਾ, "ਸਾਡੀ ਇੱਕ ਮਹੱਤਵਪੂਰਨ ਸਮਾਜਿਕ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਭਾਈਚਾਰੇ ਨੂੰ ਕੁੱਝ ਵਾਪਸ ਦੇਈਏ ਜਿਸਨੇ ਸਾਨੂੰ ਪਾਲਿਆ ਹੈ। ਜਿਵੇਂ-ਜਿਵੇਂ ਤੁਸੀਂ ਅੱਗੇ ਵਧਦੇ ਹੋ, ਉੱਤਮਤਾ ਨੂੰ ਆਪਣਾ ਰੋਜ਼ਾਨਾ ਅਭਿਆਸ ਅਤੇ ਨਵੀਨਤਾ ਨੂੰ ਆਪਣਾ ਮਾਰਗਦਰਸ਼ਕ ਸਿਧਾਂਤ ਬਣਾਓ।"
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਦਮਿਕ ਖੇਤਰ ਵਿੱਚ ਸ਼ਾਮਲ ਹੋਣ, ਸਿਹਤ ਸੰਭਾਲ ਪੇਸ਼ੇਵਰਾਂ ਦੀ ਅਗਲੀ ਪੀੜ੍ਹੀ ਨੂੰ ਪੜ੍ਹਾਉਣ, ਮਾਰਗਦਰਸ਼ਨ ਕਰਨ ਅਤੇ ਪ੍ਰੇਰਿਤ ਕਰਨ ਬਾਰੇ ਵਿਚਾਰ ਕਰਨ, ਜਿਸ ਨਾਲ 'ਵਿਕਸਿਤ ਭਾਰਤ' ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਮਿਲ ਸਕੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੱਚਾ ਰਾਸ਼ਟਰ-ਨਿਰਮਾਣ ਗਿਆਨ, ਹਮਦਰਦੀ ਅਤੇ ਨਿਰੰਤਰ ਸਿੱਖਣ ਦੀ ਮਜ਼ਬੂਤ ਨੀਂਹ 'ਤੇ ਟਿੱਕਿਆ ਹੋਇਆ ਹੈ।

ਇਸ ਕਨਵੋਕੇਸ਼ਨ ਦੌਰਾਨ, 326 ਗ੍ਰੈਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 50 ਪੀਐੱਚਡੀ ਸਕਾਲਰ, 95 ਡੀਐੱਮ/ਐੱਮਸੀਐੱਚ ਮਾਹਿਰ, 69 ਐੱਮਡੀ, 15 ਐੱਮਐੱਸ, 4 ਐੱਮਡੀਐੱਸ, 45 MSC, 30 MSC (ਨਰਸਿੰਗ), ਅਤੇ 18 ਐੱਮ.ਬਾਇਓਟੈਕ ਗ੍ਰੈਜੂਏਟ ਸ਼ਾਮਲ ਸਨ। ਇਸ ਤੋਂ ਇਲਾਵਾ, ਸੱਤ ਡਾਕਟਰਾਂ ਨੂੰ ਏਮਸ ਲਈ ਉਨ੍ਹਾਂ ਦੇ ਮਿਸਾਲੀ ਯੋਗਦਾਨ ਅਤੇ ਸਮਰਪਿਤ ਸੇਵਾ ਲਈ ਲਾਈਫਟਾਈਮ ਅਚੀਵਮੈਂਟ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।

*****
ਐੱਸਆਰ
(Release ID: 2182963)
Visitor Counter : 2