ਰੱਖਿਆ ਮੰਤਰਾਲਾ
azadi ka amrit mahotsav

ਪੁਲਿਸ ਯਾਦਗਾਰੀ ਦਿਵਸ: ਰਕਸ਼ਾ ਮੰਤਰੀ ਐਨਪੀਐੱਮ ਵਿਖੇ ਪੁਸ਼ਪਾਂਜਲੀ ਭੇਟ ਕਰਨਗੇ ਅਤੇ 1959 ਵਿੱਚ ਲੱਦਾਖ ਦੇ ਹੌਟ ਸਪ੍ਰਿੰਗਸ ਵਿਖੇ ਭਾਰੀ ਹਥਿਆਰਾਂ ਨਾਲ ਲੈਸ ਚੀਨੀ ਫੌਜਾਂ ਦੁਆਰਾ ਕੀਤੇ ਗਏ ਇੱਕ ਹਮਲੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ 10 ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦੇਣਗੇ

Posted On: 18 OCT 2025 4:40PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 21 ਅਕਤੂਬਰ, 2025 ਨੂੰ ਪੁਲਿਸ ਯਾਦਗਾਰੀ ਦਿਵਸ 'ਤੇ ਨਵੀਂ ਦਿੱਲੀ ਵਿਖੇ ਰਾਸ਼ਟਰੀ ਪੁਲਿਸ ਸਮਾਰਕ 'ਤੇ ਪੁਸ਼ਪਾਂਜਲੀ ਭੇਟ ਕਰਨਗੇ। 21 ਅਕਤੂਬਰ, 1959 ਨੂੰ, ਲੱਦਾਖ ਦੇ ਹੌਟ ਸਪ੍ਰਿੰਗਸ ਵਿਖੇ ਭਾਰੀ ਹਥਿਆਰਾਂ ਨਾਲ ਲੈਸ ਚੀਨੀ ਫੌਜਾਂ ਦੁਆਰਾ ਕੀਤੇ ਗਏ ਇੱਕ ਹਮਲੇ ਵਿੱਚ 10 ਬਹਾਦਰ ਪੁਲਿਸ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਉਦੋਂ ਤੋਂ, 21 ਅਕਤੂਬਰ ਨੂੰ ਹਰ ਸਾਲ ਪੁਲਿਸ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਇਸ ਸਮਾਗਮ ਦੇ ਹਿੱਸੇ ਵਜੋਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਅਤੇ ਦਿੱਲੀ ਪੁਲਿਸ ਦੀ ਇੱਕ ਸਾਂਝੀ ਪਰੇਡ ਵੀ ਆਯੋਜਿਤ ਕੀਤੀ ਜਾਵੇਗੀ। ਰਕਸ਼ਾ ਮੰਤਰੀ, ਕੇਂਦਰੀ ਗ੍ਰਹਿ ਰਾਜ ਮੰਤਰੀ, ਪੁਲਿਸ ਪਿਛੋਕੜ ਵਾਲੇ ਸੰਸਦ ਮੈਂਬਰ, ਸੀਏਪੀਐਫ/ਸੀਪੀਓ ਦੇ ਮੁਖੀ ਅਤੇ ਹੋਰ ਪਤਵੰਤੇ  ਵੀ ਫੁੱਲਮਾਲਾਵਾਂ ਭੇਟ ਕਰਨਗੇ। ਸੇਵਾਮੁਕਤ ਡੀਜੀ, ਪੁਲਿਸ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਰਕਸ਼ਾ ਮੰਤਰੀ ਸਭਾ ਨੂੰ ਵੀ ਸੰਬੋਧਨ ਕਰਨਗੇ।

ਪੁਲਿਸ ਕਰਮਚਾਰੀਆਂ ਦੁਆਰਾ ਦਿੱਤੀਆਂ ਗਈਆਂ ਕੁਰਬਾਨੀਆਂ ਅਤੇ ਰਾਸ਼ਟਰੀ ਸੁਰੱਖਿਆ ਅਤੇ ਅਖੰਡਤਾ ਨੂੰ ਬਣਾਈ ਰੱਖਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੁਲਿਸ ਯਾਦਗਾਰੀ ਦਿਵਸ 2018 'ਤੇ ਨਵੀਂ ਦਿੱਲੀ ਵਿੱਚ ਚਾਣਕਿਆਪੁਰੀ ਵਿਖੇ ਰਾਸ਼ਟਰੀ ਪੁਲਿਸ ਸਮਾਰਕ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ। ਇਸ ਅਜਾਇਬ ਘਰ ਨੂੰ ਭਾਰਤ ਵਿੱਚ ਪੁਲਿਸਿੰਗ 'ਤੇ ਇੱਕ ਇਤਿਹਾਸਕ ਅਤੇ ਵਿਕਾਸਸ਼ੀਲ ਪ੍ਰਦਰਸ਼ਨੀ ਵਜੋਂ ਸੰਕਲਪਿਤ ਕੀਤਾ ਗਿਆ ਹੈ। ਇਹ ਸੋਮਵਾਰ ਨੂੰ ਛੱਡ ਕੇ ਸਾਰੇ ਦਿਨ ਜਨਤਾ ਲਈ ਖੁੱਲ੍ਹਾ ਰਹਿੰਦਾ ਹੈ। ਸੀਏਪੀਐਫ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ ਨੂੰ ਰਾਸ਼ਟਰੀ ਪੁਲਿਸ ਸਮਾਰਕ ਵਿਖੇ ਬੈਂਡ ਡਿਸਪਲੇਅ, ਪਰੇਡ ਅਤੇ ਰਿਟਰੀਟ ਸਮਾਰੋਹ ਦਾ ਆਯੋਜਨ ਕਰਦੇ ਹਨ, ਜੋ ਸੂਰਜ ਡੁੱਬਣ ਤੋਂ ਇੱਕ ਘੰਟਾ ਪਹਿਲਾਂ ਸ਼ੁਰੂ ਹੁੰਦਾ ਹੈ।

 

ਇਹ ਸਮਾਰਕ ਪੁਲਿਸ ਬਲਾਂ ਨੂੰ ਰਾਸ਼ਟਰੀ ਪਛਾਣ, ਮਾਣ, ਉਦੇਸ਼ ਦੀ ਏਕਤਾ, ਸਾਂਝੇ ਇਤਿਹਾਸ ਅਤੇ ਨਿਯਤੀ ਦੀ ਭਾਵਨਾ ਦਿੰਦੀ ਹੈ, ਨਾਲ ਹੀ ਆਪਣੀਆਂ ਜਾਨਾਂ ਦੀ ਕੁਰਬਾਨ ਕਰਨ 'ਤੇ ਵੀ ਰਾਸ਼ਟਰ ਦੀ ਰੱਖਿਆ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਮਜ਼ਬੂਤ ​​ਕਰਦੀ ਹੈ। ਇਸ ਵਿੱਚ ਇੱਕ ਸੈਂਟਰਲ ਮੂਰਤੀ (Central Sculpture), ਬਹਾਦਰੀ ਦੀ ਇੱਕ ਕੰਧ ਅਤੇ ਇੱਕ ਅਜਾਇਬ ਘਰ ਸ਼ਾਮਲ ਹੈ। ਸੈਂਟਰਲ ਮੂਰਤੀ, ਜੋ ਕਿ 30 ਫੁੱਟ ਉੱਚੀ ਗ੍ਰੇਨਾਈਟ ਮੋਨੋਲਿਥ ਸੀਨੋਟਾਫ ਹੈ, ਪੁਲਿਸ ਕਰਮਚਾਰੀਆਂ ਦੀ ਤਾਕਤ, ਲਚਕੀਲੇਪਣ ਅਤੇ ਨਿਰਸਵਾਰਥ ਸੇਵਾ ਦਾ ਪ੍ਰਤੀਕ ਹੈ। ਬਹਾਦਰੀ ਦੀ ਕੰਧ ਜਿਸ 'ਤੇ ਸ਼ਹੀਦਾਂ ਦੇ ਨਾਮ ਉੱਕਰੇ ਹੋਏ ਹਨ, ਪੁਲਿਸ ਕਰਮਚਾਰੀਆਂ ਦੀ ਬਹਾਦਰੀ ਅਤੇ ਕੁਰਬਾਨੀ ਦੀ ਦ੍ਰਿੜ ਪ੍ਰਵਾਨਗੀ ਵਜੋਂ ਖੜ੍ਹੀ ਹੈ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ।

ਯਾਦਾਂ ਦੇ ਹਿੱਸੇ ਵਜੋਂ, ਸੀਏਪੀਐਫ/ਸੀਪੀਓ 22 ਤੋਂ 30 ਅਕਤੂਬਰ ਤੱਕ ਰਾਸ਼ਟਰੀ ਪੁਲਿਸ ਸਮਾਰਕ ਵਿਖੇ ਵੱਖ-ਵੱਖ ਯਾਦਗਾਰੀ ਸਮਾਗਮਾਂ ਦਾ ਆਯੋਜਨ ਕਰਦੇ ਹਨ, ਜਿਸ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤਾਂ, ਪੁਲਿਸ ਬੈਂਡ ਪ੍ਰਦਰਸ਼ਨੀ, ਮੋਟਰਸਾਈਕਲ ਰੈਲੀਆਂ, ਸ਼ਹੀਦਾਂ ਲਈ ਦੌੜ, ਖੂਨਦਾਨ ਕੈਂਪ, ਬੱਚਿਆਂ ਲਈ ਲੇਖ/ਪੇਂਟਿੰਗ ਮੁਕਾਬਲੇ ਅਤੇ ਪੁਲਿਸ ਕਰਮਚਾਰੀਆਂ ਦੇ ਬਲੀਦਾਨ, ਬਹਾਦਰੀ ਅਤੇ ਸੇਵਾਵਾਂ ਨੂੰ ਦਰਸਾਉਂਦੀਆਂ ਵੀਡੀਓ ਫਿਲਮਾਂ ਦਾ ਪ੍ਰਦਰਸ਼ਨ ਸ਼ਾਮਲ ਹੈ। ਇਸ ਸਮੇਂ ਦੌਰਾਨ ਦੇਸ਼ ਭਰ ਦੇ ਸਾਰੇ ਪੁਲਿਸ ਬਲਾਂ ਦੁਆਰਾ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।

************

ਵੀਕੇ/ਸੈਵੀ


(Release ID: 2180899) Visitor Counter : 10