ਰੱਖਿਆ ਮੰਤਰਾਲਾ
ਆਤਮਨਿਰਭਰ ਭਾਰਤ: ਰਕਸ਼ਾ ਮੰਤਰੀ ਅਤੇ ਯੂਪੀ ਦੇ ਮੁੱਖ ਮੰਤਰੀ ਨੇ ਲਖਨਊ ਵਿੱਚ ਯੂਪੀ ਡਿਫੈਂਸ ਕੌਰੀਡੋਰ ਅਧੀਨ ਬ੍ਰਹਮੋਸ ਏਕੀਕਰਣ ਅਤੇ ਟੈਸਟਿੰਗ ਸਹੂਲਤ ਕੇਂਦਰ ਵਿਖੇ ਨਿਰਮਿਤ ਬ੍ਰਹਮੋਸ ਮਿਜ਼ਾਈਲਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ਦਿਖਾਈ
ਪਾਕਿਸਤਾਨ ਦੀ ਹਰ ਇੰਚ ਜ਼ਮੀਨ ਹੁਣ ਬ੍ਰਹਮੋਸ ਦੀ ਪਹੁੰਚ ਵਿੱਚ ਹੈ: ਸ਼੍ਰੀ ਰਾਜਨਾਥ ਸਿੰਘ
“ਆਪ੍ਰੇਸ਼ਨ ਸਿੰਦੂਰ ਇਸ ਗੱਲ ਦਾ ਸਬੂਤ ਹੈ ਕਿ ਜਿੱਤ ਸਾਡੀ ਆਦਤ ਬਣ ਗਈ ਹੈ; ਸਾਨੂੰ ਆਪਣੀਆਂ ਸਮਰੱਥਾਵਾਂ ਨੂੰ ਹੋਰ ਵਧਾਉਣਾ ਹੋਵੇਗਾ”
“ਸਾਨੂੰ ਹਰ ਤਰ੍ਹਾਂ ਦੀਆਂ ਸਵਦੇਸ਼ੀ ਤਕਨਾਲੋਜੀਆਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸਾਡੀ ਸਪਲਾਈ ਚੇਨ ਭਾਰਤ ਦੇ ਅੰਦਰ ਹੀ ਬਣੀ ਰਹੇ”
प्रविष्टि तिथि:
18 OCT 2025 1:45PM by PIB Chandigarh
ਰੱਖਿਆ ਨਿਰਮਾਣ ਵਿੱਚ ਸਵੈ-ਨਿਰਭਰਤਾ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੇ ਹੋਏ, ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਨੇ 18 ਅਕਤੂਬਰ, 2025 ਨੂੰ ਲਖਨਊ ਦੇ ਬ੍ਰਹਮੋਸ ਏਕੀਕਰਣ ਅਤੇ ਜਾਂਚ ਸਹੂਲਤ ਕੇਂਦਰ ਵਿਖੇ ਨਿਰਮਿਤ ਬ੍ਰਹਮੋਸ ਮਿਜ਼ਾਈਲਾਂ ਦੇ ਪਹਿਲੇ ਬੈਚ ਨੂੰ ਸਾਂਝੇ ਤੌਰ 'ਤੇ ਹਰੀ ਝੰਡੀ ਦਿਖਾਈ। ਯੂਪੀ ਰੱਖਿਆ ਉਦਯੋਗਿਕ ਕੌਰੀਡੋਰ ਦਾ ਇੱਕ ਮੁੱਖ ਹਿੱਸਾ, ਅਤਿ-ਆਧੁਨਿਕ ਸਹੂਲਤ, ਦਾ ਉਦਘਾਟਨ 11 ਮਈ, 2025 ਨੂੰ ਰਕਸ਼ਾ ਮੰਤਰੀ ਦੁਆਰਾ ਵਰਚੁਅਲੀ ਕੀਤਾ ਗਿਆ ਸੀ, ਅਤੇ ਪੰਜ ਮਹੀਨਿਆਂ ਦੇ ਅੰਦਰ, ਮਿਜ਼ਾਈਲਾਂ ਦਾ ਪਹਿਲਾ ਬੈਚ ਤੈਨਾਤੀ ਲਈ ਤਿਆਰ ਹੋ ਗਿਆ।

ਰਕਸ਼ਾ ਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਬ੍ਰਹਮੋਸ ਨੂੰ ਸਿਰਫ਼ ਇੱਕ ਮਿਜ਼ਾਈਲ ਨਹੀਂ, ਸਗੋਂ ਦੇਸ਼ ਦੀਆਂ ਵਧਦੀਆਂ ਸਵਦੇਸ਼ੀ ਸਮਰੱਥਾਵਾਂ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ, "ਇਸ ਮਿਜ਼ਾਈਲ ਵਿੱਚ ਇੱਕ ਰਵਾਇਤੀ ਵਾਰਹੈੱਡ ਅਤੇ ਇੱਕ ਉੱਨਤ ਗਾਈਡਡ ਸਿਸਟਮ ਹੈ ਅਤੇ ਇਹ ਸੁਪਰਸੋਨਿਕ ਗਤੀ 'ਤੇ ਲੰਬੀ ਦੂਰੀ 'ਤੇ ਹਮਲਾ ਕਰਨ ਦੀ ਸਮਰੱਥਾ ਰੱਖਦੀ ਹੈ। ਗਤੀ, ਸ਼ੁੱਧਤਾ ਅਤੇ ਸ਼ਕਤੀ ਦਾ ਇਹ ਸੁਮੇਲ ਬ੍ਰਹਮੋਸ ਨੂੰ ਦੁਨੀਆ ਦੀਆਂ ਸਭ ਤੋਂ ਵਧੀਆ ਪ੍ਰਣਾਲੀਆਂ ਵਿੱਚੋਂ ਇੱਕ ਬਣਾਉਂਦਾ ਹੈ। ਇਹ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਰੀੜ੍ਹ ਦੀ ਹੱਡੀ ਬਣ ਗਈ ਹੈ,"
ਆਪ੍ਰੇਸ਼ਨ ਸਿੰਦੂਰ ਵਿੱਚ ਬ੍ਰਹਮੋਸ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ , ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਮਿਜ਼ਾਈਲ ਨੇ ਦਿਖਾਇਆ ਕਿ ਇਹ ਇੱਕ ਅਜ਼ਮਾਇਸ਼ ਤੋਂ ਕਿਤੇ ਅੱਗੇ ਵਧ ਗਈ ਹੈ ਅਤੇ ਰਾਸ਼ਟਰੀ ਸੁਰੱਖਿਆ ਦਾ ਸਭ ਤੋਂ ਵੱਡਾ ਵਿਵਹਾਰਕ ਸਬੂਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਖੇਤਰ ਦਾ ਹਰ ਇੰਚ ਹੁਣ ਬ੍ਰਹਮੋਸ ਦੀ ਪਹੁੰਚ ਵਿੱਚ ਹੈ। " ਆਪ੍ਰੇਸ਼ਨ ਸਿੰਦੂਰ ਇਸ ਗੱਲ ਦਾ ਸਬੂਤ ਹੈ ਕਿ ਜਿੱਤ ਸਾਡੀ ਆਦਤ ਬਣ ਗਈ ਹੈ, ਅਤੇ ਹੁਣ ਸਾਨੂੰ ਆਪਣੀਆਂ ਸਮਰੱਥਾਵਾਂ ਨੂੰ ਹੋਰ ਵਧਾਉਣਾ ਚਾਹੀਦਾ ਹੈ। ਆਪ੍ਰੇਸ਼ਨ ਸਿਰਫ਼ ਇੱਕ ਟ੍ਰੇਲਰ ਸੀ। ਇਸ ਨੇ ਪਾਕਿਸਤਾਨ ਨੂੰ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਅੱਗੇ ਕੀ ਹੋ ਸਕਦਾ ਹੈ," ।

ਰਕਸ਼ਾ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਭਾਰਤ ਇੱਕ ਅਜਿਹੇ ਮੁਕਾਮ 'ਤੇ ਖੜ੍ਹਾ ਹੈ ਜਿੱਥੇ ਇਹ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਦੁਨੀਆ ਨੂੰ ਇਹ ਦਿਖਾ ਰਿਹਾ ਹੈ ਕਿ ਇਹ ਰੱਖਿਆ ਅਤੇ ਤਕਨਾਲੋਜੀ ਵਿੱਚ ਇੱਕ ਭਰੋਸੇਯੋਗ ਭਾਈਵਾਲ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬ੍ਰਹਮੋਸ ਵਰਗੀਆਂ ਪ੍ਰਾਪਤੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਮੇਡ-ਇਨ-ਇੰਡੀਆ ਹੁਣ ਇੱਕ ਨਾਅਰਾ ਨਹੀਂ, ਸਗੋਂ ਇੱਕ ਗਲੋਬਲ ਬ੍ਰਾਂਡ ਹੈ। ਉਨ੍ਹਾਂ ਕਿਹਾ, "ਭਾਵੇਂ ਇਹ ਫਿਲੀਪੀਨਜ਼ ਨੂੰ ਬ੍ਰਹਮੋਸ ਦਾ ਨਿਰਯਾਤ ਹੋਵੇ ਜਾਂ ਭਵਿੱਖ ਵਿੱਚ ਹੋਰ ਦੇਸ਼ਾਂ ਨਾਲ ਸਹਿਯੋਗ, ਭਾਰਤ ਹੁਣ ਸਿਰਫ਼ ਲੈਣ ਵਾਲੇ ਦੀ ਨਹੀਂ, ਸਗੋਂ ਦੇਣ ਵਾਲੇ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਆਤਮਨਿਰਭਰ ਭਾਰਤ ਦੀ ਅਸਲ ਪਛਾਣ ਹੈ , ਉਹ ਦ੍ਰਿਸ਼ਟੀਕੋਣ ਜਿਸ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 2014 ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਇੱਕ ਅਜਿਹੇ ਭਾਰਤ ਦਾ ਦ੍ਰਿਸ਼ਟੀਕੋਣ ਦਿੱਤਾ ਹੈ ਜੋ ਪੂਰੀ ਤਰ੍ਹਾਂ ਵਿਕਸਿਤ, ਸਵੈ-ਨਿਰਭਰ ਅਤੇ 2047 ਤੱਕ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹੋਵੇ। ਇਸ ਯਤਨ ਵਿੱਚ ਰੱਖਿਆ ਖੇਤਰ ਦੀ ਭੂਮਿਕਾ ਨਿਰਣਾਇਕ ਹੋਵੇਗੀ।"
ਸ਼੍ਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਬ੍ਰਹਮੋਸ ਟੀਮ ਨੇ ਪਿਛਲੇ ਇੱਕ ਮਹੀਨੇ ਵਿੱਚ ਦੋ ਦੇਸ਼ਾਂ ਨਾਲ ਲਗਭਗ 4,000 ਕਰੋੜ ਰੁਪਏ ਦੇ ਇਕਰਾਰਨਾਮੇ ਕੀਤੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਲਈ ਕਈ ਦੇਸ਼ਾਂ ਦੇ ਮਾਹਰ ਲਖਨਊ ਦਾ ਦੌਰਾ ਕਰਨਗੇ, ਜਿਸ ਨਾਲ ਇਹ ਸ਼ਹਿਰ ਗਿਆਨ ਦਾ ਕੇਂਦਰ ਅਤੇ ਰੱਖਿਆ ਤਕਨਾਲੋਜੀ ਵਿੱਚ ਮੋਹਰੀ ਬਣ ਜਾਵੇਗਾ। ਉਨ੍ਹਾਂ ਅੱਗੇ ਕਿਹਾ, "ਅਗਲੇ ਵਿੱਤੀ ਸਾਲ ਤੋਂ ਬ੍ਰਹਮੋਸ ਦੀ ਲਖਨਊ ਯੂਨਿਟ ਦਾ ਕਾਰੋਬਾਰ ਲਗਭਗ 3,000 ਕਰੋੜ ਰੁਪਏ ਹੋਵੇਗਾ ਅਤੇ ਜੀਐੱਸਟੀ ਸੰਗ੍ਰਹਿ ਲਗਭਗ 500 ਕਰੋੜ ਰੁਪਏ ਹੋਵੇਗਾ।"

380 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਬਣੇ 200 ਏਕੜ ਦੇ ਬ੍ਰਹਮੋਸ ਏਕੀਕਰਣ ਅਤੇ ਟੈਸਟਿੰਗ ਸਹੂਲਤ ਕੇਂਦਰ ਬਾਰੇ, ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਇੱਕ ਰੱਖਿਆ ਸਹੂਲਤ ਨਹੀਂ ਹੈ, ਸਗੋਂ ਰੁਜ਼ਗਾਰ ਅਤੇ ਵਿਕਾਸ ਲਈ ਇੱਕ ਨਵਾਂ ਅਵਸਰ ਵੀ ਹੈ। ਉਨ੍ਹਾਂ ਨੇ ਕਿਹਾ "ਆਉਟਪੁੱਟ ਦੇ ਮਾਮਲੇ ਵਿੱਚ, ਹਰ ਸਾਲ ਇਸ ਸਹੂਲਤ ਵਿੱਚ ਲਗਭਗ 100 ਮਿਜ਼ਾਈਲ ਪ੍ਰਣਾਲੀਆਂ ਦਾ ਉਤਪਾਦਨ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ ਵਿੱਚ ਆ ਰਹੇ ਨਿਵੇਸ਼ ਅਤੇ ਰਾਜ ਵਿੱਚ ਹੋ ਰਹੀ ਪ੍ਰਗਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਖੇਤਰ ਵਿਕਾਸ ਅਤੇ ਰੱਖਿਆ ਦੋਵਾਂ ਦੇ ਇੱਕ ਨਵੇਂ ਯੁੱਗ ਦਾ ਪ੍ਰਤੀਕ ਬਣਨ ਲਈ ਤਿਆਰ ਹੈ।"
ਕੁਝ ਦੇਸ਼ਾਂ ਦੁਆਰਾ ਰੱਖਿਆ ਸਪੇਅਰ ਪਾਰਟਸ ਸਪਲਾਈ ਚੇਨ ਸੰਬੰਧੀ ਮੁੱਦਿਆਂ 'ਤੇ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਛੋਟੇ ਉਦਯੋਗਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਇੱਕ ਪ੍ਰਮੁੱਖ ਹਥਿਆਰ ਪ੍ਰਣਾਲੀ ਦੇ ਏਕੀਕਰਣ ਲਈ ਲੋੜੀਂਦੇ ਹਜ਼ਾਰਾਂ ਕੰਪੋਂਨੇਂਟਸ ਅਤੇ ਤਕਨਾਲੋਜੀਆਂ ਦਾ ਉਤਪਾਦਨ ਕਰਦੇ ਹਨ ਜਿਸ ਨਾਲ ਦੂਜਿਆਂ 'ਤੇ ਨਿਰਭਰਤਾ ਘਟਦੀ ਹੈ। ਉਨ੍ਹਾਂ ਕਿਹਾ, "ਜਿਵੇਂ-ਜਿਵੇਂ ਤਕਨੀਕੀ ਵਿਕਾਸ ਹੁੰਦਾ ਹੈ, ਸਪਲਾਈ ਚੇਨ ਵੀ ਵਿਭਿੰਨ ਹੁੰਦੀ ਹੈ। ਇਹ ਸਪਲਾਈ ਚੇਨ ਅਕਸਰ ਦੂਜੇ ਦੇਸ਼ਾਂ ਨਾਲ ਜੁੜੀਆਂ ਹੁੰਦੀਆਂ ਹਨ। ਜੇਕਰ ਉਹ ਵਿਅਕਤੀ, ਕੰਪਨੀ ਜਾਂ ਦੇਸ਼ ਉਸ ਸਪੇਅਰ ਪਾਰਟ ਦੀ ਸਪਲਾਈ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਤੁਹਾਡੇ ਉਤਪਾਦ ਦਾ ਨਿਰਮਾਣ ਨਹੀਂ ਹੋ ਸਕੇਗਾ। ਸਾਡੇ ਛੋਟੇ ਉਦਯੋਗਾਂ ਨੂੰ ਇੰਨਾ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਸਪੇਅਰ ਪਾਰਟਸ ਲਈ ਦੂਜਿਆਂ 'ਤੇ ਨਿਰਭਰ ਨਾ ਕਰਨਾ ਪਵੇ। ਭਾਵੇਂ ਇਹ ਐਡਵਾਂਸਡ ਸੀਕਰ ਹੋਣ ਜਾਂ ਰੈਮਜੈੱਟ ਇੰਜਣ, ਸਾਨੂੰ ਹਰ ਤਰ੍ਹਾਂ ਦੀਆਂ ਤਕਨਾਲੋਜੀਆਂ ਨੂੰ ਸਵਦੇਸ਼ੀ ਤੌਰ 'ਤੇ ਵਿਕਸਿਤ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਸਪਲਾਈ ਚੇਨ ਭਾਰਤ ਵਿੱਚ ਹੀ ਬਣੀ ਰਹੇ।"
ਰਕਸ਼ਾ ਮੰਤਰੀ ਨੇ ਛੋਟੇ ਉੱਦਮੀਆਂ ਨੂੰ ਰੱਖਿਆ ਵਾਤਾਵਰਣ ਪ੍ਰਣਾਲੀ ਵਿੱਚ ਜੋੜਨ ਲਈ ਇੱਕ ਢੁਕਵੇਂ ਪ੍ਰੋਜੈਕਟ ਰੋਡਮੈਪ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, "ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਗਲਿਆਰਾ ਉਦੋਂ ਹੀ ਪੂਰੀ ਤਰ੍ਹਾਂ ਸਫਲ ਹੋਵੇਗਾ ਜਦੋਂ ਛੋਟੇ ਉਦਯੋਗ ਵੱਡੀਆਂ ਕੰਪਨੀਆਂ ਦੇ ਨਾਲ-ਨਾਲ ਵਧਣਗੇ। ਮੈਨੂੰ ਵਿਸ਼ਵਾਸ ਹੈ ਕਿ ਭਵਿੱਖ ਵਿੱਚ, ਉੱਤਰ ਪ੍ਰਦੇਸ਼ ਨਾ ਸਿਰਫ਼ ਇੱਕ ਨਿਰਮਾਣ ਕੇਂਦਰ ਬਣੇਗਾ ਸਗੋਂ ਛੋਟੇ ਅਤੇ ਵੱਡੇ ਉੱਦਮੀਆਂ ਲਈ ਨਵੀਨਤਾ ਅਤੇ ਰੁਜ਼ਗਾਰ ਦਾ ਇੱਕ ਨਵਾਂ ਕੇਂਦਰ ਵੀ ਬਣੇਗਾ।"

ਸ਼੍ਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਬ੍ਰਹਮੋਸ ਏਕੀਕਰਣ ਅਤੇ ਟੈਸਟਿੰਗ ਸਹੂਲਤ ਕੇਂਦਰ ਵਰਗੀਆਂ ਸਹੂਲਤਾਂ ਨਾ ਸਿਰਫ਼ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਦੀਆਂ ਹਨ ਸਗੋਂ ਅਰਥਵਿਵਸਥਾ ਨੂੰ ਵੀ ਹੁਲਾਰਾ ਦਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਡਿਲੀਵਰ ਕੀਤੀਆਂ ਜਾ ਰਹੀਆਂ ਮਿਜ਼ਾਈਲਾਂ ਦੇ ਬੈਚ ਤੋਂ ਕਾਫ਼ੀ ਜੀਐੱਸਟੀ ਮਾਲੀਆ ਪ੍ਰਾਪਤ ਹੋ ਰਿਹਾ ਹੈ, ਜਿਸਦਾ ਅਰਥ ਹੈ ਕਿ ਹਰੇਕ ਪ੍ਰਣਾਲੀ ਨਾ ਸਿਰਫ਼ ਰਾਸ਼ਟਰ ਦੀ ਰੱਖਿਆ ਕਰਦੀ ਹੈ ਸਗੋਂ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਦਿੰਦੀ ਹੈ। ਉਨ੍ਹਾਂ ਕਿਹਾ, "ਸਿਰਫ਼ ਇੱਕ ਮਿਜ਼ਾਈਲ ਦੇ ਉਤਪਾਦਨ ਤੋਂ ਇਕੱਠੇ ਕੀਤੇ ਟੈਕਸਾਂ ਨਾਲ, ਸਰਕਾਰ ਕਈ ਸਕੂਲ ਬਣਾ ਸਕਦੀ ਹੈ, ਕਈ ਹਸਪਤਾਲ ਸਥਾਪਿਤ ਕਰ ਸਕਦੀ ਹੈ, ਅਤੇ ਅਜਿਹੀਆਂ ਯੋਜਨਾਵਾਂ ਲਾਗੂ ਕਰ ਸਕਦੀ ਹੈ ਜੋ ਲੋਕਾਂ ਨੂੰ ਸਿੱਧੇ ਤੌਰ 'ਤੇ ਲਾਭ ਪਹੁੰਚਾਉਂਦੀਆਂ ਹਨ,"
ਯੂਪੀ ਦੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਬ੍ਰਹਮੋਸ ਨੂੰ ਆਤਮਨਿਰਭਰਤਾ ਦੀ ਮਿਜ਼ਾਈਲ ਦੱਸਿਆ, ਜੋ ਦੇਸ਼ ਦੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਲਖਨਊ ਨੂੰ ਬ੍ਰਹਮੋਸ ਮਿਜ਼ਾਈਲਾਂ ਦੇ ਉਤਪਾਦਨ ਦਾ ਕੇਂਦਰ ਬਣਾ ਕੇ ਰੱਖਿਆ ਵਿੱਚ ਸਵੈ-ਨਿਰਭਰਤਾ ਵੱਲ ਅੰਦੋਲਨ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਲਖਨਊ ਵਿੱਚ ਬਣੀਆਂ ਮਿਜ਼ਾਈਲਾਂ ਦੇਸ਼ ਦੇ ਲੋਕਾਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਦਾ ਭਰੋਸਾ ਹਨ। ਉਨ੍ਹਾਂ ਨੇ ਯੂਪੀ ਰੱਖਿਆ ਉਦਯੋਗਿਕ ਕੌਰੀਡੋਰ ਦੇ ਸਾਰੇ ਛੇ ਨੋਡਸ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਰਾਜ ਵਿੱਚ 15,000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਹਨ।
ਬ੍ਰਹਮੋਸ ਸਹੂਲਤ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਕੌਰੀਡੋਰ ਦੇ ਅਧੀਨ ਸਭ ਤੋਂ ਮਹੱਤਵਪੂਰਨ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਹ ਅਸੈਂਬਲੀ, ਏਕੀਕਰਣ ਅਤੇ ਟੈਸਟਿੰਗ ਦੀ ਪੂਰੀ ਪ੍ਰਕਿਰਿਆ ਨੂੰ ਉੱਚਤਮ ਤਕਨੀਕੀ ਮਿਆਰਾਂ 'ਤੇ ਪੂਰਾ ਕਰਦੀ ਹੈ। ਆਪਣੀ ਪਹਿਲੀ ਮਿਜ਼ਾਈਲ ਖੇਪ ਦੀ ਡਿਸਪੈਚ ਦੇ ਨਾਲ, ਉੱਤਰ ਪ੍ਰਦੇਸ਼ ਰਾਸ਼ਟਰੀ 'ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ' ਪਹਿਲਕਦਮੀ ਵਿੱਚ ਇੱਕ ਮੁੱਖ ਭਾਈਵਾਲ ਵਜੋਂ ਉਭਰਿਆ ਹੈ। ਲਖਨਊ ਯੂਨਿਟ ਕੌਰੀਡੋਰ ਵਿੱਚ ਪਹਿਲੀ ਹੈ ਜੋ ਪੂਰੀ ਨਿਰਮਾਣ ਅਤੇ ਟੈਸਟਿੰਗ ਪ੍ਰਕਿਰਿਆ ਨੂੰ ਸਵਦੇਸ਼ੀ ਤੌਰ 'ਤੇ ਪ੍ਰਬੰਧਿਤ ਕਰਦੀ ਹੈ, ਰਣਨੀਤਕ ਖੁਦਮੁਖਤਿਆਰੀ ਅਤੇ ਉਦਯੋਗਿਕ ਵਿਕਾਸ ਦੋਵਾਂ ਨੂੰ ਮਜ਼ਬੂਤ ਕਰਦੀ ਹੈ।
ਸ਼੍ਰੀ ਰਾਜਨਾਥ ਸਿੰਘ ਅਤੇ ਸ਼੍ਰੀ ਯੋਗੀ ਆਦਿੱਤਿਆਨਾਥ ਨੇ ਬੂਸਟਰ ਬਿਲਡਿੰਗ ਦਾ ਉਦਘਾਟਨ ਵੀ ਕੀਤਾ ਅਤੇ ਬੂਸਟਰ ਡੌਕਿੰਗ ਪ੍ਰਕਿਰਿਆ ਦਾ ਲਾਈਵ ਪ੍ਰਦਰਸ਼ਨ ਦੇਖਿਆ। ਉਨ੍ਹਾਂ ਨੇ ਬ੍ਰਹਮੋਸ ਸਿਮੂਲੇਟਰ ਉਪਕਰਣਾਂ ਦੇ ਨਾਲ-ਨਾਲ ਏਅਰਫ੍ਰੇਮ ਅਤੇ ਐਵੀਓਨਿਕਸ, ਪ੍ਰੀ-ਡਿਸਪੈਚ ਇੰਸਪੈਕਸ਼ਨ ਅਤੇ ਵਾਰਹੈੱਡ ਬਿਲਡਿੰਗਾਂ ਵਿੱਚ ਪੇਸ਼ਕਾਰੀਆਂ ਦੀ ਸਮੀਖਿਆ ਵੀ ਕੀਤੀ। ਇੱਕ ਮੋਬਾਈਲ ਆਟੋਨੋਮਸ ਲਾਂਚਰ ਦਾ ਪ੍ਰਦਰਸ਼ਨ ਵੀ ਆਯੋਜਿਤ ਕੀਤਾ ਗਿਆ।



ਡੀਜੀ (ਬ੍ਰਹਮੋਸ) ਡਾ. ਜੈਤੀਰਥ ਆਰ. ਜੋਸ਼ੀ ਨੇ ਜੀਐੱਸਟੀ ਬਿੱਲ ਅਤੇ ਲਗਭਗ 40 ਕਰੋੜ ਰੁਪਏ ਦਾ ਚੈੱਕ ਯੂਪੀ ਦੇ ਮੁੱਖ ਮੰਤਰੀ ਨੂੰ ਸੌਂਪਿਆ, ਜੋ ਕਿ ਰਾਜ ਲਈ ਰੈਵੀਨਿਊ ਕਰਨ ਦਾ ਪ੍ਰਤੀਕ ਹੈ। ਯੂਪੀ ਦੇ ਉਪ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ ਅਤੇ ਰੱਖਿਆ ਵਿਭਾਗ ਦੇ ਸਕੱਤਰ, ਖੋਜ ਅਤੇ ਵਿਕਾਸ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ ਕਾਮਤ ਵੀ ਇਸ ਮੌਕੇ ਮੌਜੂਦ ਪਤਵੰਤਿਆਂ ਵਿੱਚ ਸ਼ਾਮਲ ਸਨ।
****
ਵੀਕੇ/ਐਸਪੀਐਸ/ਸੈਵੀ
(रिलीज़ आईडी: 2180897)
आगंतुक पटल : 24