ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਲੁਧਿਆਣਾ (ਪੰਜਾਬ) ਦਾ ਇੱਕ ਦਿਨ ਦਾ ਦੌਰਾ ਕਰਨਗੇ


ਸ਼੍ਰੀ ਸ਼ਿਵਰਾਜ ਸਿੰਘ ਲੁਧਿਆਣਾ ਵਿੱਚ ਪ੍ਰਮੁੱਖ ਖੇਤੀਬਾੜੀ ਸੰਸਥਾਵਾਂ ਦਾ ਦੌਰਾ ਕਰਨਗੇ ਅਤੇ ਕਿਸਾਨਾਂ ਨਾਲ ਗੱਲਬਾਤ ਕਰਨਗੇ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਭਾਰਤੀ ਮੱਕੀ ਖੋਜ ਸੰਸਥਾਨ ਵਿਖੇ ਪ੍ਰਬੰਧਕੀ ਭਵਨ ਦਾ ਉਦਘਾਟਨ ਕਰਨਗੇ

14 ਅਕਤੂਬਰ ਨੂੰ ਆਪਣੇ ਦੌਰੇ ਦੌਰਾਨ, ਸ਼੍ਰੀ ਸ਼ਿਵਰਾਜ ਸਿੰਘ ਪਿੰਡ ਵਾਸੀਆਂ (ਗ੍ਰਾਮੀਣਾਂ) ਅਤੇ ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ ਨਾਲ ਵੀ ਵਿਚਾਰ-ਵਟਾਂਦਰਾ ਕਰਨਗੇ

ਸ਼੍ਰੀ ਸ਼ਿਵਰਾਜ ਸਿੰਘ ਹੜ੍ਹ ਪ੍ਰਭਾਵਿਤ ਵਸਨੀਕਾਂ ਦੇ ਘਰਾਂ ਦੇ ਪੁਨਰ ਨਿਰਮਾਣ ਲਈ ਮੌਕੇ 'ਤੇ ਪ੍ਰਵਾਨਗੀ ਪੱਤਰ ਸੌਂਪਣਗੇ

Posted On: 13 OCT 2025 6:36PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, 14 ਅਕਤੂਬਰ ਨੂੰ ਲੁਧਿਆਣਾ (ਪੰਜਾਬ) ਦੇ ਇੱਕ ਦਿਨ ਦੇ ਦੌਰੇ 'ਤੇ ਰਹਿਣਗੇ। ਇਸ ਦੌਰੇ ਦੌਰਾਨ, ਉਹ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ, ਪ੍ਰਮੁੱਖ ਖੇਤੀਬਾੜੀ ਸੰਸਥਾਵਾਂ ਦਾ ਦੌਰਾ ਕਰਨ ਦੇ ਨਾਲ ਕਿਸਾਨਾਂ ਅਤੇ ਦੀਦੀਆਂ ਨਾਲ ਗੱਲਬਾਤ ਕਰਨਗੇ। ਨਾਲ ਹੀ, ਪੰਜਾਬ ਦੇ ਹੜ੍ਹ ਪ੍ਰਭਾਵਿਤ ਵਸਨੀਕਾਂ ਦੇ ਘਰਾਂ ਦੇ ਪੁਨਰ ਨਿਰਮਾਣ ਲਈ ਮੌਕੇ ‘ਤੇ ਕੇਂਦਰ ਵੱਲੋਂ ਪ੍ਰਵਾਨਗੀ ਪੱਤਰ ਵੀ ਸੌਂਪਣਗੇ।

ਨਿਰਧਾਰਿਤ ਪ੍ਰੋਗਰਾਮ ਅਨੁਸਾਰ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਸਵੇਰੇ ਦਿੱਲੀ ਤੋਂ ਰਵਾਨਾ ਹੋਣਗੇ ਅਤੇ ਚੰਡੀਗੜ੍ਹ ਹੁੰਦੇ ਹੋਏ ਲੁਧਿਆਣਾ ਪਹੁੰਚਣਗੇ। ਉਨ੍ਹਾਂ ਦਾ ਲੁਧਿਆਣਾ ਦਾ ਦੌਰਾ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਭਾਰਤੀ ਮੱਕੀ ਖੋਜ ਸੰਸਥਾਨ (ਆਈਆਈਐੱਮਆਰ) ਵਿਖੇ ਨਵੇਂ ਬਣੇ ਪ੍ਰਬੰਧਕੀ ਭਵਨ ਦੇ ਉਦਘਾਟਨ ਨਾਲ ਸ਼ੁਰੂ ਹੋਵੇਗਾ। ਉਹ ਸੰਸਥਾ ਦੇ ਕੈਂਪਸ ਵਿੱਚ ਗ੍ਰਾਮੀਣ ਵਿਕਾਸ ਯੋਜਨਾਵਾਂ ਦੇ ਲਾਭਪਾਤਰੀਆਂ ਅਤੇ ਮਹਿਲਾ ਸਵੈ-ਸਹਾਇਤਾ ਸਮੂਹਾਂ ਦੀਆਂ ਦੀਦੀਆਂ ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ, ਜਿਸ ਵਿੱਚ ਪੰਜਾਬ ਖੇਤਰ ਲਈ ਕੇਂਦਰ ਸਰਕਾਰ ਦੀਆਂ ਮੁੱਖ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਪਹਿਲਕਦਮੀਆਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਦੁਪਹਿਰ ਵਿੱਚ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ਵਿੱਚ ਕਿਸਾਨਾਂ ਨਾਲ ਚੌਪਾਲ ‘ਤੇ ਚਰਚਾ ਕਰਨਗੇ। ਇਸ ਮੌਕੇ ‘ਤੇ ਝੋਨੇ ਦੀ ਵਾਢੀ ਲਈ ਐੱਸਐੱਸਐੱਮਐੱਸ-ਫਿੱਟ ਕੰਬਾਈਨ ਹਾਰਵੈਸਟਰ ਅਤੇ ਕਣਕ ਦੀ ਬਿਜਾਈ ਲਈ ਹੈਪੀ ਸਮਾਰਟ ਸੀਡਰ ਮਸ਼ੀਨ ਦਾ ਲਾਈਵ ਡੈਮੋ ਪੇਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ, ਸ਼ਿਵਰਾਜ ਸਿੰਘ ਚੌਹਾਨ ਦੋਰਾਹਾ ਵਿੱਚ "ਸਮਨਿਊ ਹਨੀ" ਮਧੂ ਮੱਖੀ ਪਾਲਣ ਕੇਂਦਰ ਦਾ ਦੌਰਾ ਕਰਨਗੇ, ਜਿੱਥੇ ਉਹ ਖੇਤਰ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਕਾਰੋਬਾਰ ਦੇ ਨਵੇਂ ਮਾਡਲਾਂ ਅਤੇ ਨਵੀਨਤਾਵਾਂ ਦੀ ਜਾਣਕਾਰੀ ਪ੍ਰਾਪਤ ਕਰਨਗੇ ਅਤੇ ਉਨ੍ਹਾਂ ਨਾਲ ਖੇਤੀਬਾੜੀ ਮੰਤਰਾਲੇ ਦੀਆਂ ਸਬੰਧਿਤ ਯੋਜਨਾਵਾਂ 'ਤੇ ਵੀ ਚਰਚਾ ਕਰਨਗੇ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਇਹ ਦੌਰਾ ਪੰਜਾਬ ਵਿੱਚ ਆਧੁਨਿਕ ਖੇਤੀਬਾੜੀ ਉਪਕਰਣਾਂ ਨੂੰ ਉਤਸ਼ਾਹਿਤ ਕਰਨ, ਗ੍ਰਾਮੀਣ ਖੇਤਰਾਂ ਵਿੱਚ ਕਿਸਾਨਾਂ ਅਤੇ ਮਹਿਲਾ ਸਮੂਹਾਂ ਨੂੰ ਸਸ਼ਕਤ ਬਣਾਉਣ ਅਤੇ ਖੇਤੀਬਾੜੀ ਖੇਤਰ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਪਹਿਲਕਦਮੀ ਹੈ।

 

********

RC/AR/MK

ਆਰਸੀ/ਏਆਰ/ਐੱਮਕੇ


(Release ID: 2178708) Visitor Counter : 2