ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੋਆ ਰਾਜ ਸਰਕਾਰ ਦੀ 'ਮਹਾਜੇ ਘਰ ਯੋਜਨਾ' (Mhaje Ghar Yojana) ਅਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
'ਮਹਾਜੇ ਘਰ ਯੋਜਨਾ' ਇਕ ਕੁਸ਼ਲ ਪ੍ਰਸ਼ਾਸਕ, ਸੰਵੇਦਨਸ਼ੀਲ ਸਰਕਾਰ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਸਾਡੀ ਸਰਕਾਰ ਦੁਆਰਾ ਸੁਧਾਰਾਂ ਲਈ ਕੀਤੀ ਗਈ ਸਖ਼ਤ ਮਿਹਨਤ ਦਾ ਪ੍ਰਮਾਣ ਹੈ
ਲਗਭਗ 11 ਕਿਸਮਾਂ ਦੇ ਵੱਖ-ਵੱਖ ਕਾਨੂੰਨੀ ਵਿਵਾਦਾਂ ਵਿੱਚ ਫਸੇ ਗੋਆ ਦੇ ਲੱਖਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਘਰ ਦਾ ਅਧਿਕਾਰ ਦੇਣਾ ਇੱਕ ਬਹੁਤ ਵੱਡੇ ਸਸ਼ਕਤੀਕਰਣ ਦੀ ਨਿਸ਼ਾਨੀ ਹੈ
ਗੋਆ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੇ ਇੱਕ ਹੀ ਕਾਨੂੰਨ ਬਣਾ ਕੇ ਸਾਰੇ ਰਿਹਾਇਸ਼ੀ ਅੰਤਰਾਂ ਨੂੰ ਖਤਮ ਕੀਤਾ ਹੈ, ਜਿਸ ਨਾਲ ਗੋਆ ਦੀ ਅੱਧੀ ਆਬਾਦੀ ਨੂੰ ਲਾਭ ਪਹੁੰਚਿਆ ਹੈ
ਅੱਜ ਇੱਕ ਹੀ ਸਮਾਗਮ ਰਾਹੀਂ ਗੋਆ ਸਰਕਾਰ ਨੇ 10 ਲੱਖ ਲੋਕਾਂ ਨੂੰ ਆਪਣੇ ਘਰ ਦਾ ਮਾਲਕ ਬਣਾਉਣ ਦਾ ਕੰਮ ਕੀਤਾ ਹੈ।
ਅੱਜ, 2,452 ਕਰੋੜ ਰੁਪਏ ਦੇ 21 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਉਨ੍ਹਾਂ ਦੇ ਨੀਂਹ ਪੱਥਰ ਰੱਖੇ ਗਏ, ਜੋ ਗੋਆ ਦੇ ਵਿਕਾਸ ਵਿੱਚ ਇੱਕ ਵੱਡੀ ਉਪਲਬਧੀ ਹਨ
ਮੋਦੀ ਜੀ ਨੇ 2047 ਤੱਕ 'ਵਿਕਸਿਤ ਭਾਰਤ' ਦਾ ਟੀਚਾ ਰੱਖਿਆ ਹੈ, ਪਰ ਗੋਆ ਵਿੱਚ ਜਿਸ ਰਫ਼ਤਾਰ ਨਾਲ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ, ਗੋਆ ਸਭ ਤੋਂ ਪਹਿਲਾਂ ਪੂਰੀ ਤਰ੍ਹਾਂ ਵਿਕਸਿਤ ਰਾਜ ਬਣ ਜਾਵੇਗਾ
ਗੋਆ ਭਾਰਤ ਮਾਤਾ ਦੇ ਮੱਥੇ 'ਤੇ ਇੱਕ ਬਿੰਦੀ ਵਾਂਗ ਹੈ ਅਤੇ ਗੋਆ ਦੇ ਵਿਕਸਿਤ ਹੋਣ ਨਾਲ ਕਈ ਹੋਰ ਰਾਜ ਪ੍ਰੇਰਣਾ ਲੈ ਕੇ ਵਿਕਸਿਤ ਬਣਨਗੇ
ਇਸ ਦੀਵਾਲੀ
Posted On:
04 OCT 2025 9:43PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੋਆ ਵਿੱਚ ਰਾਜ ਸਰਕਾਰ ਦੀ 'ਮਹਾਜੇ ਘਰ ਯੋਜਨਾ' ਅਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ 'ਤੇ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ, ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਅਤੇ ਕਈ ਹੋਰ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਸ਼ੁਰੂ ਕੀਤੀ ਜਾ ਰਹੀ 'ਮਹਾਜੇ ਘਰ ਯੋਜਨਾ' ਸਿਰਫ਼ ਇੱਕ ਸਰਕਾਰੀ ਯੋਜਨਾ ਨਹੀਂ ਹੈ, ਸਗੋਂ ਇੱਕ ਕੁਸ਼ਲ ਪ੍ਰਸ਼ਾਸਕ, ਸੰਵੇਦਨਸ਼ੀਲ ਸਰਕਾਰ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਸਾਡੀਆਂ ਸਰਕਾਰਾਂ ਵੱਲੋਂ ਸੁਧਾਰਾਂ ਲਈ ਕੀਤੀ ਗਈ ਮਿਹਨਤ ਦਾ ਪ੍ਰਤੀਬਿੰਬ ਹੈ। ਉਨ੍ਹਾਂ ਕਿਹਾ ਕਿ ਲਗਭਗ 11 ਵੱਖ-ਵੱਖ ਕਿਸਮਾਂ ਦੀਆਂ ਕਾਨੂੰਨੀ ਪੇਚੀਦਗੀਆਂ ਵਿੱਚ ਫਸੇ ਹੋਏ ਗੋਆ ਦੇ ਲੱਖਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਅਧਿਕਾਰ ਦੇਣਾ ਇੱਕ ਬਹੁਤ ਵੱਡੇ ਸਸ਼ਕਤੀਕਰਣ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਡਾ. ਪ੍ਰਮੋਦ ਸਾਵੰਤ ਅਤੇ ਉਨ੍ਹਾਂ ਦੀ ਟੀਮ ਨੇ ਇੱਕ ਕਾਨੂੰਨ ਬਣਾ ਕੇ ਸਾਰੀਆਂ ਰਿਹਾਇਸ਼ੀ ਵਿਸੰਗਤੀਆਂ ਨੂੰ ਖਤਮ ਕਰਕੇ ਗੋਆ ਦੀ ਅੱਧੀ ਆਬਾਦੀ ਨੂੰ ਲਾਭ ਪਹੁੰਚਾਇਆ ਹੈ। ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਗੋਆ ਸਰਕਾਰ ਨੇ ਤਿੰਨ ਦਿਨਾਂ ਦੇ ਅੰਦਰ ਘਰਾਂ ਦੀ ਮੁਰੰਮਤ ਲਈ ਇਜਾਜ਼ਤ ਯਕੀਨੀ ਬਣਾਈ ਹੈ ਅਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਦੀ ਵੀ ਗਰੰਟੀ ਦਿੱਤੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ 2014 ਵਿੱਚ ਸ਼੍ਰੀ ਨਰੇਂਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਤਾਂ ਉਨ੍ਹਾਂ ਨੇ ਸਾਰੇ ਰਾਜਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ, ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕਰਨ, ਉਨ੍ਹਾਂ ਦੇ ਮੁੱਦਿਆਂ ਦੇ ਕਾਨੂੰਨੀ ਹੱਲ ਲੱਭਣ ਅਤੇ ਜੇਕਰ ਲੋੜ ਹੋਵੇ, ਤਾਂ ਲੋਕਾਂ ਨੂੰ ਉਨ੍ਹਾਂ ਦੇ ਸਹੀ ਹੱਕ ਦੇਣ ਲਈ ਨਵੇਂ ਕਾਨੂੰਨ ਲਿਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਇਸ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਸਾਡੀਆਂ ਸਾਰੀਆਂ ਸਰਕਾਰਾਂ ਦੇਸ਼ ਭਰ ਵਿੱਚ ਇਸ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ ਅਤੇ ਨਤੀਜੇ ਵਜੋਂ, ਆਜ਼ਾਦੀ ਤੋਂ 75 ਵਰ੍ਹਿਆਂ ਬਾਅਦ, ਦੇਸ਼ ਦੇ 60 ਕਰੋੜ ਗਰੀਬ ਨਾਗਰਿਕਾਂ ਨੂੰ ਹੁਣ ਜੀਵਨ ਦੀਆਂ ਸਾਰੀਆਂ ਜ਼ਰੂਰੀ ਸਹੂਲਤਾਂ ਪ੍ਰਾਪਤ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੇ 60 ਕਰੋੜ ਗਰੀਬ ਲੋਕਾਂ ਦੇ ਜੀਵਨ ਵਿੱਚ ਰੌਸ਼ਨੀ ਲਿਆਉਣ ਦਾ ਕੰਮ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਇੱਕ ਹੀ ਪ੍ਰੋਗਰਾਮ ਰਾਹੀਂ, ਕਾਨੂੰਨੀ ਪੇਚੀਦਗੀਆਂ ਵਿੱਚ ਫਸੇ 10 ਲੱਖ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਅਧਿਕਾਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਅੱਜ 2,452 ਕਰੋੜ ਰੁਪਏ ਦੇ 21 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਨੀਂਹ ਪੱਥਰ ਵੀ ਰੱਖੇ ਗਏ ਹਨ। ਇਹ ਗੋਆ ਦੇ ਵਿਕਾਸ ਵਿੱਚ ਇੱਕ ਬਹੁਤ ਵੱਡੀ ਉਪਲਬਧੀ ਹੈ, ਅਤੇ ਇਹ ਸਾਰੀਆਂ ਪਹਿਲਕਦਮੀਆਂ ਇੱਕ ਖੁਸ਼ਹਾਲ ਅਤੇ ਵਿਕਸਿਤ ਗੋਆ ਬਣਾਉਣ ਵਿੱਚ ਯੋਗਦਾਨ ਪਾਉਣਗੀਆਂ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2014 ਵਿੱਚ, ਗੋਆ ਦੀ ਪ੍ਰਤੀ ਵਿਅਕਤੀ ਆਮਦਨ 1 ਲੱਖ 12 ਹਜਾਰ 73 ਰੁਪਏ ਸੀ, ਜੋ ਕਿ 2023-24 ਵਿੱਚ ਵਧ ਕੇ ₹3,57,000 ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਈ ਵਰ੍ਹਿਆਂ ਤੋਂ, ਸਾਡੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਨੂੰ ਰਾਖਵੇਂਕਰਣ ਦਾ ਲਾਭ ਨਹੀਂ ਮਿਲਦਾ ਸੀ, ਪਰ ਹੁਣ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਰਾਖਵੀਆਂ ਸੀਟਾਂ ਰਾਹੀਂ ਪ੍ਰਤੀਨਿਧਤਾ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ 5 ਅਗਸਤ, 2025 ਨੂੰ ਦੇਸ਼ ਦੀ ਸੰਸਦ ਨੇ ਇਸ ਸਬੰਧ ਵਿੱਚ ਇੱਕ ਐਕਟ ਪਾਸ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਗੋਆ ਨੂੰ ਛੋਟਾ ਰਾਜ ਕਹਿੰਦੀ ਹੈ, ਪਰ ਭਾਵੇਂ ਕੋਈ ਰਾਜ ਛੋਟਾ ਹੋਵੇ ਜਾਂ ਵੱਡਾ, ਇੱਥੇ ਹਰ ਨਾਗਰਿਕ ਭਾਰਤੀ ਹੈ। ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਮੋਦੀ ਜੀ ਨੇ 2047 ਤੱਕ "ਵਿਕਸਿਤ ਭਾਰਤ" ਦਾ ਟੀਚਾ ਰੱਖਿਆ ਹੈ, ਪਰ ਜਿਸ ਰਫ਼ਤਾਰ ਨਾਲ ਗੋਆ ਵਿੱਚ ਸਮੱਸਿਆਵਾਂ ਹੱਲ ਕੀਤੀਆਂ ਜਾ ਰਹੀਆਂ ਹਨ, ਗੋਆ ਸਭ ਤੋਂ ਪਹਿਲਾਂ ਪੂਰੀ ਤਰ੍ਹਾਂ ਵਿਕਸਿਤ ਰਾਜ ਬਣ ਜਾਵੇਗਾ।

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਿਰਫ਼ ਗੋਆ ਹੀ ਨਹੀਂ, ਸਗੋਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਭਰ ਦੀਆਂ ਮਾਤਾਵਾਂ-ਭੈਣਾਂ ਨੂੰ ਨਵਰਾਤ੍ਰੀ ਦੇ ਪਹਿਲੇ ਦਿਨ ਹੀ ਤੋਹਫਾ ਦਿੱਤਾ ਹੈ ਅਤੇ 395 ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ 'ਤੇ ਜੀਐੱਸਟੀ ਨੂੰ ਇੱਕ ਤਿਹਾਈ ਤੋਂ ਵੀ ਘੱਟ ਕਰਕੇ ਦੇਸ਼ ਦੀ ਜਨਤਾ ਨੂੰ ਬਹੁਤ ਵੱਡਾ ਫਾਇਦਾ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਿਸੇ ਵੀ ਸਰਕਾਰ ਨੇ ਕਦੇ ਵੀ ਇੰਨੀ ਵੱਡੀ ਟੈਕਸ ਕਟੌਤੀ ਨਹੀਂ ਕੀਤੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਦੀਵਾਲੀ 'ਤੇ, ਸਾਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਘਰਾਂ ਵਿੱਚ ਕਿਸੇ ਵੀ ਵਿਦੇਸ਼ੀ ਉਤਪਾਦ ਦੀ ਵਰਤੋਂ ਨਹੀਂ ਕਰਾਂਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਜੇਕਰ ਦੇਸ਼ ਦੇ ਸਾਰੇ 140 ਕਰੋੜ ਨਾਗਰਿਕ ਸਿਰਫ਼ ਸਵਦੇਸ਼ੀ ਉਤਪਾਦ ਹੀ ਖਰੀਦਣ ਅਤੇ ਵਰਤੋਂ ਕਰਦੇ ਹਨ, ਤਾਂ ਸਾਡਾ ਭਾਰਤ ਜਲਦੀ ਹੀ ਇੱਕ ਮਹਾਨ ਰਾਸ਼ਟਰ ਬਣ ਜਾਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ₹12 ਲੱਖ ਰੁਪਏ ਤੱਕ ਦੀ ਆਮਦਨ 'ਤੇ ਆਮਦਨ ਟੈਕਸ ਖਤਮ ਕਰ ਦਿੱਤਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ 2014 ਵਿੱਚ, ₹2.5 ਲੱਖ ਤੱਕ ਦੀ ਆਮਦਨ ਟੈਕਸ-ਮੁਕਤ ਸੀ, ਅਤੇ ਮੋਦੀ ਸਰਕਾਰ ਦੇ ਪਿਛਲੇ 11 ਵਰ੍ਹਿਆਂ ਦੌਰਾਨ, ਇਹ ਸੀਮਾ ਵਧਾ ਕੇ ₹12 ਲੱਖ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਛੋਟਾਂ ਅਤੇ ਜੀਐੱਸਟੀ ਕਟੌਤੀਆਂ ਰਾਹੀਂ, ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੀਆਂ ਮਹਿਲਾਵਾਂ ਦੀ ਖਰੀਦ ਸ਼ਕਤੀ ਨੂੰ ਮਜ਼ਬੂਤ ਕੀਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਉਣ ਵਾਲੇ ਵਰ੍ਹਿਆਂ ਵਿੱਚ ਗੋਆ ਨੂੰ ਭਾਰਤ ਦਾ ਪਹਿਲਾ ਪੂਰੀ ਤਰ੍ਹਾਂ ਵਿਕਸਿਤ ਰਾਜ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੋਆ ਭਾਰਤ ਮਾਤਾ ਦੇ ਮੱਥੇ 'ਤੇ ਇੱਕ ਬਿੰਦੀ ਵਾਂਗ ਹੈ, ਅਤੇ ਗੋਆ ਦੇ ਵਿਕਸਿਤ ਹੋਣ ਨਾਲ ਕਈ ਹੋਰ ਰਾਜ ਵੀ ਪ੍ਰੋਰਣਾ ਲੈ ਕੇ ਵਿਕਸਿਤ ਬਣਨਗੇ।
***
ਆਰਕੇ/ਵੀਵੀ/ਪੀਆਰ/ਪੀਐੱਸ/ਏਕੇ
(Release ID: 2175187)
Visitor Counter : 9