ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਹਿਮਾਚਲ ਪ੍ਰਦੇਸ਼ ਦੇ ਏਮਸ ਬਿਲਾਸਪੁਰ ਦੇ ਤੀਜੇ ਸਥਾਪਨਾ ਦਿਵਸ ਸਮਾਰੋਹ ਦੀ ਪ੍ਰਧਾਨਗੀ ਕੀਤੀ


ਐਡਵਾਂਸਡ ਐੱਮਆਰਆਈ, ਸੀਟੀ ਸਕੈਨਰ, ਪੀਈਟੀ-ਸੀਟੀ, ਐਂਡੋਸਕੋਪੀ ਸੂਟ ਅਤੇ ਬ੍ਰੋਂਕੋਸਕੋਪੀ ਸੂਇਟਸ ਜਿਹੀਆਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਏਮਸ ਬਿਲਾਸਪੁਰ ਨੇ ਆਪਣੀ ਸਥਾਪਨਾ ਦੇ ਸਿਰਫ ਤਿੰਨ ਸਾਲਾਂ ਦੇ ਅੰਦਰ ਹੀ ਸ਼ਾਨਦਾਰ ਤਰੱਕੀ ਕੀਤੀ ਹੈ: ਸ਼੍ਰੀ ਨੱਡਾ

ਨਿਊਕਲੀਅਰ ਮੈਡੀਸਿਨ, ਕੈਂਸਰ ਦੇਖਭਾਲ, ਗੁਰਦੇ ਟ੍ਰਾਂਸਪਲਾਂਟੇਸ਼ਨ ਅਤੇ ਨਿਜੀ ਖਰਚ ਵਿੱਚ ਆਈ ਕਮੀ ਦੇ ਖੇਤਰ ਵਿੱਚ ਹਾਸਲ ਕੀਤੀਆਂ ਗਈਆਂ ਮਹੱਤਵਪੂਰਨ ਉਪਲਬਧੀਆਂ

"ਹਿਮਾਚਲ ਪ੍ਰਦੇਸ਼ ਲਈ ਮਹੱਤਵਪੂਰਨ ਉਪਲਬਧੀ ਨਿਜੀ ਖਰਚੇ ਵਿੱਚ ਕਮੀ ਰਹੀ ਹੈ। ਜਿੱਥੇ ਪਹਿਲਾਂ ਲੋਕਾਂ ਨੂੰ ਪੀਜੀਆਈ ਚੰਡੀਗੜ੍ਹ ਜਾਣਾ ਪੈਂਦਾ ਸੀ, ਉੱਥੇ ਅੱਜ ਏਮਸ ਬਿਲਾਸਪੁਰ ਖੇਤਰ ਦੀਆਂ ਉੱਚ-ਪੱਧਰੀ ਤੀਜੇ ਦਰਜੇ ਦੀਆਂ ਦੇਖਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।"

ਹੋਰ ਏਮਸ ਸੰਸਥਾਵਾਂ ਦੀਆਂ ਸਫਲਤਾਵਾਂ ਨੂੰ ਦੋਹਰਾ ਕੇ, ਗੁਣਵੱਤਾਪੂਰਨ ਦੇਖਭਾਲ ਬਣਾਏ ਰੱਖ ਕੇ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਕੇ ਏਮਸ ਬ੍ਰਾਂਡ ਦੀ ਪ੍ਰਤਿਸ਼ਠਾ ਨੂੰ ਬਣਾਏ ਰੱਖਣ ਦਾ ਸੱਦਾ

ਏਮਸ ਸੰਸਥਾਵਾਂ ਦੇ ਭਵਿੱਖ ਦੇ ਵਿਕਾਸ ਦੀ ਰੂਪਰੇਖਾ ਤਿਆਰ ਕਰਨ ਲਈ ਨੀਤੀ ਆਯੋਗ ਅਤੇ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ ਨਾਲ ਇੱਕ ਟੀਮ ਦਾ ਗਠਨ

Posted On: 03 OCT 2025 4:55PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਏਮਸ ਬਿਲਾਸਪੁਰ ਦੇ ਤੀਜੇ ਸਥਾਪਨਾ ਦਿਵਸ ਸਮਾਰੋਹ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਕੀਤੀ। ਉਨ੍ਹਾਂ ਦੇ ਨਾਲ ਲੋਕ ਸਭਾ ਸੰਸਦ ਮੈਂਬਰ, ਸ਼੍ਰੀ ਅਨੁਰਾਗ ਠਾਕੁਰ; ਰਾਜ ਸਭਾ ਸੰਸਦ ਮੈਂਬਰ, ਸ਼੍ਰੀ ਹਰਸ਼ ਮਹਾਜਨ; ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ, ਸ਼੍ਰੀ ਜੈ ਰਾਮ ਠਾਕੁਰ; ਅਤੇ ਹਿਮਾਚਲ ਪ੍ਰਦੇਸ਼ ਦੇ ਸਿਹਤ ਮੰਤਰੀ, ਕਰਨਲ ਡਾ. ਧਨੀ ਰਾਮ ਸ਼ਾਂਡੀਲ ਵੀ ਮੌਜੂਦ ਸਨ।

 

ਇਸ ਅਵਸਰ 'ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਨੱਡਾ ਨੇ ਕਿਹਾ, "ਐਡਵਾਂਸਡ ਐੱਮਆਰਆਈ, ਸੀਟੀ ਸਕੈਨਰ, ਪੀਈਟੀ-ਸੀਟੀ, ਐਂਡੋਸਕੋਪੀ ਸੂਇਟਸ ਅਤੇ ਬ੍ਰੋਂਕੋਸਕੋਪੀ ਸੂਇਟਸ ਜਿਹੀਆਂ ਅਤਿ-ਆਧੁਨਿਕ ਸਹੂਲਤਾਂ ਦੇ ਨਾਲ, ਏਮਸ ਬਿਲਾਸਪੁਰ ਨੇ ਆਪਣੀ ਸਥਾਪਨਾ ਦੇ ਸਿਰਫ ਤਿੰਨ ਸਾਲਾਂ ਦੇ ਅੰਦਰ ਹੀ ਸ਼ਾਨਦਾਰ ਤਰੱਕੀ ਕੀਤੀ ਹੈ।" ਉਨ੍ਹਾਂ ਨੇ ਅੱਗੇ ਕਿਹਾ, "ਗੁਆਂਢੀ ਰਾਜਾਂ ਤੋਂ ਵੀ ਲੋਕ ਇਲਾਜ ਲਈ ਏਮਸ ਬਿਲਾਸਪੁਰ ਆ ਰਹੇ ਹਨ, ਇਹ ਤੱਥ ਇਸ ਸੰਸਥਾ ਵਿੱਚ ਲੋਕਾਂ ਦੇ ਵਧ ਰਹੇ ਵਿਸ਼ਵਾਸ ਅਤੇ ਭਰੋਸਾ ਨੂੰ ਦਰਸਾਉਂਦਾ ਹੈ।"

ਸ਼੍ਰੀ ਨੱਡਾ ਨੇ ਗੁਣਵੱਤਾ ਵਾਲੀਆਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਨਿਊਕਲੀਅਰ ਮੈਡੀਸਿਨ, ਕੈਂਸਰ ਦੇਖਭਾਲ ਅਤੇ ਗੁਰਦੇ ਟ੍ਰਾਂਸਪਲਾਂਟੇਸ਼ਨ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, "ਹਿਮਾਚਲ ਪ੍ਰਦੇਸ਼ ਲਈ ਇੱਕ ਵੱਡੀ ਉਪਲਬਧੀ ਨਿਜੀ ਖਰਚ ਵਿੱਚ ਕਮੀ ਰਹੀ ਹੈ। ਜਿੱਥੇ ਪਹਿਲਾਂ ਲੋਕਾਂ ਨੂੰ ਪੀਜੀਆਈ ਚੰਡੀਗੜ੍ਹ ਜਾਣਾ ਪੈਂਦਾ ਸੀ, ਅੱਜ ਏਮਸ ਬਿਲਾਸਪੁਰ ਖੇਤਰ ਦੀਆਂ ਉੱਚ-ਪੱਧਰੀ ਤੀਜੇ ਦਰਜੇ ਦੀਆਂ ਦੇਖਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।"

 

ਕੇਂਦਰੀ ਸਿਹਤ ਮੰਤਰੀ ਨੇ ਮੈਡੀਕਲ ਸਿੱਖਿਆ ਦੇ ਸੰਬੰਧ ਵਿੱਚ ਦੱਸਿਆ ਕਿ ਹਾਲ ਹੀ ਵਿੱਚ ਏਮਸ ਬਿਲਾਸਪੁਰ ਲਈ 127 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ 29 ਫੈਕਲਟੀ ਅਤੇ 98 ਗੈਰ-ਫੈਕਲਟੀ ਅਸਾਮੀਆਂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਚੋਣ ਕਮੇਟੀ ਇੱਕ ਸਾਲ ਲਈ ਸਰਗਰਮ ਰਹੇਗੀ ਅਤੇ ਇਨ੍ਹਾਂ ਅਸਾਮੀਆਂ ਨੂੰ ਤੇਜ਼ੀ ਨਾਲ ਭਰਨ ਲਈ ਘੱਟੋ-ਘੱਟ ਚਾਰ ਇੰਟਰਵਿਊ ਦੌਰ ਕਰਵਾਉਣੇ ਲਾਜ਼ਮੀ ਹਨ।

ਸ੍ਰੀ ਨੱਡਾ ਨੇ ਦੂਰ-ਦੁਰਾਡੇ ਇਲਾਕਿਆਂ ਤੋਂ ਆਉਣ ਵਾਲੇ ਮਰੀਜ਼ਾਂ ਲਈ ਏਮਸ ਬਿਲਾਸਪੁਰ ਵਿਖੇ 500 ਬੈੱਡਾਂ ਵਾਲੇ ਰੈਸਟ ਹਾਊਸ ਦੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਟਾਈਪ III, IV, ਅਤੇ V ਕੁਆਰਟਰਾਂ ਦੇ ਨਿਰਮਾਣ ਦੇ ਨਾਲ-ਨਾਲ ਅੰਡਰਗ੍ਰੈਜੁਏਟ ਵਿਦਿਆਰਥੀਆਂ ਲਈ ਹੋਸਟਲ ਲਈ 165 ਕਰੋੜ ਰੁਪਏ ਅਤੇ ਇੱਕ ਇਨਡੋਰ ਸਟੇਡੀਅਮ ਲਈ 5 ਕਰੋੜ ਰੁਪਏ ਦੀ ਰਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਏਮਸ ਬ੍ਰਾਂਡ ਦੀ ਪ੍ਰਤਿਸ਼ਠਾ ਨੂੰ ਬਣਾਏ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨੱਡਾ ਨੇ ਗੁਣਵੱਤਾ ਦੇਖਭਾਲ ਬਣਾਏ ਰੱਖਣ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਕੇ ਹੋਰ ਏਮਸ ਸੰਸਥਾਵਾਂ ਦੀਆਂ ਸਫਲਤਾਵਾਂ ਨੂੰ ਦੁਹਰਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੇਸ਼ ਭਰ ਦੇ ਏਮਸ ਕੇਂਦਰਾਂ ਦਰਮਿਆਨ ਥੋੜ੍ਹੇ ਸਮੇਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਦੀ ਹਾਲੀਆ ਪਹਿਲਕਦਮੀ 'ਤੇ ਚਾਨਣਾ ਪਾਇਆ।

ਉਨ੍ਹਾਂ ਨੇ ਨੀਤੀ ਆਯੋਗ ਅਤੇ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ ਦੇ ਸਹਿਯੋਗ ਨਾਲ ਇੱਕ ਟੀਮ ਦੇ ਗਠਨ ਦਾ ਵੀ ਜ਼ਿਕਰ ਕੀਤਾ, ਜੋ ਸਾਰੇ ਏਮਸ ਸੰਸਥਾਵਾਂ ਦਾ ਦੌਰਾ ਕਰੇਗੀ ਅਤੇ ਵਿਭਾਗੀ ਵਿਕਾਸ ਅਤੇ ਸਥਿਰਤਾ ਲਈ ਭਵਿੱਖ ਦਾ ਰੋਡਮੈਪ ਤਿਆਰ ਕਰੇਗੀ।

 

ਸ੍ਰੀ ਨੱਡਾ ਨੇ ਪਿਛਲੇ 11 ਵਰ੍ਹਿਆਂ ਦੌਰਾਨ ਮੈਡੀਕਲ ਸਿੱਖਿਆ ਵਿੱਚ ਹੋਈ ਸ਼ਾਨਦਾਰ ਪ੍ਰਗਤੀ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, "ਦੇਸ਼ ਵਿੱਚ ਇਸ ਵੇਲੇ 808 ਮੈਡੀਕਲ ਕਾਲਜ ਹਨ। ਸਾਲਾਨਾ ਅੰਡਰਗ੍ਰੈਜੁਏਟ ਮੈਡੀਕਲ ਸੀਟਾਂ ਲਗਭਗ 35,000 ਤੋਂ ਵਧ ਕੇ 1.25 ਲੱਖ ਹੋ ਗਈਆਂ ਹਨ। ਪਿਛਲੀ ਕੈਬਨਿਟ ਮੀਟਿੰਗ ਵਿੱਚ, ਮਾਣਯੋਗ ਪ੍ਰਧਾਨ ਮੰਤਰੀ ਨੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ 5,000 ਨਵੀਆਂ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਸੀਟਾਂ ਨੂੰ ਮਨਜ਼ੂਰੀ ਦਿੱਤੀ ਸੀ।" ਉਨ੍ਹਾਂ ਨੇ ਅੱਗੇ ਕਿਹਾ ਕਿ ਅਗਲੇ ਪੰਜ ਵਰ੍ਹਿਆਂ ਵਿੱਚ ਸਰਕਾਰੀ ਮੈਡੀਕਲ ਸੰਸਥਾਵਾਂ ਵਿੱਚ 75,000 ਵਾਧੂ ਮੈਡੀਕਲ ਸੀਟਾਂ ਖੋਲ੍ਹੀਆਂ ਜਾਣਗੀਆਂ।

ਪ੍ਰੋਗਰਾਮ ਦੌਰਾਨ, ਸੰਸਥਾ ਦੇ ਕੁਲਗੀਤ ਨੂੰ ਅਧਿਕਾਰਤ ਤੌਰ 'ਤੇ ਜਾਰੀ ਕੀਤਾ ਗਿਆ, ਜੋ ਏਮਸ ਬਿਲਾਸਪੁਰ ਦੀ ਭਾਵਨਾ ਅਤੇ ਲੋਕਾਚਾਰ ਨੂੰ ਦਰਸਾਉਂਦਾ ਹੈ। ਇਸ ਅਵਸਰ ‘ਤੇ ਇੱਕ ਵਿਸ਼ੇਸ਼ ਪੁਰਸਕਾਰ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਗਿਆ, ਜਿੱਥੇ ਕੇਂਦਰੀ ਸਿਹਤ ਮੰਤਰੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅਕਾਦਮਿਕ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ।

 

ਪਿਛੋਕੜ:

ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ) ਦੇ ਤਹਿਤ ਹਿਮਾਚਲ ਪ੍ਰਦੇਸ਼ ਵਿੱਚ ਸਥਾਪਿਤ ਏਮਸ ਬਿਲਾਸਪੁਰ ਨਾ ਸਿਰਫ਼ ਹਿਮਾਚਲ ਪ੍ਰਦੇਸ਼, ਸਗੋਂ ਗੁਆਂਢੀ ਰਾਜਾਂ ਨੂੰ ਵੀ ਸੇਵਾਵਾਂ ਪ੍ਰਦਾਨ ਕਰਨ ਵਾਲਾ ਇੱਕ ਪ੍ਰਮੁੱਖ ਤੀਜੇ ਦਰਜੇ ਦੀ ਸਿਹਤ ਸੇਵਾ ਸੰਸਥਾਨ ਹੈ। ਏਮਸ ਬਿਲਾਸਪੁਰ ਦਾ ਨੀਂਹ ਪੱਥਰ 3 ਅਕਤੂਬਰ, 2017 ਨੂੰ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਰੱਖਿਆ ਗਿਆ ਸੀ। ਮਾਣਯੋਗ ਪ੍ਰਧਾਨ ਮੰਤਰੀ 5 ਅਕਤੂਬਰ, 2022 ਨੂੰ ਇਸ ਸੰਸਥਾ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਅੱਜ, ਇਹ ਸੰਸਥਾ 734 ਤੋਂ ਵੱਧ ਬੈੱਡਾਂ ਵਾਲੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਹ ਸੰਪੂਰਨ ਸਿਹਤ ਸੰਭਾਲ, ਐਡਵਾਂਸਡ ਇਲਾਜ, ਅਤਿ-ਆਧੁਨਿਕ ਕੈਂਸਰ ਦੇਖਭਾਲ, ਅਤੇ ਜੀਵਨ-ਰੱਖਿਅਕ ਟ੍ਰਾਂਸਪਲਾਂਟ ਸੇਵਾਵਾਂ ਪ੍ਰਦਾਨ ਕਰਦਾ ਹੈ।

"सर्वे सन्तु निरामया” "ਸਰਵੇ ਸੰਤੁ ਨਿਰਾਮਯਾ" - ਸਾਰੇ ਬਿਮਾਰੀਆਂ ਤੋਂ ਮੁਕਤ ਹੋਣ - ਦੇ ਆਦਰਸ਼ ਤੋਂ ਪ੍ਰੇਰਿਤ ਹੋ ਕੇ ਏਮਸ ਬਿਲਾਸਪੁਰ ਤੇਜ਼ੀ ਨਾਲ ਸਿਹਤ ਸੰਭਾਲ, ਸਿੱਖਿਆ ਅਤੇ ਖੋਜ ਵਿੱਚ ਉੱਤਮਤਾ ਦੇ ਕੇਂਦਰ ਵਿੱਚ ਵਿਕਸਿਤ ਹੋਇਆ ਹੈ।

 

ਸਿਹਤ ਸੰਭਾਲ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ, ਏਮਸ ਬਿਲਾਸਪੁਰ ਮਰੀਜ਼ਾਂ ਦੀ ਦੇਖਭਾਲ, ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਮੋਹਰੀ ਸਥਾਨ ਰੱਖਦਾ ਹੈ। ਅਤਿ-ਆਧੁਨਿਕ ਡਾਇਗਨੌਸਟਿਕ ਟੈਕਨੋਲੋਜੀਆਂ, ਵਿਸ਼ੇਸ਼ ਇਲਾਜ ਸਹੂਲਤਾਂ ਅਤੇ ਸੰਪੂਰਨ ਮਰੀਜ਼ ਸਹਾਇਤਾ 'ਤੇ ਕੇਂਦ੍ਰਿਤ, ਇਹ ਕੇਂਦਰ ਭਾਈਚਾਰੇ ਅਤੇ ਇਸ ਤੋਂ ਬਾਹਰ ਗੁਣਵੱਤਾ ਵਾਲੀ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨਾ ਜਾਰੀ ਰੱਖਦਾ ਹੈ। ਐਡਵਾਂਸਡ ਡਾਇਗਨੌਸਟਿਕਸ ਤੋਂ ਲੈ ਕੇ ਇੰਟੈਂਸਿਵ ਕੇਅਰ ਅਤੇ ਖੋਜ ਤੱਕ, ਹਰੇਕ ਵਿਭਾਗ ਮਰੀਜ਼ਾਂ ਦੀ ਭਲਾਈ, ਕਲੀਨਿਕਲ ਨਵੀਨਤਾ ਅਤੇ ਟਿਕਾਊ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦਾ ਹੈ।

ਐਡਵਾਂਸਡ ਡਾਇਗਨੌਸਟਿਕਸ: ਇਸ ਵਿੱਚ ਅਤਿ-ਆਧੁਨਿਕ ਇਮੇਜਿੰਗ ਸੇਵਾਵਾਂ ਹਨ, ਜਿਸ ਵਿੱਚ ਇੱਕ ਨਵਾਂ 1.5 ਟੇਸਲਾ ਐੱਮਆਰਆਈ, ਇੱਕ 128-ਸਲਾਈਸ ਸੀਟੀ ਸਕੈਨਰ, ਅਤੇ ਨਿਊਕਲੀਅਰ ਮੈਡੀਸਿਨ ਸਹੂਲਤਾਂ (ਪੀਈਟੀ-ਸੀਟੀ, ਐਸਪੀਈਸੀਟੀ-ਸੀਟੀ, ਅਤੇ ਰੇਡੀਓਨਿਊਕਲਾਈਡ ਥੈਰੇਪੀ) ਸ਼ਾਮਲ ਹਨ।

ਵਿਸ਼ੇਸ਼ ਦੇਖਭਾਲ: ਵਿਆਪਕ ਕੈਂਸਰ ਇਲਾਜ, ਜਿਸ ਵਿੱਚ ਆਧੁਨਿਕ ਰੇਡੀਓਥੈਰੇਪੀ, ਓਨਕੋਲੋਜੀ ਯੂਨਿਟ ਅਤੇ ਇੱਕ ਕਾਰਜਸ਼ੀਲ ਕੈਥ ਲੈਬ ਸ਼ਾਮਲ ਹੈ।

ਗੰਭੀਰ ਅਤੇ ਐਮਰਜੈਂਸੀ ਸੇਵਾਵਾਂ: ਕਾਰਡੀਅਕ, ਮੈਡੀਕਲ, ਐੱਨਆਈਸੀਯੂ ਅਤੇ ਪੀਆਈਸੀਯੂ ਵਾਰਡਾਂ ਵਿੱਚ 64 ਆਈਸੀਯੂ ਬੈੱਡ, ਨਾਲ ਹੀ ਇੱਕ ਸਮਰਪਿਤ ਬ੍ਰੌਨਕੋਸਕੋਪੀ ਸੂਟ ਅਤੇ ਇੱਕ ਐੱਲਐੱਮਓ ਪਲਾਂਟ ਰਾਹੀਂ ਨਿਰਵਿਘਨ ਔਕਸੀਜਨ ਸਪਲਾਈ।

 

ਟ੍ਰਾਂਸਪਲਾਂਟੇਸ਼ਨ ਅਤੇ ਸਰਜਰੀ: 8 ਸਫਲ ਗੁਰਦੇ ਟ੍ਰਾਂਸਪਲਾਂਟ ਪੂਰੇ ਹੋ ਗਏ ਹਨ, ਅਤੇ ਕੋਰਨੀਅਲ ਟ੍ਰਾਂਸਪਲਾਂਟ ਯੂਨਿਟ ਵਾਲਾ ਇੱਕ ਅੱਖਾਂ ਦਾ ਬੈਂਕ ਜਲਦੀ ਹੀ ਕਾਰਜਸ਼ੀਲ ਹੋ ਜਾਵੇਗਾ।

ਖੋਜ ਅਤੇ ਪ੍ਰਯੋਗਸ਼ਾਲਾਵਾਂ: ₹19.83 ਕਰੋੜ ਦੀ ਲਾਗਤ ਨਾਲ ਇੱਕ ਐਂਡੋਕਰੀਨੋਲੋਜੀ ਅਤੇ ਇਮਯੂਨੋਲੋਜੀ ਲੈਬ, ਅਤੇ ਇੱਕ ਖੇਤਰੀ ਵਾਇਰਲ ਖੋਜ ਅਤੇ ਡਾਇਗਨੌਸਟਿਕ ਲੈਬ ਦੀ ਸਥਾਪਨਾ, ਬਿਮਾਰੀ ਨਿਗਰਾਨੀ ਸਮਰੱਥਾਵਾਂ ਨੂੰ ਵਧਾਉਂਦੀ ਹੈ।

ਮਰੀਜ਼ ਸਹਾਇਤਾ: ਤਿੰਨ ਅੰਮ੍ਰਿਤ/ਜਨ ਔਸ਼ਧੀ ਫਾਰਮੇਸੀਆਂ ਦੇ ਜੋੜ ਨਾਲ ਕਿਫਾਇਤੀ ਦਵਾਈਆਂ ਤੱਕ ਪਹੁੰਚ ਦਾ ਵਿਸਤਾਰ ਹੋਇਆ ਹੈ। ਮਰੀਜ਼ ਸੇਵਾਦਾਰਾਂ ਲਈ ਰਿਹਾਇਸ਼ ਪ੍ਰਦਾਨ ਕਰਨ ਲਈ 250 ਬੈੱਡਾਂ ਵਾਲਾ ਵਿਸ਼ਰਾਮ ਸਦਨ (₹26.75 ਕਰੋੜ) ਵੀ ਨਿਰਮਾਣ ਅਧੀਨ ਹੈ।

ਸਿੱਖਿਆ ਅਤੇ ਟ੍ਰੇਨਿੰਗ: ਆਧੁਨਿਕ ਲੈਕਚਰ ਹਾਲ ਕੰਪਲੈਕਸ, ਸਿਮੂਲੇਸ਼ਨ ਅਤੇ ਹੁਨਰ ਲੈਬ, ਮੈਡੀਕਲ ਅਤੇ ਨਰਸਿੰਗ ਟ੍ਰੇਨਿੰਗ ਨੂੰ ਮਜ਼ਬੂਤ ​​ਕਰਨਾ।

ਬੁਨਿਆਦੀ ਢਾਂਚਾ ਵਿਕਾਸ: ਖੇਲੋ ਇੰਡੀਆ ਪਹਿਲਕਦਮੀ ਦੇ ਤਹਿਤ ਰਿਹਾਇਸ਼ੀ ਕੁਆਰਟਰਾਂ, ਇੱਕ 540+ ਸਮਰੱਥਾ ਵਾਲਾ ਹੋਸਟਲ, ਰੂਫਟੌਪ ਸੋਲਰ ਪਾਵਰ ਪਲਾਂਟ, ਅਤੇ ਇੱਕ ਇਨਡੋਰ ਸਟੇਡੀਅਮ ਦਾ ਨਿਰਮਾਣ ਚੱਲ ਰਿਹਾ ਹੈ, ਜੋ ਸੰਸਥਾ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ।

 

ਏਮਸ ਬਿਲਾਸਪੁਰ ਦਾ ਉਦੇਸ਼ ਉੱਤਰੀ ਭਾਰਤ ਵਿੱਚ ਇੱਕ ਮੈਡੀਕਲ ਹੱਬ ਵਜੋਂ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ​​ਕਰਨਾ ਹੈ। ਆਉਣ ਵਾਲੇ ਪ੍ਰੋਜੈਕਟਾਂ ਵਿੱਚ ਇੱਕ ਬੋਨ ਮੈਰੋ ਟ੍ਰਾਂਸਪਲਾਂਟ ਅਤੇ ਥੈਰੇਪੀ ਬਲਾਕ (18.52 ਕਰੋੜ ਰੁਪਏ), ਇੱਕ ਐਡਵਾਂਸਡ ਆਟੋਪਸੀ ਬਲੌਕ (34.61 ਕਰੋੜ ਰੁਪਏ), ਇੱਕ ਨਵਾਂ ਟਰੌਮਾ ਅਤੇ ਇੰਟੈਂਸਿਵ ਕੇਅਰ ਯੂਨਿਟ, ਇੱਕ ਰੋਬੋਟਿਕ ਸਰਜਰੀ ਯੂਨਿਟ, ਅਤੇ ਰਿਮੋਟ ਹੈਲਥਕੇਅਰ ਸਹਾਇਤਾ ਲਈ ਇੱਕ ਡਰੋਨ-ਅਧਾਰਿਤ ਲੌਜਿਸਟਿਕਸ ਸਿਸਟਮ ਸ਼ਾਮਲ ਹਨ। ਇੱਕ ਬਹੁ-ਪੱਧਰੀ ਕਾਰ ਪਾਰਕਿੰਗ ਸਹੂਲਤ (624 ਵਾਹਨ, 72.97 ਕਰੋੜ ਰੁਪਏ) ਅਤੇ ਸਟਾਫ ਅਤੇ ਵਿਦਿਆਰਥੀ ਪਰਿਵਾਰਾਂ ਲਈ ਇੱਕ ਸਕੂਲ ਵੀ ਪ੍ਰਸਤਾਵਿਤ ਹੈ।

 

ਇਨ੍ਹਾਂ ਉਪਲਬਧੀਆਂ ਅਤੇ ਮਹੱਤਵਾਕਾਂਖੀ ਵਿਸਥਾਰ ਪ੍ਰੋਜੈਕਟਾਂ ਦੇ ਨਾਲ, ਏਮਸ ਬਿਲਾਸਪੁਰ ਖੇਤਰ ਵਿੱਚ ਸਿਹਤ ਸੰਭਾਲ ਪਹੁੰਚ ਅਤੇ ਉੱਤਮਤਾ ਨੂੰ ਮੁੜ ਪਰਿਭਾਸ਼ਿਤ ਕਰਨਾ ਜਾਰੀ ਰੱਖੇਗਾ।

ਇਸ ਅਵਸਰ 'ਤੇ ਕੇਂਦਰੀ ਸਿਹਤ ਮੰਤਰਾਲੇ ਦੀ ਸੰਯੁਕਤ ਸਕੱਤਰ (ਪੀਐੱਮਐੱਸਐੱਸਵਾਈ) ਸ਼੍ਰੀਮਤੀ ਅੰਕਿਤਾ ਮਿਸ਼ਰਾ ਬੁੰਦੇਲਾ, ਏਮਸ ਬਿਲਾਸਪੁਰ ਦੇ ਚੇਅਰਮੈਨ ਪ੍ਰੋਫੈਸਰ (ਡਾ.) ਨਰੇਂਦਰ ਕੁਮਾਰ ਅਰੋੜਾ, ਏਮਸ ਬਿਲਾਸਪੁਰ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ (ਡਾ.) ਦਯਾਨੰਦ ਸ਼ਰਮਾ, ਰਜਿਸਟਰਾਰ ਲੈਫਟੀਨੈਂਟ ਕਰਨਲ ਪਰਾਂਜਪੇ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

 

***************

 

ਆਰਟੀ


(Release ID: 2174686) Visitor Counter : 4
Read this release in: English , Urdu , Hindi , Tamil