ਵਣਜ ਤੇ ਉਦਯੋਗ ਮੰਤਰਾਲਾ
ਈਐੱਫਟੀਏ ਦੇ ਨਾਲ ਐੱਫਟੀਏ 1 ਅਕਤੂਬਰ, 2025 ਤੋਂ ਲਾਗੂ ਹੋਵੇਗਾ: ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋਅ ਵਿੱਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ
ਭਾਰਤ ਦੀ ਅਮਰੀਕਾ, ਨਿਊਜ਼ੀਲੈਂਡ, ਓਮਾਨ, ਪੇਰੂ ਅਤੇ ਚਿਲੀ ਨਾਲ ਵਪਾਰਕ ਗੱਲਬਾਤ; ਯੂਰੇਸ਼ੀਆ ਦੇ ਨਾਲ ਵਿਚਾਰ ਕੀਤੇ ਗਏ ਵਿਸ਼ਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ: ਸ਼੍ਰੀ ਪੀਯੂਸ਼ ਗੋਇਲ
ਓਡੀਓਪੀ ਪਹਿਲ 750 ਤੋਂ ਵੱਧ ਜ਼ਿਲ੍ਹਿਆਂ ਤੱਕ ਪਹੁੰਚੀ, ਖਾਦੀ, ਕਪਾਹ ਅਤੇ ਕੁਟੀਰ ਉਦਯੋਗਾਂ ਨੂੰ ਹੁਲਾਰਾ ਮਿਲਿਆ: ਸ਼੍ਰੀ ਪੀਯੂਸ਼ ਗੋਇਲ
ਵੋਕਲ ਫੋਰ ਲੋਕਲ, ਲੋਕਲ ਗੋਜ਼ ਗਲੋਬਲ: ਸ਼੍ਰੀ ਗੋਇਲ ਨੇ ਯੂਪੀ ਇੰਟਰਨੈਸ਼ਨਲ ਟ੍ਰੇਡ ਸ਼ੋਅ ਵਿੱਚ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਦੀ ਅਪੀਲ ਕੀਤੀ
Posted On:
29 SEP 2025 3:45PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਉੱਤਰ ਪ੍ਰਦੇਸ਼ ਇੰਟਰਨੈਸ਼ਨਲ ਟ੍ਰੇਡ ਸ਼ੋਅ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਈਐੱਫਟੀਏ ਦੇਸ਼ਾਂ (ਆਈਸਲੈਂਡ, ਲਿਕਟੈਂਸਟੀਨ, ਨਾਰਵੇ ਅਤੇ ਸਵਿਟਜ਼ਰਲੈਂਡ) ਦੇ ਨਾਲ ਮੁਕਤ ਵਪਾਰ ਸਮਝੌਤਾ (ਐੱਫਟੀਏ), ਜਿਸ ਨੂੰ ਮਾਰਚ 2024 ਵਿੱਚ ਅੰਤਿਮ ਰੂਪ ਦਿੱਤਾ ਗਿਆ ਸੀ, 1 ਅਕਤੂਬਰ 2025 ਤੋਂ ਲਾਗੂ ਹੋਵੇਗਾ। ਸ਼੍ਰੀ ਗੋਇਲ ਨੇ ਦੱਸਿਆ ਕਿ ਵਿਕਸਿਤ ਦੇਸ਼ ਭਾਰਤ ਦੇ ਨਾਲ ਮੁਕਤ ਵਪਾਰ ਸਮਝੌਤਾ (ਐੱਫਟੀਏ) ਕਰਨ ਦੇ ਇਛੁੱਕ ਹਨ ਅਤੇ ਭਾਰਤ ਪਹਿਲਾਂ ਹੀ ਸੰਯੁਕਤ ਅਰਬ ਅਮੀਰਾਤ, ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਅਜਿਹੇ ਸਮਝੌਤੇ ਕਰ ਚੁੱਕਾ ਹੈ। ਭਾਰਤ ਦਾ ਵਿਦੇਸ਼ੀ ਮੁਦ੍ਰਾ ਭੰਡਾਰ 700 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ।
ਸ਼੍ਰੀ ਗੋਇਲ ਨੇ ਦੱਸਿਆ ਕਿ ਭਾਰਤ ਅਮਰੀਕਾ, ਯੂਰੋਪੀਅਨ ਸੰਘ, ਨਿਊਜ਼ੀਲੈਂਡ, ਓਮਾਨ, ਪੇਰੂ ਅਤੇ ਚਿਲੀ ਦੇ ਨਾਲ ਵੀ ਗੱਲਬਾਤ ਕਰ ਰਿਹਾ ਹੈ, ਜਦਕਿ ਕਤਰ ਅਤੇ ਬਹਿਰੀਨ ਨੇ ਵੀ ਦਿਲਚਸਪੀ ਪ੍ਰਦਰਸ਼ਿਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਯੂਰੇਸ਼ੀਆ ਦੇ ਨਾਲ ਵਿਚਾਰ ਕੀਤੀਆਂ ਗਈਆਂ ਵਿਸ਼ਾ-ਵਸਤੂਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਜੋ ਕਿ ਭਾਰਤ ਦੀ ਮਜ਼ਬੂਤ ਗਲੋਬਲ ਸਥਿਤੀ ਨੂੰ ਦਰਸਾਉਂਦੀ ਹੈ।
ਹਾਲ ਹੀ ਵਿੱਚ ਹੋਏ ਜੀਐੱਸਟੀ ਸੁਧਾਰਾਂ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰੀ ਦੇ ਦੌਰਾਨ ਦੇਸ਼ ਨੂੰ ਇੱਕ ਪਰਿਵਰਤਨਸ਼ੀਲ ਸੁਧਾਰ ਦਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਕਿਹਾ, “22 ਸਤੰਬਰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਮੇਰਾ ਮੰਨਣਾ ਹੈ ਕਿ ਇਹ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਦਾ ਸਭ ਤੋਂ ਵੱਡਾ ਸੁਧਾਰ ਹੈ, ਜਿਸ ਦਾ ਪ੍ਰਭਾਵ ਦਹਾਕਿਆਂ ਤੱਕ ਮਹਿਸੂਸ ਕੀਤਾ ਜਾਵੇਗਾ।”
ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ, ਭਾਰਤ 2104 ਦੀ ਇੱਕ ਨਾਜ਼ੁਕ ਅਰਥਵਿਵਸਥਾ ਤੋਂ ਅੱਜ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਅਗਲੇ ਦੋ ਵਰ੍ਹਿਆਂ ਵਿੱਚ 5 ਟ੍ਰਿਲੀਅਨ ਡਾਲਰ ਦੇ ਆਕਾਰ ਨਾਲ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੁਦ੍ਰਾਸਫੀਤੀ 2 ਪ੍ਰਤੀਸ਼ਤ ‘ਤੇ ਹੈ- ਜੋ ਇੱਕ ਦਹਾਕੇ ਵਿੱਚ ਸਭ ਤੋਂ ਘੱਟ ਹੈ- ਜਦਕਿ ਪਿਛਲੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ ਦੀ ਵਾਧਾ ਦਰ 7.8 ਪ੍ਰਤੀਸ਼ਤ ਰਹੀ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਰਤ ਦਾ ਬੈਂਕਿੰਗ ਖੇਤਰ ਮਜ਼ਬੂਤ ਹੈ ਅਤੇ ਵਿਆਜ ਦਰਾਂ ਘੱਟ ਹੋਈਆਂ ਹਨ।
ਸ਼੍ਰੀ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਉੱਤਰ-ਪੂਰਬ ਅਤੇ ਪੂਰਬੀ ਰਾਜਾਂ ਦੇ ਵਿਕਾਸ ‘ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਸਮਾਵੇਸ਼ੀ ਵਾਧੇ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਬੰਧਿਤ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀ ਜ਼ਿਕਰਯੋਗ ਤਰੱਕੀ ‘ਤੇ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸਮਾਵੇਸ਼ੀ ਵਿਕਾਸ ਦੇ ਇਸ ਵਿਜ਼ਨ ਦੇ ਤਹਿਤ ਰਾਜ ਨੇ ਬੇਮਿਸਾਲ ਤਰੱਕੀ ਕੀਤੀ ਹੈ, ਜਿਸ ਨੇ ਹਰ ਜਾਤੀ, ਵਰਗ, ਛੋਟੇ ਅਤੇ ਵੱਡੇ ਕਾਰੋਬਾਰਾਂ ਨੂੰ ਬਰਾਬਰ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇਸ਼ ਦਾ ਪਹਿਲਾ ਰਾਜ ਹੈ ਜਿਸ ਨੇ ਇੱਕ ਸਮਰਪਿਤ ਨਿਰਯਾਤ ਪ੍ਰਮੋਸ਼ਨ ਮੰਤਰਾਲਾ ਸਥਾਪਿਤ ਕੀਤਾ ਹੈ, ਜੋ ਵਪਾਰ ਅਤੇ ਉਦਯੋਗ ਨੂੰ ਮਜ਼ਬੂਤ ਬਣਾਉਣ ਵਿੱਚ ਉਸ ਦੇ ਸਰਗਰਮ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਖਾਦੀ, ਕਪਾਹ ਅਤੇ ਕੁਟੀਰ ਉਦਯੋਗ ਜਿਹੇ ਖੇਤਰਾਂ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਉਨ੍ਹਾਂ ਨੇ ਇੱਕ ਜ਼ਿਲ੍ਹਾ, ਇੱਕ ਉਤਪਾਦ (ਓਡੀਓਪੀ) ਪਹਿਲ ਦੀ ਭੂਮਿਕਾ ‘ਤੇ ਜ਼ੋਰ ਦਿੱਤਾ, ਜੋ ਹੁਣ ਦੇਸ਼ ਭਰ ਦੇ 750 ਤੋਂ ਵੱਧ ਜ਼ਿਲ੍ਹਿਆਂ ਤੱਕ ਪਹੁੰਚ ਚੁੱਕੀ ਹੈ। ਸ਼੍ਰੀ ਗੋਇਲ ਨੇ ਦੱਸਿਆ ਕਿ ਓਡੀਓਪੀ ਦੇ ਤਹਿਤ 1200 ਤੋਂ ਵੱਧ ਉਤਪਾਦਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਇਨ੍ਹਾਂ ਨੂੰ ਘਰੇਲੂ ਅਤੇ ਗਲੋਬਲ ਮਾਰਕਿਟਾਂ ਵਿੱਚ ਹੁਲਾਰਾ ਦੇਣ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ।
ਸ਼੍ਰੀ ਗੋਇਲ ਨੇ ਦੱਸਿਆ ਕਿ ਅਜਿਹੇ ਜ਼ਿਲ੍ਹਾ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਦੇਸ਼ ਦੇ ਹਰ ਰਾਜ ਵਿੱਚ ਯੂਨਿਟੀ ਮੌਲ ਸਥਾਪਿਤ ਕੀਤੇ ਜਾਣਗੇ। ਇਹ ਮੌਲ ਰਾਜ-ਵਿਸ਼ੇਸ਼ ਅਤੇ ਅੰਤਰ-ਰਾਜੀ, ਦੋਨਾਂ ਤਰ੍ਹਾਂ ਦੇ ਉਤਪਾਦਾਂ ਲਈ ਇੱਕ ਮੰਚ ਪ੍ਰਦਾਨ ਕਰਨਗੇ, ਜਿਸ ਨਾਲ ਕਾਰੀਗਰਾਂ ਅਤੇ ਉੱਦਮੀਆਂ ਨੂੰ ਵਧੇਰੇ ਪਹਿਚਾਣ ਮਿਲੇਗੀ। ਉੱਤਰ ਪ੍ਰਦੇਸ਼ ਵਿੱਚ ਲਖਨਊ, ਆਗਰਾ ਅਤੇ ਵਾਰਾਣਸੀ ਵਿੱਚ ਅਜਿਹੇ ਤਿੰਨ ਮੌਲ ਹੋਣਗੇ। ਉਨ੍ਹਾਂ ਨੇ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣ ਦੇ ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਵੀ ਜ਼ੋਰ ਦਿੰਦੇ ਹੋਏ ਕਿਹਾ, “ਹਰ ਉਤਪਾਦ ਵਿੱਚ ਭਾਰਤੀ ਮਜ਼ਦੂਰਾਂ ਦਾ ਖੂਨ ਅਤੇ ਮਿਹਨਤ ਸ਼ਾਮਲ ਹੁੰਦੀ ਹੈ।”
ਸ਼੍ਰੀ ਗੋਇਲ ਨੇ ਰੇਖਾਂਕਿਤ ਕੀਤਾ ਕਿ ਉੱਤਰ ਪ੍ਰਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ- ਜਿਸ ਵਿੱਚ ਸਮਰਪਿਤ ਮੌਲ ਕੌਰੀਡੋਰ, ਐਕਸਪ੍ਰੈੱਸਵੇਅ, ਹਵਾਈ ਅੱਡੇ, ਮਲਟੀਮਾਡਲ ਲੌਜਿਸਟਿਕਸ ਹੱਬ, ਇਨਲੈਂਡ ਵਾਟਰਵੇਅਜ਼ ਅਤੇ ਕੰਟੇਨਰ ਡਿਪੋ ਸ਼ਾਮਲ ਹਨ- ਨੇ ਇਸ ਦੇ ਵਪਾਰ ਅਤੇ ਉਦਯੋਗ ਈਕੋਸਿਸਟਮ ਨੂੰ ਬਹੁਤ ਜ਼ਿਆਦਾ ਮਜ਼ਬੂਤ ਕੀਤਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਇੰਟਰਨੈਸ਼ਨਲ ਟ੍ਰੇਡ ਸ਼ੋਅ ਨੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ), ਮਹਿਲਾ ਉੱਦਮੀਆਂ, ਸਵਦੇਸ਼ੀ ਉਤਪਾਦਾਂ ਅਤੇ ਨਿਰਯਾਤ-ਮੁਖੀ ਯੂਨਿਟਾਂ ਦੇ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ ਹੈ। ਇਸ ਆਯੋਜਨ ਨੂੰ “ਵੋਕਲ ਫੋਰ ਲੋਕਲ” ਅਤੇ “ਲੋਕਲ ਗੋਜ਼ ਗਲੋਬਲ” ਦਾ ਸੱਚਾ ਸੰਗਮ ਦੱਸਦੇ ਹੋਏ, ਉਨ੍ਹਾਂ ਨੇ ਸਾਰੇ ਹਿੱਸੇਦਾਰਾਂ ਨੂੰ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਲਈ ਪ੍ਰਤੀਬੱਧ ਹੋਣ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਜੀਐੱਸਟੀ ਦਾ ਲਾਭ ਸਿੱਧੇ ਉਪਭੋਗਤਾਵਾਂ ਤੱਕ ਪਹੁੰਚੇ, ਜਿਸ ਨਾਲ ਸਾਰਿਆਂ ਲਈ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
****
ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ/ਇਸ਼ਿਤਾ ਬਿਸਵਾਸ/ਏਕੇ
(Release ID: 2173094)
Visitor Counter : 4