ਆਯੂਸ਼
azadi ka amrit mahotsav

ਆਯੁਸ਼ ਮੰਤਰਾਲੇ ਨੇ 10ਵੇਂ ਆਯੁਰਵੇਦ ਦਿਵਸ ਸਮਾਰੋਹ ਤੋਂ ਪਹਿਲਾਂ ਗੋਆ ਵਿੱਚ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ


"ਆਯੁਰਵੇਦ ਜਨ-ਜਨ ਦੇ ਲਈ, ਆਯੁਰਵੇਦ ਪ੍ਰਿਥਵੀ ਦੇ ਲਈ" ਦਾ ਮੰਤਰ ਵਿਸ਼ਵਵਿਆਪੀ ਸਿਹਤ ਅਤੇ ਸਥਿਰਤਾ ਲਈ ਇੱਕ ਸੱਦਾ ਹੈ: ਏਆਈਆਈਏ ਦੇ ਡਾਇਰੈਕਟਰ ਪ੍ਰੋ. (ਵੈਦ) ਪ੍ਰਦੀਪ ਕੁਮਾਰ ਪ੍ਰਜਾਪਤੀ

ਏਆਈਆਈਏ ਗੋਆ 'ਚ ਨਵੀਆਂ ਸਿਹਤ ਸੰਭਾਲ ਸਹੂਲਤਾਂ ਆਯੁਰਵੇਦ ਅਤੇ ਆਧੁਨਿਕ ਦਵਾਈ ਵਿਚਕਾਰ ਪੁਲ ਨੂੰ ਮਜ਼ਬੂਤ ​​ਕਰਗੀਆਂ

ਏਆਈਆਈਏ ਗੋਆ ਦੇ ਡੀਨ ਪ੍ਰੋ. (ਡਾ.) ਸੁਜਾਤਾ ਕਦਮ ਨੇ ਸਿਹਤ, ਸੰਤੁਲਨ ਅਤੇ ਵਿਸ਼ਵਵਿਆਪੀ ਮਾਨਤਾ ਦੇ ਇੱਕ ਦਹਾਕੇ ਦੇ ਲੰਬੇ ਸਫ਼ਰ 'ਤੇ ਚਾਨਣਾ ਪਾਇਆ

ਏਆਈਆਈਏ ਗੋਆ ਵਿਖੇ 10ਵੇਂ ਆਯੁਰਵੇਦ ਦਿਵਸ ਰਾਹੀਂ ਸੰਪੂਰਨ ਸਿਹਤ ਸੰਭਾਲ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ

प्रविष्टि तिथि: 22 SEP 2025 11:49AM by PIB Chandigarh

ਆਯੁਸ਼ ਮੰਤਰਾਲੇ ਨੇ ਅੱਜ 10ਵੇਂ ਆਯੁਰਵੇਦ ਦਿਵਸ ਨੂੰ ਮਨਾਉਣ ਲਈ ਗੋਆ ਦੇ ਪਣਜੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ। ਇਸ ਦੌਰਾਨ ਆਯੁਰਵੇਦ ਦੀ ਮਹੱਤਤਾ ਅਤੇ ਸੰਪੂਰਨ ਸਿਹਤ ਵਿੱਚ ਇਸ ਦੇ ਯੋਗਦਾਨ ਨੂੰ ਉਜਾਗਰ ਕੀਤਾ ਗਿਆ। 10ਵੇਂ ਆਯੁਰਵੇਦ ਦਿਵਸ ਦੇ ਮੌਕੇ 'ਤੇ ਆਯੋਜਿਤ ਕੀਤੇ ਜਾਣ ਵਾਲੇ ਵਿਸ਼ੇਸ਼ ਸਮਾਗਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ (ਏਆਈਆਈਏ), ਗੋਆ ਦੇ ਡਾਇਰੈਕਟਰ ਪ੍ਰੋਫੈਸਰ (ਵੈਦ) ਪ੍ਰਦੀਪ ਕੁਮਾਰ ਪ੍ਰਜਾਪਤੀ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਯੁਰਵੇਦ ਦਿਵਸ ਦਾ ਵਿਸ਼ਾ, "ਆਯੁਰਵੇਦ ਜਨ-ਜਨ ਦੇ ਲਈ, ਆਯੁਰਵੇਦ ਧਰਤੀ ਦੇ ਲਈ," ਨਿਜੀ ਸਿਹਤ, ਵਿਸ਼ਵਵਿਆਪੀ ਤੰਦਰੁਸਤੀ, ਵਾਤਾਵਰਣ ਸੰਤੁਲਨ ਅਤੇ ਟਿਕਾਊ ਵਿਕਾਸ 'ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ 10ਵਾਂ ਆਯੁਰਵੇਦ ਦਿਵਸ ਆਯੁਰਵੇਦ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਅਤੇ ਵਿਸ਼ਵਵਿਆਪੀ ਸਿਹਤ ਵਿੱਚ ਇਸ ਦੀ ਭੂਮਿਕਾ ਨੂੰ ਉਜਾਗਰ ਕਰਨ ਦਾ ਇੱਕ ਮੌਕਾ ਹੈ। ਉਨ੍ਹਾਂ ਨੇ ਏਆਈਆਈਏ, ਗੋਆ ਵਿਖੇ ਨਵੀਆਂ ਸਿਹਤ ਸੰਭਾਲ ਸਹੂਲਤਾਂ ਦੇ ਉਦਘਾਟਨ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਇੱਕ ਏਕੀਕ੍ਰਿਤ ਓਨਕੋਲੌਜੀ ਯੂਨਿਟ, ਸੈਂਟਰਲ ਸਟੇਰਾਇਲ ਸਪਲਾਈ ਡਿਪਾਰਟਮੈਂਟ, ਲਿਨਨ ਪ੍ਰੋਸੈੱਸਿੰਗ ਯੂਨਿਟ ਅਤੇ ਬਲੱਡ ਬੈਂਕ ਸ਼ਾਮਲ ਹਨ, ਜੋ ਆਯੁਰਵੇਦ ਅਤੇ ਆਧੁਨਿਕ ਚਿਕਿਤਸਾ ਵਿਚਕਾਰ ਪੁਲ ਨੂੰ ਮਜ਼ਬੂਤ ​​ਕਰਨਗੇ।

ਪ੍ਰੋ. ਪ੍ਰਜਾਪਤੀ ਨੇ ਲੋਕਾਂ, ਡਾਕਟਰਾਂ, ਰਿਸਰਚਰਾਂ, ਵਿਦਿਆਰਥੀਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਇਸ ਰਾਸ਼ਟਰੀ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਨੂੰ ਇੱਕ ਜਨ-ਅੰਦੋਲਨ ਦੱਸਦੇ ਹੋਏ, ਆਯੁਰਵੇਦ ਦੇ ਪ੍ਰਾਚੀਨ ਗਿਆਨ ਨੂੰ ਆਧੁਨਿਕ ਖੋਜ ਅਤੇ ਸਬੂਤਾਂ ਦੇ ਨਾਲ ਜੋੜਨ ਅਤੇ ਇਸ ਨੂੰ ਵਿਸ਼ਵਵਿਆਪੀ ਸਿਹਤ ਸੰਭਾਲ ਵਿੱਚ ਮੋਹਰੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ 10ਵਾਂ ਆਯੁਰਵੇਦ ਦਿਵਸ ਨਾ ਸਿਰਫ਼ ਭਗਵਾਨ ਧਨਵੰਤਰੀ ਦੀ ਵਿਰਾਸਤ ਦਾ ਸਨਮਾਨ ਕਰਦਾ ਹੈ ਸਗੋਂ ਇੱਕ ਸਿਹਤਮੰਦ, ਸੰਤੁਲਿਤ ਅਤੇ ਟਿਕਾਊ ਭਵਿੱਖ ਦੀ ਦਿਸ਼ਾ ਵੱਲ ਇੱਕ ਕਦਮ ਨੂੰ ਵੀ ਦਰਸਾਉਂਦਾ ਹੈ।

ਏਆਈਆਈਏ ਗੋਆ ਦੇ ਡੀਨ, ਪ੍ਰੋਫੈਸਰ (ਡਾ.) ਸੁਜਾਤਾ ਕਦਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਯੁਰਵੇਦ ਦਿਵਸ ਸਿਹਤ, ਸੰਤੁਲਨ ਅਤੇ ਵਿਸ਼ਵਵਿਆਪੀ ਮਾਨਤਾ ਦੀ ਇੱਕ ਦਹਾਕੇ ਦੀ ਲੰਬੀ ਯਾਤਰਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਪਰੰਪਰਾ ਅਤੇ ਵਿਗਿਆਨ, ਵਿਅਕਤੀ ਅਤੇ ਸਮਾਜ, ਮਨੁੱਖਤਾ ਅਤੇ ਕੁਦਰਤ ਵਿਚਕਾਰ ਇੱਕ ਪੁਲ ਦੇ ਰੂਪ ਵਿੱਚ ਆਯੁਰਵੇਦ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਏਆਈਆਈਏ ਗੋਆ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਇਹ 250 ਬੈੱਡਾਂ ਵਾਲਾ ਇੱਕ ਹਸਪਤਾਲ ਹੈ ਜਿੱਥੇ ਰੋਜ਼ਾਨਾ 22 ਓਪੀਡੀ ਸੇਵਾਵਾਂ ਉਪਲਬਧ ਹਨ, ਜਿਨ੍ਹਾਂ ਦਾ ਅੰਤਰਰਾਸ਼ਟਰੀ ਵਿਜ਼ੀਟਰਾਂ ਸਮੇਤ 800 ਤੋਂ ਵੱਧ ਮਰੀਜ਼ ਲਾਭ ਲੈਂਦੇ ਹਨ। ਇਹ ਸਿੱਖਿਆ, ਖੋਜ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਇੱਕ ਮੋਹਰੀ ਕੇਂਦਰ ਵਜੋਂ ਉੱਭਰ ਰਿਹਾ ਹੈ।

ਵਰ੍ਹੇ 2022 ਵਿੱਚ ਪ੍ਰਧਾਨ ਮੰਤਰੀ ਦੁਆਰਾ ਆਯੁਰਵੈਦਿਕ ਸਿੱਖਿਆ, ਖੋਜ ਅਤੇ ਸਿਹਤ ਸੰਭਾਲ ਸੇਵਾ ਲਈ ਇੱਕ ਪ੍ਰਮੁੱਖ ਕੇਂਦਰ ਦੇ ਰੂਪ ਵਜੋਂ ਸਥਾਪਿਤ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ), ਗੋਆ ਨੂੰ ਇਸ ਵਰ੍ਹੇ 10ਵੇਂ ਆਯੁਰਵੇਦ ਦਿਵਸ ਦੇ ਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਲਈ ਨੋਡਲ ਏਜੰਸੀ ਨਿਯੁਕਤ ਕੀਤਾ ਗਿਆ ਹੈ। ਆਪਣੇ ਉਦਘਾਟਨ ਤੋਂ ਬਾਅਦ, ਸੰਸਥਾ ਨੇ ਮਰੀਜ਼ਾਂ ਦੀ ਦੇਖਭਾਲ ਅਤੇ ਡਾਕਟਰੀ ਸਹੂਲਤਾਂ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ ਅਤੇ ਗੋਆ ਸੈਰ-ਸਪਾਟਾ ਵਿਭਾਗ ਦੇ ਸਹਿਯੋਗ ਨਾਲ ਮੈਡੀਕਲ ਵੈਲਿਊ ਟ੍ਰੈਵਲ ਅਤੇ ਹੈਲਥ ਟੂਰਿਜ਼ਮ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।

ਇਸ ਸਮਾਗਮ ਨੂੰ ਗੋਆ ਦੇ ਸੀਐੱਮਓ-ਐੱਸਐੱਫਡਬਲਿਊਬੀ ਡਾ. ਉੱਤਮ ਦੇਸਾਈ, ਡਾ. ਮੀਨਲ ਜੋਸ਼ੀ ਡਿਪਟੀ ਡਾਇਰੈਕਟਰ, ਆਯੁਸ਼, ਗੋਆ ਸਰਕਾਰ, ਸ਼੍ਰੀ ਸਿਧਾਰਥ ਝਾ, ਪਬਲਿਕ ਰਿਲੇਸ਼ਨਜ਼ ਅਫ਼ਸਰ, ਏਆਈਆਈਏ, ਦਿੱਲੀ ਅਤੇ ਸ਼੍ਰੀ ਗੌਰਵ ਸ਼ਰਮਾ, ਮੀਡੀਆ ਅਫ਼ਸਰ ਪੀਆਈਬੀ ਦਿੱਲੀ ਦੁਆਰਾ ਸੰਚਾਲਿਤ ਕੀਤਾ ਗਿਆ। ਇਸ ਵਿੱਚ ਕਈ ਮੀਡੀਆ ਕਰਮੀ ਅਤੇ ਪੱਤਰਕਾਰਾਂ ਨੇ ਹਿੱਸਾ ਲਿਆ। ਪ੍ਰੈੱਸ  ਕਾਨਫਰੰਸ ਦੀ ਸਮਾਪਤੀ ਇੰਟਰਐਕਟਿਵ ਸੈਸ਼ਨ ਨਾਲ ਹੋਈ ਜਿੱਥੇ ਮੀਡੀਆ ਦੁਆਰਾ ਸਵਾਲ ਪੁੱਛੇ ਗਏ। 

 

*********

ਐੱਮਵੀ/ਜੀਐੱਸ/ਐੱਸਜੀ/ਏਕੇ


(रिलीज़ आईडी: 2170173) आगंतुक पटल : 24
इस विज्ञप्ति को इन भाषाओं में पढ़ें: English , Urdu , Marathi , हिन्दी , Bengali-TR , Tamil