ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਨੈਸ਼ਨਲ ਮੈਡੀਕਲ ਕਮਿਸ਼ਨ ਦੇ ਚੇਅਰਮੈਨ ਡਾ. ਅਭਿਜਾਤ ਚੰਦਰਕਾਂਤ ਸ਼ੇਠ ਨੇ ਅਟਲ ਬਿਹਾਰੀ ਵਾਜਪਾਈ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਅਤੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਦੀ 11ਵੀਂ ਕਨਵੋਕੇਸ਼ਨ ਦੀ ਪ੍ਰਧਾਨਗੀ ਕੀਤੀ।


ਸਰਕਾਰ ਦੇਸ਼ ਭਰ ਵਿੱਚ ਡਾਕਟਰਾਂ ਦੀ ਗਿਣਤੀ ਨੂੰ ਸਮਾਨ ਰੂਪ ਵਿੱਚ ਵਧਾਉਣ ਲਈ ਵਚਨਬੱਧ ਹੈ ਤਾਂ ਜੋ ਡਾਕਟਰ-ਮਰੀਜ਼ ਅਨੁਪਾਤ ਬਣਾਈ ਰੱਖਣ ਦੀ ਵਿਸ਼ਵ ਸਿਹਤ ਸੰਗਠਨ ਦੀ ਸਿਫਾਰਿਸ਼ ਦੇ ਅਨੁਸਾਰ ਕੰਮ ਕੀਤਾ ਜਾ ਸਕੇ: ਚੇਅਰਮੈਨ, ਐੱਨਐੱਮਸੀ

"ਰਾਸ਼ਟਰੀ ਮੈਡੀਕਲ ਸਾਇੰਸਿਜ਼ ਪ੍ਰੀਖਿਆ ਬੋਰਡ ਅਤੇ ਐੱਨਐੱਮਸੀ ਦੁਆਰਾ ਨਵੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਵੇਂ ਕਿ ਰਵਾਇਤੀ ਸਰੀਰਕ ਸਿੱਖਿਆ ਨਾਲ ਹੁਨਰ-ਅਧਾਰਿਤ ਅਤੇ ਵਰਚੁਅਲ ਸਿੱਖਿਆ ਨੂੰ ਏਕੀਕ੍ਰਿਤ ਕਰਨਾ, ਤਾਂ ਜੋ ਯੋਗਤਾ-ਅਧਾਰਿਤ ਮੈਡੀਕਲ ਸਿੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ"

ਇਸ ਮੌਕੇ 'ਤੇ 250 ਪੋਸਟ ਗ੍ਰੈਜੂਏਟ ਅਤੇ ਡੀਐੱਮ ਵਿਦਿਆਰਥੀਆਂ ਅਤੇ 100 ਐੱਮਬੀਬੀਐੱਸ ਗ੍ਰੈਜੂਏਟਾਂ ਦੇ ਪਹਿਲੇ ਬੈਚ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।

प्रविष्टि तिथि: 20 SEP 2025 2:42PM by PIB Chandigarh

ਨੈਸ਼ਨਲ ਮੈਡੀਕਲ ਕਮਿਸ਼ਨ ਦੇ ਚੇਅਰਮੈਨ ਡਾ. ਅਭਿਜਾਤ ਚੰਦਰਕਾਂਤ ਸ਼ੇਠ ਨੇ ਅੱਜ ਇੱਥੇ ਅਟਲ ਬਿਹਾਰੀ ਵਾਜਪਾਈ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ (ਏਬੀਵੀਆਈਐੱਮਐੱਸ) ਅਤੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਦੀ 11ਵੀਂ ਕਨਵੋਕੇਸ਼ਨ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ‘ਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ (ਡੀਜੀਐੱਚਐੱਸ) ਡਾ. ਸੁਨੀਤਾ ਸ਼ਰਮਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਡਾ. ਵਿਨੋਦ ਕੋਟਵਾਲ ਵੀ ਮੌਜੂਦ ਸਨ।

 

ਆਪਣੇ ਸੰਬੋਧਨ ਵਿੱਚ, ਡਾ. ਸੇਠ ਨੇ ਗ੍ਰੈਜੂਏਟ ਵਿਦਿਆਰਥੀਆਂ ਦੇ ਨਾਲ- ਨਾਲ ਉਨ੍ਹਾਂ ਦੇ ਮਾਪਿਆਂ ਅਤੇ ਫੈਕਲਟੀ ਮੈਂਬਰਾਂ ਨੂੰ ਸਿਹਤ ਸੰਭਾਲ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਪ੍ਰੇਰਿਤ ਕਰਨ ਲਈ ਉਨ੍ਹਾਂ ਦੇ ਸਮਰਪਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਦੇਸ਼ ਭਰ ਵਿੱਚ 1:1,000 ਦੇ ਇੱਕਸਾਰ ਡਾਕਟਰ-ਮਰੀਜ਼ ਅਨੁਪਾਤ ਨੂੰ ਬਣਾਈ ਰੱਖਣ ਦੀ ਵਿਸ਼ਵ ਸਿਹਤ ਸੰਗਠਨ ਦੀ ਸਿਫ਼ਾਰਸ਼ ਨੂੰ ਪੂਰਾ ਕਰਨ ਲਈ ਦੇਸ਼ ਵਿੱਚ ਡਾਕਟਰਾਂ ਦੀ ਗਿਣਤੀ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਡਾ. ਸੇਠ ਨੇ ਅੰਡਰਗ੍ਰੈਜੁਏਟ (ਯੂਜੀ) ਅਤੇ ਪੋਸਟ ਗ੍ਰੈਜੂਏਟ (ਪੀਜੀ) ਦੇ ਦਰਮਿਆਨ 1:1 ਦਾ ਸੰਤੁਲਿਤ ਅਨੁਪਾਤ ਪ੍ਰਾਪਤ ਕਰਨ ਲਈ ਚੱਲ ਰਹੇ ਯਤਨਾਂ 'ਤੇ ਵੀ ਚਾਨਣਾ ਪਾਇਆ, ਜਿਸ ਦਾ ਉਦੇਸ਼ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਗੁਣਵੱਤਾ ਨੂੰ ਵਿਕਸਿਤ ਦੇਸ਼ਾਂ ਦੇ ਮਿਆਰਾਂ ਦੇ ਬਰਾਬਰ ਲਿਆਉਣਾ ਹੈ।

ਡਾ. ਸੇਠ ਨੇ ਨੈਸ਼ਨਲ ਬੋਰਡ ਆਫ਼ ਮੈਡੀਕਲ ਐਗਜ਼ਾਮੀਨੇਸ਼ਨਜ਼ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੁਆਰਾ ਸ਼ੁਰੂ ਕੀਤੀਆਂ ਜਾ ਰਹੀਆਂ ਨਵੀਆਂ ਪਹਿਲਕਦਮੀਆਂ 'ਤੇ ਵੀ ਚਾਨਣਾ ਪਾਇਆ, ਜਿਵੇਂ ਕਿ ਯੋਗਤਾ-ਅਧਾਰਿਤ ਮੈਡੀਕਲ ਸਿੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਵਾਇਤੀ ਸਰੀਰਕ ਸਿੱਖਿਆ ਦੇ ਨਾਲ-ਨਾਲ ਹੁਨਰ-ਅਧਾਰਿਤ ਅਤੇ ਵਰਚੁਅਲ ਸਿਖਲਾਈ ਨੂੰ ਏਕੀਕ੍ਰਿਤ ਕਰਨਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ, ਚੁਣੌਤੀਆਂ ਦਾ ਡਟ ਕਰ ਸਾਹਮਣਾ ਕਰਨ ਅਤੇ ਜੀਵਨ ਭਰ ਸਿੱਖਣ ਵਾਲੇ ਬਣੇ ਰਹਿਣ ਲਈ ਪ੍ਰੇਰਿਤ ਕੀਤਾ।

ਡਾ. ਵਿਨੋਦ ਕੋਟਵਾਲ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੱਜ ਦਾ ਮੌਕਾ ਵਿਦਿਆਰਥੀਆਂ ਦੀ ਵਰ੍ਹਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਅਤੇ ਕਿਹਾ, "ਇਹ ਰਾਸ਼ਟਰ ਦੀ ਸਿਹਤ ਅਤੇ ਤੰਦਰੁਸਤੀ ਪ੍ਰਤੀ ਤੁਹਾਡੀ ਜੀਵਨ ਭਰ ਦੀ ਵਚਨਬੱਧਤਾ ਦੀ ਸ਼ੁਰੂਆਤ ਹੈ।" ਉਨ੍ਹਾਂ ਨੇ ਏਬੀਵੀਆਈਐੱਮਐੱਸ ਨੂੰ ਹਾਲ ਹੀ ਵਿੱਚ ਮਿਲੀ ਐੱਨਏਬੀਐੱਚ ਮਾਨਤਾ ਲਈ ਵੀ ਵਧਾਈ ਦਿੱਤੀ, ਜੋ "ਗੁਣਵੱਤਾ, ਸੁਰੱਖਿਆ ਅਤੇ ਮਰੀਜ਼-ਕੇਂਦ੍ਰਿਤ ਦੇਖਭਾਲ ਪ੍ਰਤੀ ਸੰਸਥਾ ਦੀ ਅਟੁੱਟ ਵਚਨਬੱਧਤਾ ਨੂੰ ਮਾਨਤਾ ਦਿੰਦੀ ਹੈ।" ਡਾ. ਕੋਟਵਾਲ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਗਿਆਨ, ਖੋਜ ਅਤੇ ਸੇਵਾ ਨੂੰ ਆਪਣੇ ਮਾਰਗਦਰਸ਼ਕ ਸਿਧਾਂਤਾਂ ਵਜੋਂ ਇਮਾਨਦਾਰੀ, ਹਮਦਰਦੀ ਅਤੇ ਸਤਿਕਾਰ ਨਾਲ ਜਾਰੀ ਰੱਖਣ। ਉਨ੍ਹਾਂ ਕਿਹਾ, ”ਮੈਡੀਸਿਨ ਸਿਰਫ ਬਿਮਾਰੀ ਦੇ ਇਲਾਜ ਬਾਰੇ ਨਹੀਂ ਹੈ, ਬਲਕਿ ਪੀੜ੍ਹਤ ਮਰੀਜ਼ਾਂ ਦੀ ਦੇਖਭਾਲ ਬਾਰੇ ਹੈ।”

ਡਾ. ਸੁਨੀਤਾ ਸ਼ਰਮਾ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, "ਅੱਜ ਤੁਸੀਂ ਸਿਰਫ਼ ਡਿਗਰੀ ਪ੍ਰਾਪਤ ਨਹੀਂ ਕਰ ਰਹੇ ਹੋ; ਸਗੋਂ ਤੁਸੀਂ ਇੱਕ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹੋ - ਬਿਮਾਰੀ ਨੂੰ ਰੋਕਣ, ਅਗਵਾਈ ਕਰਨ ਅਤੇ ਦੇਸ਼ ਦੀ ਸੇਵਾ ਕਰਨ ਲਈ, ਤੁਸੀਂ ਜੋ ਵੀ ਸਮਰੱਥਾ ਚੁਣਦੇ ਹੋ।" ਭਾਵੇਂ ਤੁਸੀਂ ਕਲੀਨਿਕਲ ਕੇਅਰ, ਮੈਡੀਕਲ ਰਿਸਰਚ ਜਾਂ ਸਿੱਖਿਆ ਦੇ ਖੇਤਰ ਵਿੱਚ ਹੋ, ਉਨ੍ਹਾਂ ਨੇ ਸਲਾਹ ਦਿੱਤੀ, "ਆਪਣੇ ਕੰਮ ਨੂੰ ਹਮਦਰਦੀ, ਨਿਸ਼ਚਿਤਤਾ ਅਤੇ ਉੱਤਮਤਾ ਦੁਆਰਾ ਪ੍ਰੇਰਿਤ ਹੋਣ ਦਿਓ।" 

ਮੈਡੀਕਲ ਪੇਸ਼ੇ ਦੀ ਪਵਿੱਤਰਤਾ ’ਤੇ ਜ਼ੋਰ ਦਿੰਦੇ ਹੋਏ ਡਾ. ਸ਼ਰਮਾ ਨੇ ਐਲਾਨ ਕੀਤਾ, ‘‘ਇਹ ਇੱਕ ਮਹਾਨ ਕਾਰਜ ਹੈ ਜੋ ਕਰੁਣਾ ਅਤੇ ਮਨੁੱਖੀ ਜੀਵਨ ਪ੍ਰਤੀ ਅਟੁੱਟ ਪ੍ਰਤੀਬੱਧਤਾ ’ਤੇ ਅਧਾਰਿਤ ਹੈ।’’ ਉਨ੍ਹਾਂ ਨੇ ਗ੍ਰੈਜੂਏਟਾਂ ਨੂੰ ਨਿਮਰ ਬਣੇ ਰਹਿਣ ਅਤੇ ਜ਼ਮੀਨ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕਰਦੇ ਸਮਾਪਨ ਕੀਤਾ, ਭਾਵੇਂ ਉਹ ਜਿੰਦਗੀ ਵਿੱਚ ਕਿੰਨੀ ਵੀ ਦੂਰ ਕਿਉਂ ਨਾ ਪਹੁੰਚ ਜਾਣ ਜਾਂ ਕਿੰਨੀਆਂ ਵੀ ਉਪਲਬਧੀਆਂ ਪ੍ਰਾਪਤ ਕਰ ਲੈਣ।

ਸਮਾਰੋਹ ਦੌਰਾਨ, 250 ਪੋਸਟ ਗ੍ਰੈਜੂਏਟ ਅਤੇ ਡੀਐੱਮ ਵਿਦਿਆਰਥੀਆਂ ਅਤੇ 100 ਐੱਮਬੀਬੀਐੱਸ ਗ੍ਰੈਜੂਏਟਾਂ ਦੇ ਪਹਿਲੇ ਬੈਚ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਏਬੀਵੀਆਈਐੱਮਐੱਸ (ਸੰਹਿਤਾ) ਦੀ ਸਾਲਾਨਾ ਰਿਪੋਰਟ ਵੀ ਜਾਰੀ ਕੀਤੀ ਗਈ।

 

 

ਏਬੀਵੀਆਈਐੱਮਐੱਸ ਅਤੇ ਆਰਐੱਮਐੱਲਐੱਚ ਬਾਰੇ

1932 ਵਿੱਚ ਵਿਲਿੰਗਡਨ ਨਰਸਿੰਗ ਹੋਮ ਦੇ ਰੂਪ ਵਿੱਚ ਸਥਾਪਿਤ, ਇਹ ਹਸਪਤਾਲ 1,532 ਬਿਸਤਰਿਆਂ ਵਾਲੀ ਇੱਕ ਪ੍ਰਮੁੱਖ ਸੰਸਥਾ ਬਣ ਗਿਆ ਹੈ ਜੋ ਵੱਖ-ਵੱਖ ਵਿਸ਼ੇਸ਼ਤਾਵਾਂ ਅਤੇ ਸੁਪਰ-ਸਪੈਸ਼ਲਿਟੀਜ਼ ਵਿੱਚ ਵਿਆਪਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਦਾ ਹੈ। 2019 ਵਿੱਚ, ਇਸ ਦਾ ਨਾਮ ਬਦਲ ਕੇ ਅਟਲ ਬਿਹਾਰੀ ਵਾਜਪਾਈ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ (ਏਬੀਵੀਆਈਐੱਮਐੱਸ) ਅਤੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ (ਆਰਐੱਮਐੱਲਐੱਚ) ਰੱਖਿਆ ਗਿਆ। ਇਹ ਹਸਪਤਾਲ ਸਾਲਾਨਾ 100 ਐੱਮਬੀਬੀਐੱਸ ਸੀਟਾਂ ਦੇ ਨਾਲ-ਨਾਲ  203 ਪੋਸਟ ਗ੍ਰੈਜੂਏਟ ਅਤੇ 48 ਡੀਐੱਮ/ਐੱਮਸੀਐੱਚ ਸੀਟਾਂ ਦੀ ਪੇਸ਼ਕਸ਼ ਕਰਦਾ ਹੈ।

ਇਹ ਹਸਪਤਾਲ ਸਾਲਾਨਾ ਲਗਭਗ 1.2 ਮਿਲੀਅਨ ਬਾਹਰੀ ਮਰੀਜ਼ਾਂ ਅਤੇ 60,000 ਦਾਖਲ ਮਰੀਜ਼ਾਂ ਦੀ ਸੇਵਾ ਕਰਦਾ ਹੈ ਅਤੇ ਬਿਨਾਂ ਕਿਸੇ ਨਿਰਵਿਘਨ ਨੀਤੀ ਦੇ 24 ਘੰਟੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਦਾ ਹੈ। ਏਬੀਵੀਆਈਐੱਮਐੱਸ ਅਤੇ ਡਾ. ਆਰਐੱਮਐੱਲਐੱਚ ਇੱਕ ਤੀਜੇ ਦਰਜੇ ਦੇ ਦੇਖਭਾਲ ਕੇਂਦਰ ਹਨ ਜੋ ਭਾਰਤ ਦੇ ਲੋਕਾਂ ਨੂੰ ਲਗਭਗ ਸਾਰੀਆਂ ਵਿਸ਼ੇਸ਼ਤਾਵਾਂ ਅਤੇ ਸੁਪਰ-ਸਪੈਸ਼ਲਿਟੀਜ਼ ਵਿੱਚ 24 ਘੰਟੇ ਸੇਵਾਵਾਂ ਪ੍ਰਦਾਨ ਕਰਦੇ ਹਨ। ਡਾ. ਆਰਐੱਮਐੱਲਐੱਚ ਸੀਜੀਐੱਚਐੱਸ ਲਾਭਪਾਤਰੀਆਂ, ਮਾਣਯੋਗ ਸਾਂਸਦਾਂ, ਸਾਬਕਾ ਸਾਂਸਦਾਂ, ਮੰਤਰੀਆਂ, ਜੱਜਾਂ ਅਤੇ ਹੋਰ ਪ੍ਰਸਿੱਧ ਪਤਵੰਤਿਆਂ ਨੂੰ ਡਾਕਟਰੀ ਸੇਵਾਵਾਂ ਵੀ ਪ੍ਰਦਾਨ ਕਰਦੇ ਹਨ।

ਇਸ ਸਮਾਗਮ ਵਿੱਚ ਏਬੀਵੀਆਈਐੱਮਐੱਸ ਦੇ ਡਾਇਰਕੈਟਰ ਡਾ. (ਪ੍ਰੋ.) ਅਸ਼ੋਕ ਕੁਮਾਰ, ਏਬੀਵੀਆਈਐੱਮਐੱਸ ਦੇ ਡੀਨ ਡਾ. ਆਰਤੀ ਮਾਰੀਆ,  ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਫੈਕਲਟੀ ਮੈਂਬਰ ਅਤੇ ਮਾਪੇ ਵੀ ਸ਼ਾਮਲ ਹੋਏ ਸਨ।

****

ਐੱਮਵੀ


(रिलीज़ आईडी: 2169217) आगंतुक पटल : 28
इस विज्ञप्ति को इन भाषाओं में पढ़ें: English , Urdu , हिन्दी , Tamil