ਖੇਤੀਬਾੜੀ ਮੰਤਰਾਲਾ
ਨਾਰੀਅਲ ਵਿਕਾਸ ਬੋਰਡ ਨੇ ਸੰਸ਼ੋਧਿਤ ਯੋਜਨਾਵਾਂ ਸ਼ੁਰੂ ਕੀਤੀਆਂ
ਵਿਸ਼ਵ ਨਾਰੀਅਲ ਦਿਵਸ ‘ਤੇ ਨਿਰਯਾਤ ਉੱਤਮਤਾ ਪੁਰਸਕਾਰ ਪ੍ਰਦਾਨ ਕੀਤੇ ਗਏ
ਨਾਰੀਅਲ ਵਿੱਚ ਉਤਪਾਦ ਵਿਭਿੰਨਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ
Posted On:
02 SEP 2025 4:17PM by PIB Chandigarh
ਨਾਰੀਅਲ ਵਿਕਾਸ ਬੋਰਡ (ਸੀਡੀਬੀ) ਨੇ ਕੇਰਲ ਦੇ ਅੰਗਮਾਲੀ ਸਥਿਤ ਐਡਲਕਸ ਕਨਵੈਨਸ਼ਨ ਸੈਂਟਰ ਵਿੱਚ ਆਪਣੀਆਂ ਨਵੀਆਂ ਸੰਸ਼ੋਧਿਤ ਯੋਜਨਾਵਾਂ ਦੀ ਸ਼ੁਰੂਆਤ ਅਤੇ ਨਿਰਯਾਤ ਉੱਤਮਤਾ ਪੁਰਸਕਾਰ ਪ੍ਰਦਾਨ ਕਰਕੇ ਵਿਸ਼ਵ ਨਾਰੀਅਲ ਦਿਵਸ ਮਨਾਇਆ। ਇਸ ਮੌਕੇ ‘ਤੇ ਸਾਂਸਦ ਅਤੇ ਨਾਰੀਅਲ ਵਿਕਾਸ ਬੋਰਡ ਦੇ ਮੈਂਬਰ ਸ਼੍ਰੀ ਐੱਮਕੇ ਰਾਘਵਨ ਨੇ ਨਾਰੀਅਲ ਦੀ ਪ੍ਰੋਸੈੱਸਿੰਗ ਅਤੇ ਉਤਪਾਦ ਵਿਭਿੰਨਤਾ ਵਿੱਚ ਠੋਸ ਯਤਨਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਸਰਕਾਰ ਨੇ ਨਾਰੀਅਲ ਦੀ ਖੇਤੀ ਅਤੇ ਉਦਯੋਗ ਦੇ ਵਿਕਾਸ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਅਤੇ ਬੋਰਡ ਦੀਆਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਵਿੱਤੀ ਸਹਾਇਤਾ ਕਈ ਗੁਣਾ ਵਧਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਨਾਰੀਅਲ ਦਾ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਦੇ ਮੌਕੇ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਨਾਰੀਅਲ ਦੀ ਖੇਤੀ, ਉਤਪਾਦਨ ਅਤੇ ਉਤਪਾਦਕਤਾ ਦੇ ਖੇਤਰ ਵਿੱਚ ਕੇਰਲ ਸਭ ਤੋਂ ਅੱਗੇ ਸੀ। ਪਰ ਰਾਜ ਹੁਣ ਪਿਛੜ ਗਿਆ ਹੈ ਅਤੇ ਸਾਨੂੰ ਆਪਣਾ ਗੁਆਚਿਆ ਹੋਇਆ ਮਾਣ ਵਾਪਸ ਪਾਉਣ ਲਈ ਹੋਰ ਵਧੇਰੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕੇਰਲ ਦੇ ਨਾਰੀਅਲ ਕਿਸਾਨਾਂ ਨੂੰ ਰਾਜ ਵਿੱਚ ਨਾਰੀਅਲ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਇੱਕ ਕੇਂਦ੍ਰਿਤ ਤਰੀਕੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਨਾਰੀਅਲ ਵਿਕਾਸ ਬੋਰਡ ਦੇ ਸੀਈਓ ਡਾ. ਪ੍ਰਭਾਤ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਖੇਤੀ ਵਿੱਚ ਟਿਕਾਊ ਨਾਰੀਅਲ ਉਤਪਾਦਨ ਅਤੇ ਮੁਨਾਫ਼ੇ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਸੰਸ਼ੋਧਿਤ ਲਾਗਤ ਮਾਪਦੰਡਾਂ ਦੇ ਤਹਿਤ, ਖੇਤਰ ਵਿਸਤਾਰ ਪ੍ਰੋਗਰਾਮ ਲਈ ਸਬਸਿਡੀ 6,500 ਰੁਪਏ ਪ੍ਰਤੀ ਹੈਕਟੇਅਰ ਤੋਂ ਵਧਾ ਕੇ 56,000 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, ਬੀਜ ਉਤਪਾਦਨ ਦੇ ਲਈ ਸਬਸਿਡੀ 8 ਰੁਪਏ ਤੋਂ ਵਧਾ ਕੇ 45 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਤਪਾਦਨ, ਪ੍ਰੋਸੈੱਸਿੰਗ, ਮਾਰਕੀਟਿੰਗ ਅਤੇ ਨਿਰਯਾਤ ਵਿੱਚ ਏਕੀਕ੍ਰਿਤ ਯਤਨ ਇਸ ਖੇਤਰ ਦੇ ਦੀਰਘਕਾਲੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹਨ। ਉਨ੍ਹਾਂ ਨੇ ਹਿੱਸੇਦਾਰਾਂ ਨੂੰ ਦੇਸ਼ ਵਿੱਚ ਨਾਰੀਅਲ ਖੇਤਰ ਦੇ ਏਕੀਕ੍ਰਿਤ ਵਿਕਾਸ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਨਾਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਸ਼੍ਰੀ ਸੁਬਾ ਨਾਗਰਾਜਨ ਨੇ ਕਿਹਾ ਕਿ ਬੋਰਡ ਨੂੰ ਨਾਰੀਅਲ ਦੀ ਖੇਤੀ ਅਤੇ ਉਦਯੋਗ ਦੇ ਏਕੀਕ੍ਰਿਤ ਵਿਕਾਸ ਦਾ ਸਮਰਥਨ ਕਰਨ ਵਾਲੀਆਂ ਯੋਜਨਾਵਾਂ ਲਈ ਵੱਧ ਬਜਟ ਅਲਾਟ ਕੀਤਾ ਗਿਆ ਹੈ। ਉਨ੍ਹਾਂ ਨੇ ਸੰਸ਼ੋਧਿਤ ਯੋਜਨਾਵਾਂ, ਮੁੱਲ ਵਾਧਾ ਅਤੇ ਹੁਨਰ ਵਿਕਾਸ ਪਹਿਲਕਦਮੀਆਂ ਰਾਹੀਂ ਇੱਕ ਜਲਵਾਯੂ-ਰੋਧੀ ਨਾਰੀਅਲ ਅਰਥਵਿਵਸਥਾ ਦੇ ਨਿਰਮਾਣ ਲਈ ਬੋਰਡ ਦੀ ਪ੍ਰਤੀਬੱਧਤਾ ਦੁਹਰਾਈ, ਜਿਸ ਦਾ ਉਦੇਸ਼ ਲੱਖਾਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਸਥਾਈ ਆਜੀਵਿਕਾ ਨੂੰ ਯਕੀਨੀ ਬਣਾਉਣਾ ਹੈ।

ਨਾਰੀਅਲ ਉਦਯੋਗ ਵਿੱਚ ਉੱਤਮਤਾ ਪ੍ਰਦਰਸ਼ਨ ਨੂੰ ਮਾਨਤਾ ਦੇਣ ਲਈ ਨਾਰੀਅਲ ਵਿਕਾਸ ਬੋਰਡ ਦੁਆਰਾ ਸਥਾਪਿਤ ਨਿਰਯਾਤ ਉੱਤਮਤਾ ਪੁਰਸਕਾਰ, ਸਮਾਰੋਹ ਦੌਰਾਨ ਪ੍ਰਦਾਨ ਕੀਤੇ ਗਏ। ਯੂਨਾਈਟਿਡ ਕਾਰਬਨ ਸੌਲਿਊਸ਼ਨਜ਼ ਪ੍ਰਾਈਵੇਟ ਲਿਮਿਟਿਡ, ਤਿਰੂਪੁਰ, ਤਮਿਲ ਨਾਡੂ ਨੇ ਸਰਬੋਤਮ ਨਾਰੀਅਲ ਸ਼ੈੱਲ-ਅਧਾਰਿਤ ਉਤਪਾਦ ਨਿਰਯਾਤਕ ਲਈ ਗੋਲਡ ਪੁਰਸਕਾਰ ਜਿੱਤਿਆ, ਜਦਕਿ ਨੋਵਾ ਕਾਰਬਨ ਇੰਡੀਆ ਪ੍ਰਾਈਵੇਟ ਲਿਮਿਟਿਡ ਤਿਰੁਨੇਲਵੇਲੀ ਅਤੇ ਜੈਕੋਬੀ ਕਾਰਬਨ ਇੰਡੀਆ ਪ੍ਰਾਈਵੇਟ ਲਿਮਿਟਿਡ, ਕੋਇੰਬਟੂਰ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਮੈਡਲ ਪ੍ਰਾਪਤ ਕੀਤਾ। ਸਰਬਸ਼੍ਰੇਸ਼ਠ ਨਾਰੀਅਲ ਕਰਨੇਲ-ਅਧਾਰਿਤ ਉਤਪਾਦ ਨਿਰਯਾਤਕ ਸ਼੍ਰੇਣੀ ਵਿੱਚ ਮੈਰਿਕੋ ਲਿਮਿਟਿਡ, ਮੁੰਬਈ ਨੇ ਗੋਲਡ ਮੈਡਲ ਜਿੱਤਿਆ, ਉਸ ਦੇ ਬਾਅਦ ਮੇਜ਼ੁਕਾਟਿਲ ਮਿੱਲਜ਼, ਅਲੁਵਾ, ਕੇਰਲ ਨੂੰ ਸਿਲਵਰ ਮੈਡਲ ਅਤੇ ਫੇਅਰ ਐਕਸਪੋਰਟਸ ਇੰਡੀਆ ਪ੍ਰਾਈਵੇਟ ਲਿਮਿਟਿਡ, ਮੁੰਬਈ ਬ੍ਰੋਨਜ਼ ਮੈਡਲ ਮਿਲਿਆ। ਸ਼ਕਤੀ ਕੋਕੋ ਪ੍ਰੋਡਕਟਸ, ਪੋਲਾਚੀ, ਤਮਿਲ ਨਾਡੂ ਨੇ ਸਰਬਸ਼੍ਰੇਸ਼ਠ ਨਾਰੀਅਲ ਪਾਣੀ-ਅਧਾਰਿਤ ਉਤਪਾਦ ਨਿਰਯਾਤਕ ਲਈ ਗੋਲਡ ਮੈਡਲ ਪ੍ਰਾਪਤ ਕੀਤਾ। ਕੋਇੰਬਟੂਰ ਸਥਿਤ ਕਾਰਬਿਊਰ ਐਕਟੀਵੇਟਿਡ ਕਾਰਬਨ ਪ੍ਰਾਈਵੇਟ ਲਿਮਿਟਿਡ ਨੂੰ ਸਰਬਸ੍ਰੇਸ਼ਠ ਮਹਿਲਾ ਨਿਰਯਾਤਕ ਅਤੇ ਤਿਰੂਪੁਰ ਸਥਿਤ ਗਲੋਬਲ ਕੋਕੋਨਟ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਿਟਿਡ ਨੂੰ ਸਰਬਸ੍ਰੇਸ਼ਠ ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਨਿਰਯਾਤਕ ਦਾ ਪੁਰਸਕਾਰ ਮਿਲਿਆ। ਇਸ ਮੌਕੇ ‘ਤੇ ਨਾਰੀਅਲ ਵਿਕਾਸ ਬੋਰਡ ਦੇ ਪ੍ਰਕਾਸ਼ਨਾਂ ਨੂੰ ਵੀ ਰੀਲੀਜ਼ ਕੀਤਾ ਗਿਆ। ਸ਼੍ਰੀ ਐੱਮ.ਕੇ. ਰਾਘਵਨ ਨੇ ਨਾਰੀਅਲ ਖੇਤੀ ਦੀਆਂ ਟੈਕਨੋਲੋਜੀਆਂ ਜਾਰੀ ਕੀਤੀਆਂ,
ਜਦਕਿ ਨਾਰੀਅਲ ਵਿਕਾਸ ਬੋਰਡ ਦੇ ਸੀਈਓ ਡਾ.ਪ੍ਰਭਾਤ ਕੁਮਾਰ ਨੇ ਅੰਗ੍ਰੇਜ਼ੀ ਵਿੱਚ ਨਾਰੀਅਲ ਐਡਵਾਂਸਡ ਵਿਕਾਸ ਬੋਰਡ ਯੋਜਨਾ ਬੁੱਕਲੈਟ ਰੀਲੀਜ਼ ਕੀਤੀ। ਸ਼੍ਰੀ ਸੁਬਾ ਨਾਗਰਾਜਨ ਨੇ ਨਾਰੀਅਲ ਵਿਕਾਸ ਬੋਰਡ ਯੋਜਨਾ ਬੁੱਕਲੈਟ ਦਾ ਹਿੰਦੀ ਸੰਸਕਰਣ ਜਾਰੀ ਕੀਤਾ ਅਤੇ ਡਾ. ਬੀ.ਹਨੂਮੰਤੇ ਗੌੜਾ ਮੁੱਖ ਨਾਰੀਅਲ ਵਿਕਾਸ ਅਧਿਕਾਰੀ ਨੇ ਨਾਰੀਅਲ ਵਿਕਾਸ ਬੋਰਡ ਦੀਆਂ ਸੰਸ਼ੋਧਿਤ ਯੋਜਨਾਵਾਂ ‘ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
***************
ਆਰਸੀ/ਕੇਐੱਸਆਰ/ਏਆਰ
(Release ID: 2163387)
Visitor Counter : 2