ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਹਿਮਦਾਬਾਦ ਵਿੱਚ ਸਰਦਾਰ ਧਾਮ ਗਰਲਜ਼ ਹੌਸਟਲ ਫੇਜ਼-2 ਦਾ ਉਦਘਾਟਨ ਕੀਤਾ
ਸਰਦਾਰ ਧਾਮ ਟ੍ਰਸਟ ਨੇ 200 ਕਰੋੜ ਰੁਪਏ ਇਕੱਠੇ ਕਰਕੇ ਅਤੇ ਸਮਾਜ ਦੀਆਂ ਹਜ਼ਾਰਾਂ ਭੈਣਾਂ-ਬੇਟੀਆਂ ਨੂੰ ਉਨ੍ਹਾਂ ਦੇ ਵਿਦਿਅਕ ਅਤੇ ਪੇਸ਼ੇਵਰ ਮਾਰਗ ਵਿੱਚ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਨਾਲ-ਨਾਲ ਰਿਹਾਇਸ਼ ਲਈ ਸ਼ਾਨਦਾਰ ਪ੍ਰਬੰਧ ਕਰਕੇ ਇੱਕ ਸ਼ਲਾਘਾਯੋਗ ਕੰਮ ਕੀਤਾ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਇੱਕ ਮਜ਼ਬੂਤ ਗੁਜਰਾਤ ਬਣਾਉਣ ਦੀ ਨੀਂਹ ਰੱਖੀ ਸੀ
ਭਾਵੇਂ ਗ੍ਰਾਮੀਣ ਵਿਕਾਸ ਹੋਵੇ, ਸ਼ਹਿਰੀ ਵਿਕਾਸ ਹੋਵੇ, ਆਦਿਵਾਸੀ ਖੇਤਰ ਹੋਣ ਜਾਂ ਤੱਟਵਰਤੀ ਖੇਤਰ ਹੋਣ, ਸਾਰੇ ਖੇਤਰਾਂ ਦੇ ਸਮੁੱਚੇ ਵਿਕਾਸ ਦੀ ਨੀਂਹ ਮੋਦੀ ਜੀ ਨੇ ਰੱਖੀ
ਮੋਦੀ ਜੀ ਨੇ ਮੁੱਖ ਮੰਤਰੀ ਰਹਿੰਦੇ ਹੋਏ ਜੋ ਗੁਜਰਾਤ ਮਾਡਲ ਬਣਾਇਆ, ਉਸ ਨੇ ਨਾ ਸਿਰਫ਼ ਰਾਜ ਸਗੋਂ ਭਾਰਤ ਨੂੰ ਵਿਸ਼ਵ ਪੱਧਰ 'ਤੇ ਇੱਕ ਗਲੋਬਲ ਗੇਟਵੇ ਵਜੋਂ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ
ਸਰਦਾਰ ਧਾਮ ਟ੍ਰਸਟ ਵਡੋਦਰਾ, ਸੂਰਤ, ਰਾਜਕੋਟ ਅਤੇ ਮੇਹਸਾਣਾ ਵਿੱਚ ਕਈ ਪ੍ਰੋਜੈਕਟ ਸ਼ੁਰੂ ਕਰੇਗਾ
1960 ਵਿੱਚ ਗੁਜਰਾਤ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ, ਗੁਜਰਾਤ ਦਾ ਵਿਕਾਸ ਅਤੇ ਪਾਟੀਦਾਰ ਭਾਈਚਾਰੇ ਦਾ ਵਿਕਾਸ, ਦੋਵੇਂ ਸਮਾਨਾਂਤਰ ਤੌਰ ‘ਤੇ ਵਧੇ ਹਨ
ਪਾਟੀਦਾਰ ਭਾਈਚਾਰੇ ਨੇ ਬੇਟੀਆਂ ਦੀ ਸਿੱਖਿਆ, ਵਪਾਰ ਅਤੇ ਉਦਯੋਗ, ਖੇਤੀਬਾੜੀ ਸਮੇਤ ਹਰ ਖੇਤਰ ਵਿੱਚ ਗੁਜਰਾਤ ਅਤੇ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ
Posted On:
24 AUG 2025 11:00PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਹਿਮਦਾਬਾਦ ਵਿੱਚ ਸਰਦਾਰ ਧਾਮ ਗਰਲਜ਼ ਹੌਸਟਲ ਫੇਜ਼-2 ਦਾ ਉਦਘਾਟਨ ਕੀਤਾ। ਅਹਿਮਦਾਬਾਦ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਸਮੇਤ ਕਈ ਪਤਵੰਤੇ ਮੌਜੂਦ ਸਨ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੇ ਸੰਸਦੀ ਹਲਕੇ ਵਿੱਚ ਕੀਤਾ ਗਿਆ ਇਹ ਨੇਕ ਕੰਮ ਹਜ਼ਾਰਾਂ ਬੇਟੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਕਰੀਅਰ ਨੂੰ ਉੱਜਵਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਸਰਦਾਰ ਧਾਮ ਟ੍ਰਸਟ ਨੇ 200 ਕਰੋੜ ਰੁਪਏ ਇਕੱਠੇ ਕਰਕੇ ਸਮਾਜ ਦੀਆਂ ਹਜ਼ਾਰਾਂ ਭੈਣਾਂ-ਬੇਟੀਆਂ ਨੂੰ ਉਨ੍ਹਾਂ ਦੇ ਵਿਦਿਅਕ ਅਤੇ ਪੇਸ਼ੇਵਰ ਮਾਰਗ ਵਿੱਚ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਰਿਹਾਇਸ਼ ਦੀ ਉਤਕ੍ਰਿਸ਼ਟ ਵਿਵਸਥਾ ਕਰਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਲਈ, ਉਹ ਟ੍ਰਸਟ ਦੇ ਪ੍ਰਤੀ ਦਿਲੋਂ ਧੰਨਵਾਦ ਕਰਦੇ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਕਈ ਵਰ੍ਹਿਆਂ ਤੋਂ, ਖਾਸ ਕਰਕੇ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਅਤੇ ਖਾਸ ਕਰਕੇ ਜਦੋਂ ਤੋਂ ਸ਼੍ਰੀ ਨਰੇਂਦਰ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਬਣੇ ਤਦ ਤੋਂ, ਰਾਜ ਵਿੱਚ ਸੱਭਿਅਤਾ ਤੋਂ ਲੈ ਕੇ ਸੱਭਿਆਚਾਰ ਤੱਕ, ਕਿਸਾਨਾਂ ਤੋਂ ਲੈ ਕੇ ਨੌਜਵਾਨਾਂ ਤੱਕ, ਅਤੇ ਪਿੰਡਾਂ ਤੋਂ ਲੈ ਕੇ ਮਹਾਂਨਗਰਾਂ ਤੱਕ, ਸਾਰੇ ਖੇਤਰਾਂ ਵਿੱਚ ਅਜਿਹਾ ਬੇਮਿਸਾਲ ਵਿਕਾਸ ਹੋਇਆ ਹੈ ਕਿ ਦੇਸ਼ ਵਾਸੀਆਂ ਦੀਆਂ ਅੱਖਾਂ ਹੈਰਾਨੀ ਨਾਲ ਖੁੱਲ੍ਹੀਆਂ ਰਹਿ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਇੱਕ ਮਜ਼ਬੂਤ ਗੁਜਰਾਤ ਦੇ ਨਿਰਮਾਣ ਦੀ ਨੀਂਹ ਰੱਖੀ ਸੀ। ਭਾਵੇਂ ਗ੍ਰਾਮੀਣ ਵਿਕਾਸ ਹੋਵੇ, ਸ਼ਹਿਰੀ ਵਿਕਾਸ ਹੋਵੇ, ਆਦਿਵਾਸੀ ਖੇਤਰ ਹੋਣ ਜਾਂ ਤੱਟਵਰਤੀ ਖੇਤਰ ਹੋਣ, ਮੋਦੀ ਜੀ ਨੇ ਸਾਰੇ ਖੇਤਰਾਂ ਦੇ ਸਮੁੱਚੇ ਵਿਕਾਸ ਦੀ ਨੀਂਹ ਰੱਖੀ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੂੰ ਗੁਜਰਾਤ ਮਾਡਲ ਦਾ ਕ੍ਰੈਡਿਟ ਵੀ ਦਿੱਤਾ ਜਾਂਦਾ ਹੈ, ਜਿਸ ਵਿੱਚ ਮਜ਼ਬੂਤ ਬੁਨਿਆਦੀ ਢਾਂਚੇ ਰਾਹੀਂ ਆਰਥਿਕਤਾ ਦੀ ਮਜ਼ਬੂਤੀ ਆਪਣੇ ਆਪ ਪ੍ਰਾਪਤ ਹੋ ਜਾਂਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਰਥਵਿਵਸਥਾ ਦੀ ਮਜ਼ਬੂਤੀ ਨਾਲ ਹਰੇਕ ਨਾਗਰਿਕ ਦੇ ਜੀਵਨ ਵਿੱਚ ਸੁਵਿਧਾਵਾਂ ਅਤੇ ਖੁਸ਼ਹਾਲੀ ਆਉਂਦੀ ਹੈ। ਗੁਜਰਾਤ ਮਾਡਲ ਨੇ ਨਾ ਸਿਰਫ਼ ਰਾਜ ਨੂੰ ਸਗੋਂ ਭਾਰਤ ਨੂੰ ਵੀ ਵਿਸ਼ਵ ਪੱਧਰ 'ਤੇ ਇੱਕ ਗਲੋਬਲ ਗੇਟਵੇ ਵਜੋਂ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਵਾਈਬ੍ਰੈਂਟ ਗੁਜਰਾਤ ਜਿਹੇ ਵੱਡੇ ਸਮਾਗਮਾਂ ਲਈ ਛੋਟੀਆਂ ਯੋਜਨਾਵਾਂ ਨੂੰ ਲਾਗੂ ਕਰਕੇ ਗੁਜਰਾਤ ਨੂੰ ਅੱਜ ਇਸ ਸਥਿਤੀ ਵਿੱਚ ਲਿਆਉਣ ਵਿੱਚ ਬੇਮਿਸਾਲ ਯੋਗਦਾਨ ਦਿੱਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਲਗਭਗ 200 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਗਰਲਜ਼ ਹੌਸਟਲ ਵਿੱਚ ਅਜਿਹੇ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ ਕਿ ਤਿੰਨ ਹਜ਼ਾਰ ਬੇਟੀਆਂ ਇੱਕੋ ਸਮੇਂ ਉੱਥੇ ਰਹਿ ਸਕਦੀਆਂ ਹਨ ਅਤੇ ਆਪਣੀ ਸਿੱਖਿਆ ਅਤੇ ਕਰੀਅਰ ਨੂੰ ਸਾਕਾਰ ਕਰ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਾਟੀਦਾਰ ਭਾਈਚਾਰੇ ਦੇ ਦਾਨੀਆਂ (ਦਾਨ ਦੇਣ ਵਾਲਿਆਂ) ਨੇ ਇੱਕ ਵਾਰ ਪ੍ਰਣ ਲੈਣ ਤੋਂ ਬਾਅਦ, ਭਾਮਾਸ਼ਾਹ ਦੀ ਤਰ੍ਹਾਂ ਸਮਾਜ ਦੇ ਕੰਮ ਨੂੰ ਅੱਗੇ ਵਧਾਇਆ ਹੈ, ਭਾਵੇਂ ਕਿੰਨੀ ਵੀ ਵੱਡੀ ਰਕਮ ਦੀ ਜ਼ਰੂਰਤ ਕਿਉਂ ਨਾ ਹੋਵੇ। ਇਸ ਦੀ ਸਭ ਤੋਂ ਵੱਡੀ ਉਦਾਹਰਣ ਸ਼ਕਰੀਬੇਨ ਪਟੇਲ ਭਵਨ ਹੈ, ਜੋ ਅੱਜ ਸਾਡੇ ਸਾਹਮਣੇ ਸਾਕਾਰ ਹੋ ਗਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਧਾਮ ਫੇਜ਼-2 ਗਰਲਜ਼ ਹੌਸਟਲ ਸਿਰਫ 1 ਰੁਪਏ ਦੀ ਸਲਾਨਾ ਫੀਸ 'ਤੇ ਹੋਣਹਾਰ ਵਿਦਿਆਰਥੀਆਂ ਨੂੰ ਰਿਹਾਇਸ਼ ਦੀ ਸੁਵਿਧਾ ਪ੍ਰਦਾਨ ਕਰੇਗਾ। 10,000 ਵਰਗ ਗਜ ਅਤੇ 6,32,000 ਵਰਗ ਫੁੱਟ ਦੇ ਖੇਤਰ ਵਿੱਚ ਫੈਲੀ ਇਹ 12 ਮੰਜ਼ਿਲਾ ਇਮਾਰਤ, ਜਿਸ ਵਿੱਚ 440 ਕਮਰੇ ਅਤੇ 2 ਬੇਸਮੈਂਟਾਂ ਹਨ, ਗੁਜਰਾਤ ਦੇ ਨੌਜਵਾਨਾਂ ਲਈ, ਖਾਸ ਕਰਕੇ ਸਿਵਿਲ ਸੇਵਾ ਟ੍ਰੇਨਿੰਗ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਨੌਜਵਾਨ ਹਰ ਖੇਤਰ ਵਿੱਚ ਤਰੱਕੀ ਕਰ ਰਹੇ ਹਨ, ਪਰ ਗੁਜਰਾਤੀਆਂ ਦੇ ਨਾਮ ਆਈਪੀਐੱਸ, ਆਈਏਐੱਸ, ਆਈਆਰਐੱਸ ਅਤੇ ਕਸਟਮ ਸਰਵਿਸ ਜਿਹੀਆਂ ਸੇਵਾਵਾਂ ਦੀ ਸੂਚੀ ਵਿੱਚ ਘੱਟ ਹੀ ਦਿਖਾਈ ਦਿੰਦੇ ਹਨ। ਜੇਕਰ ਉਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾਵੇ ਤਾਂ ਉਨ੍ਹਾਂ ਦੀ ਗਿਣਤੀ ਵਧ ਸਕਦੀ ਹੈ। ਇਸ ਹੌਸਟਲ ਵਿੱਚ ਲਾਇਬ੍ਰੇਰੀ, ਈ-ਲਾਇਬ੍ਰੇਰੀ, ਰੀਡਿੰਗ ਰੂਮ ਜਿਹੀਆਂ ਸਹੂਲਤਾਂ ਵਾਲਾ ਇੱਕ ਪੂਰਾ ਕੰਪਲੈਕਸ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ, ਸਰਦਾਰ ਧਾਮ ਟ੍ਰਸਟ ਵਡੋਦਰਾ, ਮੱਧ ਗੁਜਰਾਤ, ਦੱਖਣੀ ਗੁਜਰਾਤ ਵਿੱਚ ਸੂਰਤ, ਸੌਰਾਸ਼ਟਰ ਦੇ ਰਾਜਕੋਟ ਅਤੇ ਉੱਤਰੀ ਗੁਜਰਾਤ ਵਿੱਚ ਮੇਹਸਾਣਾ ਵਿੱਚ ਕਈ ਪ੍ਰੋਜੈਕਟਸ ਸ਼ੁਰੂ ਕਰੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਧਾਮ ਨੇ ਯੂਪੀਐੱਸਸੀ, ਜੀਪੀਐੱਸਸੀ, ਰੱਖਿਆ ਸੇਵਾਵਾਂ ਅਤੇ ਨਿਆਂਇਕ ਸੇਵਾਵਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਲਗਭਗ 10,000 ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣ ਦਾ ਟੀਚਾ ਰੱਖਿਆ ਹੈ। ਹੁਣ ਤੱਕ ਲਗਭਗ 52,000 ਉਮੀਦਵਾਰਾਂ ਨੂੰ ਟ੍ਰੇਨਿੰਗ ਪ੍ਰਦਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਗੁਜਰਾਤ ਸਰਕਾਰ ਗੁਜਰਾਤੀ ਸਮਾਜ ਦੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਦੇ ਇਸ ਪ੍ਰੋਗਰਾਮ ਵਿੱਚ ਸਰਦਾਰ ਧਾਮ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਅਸੀਂ ਕਿਸੇ ਵੀ ਕਦਮ 'ਤੇ ਪਿੱਛੇ ਨਹੀਂ ਹਟਾਂਗੇ ਅਤੇ ਸਮਾਜ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋ ਕੇ ਗੁਜਰਾਤੀ ਨੌਜਵਾਨਾਂ ਦੇ ਕਰੀਅਰ ਨਿਰਮਾਣ ਵਿੱਚ ਯੋਗਦਾਨ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਸਰਦਾਰ ਧਾਮ ਟ੍ਰਸਟ ਦੇ ਆਉਣ ਵਾਲੇ 10 ਵਰ੍ਹਿਆਂ ਦੇ ਪ੍ਰੋਜੈਕਟ ਵਿੱਚ 1,000 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜ ਪ੍ਰਮੁੱਖ ਟੀਚੇ ਸ਼ਾਮਲ ਹਨ। ਇਨ੍ਹਾਂ ਵਿੱਚ 10,000 ਵਿਦਿਆਰਥੀਆਂ ਲਈ ਇੱਕ ਟ੍ਰੇਨਿੰਗ ਸੰਸਥਾ, ਰਿਹਾਇਸ਼ੀ ਕੰਪਲੈਕਸ, ਯੂਪੀਐੱਸਸੀ, ਜੀਪੀਐੱਸਸੀ, ਰੱਖਿਆ ਅਤੇ ਨਿਆਂਇਕ ਸੇਵਾਵਾਂ ਲਈ ਟ੍ਰੇਨਿੰਗ ਪ੍ਰੋਗਰਾਮ, ਗਲੋਬਲ ਪਾਟੀਦਾਰ ਬਿਜ਼ਨਸ ਸਮਿਟ ਅਤੇ ਗਲੋਬਲ ਪਾਟੀਦਾਰ ਯੁਵਾ ਸੰਗਠਨ ਸ਼ਾਮਲ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਸਾਰੇ ਪੰਜ ਟੀਚੇ ਪੂਰੇ ਹੋਣਗੇ ਅਤੇ ਇਹ ਪੂਰੇ ਸਮਾਜ ਅਤੇ ਗੁਜਰਾਤ ਦੇ ਨੌਜਵਾਨਾਂ ਦੀ ਉੱਤਮਤਾ ਨਾਲ ਸੇਵਾ ਕਰੇਗਾ।
ਸਰਦਾਰ ਵੱਲਭ ਭਾਈ ਪਟੇਲ ਦਾ ਜ਼ਿਕਰ ਕਰਦਿਆਂ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਨੇ ਦੇਸ਼ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ, ਜੇਕਰ ਸਰਦਾਰ ਸਾਹੇਬ ਨਾ ਹੁੰਦੇ ਤਾਂ ਅੱਜ ਭਾਰਤ ਦਾ ਜੋ ਨਕਸ਼ਾ ਬਣਿਆ ਹੈ, ਉਹ ਸੰਭਵ ਨਹੀਂ ਹੁੰਦਾ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅਤੇ ਦਵਾਰਕਾ ਤੋਂ ਕਾਮਾਖਿਆ ਤੱਕ, ਇੰਨੇ ਵਰ੍ਹਿਆਂ ਬਾਅਦ ਵੀ, ਨੌਜਵਾਨ, ਬਜ਼ੁਰਗ ਅਤੇ ਦੇਸ਼ ਦਾ ਹਰ ਨਾਗਰਿਕ ਸਰਦਾਰ ਸਾਹੇਬ ਨੂੰ ਇੱਕ ਭਾਵਨਾ ਨਾਲ ਨਮਨ ਕਰਦਾ ਹੈ ਅਤੇ ਉਨ੍ਹਾਂ ਦਾ ਸਨਮਾਨ ਕਰਦਾ ਹੈ। ਦੇਸ਼ ਦੇ ਇਤਿਹਾਸ ਵਿੱਚ, ਇੱਥੋਂ ਤੱਕ ਕਿ ਗੁਜਰਾਤ ਵਿੱਚ ਵੀ, ਸਰਦਾਰ ਸਾਹੇਬ ਦਾ ਯੋਗਦਾਨ ਅਨਮੋਲ ਹੈ। 1960 ਵਿੱਚ ਗੁਜਰਾਤ ਦੇ ਗਠਨ ਤੋਂ ਲੈ ਕੇ ਅੱਜ ਤੱਕ, ਗੁਜਰਾਤ ਦਾ ਵਿਕਾਸ ਅਤੇ ਪਾਟੀਦਾਰ ਭਾਈਚਾਰੇ ਦਾ ਵਿਕਾਸ, ਦੋਵੇਂ ਸਮਾਨਾਂਤਰ ਵਧੇ ਹਨ। ਪਾਟੀਦਾਰ ਭਾਈਚਾਰੇ ਨੇ ਸਮਾਜ ਦੇ ਨਾਲ-ਨਾਲ ਗੁਜਰਾਤ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਪਾਟੀਦਾਰ ਭਾਈਚਾਰੇ ਨੇ ਬੇਟੀਆਂ ਦੀ ਸਿੱਖਿਆ, ਵਪਾਰ ਅਤੇ ਉਦਯੋਗ, ਖੇਤੀਬਾੜੀ ਸਮੇਤ ਹਰ ਖੇਤਰ ਵਿੱਚ ਪਿੱਛੇ ਮੁੜ ਕੇ ਨਾ ਵੇਖਦੇ ਹੋਏ ਗੁਜਰਾਤ ਅਤੇ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਪਾਟੀਦਾਰ ਸਮਾਜ ਦੇ ਜਿਨ੍ਹਾਂ ਲੋਕਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ, ਜਿਨ੍ਹਾਂ 'ਤੇ ਲਕਸ਼ਮੀ ਜੀ ਦਾ ਅਸ਼ੀਰਵਾਦ ਹੈ, ਉਹ ਸਾਰੇ ਭਾਮਾਸ਼ਾਹ ਬਣ ਗਏ ਹਨ ਅਤੇ ਉਨ੍ਹਾਂ ਨੇ ਬਾਕੀ ਸਮਾਜ ਨੂੰ ਅੱਗੇ ਵਧਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਰਾਜ ਭਰ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਸਮਾਜ ਭਲਾਈ ਵਿੱਚ ਬਹੁਤ ਯੋਗਦਾਨ ਦਿੱਤਾ ਹੈ। ਜੇਕਰ ਪੂਰੇ ਦੇਸ਼ ਵਿੱਚ ਕੋਈ ਵੱਡੀ ਉਦਾਹਰਣ ਹੈ ਕਿ ਜਿੱਥੇ ਬੇਟੀ ਪੜ੍ਹਦੀ ਹੈ, ਉਹ ਸਮਾਜ ਸਫਲਤਾ ਪ੍ਰਾਪਤ ਕਰ ਸਕਦਾ ਹੈ ਅਤੇ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ, ਤਾਂ ਉਹ ਪਾਟੀਦਾਰ ਸਮਾਜ ਹੈ। ਸ਼੍ਰੀ ਸ਼ਾਹ ਨੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸਰਦਾਰ ਧਾਮ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ, ਜੋ ਕਿ ਰਾਜ ਭਰ ਦੀਆਂ ਵੱਖ-ਵੱਖ ਇਕਾਈਆਂ ਰਾਹੀਂ ਸਰਦਾਰ ਧਾਮ ਦੇ ਮਹਾਨ ਸੰਕਲਪ ਨੂੰ ਸਾਕਾਰ ਕਰਨ ਲਈ ਕੰਮ ਕਰ ਰਿਹਾ ਹੈ, ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
****
ਆਰਕੇ/ਵੀਵੀ/ਪੀਐੱਸ/ਪੀਆਰ
(Release ID: 2160481)