ਕਾਰਪੋਰੇਟ ਮਾਮਲੇ ਮੰਤਰਾਲਾ
ਕਾਰਪੋਰੇਟ ਮਾਮਲੇ ਮੰਤਰਾਲਾ 79ਵੇਂ ਆਜ਼ਾਦੀ ਦਿਵਸ ਸਮਾਰੋਹ ਲਈ ਪੀਐੱਮਆਈਐੱਸ ਇੰਟਰਨਜ਼ ਦੀ ਵਿਸ਼ੇਸ਼ ਮਹਿਮਾਨਾਂ ਵਜੋਂ ਮੇਜ਼ਬਾਨੀ ਕਰੇਗਾ
Posted On:
13 AUG 2025 8:38PM by PIB Chandigarh
ਭਾਰਤ ਦੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ, ਕਾਰਪੋਰੇਟ ਮਾਮਲੇ ਮੰਤਰਾਲਾ ਨਵੀਂ ਦਿੱਲੀ ਵਿੱਚ ਰਾਸ਼ਟਰੀ ਜਸ਼ਨਾਂ ਨੂੰ ਦੇਖਣ ਲਈ ਦੇਸ਼ ਭਰ ਦੇ 100 ਤੋਂ ਵੱਧ ਇੰਟਰਨਜ਼ ਦੀ ਵਿਸ਼ੇਸ਼ ਮਹਿਮਾਨਾਂ ਵਜੋਂ ਮੇਜ਼ਬਾਨੀ ਕਰ ਰਿਹਾ ਹੈ। ਇਹ ਇੰਟਰਨਜ਼, ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (ਪੀਐੱਮਆਈਐੱਸ) ਦਾ ਹਿੱਸਾ ਹਨ, ਜੋ 14-16 ਅਗਸਤ ਤੱਕ ਤਿੰਨ ਦਿਨਾਂ ਇਮਰਸ਼ਨ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਜੋ ਉਨ੍ਹਾਂ ਨੂੰ ਇੱਕ ਭਰਪੂਰ ਅਤੇ ਸੰਪੂਰਨ ਅਨੁਭਵ ਪ੍ਰਦਾਨ ਕਰੇਗਾ।
ਜਸ਼ਨਾਂ ਦੇ ਹਿੱਸੇ ਵਜੋਂ, ਮੰਤਰਾਲਾ 14 ਅਗਸਤ ਨੂੰ ਕਾਰਪੋਰੇਟ ਮਾਮਲੇ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਅਤੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀਮਤੀ ਦੀਪਤੀ ਗੌਰ ਮੁਖਰਜੀ ਨਾਲ ਪੀਐੱਮਆਈਐੱਸ ਇੰਟਰਨਜ਼ ਨਾਲ ਇੱਕ ਵਿਸ਼ੇਸ਼ ਗੱਲਬਾਤ ਦੀ ਮੇਜ਼ਬਾਨੀ ਕਰੇਗਾ। ਬਦਲਾਅ ਲਿਆਉਣ ਵਾਲੇ ਇਹ ਨੌਜਵਾਨ ਇੰਟਰਨਜ਼, ਇਸ ਸਮੇਂ ਵੱਖ-ਵੱਖ ਖੇਤਰਾਂ ਵਿੱਚ ਚੋਟੀ ਦੀਆਂ ਭਾਰਤੀ ਕੰਪਨੀਆਂ ਨਾਲ ਇੰਟਰਨਸ਼ਿਪ ਕਰ ਰਹੇ ਹਨ। ਇਹ ਸਮਾਗਮ ਪੀਐੱਮਆਈਐੱਸ ਦੇ ਪਾਇਲਟ ਪੜਾਅ ਵਿੱਚ ਇੱਕ ਮੀਲ ਪੱਥਰ ਹੈ, ਜੋ ਕਿ ਅਕਤੂਬਰ 2024 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਪਹਿਲਾਂ ਹੀ ਦੇਸ਼ ਭਰ ਵਿੱਚ 350 ਤੋਂ ਵੱਧ ਪ੍ਰਮੁੱਖ ਕੰਪਨੀਆਂ ਨੂੰ ਸ਼ਾਮਲ ਕਰ ਚੁੱਕਾ ਹੈ ਅਤੇ ਇਸ ਵਿੱਚ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੌਜਵਾਨਾਂ ਦੀ ਭਾਗੀਦਾਰੀ ਦੇਖੀ ਗਈ ਹੈ।
ਸ਼ਾਮ ਦਾ ਇੱਕ ਮੁੱਖ ਆਕਰਸ਼ਣ ਡਿਜੀਟਲ ਕੰਪੋਂਡੀਅਮ ਦਾ ਉਦਘਾਟਨ ਹੋਵੇਗਾ, ਜੋ ਕਿ ਸਮੁੱਚੇ ਭਾਰਤ ਦੇ ਇੰਟਰਨਾਂ ਦੀਆਂ 79 ਪ੍ਰੇਰਨਾਦਾਇਕ ਕਹਾਣੀਆਂ ਦਾ ਇੱਕ ਸੰਗ੍ਰਹਿ ਹੈ, ਜੋ ਵਿਕਾਸ, ਸਿਖਲਾਈ ਅਤੇ ਪ੍ਰਭਾਵ ਦੀਆਂ ਉਨ੍ਹਾਂ ਦੀਆਂ ਯਾਤਰਾਵਾਂ ਨੂੰ ਦਰਸਾਉਂਦਾ ਹੈ।
ਪੀਐੱਮਆਈਐੱਸ ਅਕਾਦਮਿਕ ਸਿਖਲਾਈ ਅਤੇ ਕਾਰਜ ਸਥਾਨ ਦੀ ਤਿਆਰੀ ਦਰਮਿਆਨ ਪਾੜੇ ਨੂੰ ਦੂਰ ਕਰਕੇ ਭਾਰਤ ਦੇ ਨੌਜਵਾਨਾਂ ਦੀ ਰੋਜ਼ਗਾਰਯੋਗਤਾ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਦਾ ਮੰਤਵ ਕਾਰੋਬਾਰਾਂ ਦੇ ਸੰਚਾਲਨ, ਨਵੀਨਤਾ ਅਤੇ ਵਿਕਾਸ ਦੇ ਸਿੱਧੇ ਸੰਪਰਕ ਦੀ ਪੇਸ਼ਕਸ਼ ਕਰਕੇ ਉੱਦਮੀ ਸੋਚ ਨੂੰ ਜਗਾਉਣਾ ਵੀ ਹੈ।
ਇਸ ਗੱਲਬਾਤ ਦੌਰਾਨ, ਇੰਟਰਨ ਆਪਣੇ ਪਰਿਵਰਤਨਸ਼ੀਲ ਅਨੁਭਵ - ਕੌਸ਼ਲ ਵਿਕਾਸ ਅਤੇ ਪੇਸ਼ੇਵਰ ਅਨੁਕੂਲਤਾ ਤੋਂ ਲੈ ਕੇ ਉਨ੍ਹਾਂ ਦੇ ਸਬੰਧਿਤ ਸੰਗਠਨਾਂ ਵਿੱਚ ਅਰਥਪੂਰਨ ਯੋਗਦਾਨ ਤੱਕ, ਸਾਂਝੇ ਕਰਨਗੇ। ਮੰਤਰਾਲਾ ਇਸ ਸ਼ਮੂਲੀਅਤ ਨੂੰ ਫੀਡਬੈਕ ਅਤੇ ਗਿਆਨ ਇਕੱਠਾ ਕਰਨ ਦੇ ਇੱਕ ਮਹੱਤਵਪੂਰਨ ਮੌਕੇ ਵਜੋਂ ਦੇਖਦਾ ਹੈ ਜੋ ਪੀਐੱਮਆਈਐੱਸ ਦੇ ਭਵਿੱਖ ਨੂੰ ਆਕਾਰ ਦੇਵੇਗਾ।
****
ਐੱਨਬੀ/ਏਡੀ
(Release ID: 2156309)