ਯੁਵਾ ਮਾਮਲੇ ਤੇ ਖੇਡ ਮੰਤਰਾਲਾ
‘ਮਾਈ ਭਾਰਤ’ ਨੇ ਯੁਵਾ ਲੀਡਰਸ਼ਿਪ ਵਿਕਾਸ ਲਈ ਸਕੂਲ ਆਫ਼ ਅਲਟੀਮੇਟ ਲੀਡਰਸ਼ਿਪ ਫਾਊਂਡੇਸ਼ਨ (ਐੱਸ.ਓ.ਯੂ.ਐੱਲ) ਨਾਲ ਸਮਝੌਤਾ ਪੱਤਰ 'ਤੇ ਹਸਤਾਖ਼ਰ ਕੀਤੇ
ਸਮੁੱਚੇ ਦੇਸ਼ ਵਿੱਚ 18-29 ਸਾਲ ਦੀ ਉਮਰ ਵਰਗ ਦੇ ਇੱਕ ਲੱਖ ਯੁਵਾ ਆਗੂ ਤਿਆਰ ਕੀਤੇ ਜਾਣਗੇ
Posted On:
13 AUG 2025 1:18PM by PIB Chandigarh
ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਯੁਵਾ ਮਾਮਲੇ ਵਿਭਾਗ, ‘ਮਾਈ ਭਾਰਤ’ ਨੇ ਸਕੂਲ ਆਫ਼ ਅਲਟੀਮੇਟ ਲੀਡਰਸ਼ਿਪ ਫਾਊਂਡੇਸ਼ਨ (ਐੱਸ.ਓ.ਯੂ.ਐੱਲ) ਨਾਲ ਗਿਆਨ ਸਾਂਝਾਕਰਨ, ਸਮਰੱਥਾ ਨਿਰਮਾਣ ਅਤੇ ਯੁਵਾ ਆਗੂ ਵਿਕਾਸ 'ਤੇ ਸਹਿਯੋਗ ਕਰਨ ਲਈ ਇੱਕ ਸਮਝੌਤਾ ਪੱਤਰ (ਐੱਮ.ਓ.ਯੂ) 'ਤੇ ਹਸਤਾਖਰ ਕੀਤੇ ਹਨ।
ਇਸ ਸਾਂਝੇਦਾਰੀ ਦਾ ਮੰਤਵ ਸ਼ਾਸਨ, ਜਨਤਕ ਨੀਤੀ, ਸਮਾਜਿਕ ਉੱਦਮਤਾ, ਡਿਜੀਟਲ ਸਾਖਰਤਾ, ਵਿੱਤੀ ਸਾਖਰਤਾ, ਅਤੇ ਹੋਰ ਖੇਤਰਾਂ ਵਿੱਚ ਸਾਂਝੇ ਪ੍ਰੋਗਰਾਮਾਂ ਰਾਹੀਂ ਸਮੁੱਚੇ ਭਾਰਤ ਤੋਂ 18-29 ਸਾਲ ਦੀ ਉਮਰ ਸਮੂਹ ਦੇ 100,000 ਨੌਜਵਾਨ ਆਗੂ ਤਿਆਰ ਕਰਨ ਦੇ ਕੌਮੀ ਦ੍ਰਿਸ਼ਟੀਕੋਣ ਦਾ ਸਮਰਥਨ ਕਰਨਾ ਹੈ। ਇਸ ਸਮਝੌਤੇ ਨੂੰ ਤਿੰਨ ਸਾਲਾਂ ਲਈ ਮਾਨਤਾ ਦਿੱਤੀ ਗਈ ਹੈ, ਅਤੇ ਆਪਸੀ ਸਹਿਮਤੀ ਨਾਲ ਇਸਨੂੰ ਅੱਗੇ ਵਧਾਇਆ ਜਾ ਸਕਦਾ ਹੈ।
ਇਹ ਸਮਝੌਤਾ ਲੀਡਰਸ਼ਿਪ ਪ੍ਰੋਗਰਾਮਾਂ ਦੇ ਡਿਜ਼ਾਈਨ ਅਤੇ ਡਿਲੀਵਰੀ, ਸੰਮੇਲਨਾਂ ਅਤੇ ਵਰਕਸ਼ਾਪਾਂ ਦਾ ਆਯੋਜਨ, ਸੰਯੁਕਤ ਖੋਜ, ਅਤੇ ਯੁਵਾ-ਸੇਵਾ ਕਰਨ ਵਾਲੇ ਸੰਗਠਨਾਂ ਦੀ ਸਮਰੱਥਾ ਨਿਰਮਾਣ ਦੀ ਵਿਵਸਥਾ ਕਰਦਾ ਹੈ। ਭਾਗੀਦਾਰ ਦੀ ਚੋਣ ਇੱਕ ਪੂਰੇ ਭਾਰਤ ਵਿੱਚ, ਸਮਾਵੇਸ਼ੀ ਪਹੁੰਚ ਦੀ ਪਾਲਣਾ ਕਰੇਗੀ ਜੋ ਪੇਂਡੂ, ਸ਼ਹਿਰੀ, ਇੱਛਾਵਾਨ, ਕਬਾਇਲੀ, ਔਰਤਾਂ ਅਤੇ ਹਾਸ਼ੀਏ 'ਤੇ ਧੱਕੇ ਭਾਈਚਾਰਿਆਂ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਏਗੀ।
ਹੇਠ ਲਿਖੀਆਂ ਗਤੀਵਿਧੀਆਂ ਨਿਰਧਾਰਤ ਸੰਪਰਕ ਬਿੰਦੂਆਂ ਅਤੇ ਇੱਕ ਸੰਭਾਵੀ ਸਾਂਝੇ ਕਾਰਜ ਸਮੂਹ ਰਾਹੀਂ ਲਾਗੂ ਕੀਤੀਆਂ ਜਾਣਗੀਆਂ।
· ਕਈ ਖੇਤਰਾਂ (ਸ਼ਾਸਨ, ਜਨਤਕ ਨੀਤੀ, ਸਮਾਜਿਕ ਉੱਦਮਤਾ, ਵਿਦੇਸ਼ ਨੀਤੀ, ਸੰਚਾਰ, ਡਿਜੀਟਲ ਸਾਖਰਤਾ, ਵਿੱਤੀ ਸਾਖਰਤਾ) ਵਿੱਚ ਯੁਵਾ ਆਗੂ ਪ੍ਰੋਗਰਾਮਾਂ ਦਾ ਡਿਜ਼ਾਈਨ, ਵਿਕਾਸ ਅਤੇ ਡਿਲੀਵਰੀ।
· ਲੀਡਰਸ਼ਿਪ ਵਿਕਾਸ ਲਈ ਯੁਵਾ ਸੰਮੇਲਨਾਂ, ਸੈਮੀਨਾਰਾਂ, ਵਰਕਸ਼ਾਪਾਂ ਅਤੇ ਫੈਲੋਸ਼ਿਪਾਂ ਦਾ ਆਯੋਜਨ ਕਰਨਾ।
· ਯੁਵਾ-ਸੇਵਾ ਕਰਨ ਵਾਲੇ ਅਦਾਰੇ, ਵਿਦਿਅਕ ਅਤੇ ਸਿਖਲਾਈ ਅਦਾਰਿਆਂ ਲਈ ਸਮਰੱਥਾ ਨਿਰਮਾਣ।
· ਯੁਵਾ ਲੀਡਰਸ਼ਿਪ ਵਿੱਚ ਸੰਯੁਕਤ ਖੋਜ ਅਤੇ ਨੀਤੀ ਵਕਾਲਤ।
· ਯੁਵਾ ਲੀਡਰਸ਼ਿਪ ਅਤੇ ਸਮਰੱਥਾ ਨਿਰਮਾਣ ਵਿੱਚ ਸਭ ਤੋਂ ਵਧੀਆ ਅਭਿਆਸਾਂ ਦਾ ਪ੍ਰਸਾਰ।
· ਮਾਈ ਭਾਰਤ ਅਤੇ ਐੱਸ.ਓ.ਯੂ.ਐੱਲ. ਦਰਮਿਆਨ ਟ੍ਰੇਨਰਾਂ, ਸਰੋਤ ਵਿਅਕਤੀਆਂ ਅਤੇ ਮੁਹਾਰਤ ਦਾ ਆਦਾਨ-ਪ੍ਰਦਾਨ।
· ਸਿਖਲਾਈ ਸਮੱਗਰੀ, ਪਾਠਕ੍ਰਮ ਅਤੇ ਮੁਲਾਂਕਣ ਸਾਧਨਾਂ ਦਾ ਵਿਕਾਸ ਅਤੇ ਸਾਂਝਾਕਰਨ।
· ਸਮੁੱਚੇ ਦੇਸ਼ ਵਿੱਚ ਯੁਵਾ ਆਗੂਆਂ ਨੂੰ ਜੋੜਨ ਲਈ ਨੈੱਟਵਰਕਿੰਗ ਸਮਾਗਮ।
· ਯੋਗਤਾ-ਅਧਾਰਤ, ਸਮਾਵੇਸ਼ੀ ਆਧਾਰ 'ਤੇ ਭਾਗੀਦਾਰਾਂ ਦੀ ਪਛਾਣ ਕਰਨ ਲਈ ਆਨਲਾਈਨ ਕੁਇਜ਼ ਅਤੇ ਚੋਣ ਪ੍ਰਕਿਰਿਆ।
ਇਸ ਸਮਝੌਤੇ ਦੇ ਤਹਿਤ ਦੇਸ਼ ਦੇ ਨੌਜਵਾਨਾਂ ਵਿੱਚ ਲੀਡਰਸ਼ਿਪ ਹੁਨਰਾਂ ਨੂੰ ਗ੍ਰਹਿਣ ਕਰਨ ਲਈ ਇੱਕ ਆਨਲਾਈਨ ਪ੍ਰੋਗਰਾਮ ਦੀ ਕਲਪਨਾ ਕੀਤੀ ਗਈ ਹੈ, ਜੋ ਸਤੰਬਰ ਮਹੀਨੇ ਵਿੱਚ ਸ਼ੁਰੂ ਕੀਤਾ ਜਾਵੇਗਾ।
**********
ਰਿਨੀ ਚੌਧਰੀ
(Release ID: 2156305)