ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਫਰੰਟਲਾਈਨ ਸਟੀਲਥ ਫ੍ਰੀਗੇਟਸ ਉਦੈਗਿਰੀ ਅਤੇ ਹਿਮਗਿਰੀ ਨੂੰ ਜਲ ਸੈਨਾ ਵਿੱਚ ਸ਼ਾਮਲ ਕਰਨ ਲਈ ਤਿਆਰ ਹੈ
Posted On:
11 AUG 2025 6:18PM by PIB Chandigarh
ਭਾਰਤੀ ਜਲ ਸੈਨਾ 26 ਅਗਸਤ 2025 ਨੂੰ ਇੱਕੋ ਸਮੇਂ ਦੋ ਅਤਿ-ਆਧੁਨਿਕ ਫਰੰਟਲਾਈਨ ਫ੍ਰੀਗੇਟ, ਉਦੈਗਿਰੀ (ਐੱਫ35) ਅਤੇ ਹਿਮਗਿਰੀ (ਐੱਫ34) ਨੂੰ ਸ਼ਾਮਲ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋ ਵੱਕਾਰੀ ਭਾਰਤੀ ਸ਼ਿਪਯਾਰਡਸ ਦੇ ਦੋ ਵੱਡੇ ਸਤਹੀ ਲੜਾਕੂ ਜਹਾਜ਼ਾਂ ਨੂੰ, ਵਿਸ਼ਾਖਾਪਟਨਮ ਵਿਖੇ ਇੱਕੋ ਸਮੇਂ ਜਲ ਸੈਨਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।
ਇਹ ਸਮਾਗਮ ਭਾਰਤ ਦੇ ਤੇਜ਼ੀ ਨਾਲ ਹੁਣੇ ਜਲ ਸੈਨਾ ਆਧੁਨਿਕੀਕਰਣ ਅਤੇ ਕਈ ਸ਼ਿਪਯਾਰਡਾਂ ਤੋਂ ਆਧੁਨਿਕ ਜੰਗੀ ਜਹਾਜ਼ਾਂ ਦੀ ਸਪਲਾਈ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ।
ਇਹ ਉਪਲਬਧੀ ਰੱਖਿਆ ਖੇਤਰ ਵਿੱਚ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਪਹਿਲਕਦਮੀਆਂ ਦੀ ਸਫਲਤਾ ਨੂੰ ਦਰਸਾਉਂਦੀ ਹੈ। ਪ੍ਰੋਜੈਕਟ 17A ਸਟੀਲਥ ਫ੍ਰੀਗੇਟਜ਼ ਦਾ ਦੂਜਾ ਜਹਾਜ਼, ਉਦੈਗਿਰੀ, ਮੁੰਬਈ ਵਿੱਚ ਮਾਜ਼ਾਗਾਂਓਂ ਡੌਕ ਸ਼ਿਪਬਿਲਡਰਸ ਲਿਮਿਟਿਡ (ਐੱਮਡੀਐੱਲ) ਦੁਆਰਾ ਬਣਾਇਆ ਗਿਆ ਹੈ, ਜਦਕਿ ਹਿਮਗਿਰੀ, ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼ (ਜੀਆਰਐੱਸਈ), ਕੋਲਕਾਤਾ ਦੁਆਰਾ ਬਣਾਏ ਜਾ ਰਹੇ P17A ਜਹਾਜ਼ਾਂ ਵਿੱਚੋਂ ਪਹਿਲਾ ਹੈ।
ਭਾਰਤੀ ਜਲ ਸੈਨਾ ਲਈ ਇੱਕ ਹੋਰ ਵੱਡੇ ਮੀਲ ਪੱਥਰ ਵਿੱਚ, ਉਦੈਗਿਰੀ ਜਲ ਸੈਨਾ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਦੁਆਰਾ ਡਿਜ਼ਾਈਨ ਕੀਤਾ ਗਿਆ 100ਵਾਂ ਜਹਾਜ਼ ਹੈ।
ਸਟੀਲਥੀ, ਬਹੁਪੱਖੀ ਅਤੇ ਸਵਦੇਸ਼ੀ
ਉਦੈਗਿਰੀ ਅਤੇ ਹਿਮਗਿਰੀ ਪਹਿਲਾਂ ਦੇ ਡਿਜ਼ਾਈਨਾਂ ਨਾਲੋਂ ਇੱਕ ਵੱਡੀ ਪੀੜ੍ਹੀ ਦਰ ਪੀੜ੍ਹੀ ਤਬਦੀਲੀ ਨੂੰ ਦਰਸਾਉਂਦੇ ਹਨ। P17A ਫ੍ਰੀਗੇਟਸ, ਲਗਭਗ 6,700 ਟਨ ਦੇ ਵਿਸਥਾਪਨ ਨਾਲ, ਆਪਣੇ ਪੂਰਵਗਾਮੀ ਸ਼ਿਵਾਲਿਕ-ਸ਼੍ਰੇਣੀ ਦੇ ਫ੍ਰੀਗੇਟਸ ਨਾਲੋਂ ਲਗਭਗ ਪੰਜ ਫੀਸਦੀ ਵੱਡੇ ਹਨ ਅਤੇ ਫਿਰ ਵੀ ਘੱਟ ਰਾਡਾਰ ਕਰੌਸ ਸੈਕਸ਼ਨ ਨਾਲ, ਇੱਕ ਵਧੇਰੇ ਸੁਚਾਰੂ ਆਕਾਰ ਦੇ ਹਨ।
ਇਹ ਸੰਯੁਕਤ ਡੀਜ਼ਲ ਜਾਂ ਗੈਸ (ਸੀਓਜੀਓਜੀ) ਪ੍ਰੋਪਲਸ਼ਨ ਪਲਾਂਟਾਂ ਦੁਆਰਾ ਸੰਚਾਲਿਤ ਹਨ ਜਿਸ ਵਿੱਚ ਡੀਜਲ ਇੰਜਣ ਅਤੇ ਗੈਸ ਟਰਬਾਇਨ ਲਗੇ ਹੁੰਦੇ ਹਨ ਜੋ ਕੰਟਰੋਲੇਬਲ-ਪਿਚ ਪ੍ਰੋਪੈਲਰ ਚਲਾਉਂਦੇ ਹਨ ਅਤੇ ਇੱਕ ਏਕੀਕ੍ਰਿਤ ਪਲੈਟਫਾਰਮ ਪ੍ਰਬੰਧਨ ਪ੍ਰਣਾਲੀ (ਆਈਪੀਐੱਮਐੱਸ) ਦੁਆਰਾ ਪ੍ਰਬੰਧਿਤ ਕੀਤੇ ਜਾਂਦੇ ਹਨ। ਹਥਿਆਰਾਂ ਦੇ ਇਸ ਸਮੂਹ ਵਿੱਚ ਸੁਪਰਸੋਨਿਕ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਦਰਮਿਆਨੀ ਦੂਰੀ ਦੀ ਸਤ੍ਹਾ ਤੋਂ ਹਵਾ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ, 76 ਮਿਮੀ ਐੱਮਆਰ ਬੰਦੂਕਾਂ ਅਤੇ 30 ਮਿਮੀ ਅਤੇ 12.7 ਮਿਮੀ ਕਲੋਜ਼-ਇਨ ਹਥਿਆਰ ਸੁਮੇਲ ਪ੍ਰਣਾਲੀਆਂ ਅਤੇ ਐਂਟੀ-ਸਬਮਰੀਨ/ਅੰਡਰਵਾਟਰ ਹਥਿਆਰ ਪ੍ਰਣਾਲੀਆਂ ਸ਼ਾਮਲ ਹਨ।
ਦੋਵੇਂ ਜਹਾਜ਼ 200 ਤੋਂ ਵੱਧ ਐੱਮਐੱਸਐੱਮਈ (ਮਾਈਕ੍ਰੋ, ਛੋਟੇ ਅਤੇ ਦਰਮਿਆਨੇ ਉੱਦਮਾਂ) ਦੇ ਇੱਕ ਉਦਯੋਗਿਕ ਈਕੋਸਿਸਟਮ ਦਾ ਨਤੀਜਾ ਹਨ, ਜੋ ਲਗਭਗ 4,000 ਪ੍ਰਤੱਖ ਅਤੇ 10,000 ਤੋਂ ਵੱਧ ਅਪ੍ਰਤੱਖ ਰੋਜ਼ਗਾਰ ਪ੍ਰਦਾਨ ਕਰਦੇ ਹਨ।
ਸਵੈ-ਨਿਰਭਰਤਾ ਦਾ ਗੌਰਵਮਈ ਪ੍ਰਮਾਣ
ਉਦੈਗਿਰੀ ਅਤੇ ਹਿਮਗਿਰੀ ਦਾ ਲਾਂਚ ਹੋਣਾ ਸਮੁੰਦਰੀ ਜਹਾਜ਼ਾਂ ਦੇ ਡਿਜ਼ਾਈਨ ਅਤੇ ਨਿਰਮਾਣ ਵਿੱਚ ਸਵੈ-ਨਿਰਭਰਤਾ ਪ੍ਰਤੀ ਜਲ ਸੈਨਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਇਸ ਤੋਂ ਬਾਅਦ ਹੋਰ ਸਵਦੇਸ਼ੀ ਪਲੈਟਫਾਰਮ ਜਿਵੇਂ ਕਿ ਵਿਨਾਸ਼ਕਾਰੀ ਆਈਐੱਨਐੱਸ ਸੂਰਤ, ਫ੍ਰੀਗੇਟ ਆਈਐੱਨਐੱਸ ਨੀਲਗਿਰੀ, ਪਣਡੁੱਬੀ ਆਈਐੱਨਐੱਸ ਵਾਘਸ਼ੀਰ, ਏਐੱਸਡਬਲਿਊ
ਸ਼ੈਲੋ ਵਾਟਰ ਕ੍ਰਾਫਟ ਆਈਐੱਨਐੱਸ ਅਰਨਾਲਾ ਅਤੇ ਡਾਈਵਿੰਗ ਸਪੋਰਟ ਵੈਸੱਲ ਆਈਐੱਨਐੱਸ ਨਿਸਤਾਰ, 2025 ਵਿੱਚ ਲਾਂਚ ਕੀਤੇ ਜਾਣ ਵਾਲੇ ਹਨ। ਸਖ਼ਤ ਸਮੁੰਦਰੀ ਅਜ਼ਮਾਇਸ਼ਾਂ ਨੇ ਫ੍ਰੀਗੇਟਸ ਦੇ ਹਲ (frigates' hull), ਮਸ਼ੀਨਰੀ, ਅੱਗ ਬੁਝਾਓ, ਨੁਕਸਾਨ ਨਿਯੰਤਰਣ, ਨੈਵੀਗੇਸ਼ਨ ਅਤੇ ਸੰਚਾਰ ਪ੍ਰਣਾਲੀਆਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਇਹ ਯਕੀਨੀ ਹੋਇਆ ਹੈ ਕਿ ਉਹ ਕਾਰਜਸ਼ੀਲ ਤੈਨਾਤੀ ਲਈ ਤਿਆਰ ਹਨ।
ਇਸ ਤਰ੍ਹਾਂ, ਵਿਸ਼ਾਖਾਪਟਨਮ ਵਿੱਚ ਹੋਣ ਵਾਲਾ ਸਮਾਰੋਹ ਸਿਰਫ਼ ਇੱਕ ਜਲ ਸੈਨਾ ਰਸਮ ਤੋਂ ਕਿਤੇ ਵੱਧ ਹੋਵੇਗਾ। ਇਹ ਇੱਕ ਮਜ਼ਬੂਤ ਅਤੇ ਸਵੈ-ਨਿਰਭਰ ਸਮੁੰਦਰੀ ਰੱਖਿਆ ਵਾਤਾਵਰਣ ਪ੍ਰਣਾਲੀ ਵੱਲ ਭਾਰਤ ਦੀ ਯਾਤਰਾ ਦਾ ਜਸ਼ਨ ਹੋਵੇਗਾ। ਜਦੋਂ ਪੂਰਾ ਦੇਸ਼ ਇਨ੍ਹਾਂ ਦੋਵਾਂ ਜਹਾਜ਼ਾਂ ਨੂੰ ਬੇੜੇ ਵਿੱਚ ਸ਼ਾਮਲ ਹੁੰਦੇ ਦੇਖੇਗਾ, ਤਾਂ ਸੁਨੇਹਾ ਸਪਸ਼ਟ ਹੋਵੇਗਾ: ਭਾਰਤ ਵਿੱਚ ਬਣੇ ਜਹਾਜ਼, ਭਾਰਤ ਦੁਆਰਾ ਡਿਜ਼ਾਈਨ ਕੀਤੇ ਗਏ ਅਤੇ ਭਾਰਤ ਦੁਆਰਾ ਸੰਚਾਲਿਤ, ਭਾਰਤ ਦੇ ਸਮੁੰਦਰਾਂ ਦੀ ਰੱਖਿਆ ਲਈ ਤਿਆਰ ਹਨ, ਜੋ ਮੇਕ ਇਨ ਇੰਡੀਆ ਪਹਿਲਕਦਮੀ ਦਾ ਇੱਕ ਸੱਚਾ ਪ੍ਰਤੀਕ ਅਤੇ ਦੇਸ਼ ਦੀ ਵਧਦੀ ਸਮੁੰਦਰੀ ਸ਼ਕਤੀ ਦਾ ਪ੍ਰਤੀਬਿੰਬ ਹਨ।
FilephotoofUdaygiriM724.jpeg)
FilephotoofUdaygiriZVAK.jpeg)
****
ਵੀਐੱਮ/ਐੱਸਕੇਵਾਈ
(Release ID: 2155438)