ਲੋਕ ਸਭਾ ਸਕੱਤਰੇਤ
ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਬੀਕੇਐੱਸ ਮਾਰਗ 'ਤੇ ਸੰਸਦ ਮੈਂਬਰਾਂ ਲਈ ਮਲਟੀ-ਸਟੋਰੀ ਫਲੈਟਸ ਦਾ ਉਦਘਾਟਨ ਕੀਤਾ
ਲੋਕ ਸਭਾ ਸਪੀਕਰ ਨੇ ਸੰਸਦੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ
ਸੰਸਦ ਮੈਂਬਰਾਂ ਲਈ ਆਧੁਨਿਕ ਰਿਹਾਇਸ਼ੀ ਕੰਪਲੈਕਸ ਦਾ ਨਿਰਮਾਣ ਸਮੇਂ ਤੋਂ ਪਹਿਲਾਂ ਪੂਰਾ ਹੋਇਆ; ₹46 ਕਰੋੜ ਦੀ ਬੱਚਤ ਹੋਈ
ਬੀਕੇਐੱਸ ਮਾਰਗ ਰਿਹਾਇਸ਼ਾਂ ਗ੍ਰੀਨ ਟੈਕਨੋਲੋਜੀ, ਦਿਵਯਾਂਗ-ਅਨੁਕੂਲ ਡਿਜ਼ਾਈਨ ਨਾਲ ਬਣਾਈਆਂ ਗਈਆਂ
ਭਾਰਤ ਦੀ ਏਕਤਾ ਅਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਨਦੀਆਂ ਦੇ ਨਾਮ 'ਤੇ ਰੱਖੇ ਗਏ ਨਵੇਂ ਰਿਹਾਇਸ਼ੀ ਟਾਵਰ ਦੇ ਨਾਮ
Posted On:
11 AUG 2025 4:43PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਾਬਾ ਖੜਕ ਸਿੰਘ (ਬੀਕੇਐੱਸ) ਮਾਰਗ, ਨਵੀਂ ਦਿੱਲੀ ਵਿਖੇ ਸੰਸਦ ਮੈਂਬਰਾਂ ਲਈ 184 ਨਵੇਂ ਬਣੇ ਟਾਈਪ-VII ਮਲਟੀ-ਸਟੋਰੀ ਫਲੈਟਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਰਿਹਾਇਸ਼ੀ ਕੰਪਲੈਕਸ ਵਿਖੇ ਸਿੰਦੂਰ ਦਾ ਪੌਦਾ ਵੀ ਲਗਾਇਆ ਅਤੇ ਪ੍ਰੋਜੈਕਟ ਦੇ ਨਿਰਮਾਣ ਵਿੱਚ ਲਗੇ ਸ਼੍ਰਮਜੀਵੀਆਂ ਨਾਲ ਗੱਲਬਾਤ ਕੀਤੀ।
ਇਸ ਸਮਾਗਮ ਵਿੱਚ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ; ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ; ਕੇਂਦਰੀ ਸੰਸਦੀ ਮਾਮਲੇ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜ਼ੂ; ਸਦਨ ਕਮੇਟੀ (ਲੋਕ ਸਭਾ) ਦੇ ਚੇਅਰਪਰਸਨ, ਡਾ. ਮਹੇਸ਼ ਸ਼ਰਮਾ; ਸੰਸਦ ਮੈਂਬਰ; ਅਤੇ ਹੋਰ ਪਤਵੰਤੇ ਸ਼ਾਮਲ ਹੋਏ।
ਇਸ ਮੌਕੇ 'ਤੇ, ਇਕੱਠ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਨਵੇਂ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕਰਨ ਅਤੇ ਸੰਸਦ ਮੈਂਬਰਾਂ ਅਤੇ ਜਨਤਾ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਪ੍ਰਤੀ ਉਨ੍ਹਾਂ ਦੀ ਨਿਰੰਤਰ ਵਚਨਬੱਧਤਾ ਲਈ ਮਾਣਯੋਗ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਵਾਸਾਂ ਦੇ ਮੁਕੰਮਲ ਹੋਣ ਨਾਲ ਹੁਣ ਸੰਸਦ ਭਵਨ ਦੇ ਨੇੜੇ ਲੋਕ ਸਭਾ ਮੈਂਬਰਾਂ ਲਈ ਢੁਕਵੀਂ ਰਿਹਾਇਸ਼ ਦੀ ਉਪਲਬਧਤਾ ਯਕੀਨੀ ਹੋ ਗਈ ਹੈ, ਜਿਸ ਨਾਲ ਉਹ ਵਧੇਰੇ ਕੁਸ਼ਲਤਾ ਨਾਲ ਕੰਮ ਕਰ ਸਕਦੇ ਹਨ ਅਤੇ ਅਲਾਟਮੈਂਟ ਵਿੱਚ ਦੇਰੀ ਕੀਤੇ ਬਿਨਾ ਆਪਣੇ ਸੰਸਦੀ ਫਰਜ਼ਾਂ 'ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹਨ।
ਸ਼੍ਰੀ ਬਿਰਲਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ, ਪਿਛਲੇ ਗਿਆਰ੍ਹਾਂ ਵਰ੍ਹਿਆਂ ਵਿੱਚ ਪਰਿਵਰਤਨਸ਼ੀਲ ਬਦਲਾਅ ਆਏ ਹਨ, ਜਿਨ੍ਹਾਂ ਵਿੱਚ ਨਵੀਂ ਸੰਸਦ ਇਮਾਰਤ ਦਾ ਸਮੇਂ ਸਿਰ ਨਿਰਮਾਣ, ਕਰਤਵਯ ਪਥ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਦੀ ਸਥਾਪਨਾ, ਅਤੇ ਰਾਸ਼ਟਰੀ ਯੁੱਧ ਸਮਾਰਕ, ਪੁਲਿਸ ਸਮਾਰਕ, ਭਾਰਤ ਮੰਡਪਮ, ਯਸ਼ੋਭੂਮੀ ਅਤੇ ਕਰਤਵਯ ਭਵਨ ਵਰਗੇ ਮਹੱਤਵਪੂਰਨ ਜਨਤਕ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੈ।
ਸਪੀਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਪਿਛਲੇ ਗਿਆਰ੍ਹਾਂ ਵਰ੍ਹਿਆਂ ਵਿੱਚ ਲੋਕ ਸਭਾ ਮੈਂਬਰਾਂ ਲਈ 344 ਨਵੇਂ ਮਕਾਨ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਉਦਘਾਟਨ ਕੀਤੇ ਗਏ ਕੰਪਲੈਕਸ ਵਿੱਚ ਚਾਰ ਟਾਵਰ ਕੋਸੀ, ਕ੍ਰਿਸ਼ਨਾ, ਗੋਦਾਵਰੀ ਅਤੇ ਹੁਗਲੀ - ਭਾਰਤ ਦੀ ਸੱਭਿਆਚਾਰਕ ਅਮੀਰੀ, ਵਿਭਿੰਨਤਾ ਅਤੇ ਏਕਤਾ ਦਾ ਪ੍ਰਤੀਕ ਹਨ। ਨਿਯਮਤ ਨਿਗਰਾਨੀ ਨਾਲ ਆਧੁਨਿਕ ਨਿਰਮਾਣ ਟੈਕਨੋਲੋਜੀ ਦੀ ਵਰਤੋਂ ਕਰਕੇ ਪੂਰਾ ਕੀਤਾ ਗਿਆ, ਇਹ ਪ੍ਰੋਜੈਕਟ ਲਗਭਗ ₹46 ਕਰੋੜ ਦੀ ਬੱਚਤ ਨਾਲ ਤੈਅ ਸਮੇਂ ਤੋਂ ਪਹਿਲਾਂ ਪੂਰਾ ਹੋ ਗਿਆ ਹੈ।
ਉਨ੍ਹਾਂ ਨੇ ਲੋਕ ਸਭਾ ਸਕੱਤਰੇਤ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ, ਸੀਪੀਡਬਲਿਊਡੀ, ਅਤੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੇ ਸਮਰਪਿਤ ਯਤਨਾਂ ਨੇ ਇਸ ਦਾ ਸਮੇਂ ਸਿਰ ਪੂਰਾ ਹੋਣਾ ਯਕੀਨੀ ਬਣਾਇਆ।
ਇੱਕ ਆਤਮਨਿਰਭਰ ਰਿਹਾਇਸ਼ੀ ਕੰਪਲੈਕਸ ਦੇ ਰੂਪ ਵਿੱਚ ਤਿਆਰ ਕੀਤਾ ਗਿਆ, ਇਹ ਪ੍ਰੋਜੈਕਟ ਗ੍ਰੀਨ ਟੈਕਨੋਲੋਜੀਆਂ ਨੂੰ ਅਪਣਾਉਂਦਾ ਹੈ ਅਤੇ ਗ੍ਰਿਹਾ (GRIHA) 3-ਸਿਤਾਰਾ ਰੇਟਿੰਗ ਮਿਆਰਾਂ ਅਤੇ ਰਾਸ਼ਟਰੀ ਬਿਲਡਿੰਗ ਕੋਡ (ਐੱਨਬੀਸੀ) 2016 ਦੀ ਪਾਲਣਾ ਕਰਦਾ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਵਿੱਚ ਊਰਜਾ-ਕੁਸ਼ਲ ਪ੍ਰਣਾਲੀਆਂ, ਪਾਵਰ ਬੈਕਅੱਪ, ਅਖੁੱਟ ਊਰਜਾ ਉਤਪਾਦਨ, ਪ੍ਰਭਾਵਸ਼ਾਲੀ ਰਹਿੰਦ-ਖੂੰਹਦ ਪ੍ਰਬੰਧਨ, ਭੂਚਾਲ-ਰੋਧੀ ਢਾਂਚੇ, ਦਿਵਯਾਂਗ-ਅਨੁਕੂਲ ਵਿਸ਼ੇਸ਼ਤਾਵਾਂ ਅਤੇ ਮਜ਼ਬੂਤ ਸੁਰੱਖਿਆ ਪ੍ਰਣਾਲੀਆਂ ਸ਼ਾਮਲ ਹਨ। ਹਰੇਕ ਯੂਨਿਟ ਰਿਹਾਇਸ਼ੀ ਅਤੇ ਅਧਿਕਾਰਤ ਮੰਤਵਾਂ ਲਈ ਢੁਕਵੀਂ ਜਗ੍ਹਾ ਪ੍ਰਦਾਨ ਕਰਨ ਦੇ ਨਾਲ ਹੀ ਦਫਤਰੀ ਖੇਤਰ, ਸਟਾਫ ਰਿਹਾਇਸ਼ ਅਤੇ ਇੱਕ ਕਮਿਊਨਿਟੀ ਸੈਂਟਰ ਵਰਗੀਆਂ ਵਾਧੂ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ।
***************
ਏਐੱਮ
(Release ID: 2155378)