ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਇੰਡੀਆ ਪੋਸਟ ਪੇਮੈਂਟਸ ਬੈਂਕ (IPPB -ਆਈਪੀਪੀਬੀ) ਨੇ ਨਿਰਵਿਘਨ ਅਤੇ ਸਮਾਵੇਸ਼ੀ ਡਿਜੀਟਲ ਬੈਂਕਿੰਗ ਲਈ ਆਧਾਰ ਦੇ ਮਾਧਿਅਮ ਨਾਲ ਪਛਾਣ ਪ੍ਰਮਾਣਨ ਦੀ ਸ਼ੁਰੂਆਤ ਕੀਤੀ


Posted On: 01 AUG 2025 4:11PM by PIB Chandigarh

ਇੰਡੀਆ ਪੋਸਟ ਪੇਮੈਂਟਸ ਬੈਂਕ (IPPB -ਆਈਪੀਪੀਬੀ) ਨੇ ਗ੍ਰਾਹਕ ਲੈਣ-ਦੇਣ ਲਈ ਆਧਾਰ ਦੇ ਮਾਧਿਅਮ ਨਾਲ ਪਛਾਣ ਪ੍ਰਮਾਣਨ ਸੁਵਿਧਾ ਦੀ ਵਿਸ਼ਵਵਿਆਪੀ ਸ਼ੁਰੂਆਤ ਦਾ ਐਲਾਨ ਕੀਤਾ ਹੈ- ਇਹ ਇੱਕ ਸਫ਼ਲ ਪਹਿਲ ਹੈ। ਇਸ ਦਾ ਉਦੇਸ਼ ਬੈਂਕਿੰਗ ਨੂੰ ਵਧੇਰੇ ਸੁਰੱਖਿਅਤ, ਸਮਾਵੇਸ਼ੀ ਅਤੇ ਪਹੁੰਚਯੋਗ ਬਣਾ ਕੇ ਹਰੇਕ ਨਾਗਰਿਕ ਖਾਸ ਕਰਕੇ ਸੀਨੀਅਰ ਸਿਟੀਜ਼ਨਾਂ ਅਤੇ ਦਿਵਯਾਂਗਜਨਾਂ ਨੂੰ ਸਸ਼ਕਤ ਬਣਾਉਣਾ ਹੈ। 

 

ਯੂਆਈਡੀਏਆਈ (UIDAI-ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ਼ ਇੰਡੀਆ) ਦੇ ਢਾਂਚੇ ਦੇ ਤਹਿਤ ਵਿਕਸਿਤ, ਫੇਸ ਔਥੈਂਟਿਕੇਸ਼ਨ ਸਹੂਲਤ ਗ੍ਰਾਹਕਾਂ ਨੂੰ ਬੈਂਕਿੰਗ ਲੈਣ-ਦੇਣ ਕਰਨ ਦੇ ਯੋਗ ਬਣਾਉਂਦੀ ਹੈ, ਜਿਸ ਨਾਲ ਫਿੰਗਰਪ੍ਰਿੰਟ ਜਾਂ ਓਟੀਪੀ ਵਰਗੇ ਬਾਇਓਮੈਟ੍ਰਿਕ ਇਨਪੁਟਸ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ। ਇਸ ਦੇ ਨਾਲ, ਆਈਪੀਪੀਬੀ ਬੈਂਕਿੰਗ ਨੂੰ ਵਧੇਰੇ ਪਹੁੰਚਯੋਗ, ਸਮਾਵੇਸ਼ੀ ਅਤੇ ਗ੍ਰਾਹਕ-ਕੇਂਦ੍ਰਿਤ ਬਣਾ ਕੇ "ਆਪਕਾ ਬੈਂਕ, ਆਪਕੇ ਦਵਾਰ" ਦੇ ਆਪਣੇ ਮਿਸ਼ਨ ਨੂੰ ਸਾਰਥਕ ਬਣਾਉਂਦਾ ਹੈ।

ਇਸ ਮੌਕੇ ‘ਤੇ ਆਈਪੀਪੀਬੀ ਦੇ ਐੱਮਡੀ ਅਤੇ ਸੀਈਓ, ਸ਼੍ਰੀ ਆਰ. ਵਿਸ਼ਵੇਸ਼ਵਰਨ ਨੇ ਕਿਹਾ, "ਆਈਪੀਪੀਬੀ ਵਿੱਚ ਸਾਡਾ ਮੰਨਣਾ ਹੈ ਕਿ ਬੈਂਕਿੰਗ ਨਾ ਸਿਰਫ਼ ਪਹੁੰਚਯੋਗ ਹੋਣੀ ਚਾਹੀਦੀ ਹੈ, ਸਗੋਂ ਸਨਮਾਨਜਨਕ ਵੀ ਹੋਣੀ ਚਾਹੀਦੀ ਹੈ। ਆਧਾਰ-ਅਧਾਰਿਤ ਚਿਹਰੇ ਦੀ ਪ੍ਰਮਾਣਿਕਤਾ ਦੇ ਨਾਲ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਬਾਇਓਮੈਟ੍ਰਿਕ ਫਿੰਗਰਪ੍ਰਿੰਟਸ ਜਾਂ ਓਟੀਪੀ ਤਸਦੀਕ ਦੀਆਂ ਸੀਮਾਵਾਂ ਕਾਰਨ ਕੋਈ ਵੀ ਗ੍ਰਾਹਕ ਸਹੂਲਤਾਂ ਤੋਂ ਵਾਂਝਾ ਨਾ ਰਹੇ। ਇਹ ਸਿਰਫ਼ ਇੱਕ ਤਕਨੀਕੀ ਵਿਸ਼ੇਸ਼ਤਾ ਨਹੀਂ ਹੈ; ਇਹ ਵੱਡੇ ਪੱਧਰ 'ਤੇ ਵਿੱਤੀ ਸਮਾਵੇਸ਼ ਨੂੰ ਮੁੜ ਪਰਿਭਾਸ਼ਿਤ ਕਰਨ ਵੱਲ ਇੱਕ ਕਦਮ ਹੈ।"

 

ਆਈਪੀਪੀਬੀ ਦੀ ਫੇਸ ਔਥੈਂਟਿਕੇਸ਼ਨ ਸੁਵਿਧਾ ਦੇ ਮੁੱਖ ਲਾਭ-

ਸੀਨੀਅਰ ਸਿਟੀਜ਼ਨਾਂ, ਦਿਵਯਾਂਗਜਨਾਂ ਅਤੇ ਉਂਗਲੀਆਂ ਦੇ ਨਿਸ਼ਾਨ ਮਿਟ ਜਾਣ ਵਾਲੇ ਵਿਅਕਤੀਆਂ ਲਈ ਸਮਾਵੇਸ਼ੀ ਬੈਂਕਿੰਗ।

• ਓਟੀਪੀ ਜਾਂ ਫਿੰਗਰਪ੍ਰਿੰਟ ਸੈਂਸਰ 'ਤੇ ਨਿਰਭਰਤਾ ਤੋਂ ਬਿਨਾ ਸੁਰੱਖਿਅਤ ਆਧਾਰ ਪ੍ਰਮਾਣੀਕਰਨ।

• ਗ੍ਰਾਹਕਾਂ ਦੀ ਸਹੂਲਤ ਲਈ ਤੇਜ਼ ਅਤੇ ਸੰਪਰਕ ਰਹਿਤ ਲੈਣ-ਦੇਣ।

• ਜੋਖਮ ਭਰੀਆਂ ਸਿਹਤ ਸਬੰਧੀ ਸਥਿਤੀਆਂ ਦੌਰਾਨ ਸੁਰੱਖਿਅਤ ਬੈਂਕਿੰਗ।

• ਖਾਤਾ ਖੋਲ੍ਹਣਾ, ਬਕਾਇਆ ਰਾਸ਼ੀ ਦੀ ਜਾਂਚ ਕਰਨ, ਫੰਡ ਟ੍ਰਾਂਸਫਰ ਅਤੇ ਉਪਯੋਗਤਾ ਭੁਗਤਾਨਾਂ ਸਮੇਤ ਸਾਰੀਆਂ ਬੈਂਕਿੰਗ ਸੇਵਾਵਾਂ ਲਈ ਢੁਕਵਾਂ।

 

ਆਈਪੀਪੀਬੀ ਫੇਸ ਔਥੈਂਟਿਕੇਸ਼ਨ ਸੁਵਿਧਾ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਅਤੇ ਵਿੱਤੀ ਸਮਾਵੇਸ਼ਨ ਮਿਸ਼ਨ ਦੇ ਅਨੁਸਾਰ ਹੈ। ਇਹ ਸੁਵਿਧਾ ਤਕਨੀਕ ਦੀ ਵਰਤੋਂ ਕਰਕੇ ਸਮਾਨਤਾ, ਪਹੁੰਚ ਅਤੇ ਸਸ਼ਕਤੀਕਰਣ ਦੀਆਂ ਕਦਰਾਂ-ਕੀਮਤਾਂ ਨੂੰ ਬਣਾਏ ਰੱਖਣ ਲਈ ਮਿਆਰ ਸਥਾਪਿਤ ਕਰਦੀ ਹੈ।

ਆਈਪੀਪੀਬੀ ਆਪਣੇ ਸਾਰੇ ਗ੍ਰਾਹਕਾਂ ਨੂੰ ਖਾਸ ਕਰਕੇ ਉਨ੍ਹਾਂ ਗ੍ਰਾਹਕਾਂ ਨੂੰ ਜਿਨ੍ਹਾਂ ਨੂੰ ਫਿੰਗਰਪ੍ਰਿੰਟ-ਅਧਾਰਿਤ ਪ੍ਰਮਾਣੀਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਇਸ ਨਵੀਂ ਸੁਵਿਧਾ ਦੀ ਸਰਲਤਾ ਦਾ ਅਨੁਭਵ ਕਰਨ ਲਈ ਉਤਸ਼ਾਹਿਤ ਕਰਦਾ ਹੈ। 

ਇੰਡੀਆ ਪੋਸਟ ਪੇਮੈਂਟਸ ਬੈਂਕ ਬਾਰੇ 

ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਦੀ ਸਥਾਪਨਾ ਡਾਕ ਵਿਭਾਗ, ਸੰਚਾਰ ਮੰਤਰਾਲੇ ਦੇ ਅਧੀਨ ਭਾਰਤ ਸਰਕਾਰ ਦੀ ਸੌ ਫੀਸਦੀ ਸੁਰੱਖਿਆ ਨਾਲ ਕੀਤੀ ਗਈ ਹੈ। ਆਈਪੀਪੀਬੀ ਦੀ ਸ਼ੁਰੂਆਤ 1 ਸਤੰਬਰ 2018 ਨੂੰ ਹੋਈ ਸੀ। ਇਸ ਬੈਂਕ ਦੀ ਸਥਾਪਨਾ ਦੇਸ਼ ਵਿੱਚ ਆਮ ਲੋਕਾਂ ਲਈ ਸਭ ਤੋਂ ਪਹੁੰਚਯੋਗ, ਕਿਫਾਇਤੀ ਅਤੇ ਭਰੋਸੇਮੰਦ ਬੈਂਕ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਇੰਡੀਆ ਪੋਸਟ ਪੇਮੈਂਟਸ ਬੈਂਕ ਦਾ ਮੁੱਖ ਉਦੇਸ਼ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਅਤੇ ਘੱਟ ਬੈਂਕਿੰਗ ਸੇਵਾਵਾਂ ਦਾ ਲਾਭ ਲੈਣ ਵਾਲੇ ਲੋਕਾਂ ਲਈ ਰੁਕਾਵਟਾਂ ਨੂੰ ਦੂਰ ਕਰਨਾ ਹੈ ਅਤੇ ਲਗਭਗ 1,65,000 ਡਾਕਘਰਾਂ (ਗ੍ਰਾਮੀਣ ਖੇਤਰਾਂ ਵਿੱਚ ਲਗਭਗ 1,40,000) ਅਤੇ ਲਗਭਗ 3,00,000 ਡਾਕ ਕਰਮਚਾਰੀਆਂ ਵਾਲੇ ਡਾਕ ਨੈੱਟਵਰਕ ਦਾ ਲਾਭ ਉਠਾ ਕੇ ਆਖਰੀ ਮੀਲ ਤੱਕ ਪਹੁੰਚਣਾ ਹੈ।

ਆਈਪੀਪੀਬੀ ਦੀ ਪਹੁੰਚ ਅਤੇ ਸੰਚਾਲਨ ਮਾਡਲ ਇੰਡੀਆ ਸਟੈਕ ਦੇ ਮੁੱਖ ਥੰਮ੍ਹਾਂ 'ਤੇ ਅਧਾਰਿਤ ਹੈ, ਜਿਸ ਵਿੱਚ ਸੀਬੀਐੱਸ-ਏਕੀਕ੍ਰਿਤ ਸਮਾਰਟਫੋਨ ਅਤੇ ਬਾਇਓਮੈਟ੍ਰਿਕ ਡਿਵਾਇਸਾਂ ਰਾਹੀਂ ਗ੍ਰਾਹਕਾਂ ਦੇ ਘਰ 'ਤੇ ਸਰਲ ਅਤੇ ਸੁਰੱਖਿਅਤ ਢੰਗ ਨਾਲ ਕਾਗਜ਼ ਰਹਿਤ, ਨਕਦੀ ਰਹਿਤ ਅਤੇ ਮੌਜੂਦਗੀ ਰਹਿਤ ਬੈਂਕਿੰਗ ਨੂੰ ਸਮਰੱਥ ਬਣਾਉਣਾ ਆਦਿ ਸੁਵਿਧਾਵਾਂ ਸ਼ਾਮਲ ਹਨ। ਆਈਪੀਪੀਬੀ ਕਿਫਾਇਤੀ ਇਨੋਵੇਸ਼ਨ ਦਾ ਲਾਭ ਲੈਂਦੇ ਹੋਏ ਅਤੇ ਆਮ ਜਨਤਾ ਲਈ ਬੈਂਕਿੰਗ ਨੂੰ ਅਸਾਨ ਬਣਾਉਣ 'ਤੇ ਵਿਸੇਸ਼ ਧਿਆਨ ਦਿੰਦੇ ਹੋਏ, ਦੇਸ਼ ਦੇ 5.57 ਲੱਖ ਪਿੰਡਾਂ ਅਤੇ ਕਸਬਿਆਂ ਵਿੱਚ 11 ਕਰੋੜ ਗ੍ਰਾਹਕਾਂ ਨੂੰ 13 ਭਾਸ਼ਾਵਾਂ ਵਿੱਚ ਉਪਲਬਧ ਇੱਕ ਅਨੁਭਵੀ ਇੰਟਰਫੇਸ ਰਾਹੀਂ ਸਰਲ ਅਤੇ ਕਿਫਾਇਤੀ ਬੈਂਕਿੰਗ ਸਮਾਧਾਨ ਪ੍ਰਦਾਨ ਕਰਦਾ ਹੈ। 

 

ਆਈਪੀਪੀਬੀ ਘੱਟ ਨਕਦੀ ਵਾਲੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਅਤੇ ਡਿਜੀਟਲ ਇੰਡੀਆ ਵਿਜ਼ਨ ਵਿੱਚ ਯੋਗਦਾਨ ਦੇਣ ਲਈ ਵਚਨਬੱਧ ਹੈ। ਦੇਸ਼ ਉਦੋਂ ਹੀ ਖੁਸ਼ਹਾਲ ਹੋਵੇਗਾ ਜਦੋਂ ਹਰ ਨਾਗਰਿਕ ਨੂੰ ਆਰਥਿਕ ਤੌਰ 'ਤੇ ਸੁਰੱਖਿਅਤ ਅਤੇ ਸਸ਼ਕਤ ਬਣਨ ਦੇ ਬਰਾਬਰ ਮੌਕੇ ਮਿਲਣਗੇ। ਸਾਡਾ ਆਦਰਸ਼ ਵਾਕ ਸੱਚ ਹੈ - ਹਰ ਗ੍ਰਾਹਕ ਮਹੱਤਵਪੂਰਨ ਹੈ, ਹਰੇਕ ਲੈਣ-ਦੇਣ ਮਹੱਤਵਪੂਰਨ ਹੈ ਅਤੇ ਹਰੇਕ ਜਮ੍ਹਾਂ ਰਾਸ਼ੀ ਕੀਮਤੀ ਹੈ।

ਸਾਡੇ ਨਾਲ ਸੰਪਰਕ ਕਰੋ:

www.ippbonline.com

marketing@ippbonline.in

Social Media Handles:

Twitter - https://twitter.com/IPPBOnline

Instagram - https://www.instagram.com/ippbonline

LinkedIn - https://www.linkedin.com/company/india-post-paymentsbank

Facebook - https://www.facebook.com/ippbonline

YouTube- https://www.youtube.com/@IndiaPostPaymentsBank

************

ਸਮਾਰਟ/ਐਲਨ


(Release ID: 2152118)