ਆਯੂਸ਼
ਐੱਫਐੱਸਐੱਸਏਆਈ (FSSAI) ਨੇ ਆਯੁਸ਼ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕਰਕੇ ਸ਼੍ਰੇਣੀ 'A' ਦੇ ਤਹਿਤ ਆਯੁਰਵੇਦ ਆਹਾਰ ਉਤਪਾਦਾਂ ਦੀ ਇੱਕ ਸਪਸ਼ਟ ਸੂਚੀ ਜਾਰੀ ਕੀਤੀ
ਸ਼੍ਰੇਣੀ 'A' ਆਯੁਰਵੇਦ ਆਹਾਰ ਉਤਪਾਦ ਅਨੁਸੂਚੀ 'A' ਵਿੱਚ ਸੂਚੀਬੱਧ ਪ੍ਰਾਚੀਨ ਆਯੁਰਵੇਦਿਕ ਗ੍ਰੰਥਾਂ ਅਨੁਸਾਰ ਤਿਆਰ ਕੀਤੇ ਜਾਂਦੇ ਹਨ
ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ, “ਆਯੁਰਵੇਦ ਆਹਾਰ ਅਪਣਾਉਣਾ ਨਿਵਾਰਕ ਸਿਹਤ ਸੰਭਾਲ ਅਤੇ ਸੰਤੁਲਿਤ, ਟਿਕਾਊ ਜੀਵਨ ਸ਼ੈਲੀ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ”
ਆਯੁਸ਼ ਮੰਤਰਾਲੇ ਦੇ ਸਕੱਤਰ ਨੇ ਕਿਹਾ, “ਇਹ ਪਹਿਲ ਨਾ ਸਿਰਫ਼ ਭੋਜਨ ਕਾਰੋਬਾਰ ਸੰਚਾਲਕਾਂ ਨੂੰ ਜ਼ਰੂਰੀ ਸਪਸ਼ਟਤਾ ਪ੍ਰਦਾਨ ਕਰਦੀ ਹੈ, ਸਗੋਂ ਆਯੁਰਵੇਦ-ਅਧਾਰਿਤ ਪੋਸ਼ਣ ਵਿੱਚ ਖਪਤਕਾਰਾਂ ਦੇ ਵਿਸ਼ਵਾਸ ਨੂੰ ਵੀ ਮਜ਼ਬੂਤ ਕਰਦੀ ਹੈ”
Posted On:
02 AUG 2025 4:31PM by PIB Chandigarh
ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (FSSAI) ਨੇ ਆਯੁਸ਼ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕਰਕੇ, "ਆਯੁਰਵੇਦ ਡਾਈਟਸ" ਸ਼੍ਰੇਣੀ ਦੇ ਤਹਿਤ ਆਯੁਰਵੇਦਿਕ ਆਹਾਰ ਦੀ ਇੱਕ ਸਪਸ਼ਟ ਸੂਚੀ ਜਾਰੀ ਕੀਤੀ ਹੈ। ਇਹ ਮਹੱਤਵਪੂਰਨ ਕਦਮ, 2022 ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ (ਆਯੁਰਵੇਦ ਡਾਈਟਸ) ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ, ਭਾਰਤ ਦੇ ਪ੍ਰਾਚੀਨ ਭੋਜਨ ਗਿਆਨ ਨੂੰ ਮੁੱਖਧਾਰਾ ਵਿੱਚ ਲਿਆਉਂਦਾ ਹੈ। ਇਹ ਨਿਯਮ, ਪ੍ਰਮਾਣਿਕ ਆਯੁਰਵੇਦਿਕ ਗ੍ਰੰਥਾਂ ਤੋਂ ਪ੍ਰਾਪਤ ਪਕਵਾਨਾਂ, ਸਮੱਗਰੀ ਅਤੇ ਪ੍ਰਕਿਰਿਆਵਾਂ 'ਤੇ ਅਧਾਰਿਤ ਖੁਰਾਕ ਪਦਾਰਥਾਂ ਨੂੰ ਮਾਨਤਾ ਦਿੰਦੇ ਹਨ ਅਤੇ ਇਹ ਨਵੀਂ ਸੂਚੀ ਖਪਤਕਾਰਾਂ ਅਤੇ ਕਾਰੋਬਾਰਾਂ ਦੋਵਾਂ ਨੂੰ ਬੇਮਿਸਾਲ ਸਪਸ਼ਟਤਾ ਅਤੇ ਭਰੋਸਾ ਪ੍ਰਦਾਨ ਕਰਦੀ ਹੈ।
ਨਿਯਮਾਂ ਦੀ ਸੂਚੀ B ਦੇ ਨੋਟ (1) ਦੇ ਤਹਿਤ ਜਾਰੀ ਕੀਤੀ ਗਈ ਇਹ ਸੂਚੀ, ਸੂਚੀ A ਵਿੱਚ ਸੂਚੀਬੱਧ ਪ੍ਰਾਚੀਨ ਆਯੁਰਵੇਦਿਕ ਗ੍ਰੰਥਾਂ ਤੋਂ ਸਿੱਧੇ ਤੌਰ ‘ਤੇ ਲਈ ਗਈ ਹੈ, ਜਿਸ ਨਾਲ ਇਨ੍ਹਾਂ ਖੁਰਾਕ ਪਦਾਰਥਾਂ ਦੀ ਪ੍ਰਮਾਣਿਕਤਾ ਅਤੇ ਰਵਾਇਤੀ ਅਧਾਰ ਯਕੀਨੀ ਹੁੰਦਾ ਹੈ। ਇਸ ਪਹਿਲ ਦਾ ਉਦੇਸ਼ ਆਯੁਰਵੇਦ ਆਹਾਰ ਉਤਪਾਦਾਂ ਦੇ ਨਿਰਮਾਣ ਲਈ ਇੱਕ ਸਪਸ਼ਟ ਅਤੇ ਭਰੋਸੇਮੰਦ ਸੰਦਰਭ ਪ੍ਰਦਾਨ ਕਰਕੇ ਖੁਰਾਕ ਕਾਰੋਬਾਰ ਸੰਚਾਲਕਾਂ (ਐੱਫਬੀਓ) ਦੀ ਸਹਾਇਤਾ ਕਰਨਾ ਹੈ।
ਭਵਿੱਖ ਵਿੱਚ ਉਤਪਾਦਾਂ ਨੂੰ ਜੋੜਨ ਦੀ ਸਹੂਲਤ ਲਈ, ਐੱਫਐੱਸਐੱਸਏਆਈ ਨੇ FBOs ਲਈ ਇੱਕ ਪ੍ਰਕਿਰਿਆ ਸਥਾਪਿਤ ਕੀਤੀ ਹੈ, ਤਾਂ ਜੋ ਉਹ ਹੁਣ ਤੱਕ ਸੂਚੀਬੱਧ ਨਾ ਕੀਤੇ ਗਏ ਵਾਧੂ ਸ਼੍ਰੇਣੀ A ਉਤਪਾਦਾਂ ਨੂੰ ਸ਼ਾਮਲ ਕਰਨ ਦੀ ਬੇਨਤੀ ਕਰ ਸਕਣ। ਅਜਿਹੀਆਂ ਬੇਨਤੀਆਂ ਲਈ ਅਨੁਸੂਚੀ 'A' ਵਿੱਚ ਦਿੱਤੇ ਗਏ ਪ੍ਰਮਾਣਿਕ ਗ੍ਰੰਥਾਂ ਤੋਂ ਸੰਦਰਭਾਂ ਦੀ ਬੇਨਤੀ ਦੀ ਜ਼ਰੂਰਤ ਹੋਵੇਗੀ। ਭਵਿੱਖ ਵਿੱਚ ਹੋਣ ਵਾਲੇ ਸਾਰੇ ਅਪਡੇਟਸ ਜਾਂ ਬਦਲਾਵਾਂ ਦੀ ਜਾਣਕਾਰੀ ਫੂਡ ਅਥਾਰਿਟੀ ਦੁਆਰਾ ਵਿਧੀਵਤ ਤੌਰ 'ਤੇ ਸੂਚਿਤ ਕੀਤੇ ਜਾਏਗੀ।
ਖਾਸ ਤੌਰ 'ਤੇ, ਆਯੁਰਵੇਦ ਆਹਾਰ ਭਾਰਤ ਦੀ ਸਦੀਵੀ ਭੋਜਨ ਸੱਭਿਆਚਾਰ ਦੀ ਸਮ੍ਰਿੱਧੀ ਦਾ ਪ੍ਰਤੀਕ ਹੈ, ਜਿਸ ਦੀਆਂ ਜੜ੍ਹਾਂ ਆਯੁਰਵੇਦ ਵਿੱਚ ਹਨ। ਆਯੁਰਵੇਦ ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਅਤੇ ਸੰਪੂਰਨ ਸਿਹਤ ਪ੍ਰਣਾਲੀਆਂ ਵਿੱਚੋਂ ਇੱਕ ਹੈ। ਇਹ ਭੋਜਨ ਉਤਪਾਦ ਕੁਦਰਤ ਦੇ ਨਾਲ ਤਾਲਮੇਲ ਬਿਠਾ ਕੇ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਸੰਪੂਰਨ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਪੋਸ਼ਣ, ਸੰਤੁਲਨ ਅਤੇ ਪਰੰਪਰਾ ਦਾ ਸੁਮੇਲ ਹੁੰਦਾ ਹੈ। ਨਵੰਬਰ 2023 ਵਿੱਚ ਵਰਲਡ ਫੂਡ ਇੰਡੀਆ ਦੇ ਉਦਘਾਟਨ ਸਮਾਰੋਹ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਸੀ, "ਭਾਰਤ ਦੀ ਟਿਕਾਊ ਭੋਜਨ ਸੱਭਿਆਚਾਰ ਹਜ਼ਾਰਾਂ ਵਰ੍ਹਿਆਂ ਦੀ ਯਾਤਰਾ ਦਾ ਨਤੀਜਾ ਹੈ। ਸਾਡੇ ਪੂਰਵਜਾਂ ਨੇ ਆਯੁਰਵੇਦ ਨੂੰ ਆਮ ਲੋਕਾਂ ਦੀ ਭੋਜਨ ਸ਼ੈਲੀ ਨਾਲ ਜੋੜਿਆ ਸੀ। ਜਿਸ ਤਰ੍ਹਾਂ ਭਾਰਤ ਦੀ ਪਹਿਲ 'ਤੇ ਅੰਤਰਰਾਸ਼ਟਰੀ ਭੋਜਨ ਸੱਭਿਆਚਾਰ ਦਾ ਵਿਕਾਸ ਹੋਇਆ, ਯੋਗਾ ਦਿਵਸ ਨੇ ਯੋਗ ਨੂੰ ਦੁਨੀਆ ਦੇ ਕੋਨੇ- ਕੋਨੇ ਵਿੱਚ ਪਹੁੰਚਾਇਆ, ਉਸੇ ਤਰ੍ਹਾਂ ਹੁਣ ਮੋਟਾ ਅਨਾਜ ਵੀ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚੇਗਾ।"
ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਆਯੁਰਵੇਦ ਆਹਾਰ ਨੂੰ ਸ਼ਾਮਲ ਕਰਨ ਤਾਂ ਜੋ ਇਸ ਦੇ ਦੀਰਘਕਾਲੀ ਸਿਹਤ ਲਾਭਾਂ ਦਾ ਅਨੁਭਵ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਰਵਾਇਤੀ ਗਿਆਨ 'ਤੇ ਅਧਾਰਿਤ ਇਹ ਸਮੇਂ-ਸਮੇਂ 'ਤੇ ਪਰਖੀਆਂ ਗਈਆਂ ਖੁਰਾਕ ਪ੍ਰਣਾਲੀਆਂ ਨਾ ਸਿਰਫ਼ ਸਰੀਰ ਨੂੰ ਪੋਸ਼ਣ ਦਿੰਦੀਆਂ ਹਨ, ਸਗੋਂ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਮਜ਼ਬੂਤ ਕਰਦੀਆਂ ਹਨ, ਪਾਚਣ ਵਿੱਚ ਸਹਾਇਤਾ ਕਰਦੀਆਂ ਹਨ ਅਤੇ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੀਆਂ ਹਨ। ਕੇਂਦਰੀ ਮੰਤਰੀ ਨੇ ਕਿਹਾ, "ਅੱਜ ਦੀ ਤੇਜ਼ ਰਫ਼ਤਾਰ ਜੀਵਨ ਸ਼ੈਲੀ ਵਿੱਚ, ਆਯੁਰਵੇਦ ਆਹਾਰ ਨੂੰ ਅਪਣਾਉਣਾ ਰੋਕਥਾਮ ਸਿਹਤ ਸੰਭਾਲ ਅਤੇ ਇੱਕ ਸੰਤੁਲਿਤ, ਟਿਕਾਊ ਜੀਵਨ ਸ਼ੈਲੀ ਵੱਲ ਇੱਕ ਅਰਥਪੂਰਨ ਕਦਮ ਹੈ।"
ਆਯੁਸ਼ ਮੰਤਰਾਲੇ ਦੇ ਸਕੱਤਰ ਸ਼੍ਰੀ ਵੈਦਯ ਰਾਜੇਸ਼ ਕੋਟੇਚਾ (Vaidya Rajesh Kotecha) ਨੇ ਕਿਹਾ ਕਿ ਆਯੁਰਵੇਦ ਆਹਾਰ ਉਤਪਾਦਾਂ ਦੀ ਇੱਕ ਸਪਸ਼ਟ ਸੂਚੀ ਜਾਰੀ ਕਰਨਾ ਭਾਰਤ ਦੇ ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਆਧੁਨਿਕ ਰੈਗੂਲੇਟਰੀ ਵਿਵਸਥਾ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਸਕੱਤਰ ਨੇ ਕਿਹਾ, "ਇਹ ਪਹਿਲ ਨਾ ਸਿਰਫ਼ ਭੋਜਨ ਕਾਰੋਬਾਰ ਸੰਚਾਲਕਾਂ ਨੂੰ ਉਚਿਤ ਸਪਸ਼ਟਤਾ ਪ੍ਰਦਾਨ ਕਰਦੀ ਹੈ, ਸਗੋਂ ਆਯੁਰਵੇਦ-ਅਧਾਰਿਤ ਪੋਸ਼ਣ ਵਿੱਚ ਉਪਭੋਗਤਾਵਾਂ ਦੇ ਵਿਸ਼ਵਾਸ ਨੂੰ ਵੀ ਮਜ਼ਬੂਤ ਕਰਦੀ ਹੈ।"
ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ, ਜਿਸ ਨੂੰ ਯੂਨੀਵਰਸਿਟੀ ਪੱਧਰ ਦਾ ਮੰਨਿਆ ਜਾਂਦਾ ਹੈ (ਨਵੇਂ ਸਿਰ੍ਹੇ ਤੋਂ, ਡੀ ਨੋਵੋ- De novo) ਅਤੇ ਜੋ ਇਸ ਕੰਮ ਲਈ ਨੋਡਲ ਸੰਸਥਾਨ ਹੈ, ਦੇ ਵਾਈਸ ਚਾਂਸਲਰ, ਪ੍ਰੋ. ਸੰਜੀਵ ਸ਼ਰਮਾ ਨੇ ਕਿਹਾ ਕਿ ਆਯੁਸ਼ ਆਹਾਰ ਸੰਗ੍ਰਹਿ ਦਾ ਵਿਕਾਸ ਪ੍ਰਾਚੀਨ ਆਯੁਰਵੇਦਿਕ ਆਹਾਰ ਲੋਕਾਂ ਨੂੰ ਇੱਕ ਰਵਾਇਤੀ ਫਾਰਮੂਲੇ ਦੇ ਤਹਿਤ ਮੁੱਖ ਧਾਰਾ ਵਿੱਚ ਲਿਆਉਣ ਦੀ ਦਿਸ਼ਾ ਵਿੱਚ, ਐੱਨਆਈਏ ਨੇ ਪ੍ਰਮਾਣਿਕ ਆਯੁਰਵੇਦਿਕ ਗ੍ਰੰਥਾਂ ਦੇ ਰਵਾਇਤੀ ਫਾਰਮੂਲਿਆਂ ਨੂੰ ਸਾਵਧਾਨੀ ਨਾਲ ਸਮਝ ਕੇ ਤਿਆਰ ਕੀਤਾ ਗਿਆ ਹੈ। ਜਿਸ ਨਾਲ ਵਿਗਿਆਨਕ ਅਤੇ ਪਾਠ ਪ੍ਰਮਾਣਿਕਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯਤਨ ਭੋਜਨ ਨਿਰਮਾਤਾਵਾਂ ਲਈ ਇੱਕ ਮਾਰਗਦਰਸ਼ਕ ਦਸਤਾਵੇਜ਼ ਵਜੋਂ ਕੰਮ ਕਰੇਗਾ ਅਤੇ ਆਮ ਲੋਕਾਂ ਨੂੰ ਆਯੁਰਵੇਦ ਦੇ ਸਿਧਾਂਤਾਂ 'ਤੇ ਅਧਾਰਿਤ ਸੁਰੱਖਿਅਤ, ਪ੍ਰਮਾਣਿਕ ਅਤੇ ਸਮਾਂ-ਪਰਖੀ ਖੁਰਾਕ ਦੇ ਸਮਾਧਾਨਾਂ ਤੱਕ ਪਹੁੰਚ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।
ਆਯੁਰਵੇਦਿਕ ਆਹਾਰ ਦਾ ਅਰਥ ਹੈ ਆਯੁਰਵੇਦ ਦੇ ਸੰਪੂਰਨ ਖੁਰਾਕ ਸਿਧਾਂਤਾਂ ਦੇ ਅਨੁਸਾਰ ਵਿਕਸਿਤ ਕੀਤੇ ਗਏ ਭੋਜਨ ਉਤਪਾਦ, ਜੋ ਕਿ ਸਿਹਤ ਅਤੇ ਤੰਦਰੁਸਤੀ ਨਾਲ ਸਬੰਧਿਤ ਦੁਨੀਆ ਦੇ ਸਭ ਤੋਂ ਪੁਰਾਣੇ ਗਿਆਨ ਪ੍ਰਣਾਲੀਆਂ ਵਿੱਚੋਂ ਇੱਕ ਹੈ। ਇਹ ਪਕਵਾਨ ਸੰਤੁਲਨ, ਮੌਸਮੀ ਅਨੁਕੂਲਤਾ ਅਤੇ ਕੁਦਰਤੀ ਤੱਤਾਂ ਅਤੇ ਜੜ੍ਹੀਆਂ ਬੂਟੀਆਂ ਦੀ ਵਰਤੋਂ 'ਤੇ ਜ਼ੋਰ ਦਿੰਦੇ ਹਨ। ਕੁਦਰਤੀ ਸਮੱਗਰੀ ਅਤੇ ਜੜ੍ਹੀਆਂ ਬੂਟੀਆਂ ਆਪਣੇ ਇਲਾਜ ਸਬੰਧੀ ਲਾਭਾਂ ਲਈ ਜਾਣੇ ਜਾਂਦੇ ਹਨ। ਲੋਕਾਂ ਦੀ ਰੋਕਥਾਮ ਸਿਹਤ ਅਤੇ ਟਿਕਾਊ ਜੀਵਨ ਸ਼ੈਲੀ ਵਿੱਚ ਲੋਕਾਂ ਦੀ ਵਧ ਰਹੀ ਦਿਲਚਸਪੀ ਦੇ ਨਾਲ, ਆਯੁਰਵੇਦਿਕ ਖੁਰਾਕ ਤੇਜ਼ੀ ਨਾਲ ਇੱਕ ਭਰੋਸੇਯੋਗ ਪੋਸ਼ਣ ਸਬੰਧੀ ਵਿਕਲਪ ਵਜੋਂ ਮਾਨਤਾ ਪ੍ਰਾਪਤ ਕਰ ਰਹੀ ਹੈ ਜੋ ਪਰੰਪਰਾ ਅਤੇ ਆਧੁਨਿਕ ਖੁਰਾਕ ਆਦਤਾਂ ਵਿੱਚ ਤਾਲਮੇਲ ਸਥਾਪਿਤ ਕਰਦੀ ਹੈ।
ਇਹ ਪਹਿਲ ਉਦਯੋਗ ਜਗਤ ਦੇ ਹਿੱਸੇਦਾਰਾਂ ਲਈ ਰੈਗੂਲੇਟਰੀ ਸਪਸ਼ਟਤਾ ਨੂੰ ਵਧਾਉਣ ਅਤੇ ਬਿਹਤਰ ਜਨਤਕ ਸਿਹਤ ਨਤੀਜਿਆਂ ਲਈ ਆਯੁਰਵੇਦ-ਅਧਾਰਿਤ ਪੋਸ਼ਣ ਨੂੰ ਵਿਆਪਕ ਰੂਪ ਵਿੱਚ ਅਪਣਾਉਣ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਐੱਫਐੱਸਐੱਸਏਆਈ ਦੁਆਰਾ ਪ੍ਰਕਾਸ਼ਿਤ ਆਯੁਰਵੇਦ ਖੁਰਾਕਾਂ ਦੀ ਸੂਚੀ ਇਸ ਲਿੰਕ ਰਾਹੀਂ ਪ੍ਰਾਪਤ ਦੇਖੀ ਜਾ ਸਕਦੀ ਹੈ:
https://www.fssai.gov.in/upload/advisories/2025/07/68835f872eaf4Order%20dated%2025-07-2025%20enclosing%20Ayurveda%20Aahara.pdf
************
ਐੱਮਵੀ/ਜੀਐੱਸ
(Release ID: 2151751)