ਪ੍ਰਿਥਵੀ ਵਿਗਿਆਨ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਦਿੱਲੀ ਵਿੱਚ ਧਰਤੀ ਵਿਗਿਆਨ ਮੰਤਰਾਲੇ ਦੇ ਸਥਾਪਨਾ ਦਿਵਸ 'ਤੇ ਭਾਰਤ ਦੀਆਂ ਪ੍ਰਮੁੱਖ ਜਲਵਾਯੂ ਤਿਆਰੀ ਸਬੰਧੀ ਪਹਿਲਕਦਮੀਆਂ ਦਾ ਐਲਾਨ ਕੀਤਾ
19ਵੇਂ ਸਥਾਪਨਾ ਦਿਵਸ 'ਤੇ, ਡਾ. ਸਿੰਘ ਨੇ 14 ਵਿਗਿਆਨਕ ਉਤਪਾਦਾਂ ਦਾ ਐਲਾਨ ਕੀਤਾ ਅਤੇ ਨਾਲ ਹੀ ਪਰਿਵਰਤਨ ਦੇ ਦਹਾਕੇ ਦੀ ਸ਼ਲਾਘਾ ਕੀਤੀ, ਡੀਪ ਓਸ਼ਨ ਮਿਸ਼ਨ ਨੂੰ ਭਵਿੱਖ ਦੀ ਆਰਥਿਕਤਾ ਦੀ ਕੁੰਜੀ ਦੱਸਿਆ
Posted On:
28 JUL 2025 4:18PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜਲਵਾਯੂ-ਅਨੁਕੂਲ ਅਤੇ ਵਿਗਿਆਨਕ ਤੌਰ 'ਤੇ ਸਸ਼ਕਤ ਭਾਰਤ ਬਣਾਉਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਅੱਜ ਧਰਤੀ ਵਿਗਿਆਨ ਮੰਤਰਾਲੇ (ਐੱਮਓਈਐੱਸ) ਦੁਆਰਾ ਵਿਕਸਿਤ ਕੀਤੇ ਗਏ ਨਵੇਂ ਵਿਗਿਆਨਕ ਔਜ਼ਾਰਾਂ ਅਤੇ ਡਿਜੀਟਲ ਸੇਵਾਵਾਂ ਦੀ ਸ਼ੁਰੂਆਤ ਕੀਤੀ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਧਰਤੀ ਵਿਗਿਆਨ ਮੰਤਰਾਲੇ ਦੇ 19ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ, ਉਨ੍ਹਾਂ ਨੇ ਵਿਗਿਆਨ-ਅਧਾਰਿਤ ਸੇਵਾਵਾਂ ਬਾਰੇ ਡੂੰਘੀ ਜਨਤਕ ਭਾਗੀਦਾਰੀ ਅਤੇ ਵਧੇਰੇ ਜਾਗਰੂਕਤਾ ਦਾ ਸੱਦਾ ਦਿੱਤਾ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਮੰਤਰਾਲੇ ਦੇ ਕੰਮਕਾਰ, ਇਸ ਦੀ ਪਹੁੰਚ ਅਤੇ ਲੋਕਾਂ ਦੇ ਜੀਵਨ 'ਤੇ ਇਸ ਦੇ ਅਸਲ ਪ੍ਰਭਾਵ ਵਿੱਚ ਇੱਕ ਸ਼ਾਨਦਾਰ ਤਬਦੀਲੀ ਦੇਖੀ ਗਈ ਹੈ।
ਡਾ. ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਨਵੀਨਤਾ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਇਸ ਤੋਂ ਇਲਾਵਾ ਵਾਤਾਵਰਣ ਸਥਿਰਤਾ ਲਈ ਵੀ ਮਹੱਤਵਪੂਰਨ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਹੁਣ ਇੱਕ ਅਜਿਹੇ ਪੜਾਅ 'ਤੇ ਪਹੁੰਚ ਗਏ ਹਾਂ ਜਿੱਥੇ ਇੱਕ ਆਮ ਉਪਭੋਗਤਾ ਵੀ ਆਪਣੇ ਮੋਬਾਈਲ ਫੋਨ 'ਤੇ ਲਾਈਵ ਮੌਸਮ ਸਬੰਧੀ ਚੇਤਾਵਨੀਆਂ, ਚੱਕਰਵਾਤ ਚੇਤਾਵਨੀਆਂ, ਹਵਾ ਦੀ ਗੁਣਵੱਤਾ ਬਾਰੇ ਅਪਡੇਟਸ ਅਤੇ ਸਮੁੰਦਰੀ ਭਵਿੱਖਬਾਣੀਆਂ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਹ ਮਿਸ਼ਨ ਮੋਡ ਵਿੱਚ ਕੰਮ ਕਰਨ ਵਾਲੀ ਸਰਕਾਰ ਅਤੇ ਇੱਕ ਮੰਤਰਾਲੇ ਦਾ ਨਤੀਜਾ ਹੈ ਜਿਸ ਨੇ ਆਪਣੇ ਆਪ ਨੂੰ ਇੱਕ ਨਾਗਰਿਕ ਸੇਵਾ-ਕੇਂਦ੍ਰਿਤ ਸੰਸਥਾ ਵਿੱਚ ਬਦਲ ਦਿੱਤਾ ਹੈ।
ਇਸ ਮੌਕੇ 'ਤੇ, ਡਾ. ਜਿਤੇਂਦਰ ਸਿੰਘ ਨੇ ਧਰਤੀ ਵਿਗਿਆਨ ਮੰਤਰਾਲੇ ਦੇ ਵੱਖ-ਵੱਖ ਸੰਸਥਾਨਾਂ ਦੁਆਰਾ ਵਿਕਸਿਤ ਕੀਤੇ 14 ਪ੍ਰਮੁੱਖ ਉਤਪਾਦਾਂ ਅਤੇ ਪਹਿਲਕਦਮੀਆਂ ਨੂੰ ਰਸਮੀ ਤੌਰ 'ਤੇ ਲਾਂਚ ਕੀਤਾ। ਇਨ੍ਹਾਂ ਵਿੱਚ ਬਾਰਿਸ਼ ਦੀ ਨਿਗਰਾਨੀ ਅਤੇ ਫਸਲਾਂ-ਮੌਸਮ ਸਬੰਧੀ ਕੈਲੰਡਰ, ਭਾਰਤ ਭਵਿੱਖਬਾਣੀ ਪ੍ਰਣਾਲੀ, ਵਿਸਤ੍ਰਿਤ ਮੌਸਮ ਭਵਿੱਖਬਾਣੀ ਸੀਮਾ (ਭਾਰਤ ਐੱਫਐੱਸ-ਈਆਰਪੀ), ਵਰਗੀ ਉੱਚ ਪੱਧਰੀ ਬਾਰਿਸ਼ ਦਾ ਡੈਟਾਬੇਸ, ਅਪਡੇਟਿਡ ਵੇਵ ਐਟਲਸ, ਹਵਾ ਗੁਣਵੱਤਾ ਭਵਿੱਖਬਾਣੀ ਪ੍ਰਣਾਲੀਆਂ, ਸਮੁੰਦਰੀ ਜੈਵ ਵਿਵਿਧਤਾ ਰਿਪੋਰਟਾਂ ਅਤੇ ਚਾਰ ਭਾਰਤੀ ਸ਼ਹਿਰਾਂ ਦੇ ਭੂਚਾਲ ਸਬੰਧੀ ਖੇਤਰੀਕਰਣ ਅਧਿਐਨ ਸ਼ਾਮਲ ਹਨ। ਭਾਰਤੀ ਮੌਸਮ ਵਿਭਾਗ ਦੁਆਰਾ ਤਿਆਰ ਕੀਤੀ ਗਈ ਇੱਕ ਨਵੀਂ ਡੌਕਿਊਮੈਂਟਰੀ ਫਿਲਮ "ਲਾਈਫ ਸੇਵਿੰਗ ਇਮਪੈਕਟ" ਵੀ ਰੀਲੀਜ਼ ਕੀਤੀ ਗਈ।

ਪਿਛਲੇ 10 ਵਰ੍ਹਿਆਂ ਵਿੱਚ ਹੋਏ ਬਦਲਾਅ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਡੌਪਲਰ ਮੌਸਮ ਰਡਾਰ ਦੀ ਸੰਖਿਆ ਅੱਜ 15 ਤੋਂ ਵਧ ਕੇ 41 ਹੋ ਗਈ ਹੈ। ਇਸੇ ਤਰ੍ਹਾਂ ਭੂਚਾਲ ਅਤੇ ਮੌਸਮ ਵਿਗਿਆਨ ਸਟੇਸ਼ਨ, ਉੱਚ-ਹਵਾ ਨਿਗਰਾਨੀ ਪ੍ਰਣਾਲੀਆਂ, ਬਿਜਲੀ ਦਾ ਪਤਾ ਲਗਾਉਣ ਵਾਲੇ ਨੈੱਟਵਰਕ ਅਤੇ ਮੀਂਹ ਦੇ ਗੇਜ਼ਾਂ ਨੂੰ ਦੁੱਗਣੇ ਤੋਂ ਵੱਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਭੂਚਾਲ ਦੇ ਦੋ ਤੋਂ ਤਿੰਨ ਮਿੰਟਾਂ ਦੇ ਅੰਦਰ ਹੀ ਅਲਰਟ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਲੱਖਾਂ ਲੋਕ ਤੁਰੰਤ ਔਨਲਾਈਨ ਦੇਖ ਸਕਦੇ ਹਨ। ਭੂਚਾਲ ਦੀ ਜਾਣਕਾਰੀ ਲੈਣ ਵਾਲੇ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਹਾਲ ਹੀ ਵਿੱਚ ਦਿੱਲੀ ਵਿੱਚ ਆਏ ਭੂਚਾਲ ਦੌਰਾਨ, ਭਾਰੀ ਵਰਤੋਂ ਕਾਰਨ ਸਰਵਰ ਕ੍ਰੇਸ਼ ਹੋ ਗਏ ਸਨ।
ਉਨ੍ਹਾਂ ਨੇ ਭਾਰਤੀ ਮੌਸਮ ਵਿਭਾਗ ਵੱਲੋਂ ਚੱਕਰਵਾਤਾਂ ਦੀ ਭਵਿੱਖਬਾਣੀ ਵਿੱਚ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੌਸਮ ਦੀ ਉੱਚ ਚੇਤਾਵਨੀ ਦਾ ਸਮਾਂ ਹੁਣ 10 ਦਿਨਾਂ ਦਾ ਹੈ। ਡਾ. ਸਿੰਘ ਨੇ ਯਾਦ ਕੀਤਾ ਕਿ ਕਿਵੇਂ 1999 ਵਿੱਚ ਓਡੀਸ਼ਾ ਵਿੱਚ ਆਏ ਸੁਪਰ ਸਾਇਕਲੋਨ ਤੋਂ ਬਾਅਦ, ਜਿਸ ਵਿੱਚ 10,000 ਲੋਕ ਮਾਰੇ ਗਏ ਸਨ, ਇਸ ਖੇਤਰ ਵਿੱਚ ਕਈ ਸੁਧਾਰ ਕੀਤੇ ਗਏ ਸਨ ਅਤੇ ਸਮੇਂ ਸਿਰ ਚੇਤਾਵਨੀ ਸਬੰਧੀ ਪ੍ਰਣਾਲੀ ਵਿਕਸਿਤ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਹਾਲ ਹੀ ਵਿੱਚ ਆਏ ਚੱਕਰਵਾਤਾਂ ਵਿੱਚ ਘੱਟੋ-ਘੱਟ ਜਾਨ-ਮਾਲ ਦਾ ਨੁਕਸਾਨ ਹੋਇਆ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੰਤਰਾਲਾ ਆਪਣੇ ਕਾਰਜਾਂ ਰਾਹੀਂ ਖੇਤੀਬਾੜੀ ਅਤੇ ਮੱਛੀ ਪਾਲਣ ਵਰਗੇ ਮੁੱਖ ਖੇਤਰਾਂ ਨੂੰ ਭਾਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਦੇ ਮੇਘਦੂਤ ਐਪ 'ਤੇ ਸੱਤ ਲੱਖ ਤੋਂ ਵੱਧ ਕਿਸਾਨ ਰਜਿਸਟਰਡ ਹਨ ਅਤੇ ਬਿਜਾਈ, ਸਿੰਚਾਈ ਅਤੇ ਵਾਢੀ ਦੀ ਯੋਜਨਾ ਬਣਾਉਣ ਲਈ ਇਸ ਦੀਆਂ ਸਲਾਹਾਂ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਤਟਵਰਤੀ ਖੇਤਰਾਂ ਦੇ ਮਛੇਰੇ ਸੁਰੱਖਿਅਤ ਅਤੇ ਬਾਲਣ-ਕੁਸ਼ਲ ਫਿਸ਼ਿੰਗ ਜ਼ੋਨਾਂ ਨੂੰ ਨਿਰਧਾਰਿਤ ਕਰਨ ਲਈ ਰੋਜ਼ਾਨਾ ਐੱਸਐੱਮਐੱਸ ਅਪਡੇਟਸ ਦੀ ਵਰਤੋਂ ਕਰਦੇ ਹਨ।
ਡਾ. ਸਿੰਘ ਨੇ ਅਜਿਹੇ ਜਨ ਸੰਚਾਰ ਅਤੇ ਪਹੁੰਚ ਨੂੰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹੋਰ ਮੰਤਰਾਲਿਆਂ ਅਤੇ ਸਰਕਾਰੀ ਮੀਡੀਆ ਨਾਲ ਬਿਹਤਰ ਤਾਲਮੇਲ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਅਜੇ ਵੀ ਬਹੁਤ ਸਾਰੇ ਲੋਕ ਧਰਤੀ ਵਿਗਿਆਨ ਮੰਤਰਾਲੇ ਦੇ ਸੰਸਥਾਨਾਂ ਦੁਆਰਾ ਵਿਕਸਿਤ ਕੀਤੇ ਗਏ ਯੰਤਰਾਂ ਤੋਂ ਜਾਣੂ ਨਹੀਂ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਸੰਚਾਰ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਦੀ ਜ਼ਰੂਰਤ ਹੈ।

ਡਾ. ਜਿਤੇਂਦਰ ਸਿੰਘ ਨੇ ਭਾਰਤ ਦੇ ਸਮੁੰਦਰ-ਅਧਾਰਿਤ ਸਥਿਰਤਾ ਯਤਨਾਂ 'ਤੇ ਚਾਨਣਾ ਪਾਇਆ, ਖਾਸ ਕਰਕੇ ਲਕਸ਼ਦੀਪ ਟਾਪੂਆਂ ਵਿੱਚ, ਜਿੱਥੇ ਛੇ ਓਸ਼ੀਅਨ ਥਰਮਲ ਐਨਰਜੀ ਕਨਵਰਜ਼ਨ (ਓਟੀਈਸੀ) ਡੀਸੈਲੀਨੇਸ਼ਨ ਪਲਾਂਟ ਹੁਣ ਹਰ ਰੋਜ਼ 1.5 ਲੱਖ ਲੀਟਰ ਪੀਣ ਯੋਗ ਪਾਣੀ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ, ਸਮੁੰਦਰ ਨਾਲ ਘਿਰੇ ਹੋਣ ਦੇ ਬਾਵਜੂਦ, ਇਨ੍ਹਾਂ ਟਾਪੂ ਵਾਸੀਆਂ ਕੋਲ ਤਾਜ਼ੇ ਪਾਣੀ ਦੀ ਪਹੁੰਚ ਨਹੀਂ ਸੀ। ਹੁਣ ਉਨ੍ਹਾਂ ਕੋਲ ਨਾ ਸਿਰਫ਼ ਢੁਕਵੇਂ ਸਗੋਂ ਉਚਿਤ ਮਾਤਰਾ ਵਿੱਚ ਪਾਣੀ ਪਹੁੰਚ ਰਿਹਾ ਹੈ।
ਡੀਪ ਓਸ਼ਨ ਮਿਸ਼ਨ ਨੂੰ ਇੱਕ ਸੰਭਾਵੀ ਗੇਮ ਚੇਂਜਰ ਦੱਸਦਿਆਂ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਅਣਖੋਜੀ ਸਮੁੰਦਰੀ ਦੌਲਤ ਭਵਿੱਖ ਦੇ ਆਰਥਿਕ ਵਿਕਾਸ ਦਾ ਇੱਕ ਵੱਡਾ ਚਾਲਕ ਬਣ ਸਕਦੀ ਹੈ। ਜਿਸ ਤਰ੍ਹਾਂ ਅਸੀਂ ਅਗਲੇ ਵਰ੍ਹੇ ਗਗਨਯਾਨ ਰਾਹੀਂ ਇੱਕ ਭਾਰਤੀ ਨੂੰ ਪੁਲਾੜ ਵਿੱਚ ਭੇਜਣ ਦਾ ਟੀਚਾ ਰੱਖਦੇ ਹਾਂ, ਉਸੇ ਤਰ੍ਹਾਂ ਅਸੀਂ ਜਲਦੀ ਹੀ ਭਾਰਤੀਆਂ ਨੂੰ ਸਮੁੰਦਰਯਾਨ ਰਾਹੀਂ ਸਮੁੰਦਰੀ ਤਲ ਤੋਂ 6 ਕਿਲੋਮੀਟਰ ਹੇਠਾਂ ਗੋਤਾਖੋਰੀ ਕਰਦੇ ਦੇਖ ਸਕਦੇ ਹਾਂ। ਇੱਕ ਉੱਪਰ, ਇੱਕ ਹੇਠਾਂ - ਇਹ ਸਾਡਾ ਖੋਜ ਟੀਚਾ ਹੈ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਮੰਤਰਾਲੇ ਦਾ ਬਜਟ 2014 ਵਿੱਚ 1,281 ਕਰੋੜ ਰੁਪਏ ਤੋਂ ਵਧ ਕੇ 2024 ਵਿੱਚ 3,658 ਕਰੋੜ ਰੁਪਏ ਹੋ ਗਿਆ ਹੈ, ਜਿਸ ਨਾਲ ਮਹੱਤਵਅਕਾਂਖੀ ਪ੍ਰੋਜੈਕਟਾਂ ਅਤੇ ਉੱਨਤ ਖੋਜ ਨੂੰ ਹੁਲਾਰਾ ਮਿਲਿਆ ਹੈ। ਡਾ. ਸਿੰਘ ਨੇ ਇਸ ਬਦਲਾਅ ਦਾ ਕਾਰਨ ਮੌਜੂਦਾ ਕੇਂਦਰ ਸਰਕਾਰ ਦੇ ਨਿਰੰਤਰ ਸਮਰਥਨ ਨੂੰ ਦੱਸਿਆ ਅਤੇ ਵਿਗਿਆਨਕ ਭਾਈਚਾਰੇ ਨੂੰ ਇਸ ਨੂੰ ਹੋਰ ਹੁਲਾਰਾ ਦੇਣ ਦਾ ਸੱਦਾ ਦਿੱਤਾ।
ਧਰਤੀ ਵਿਗਿਆਨ ਸਕੱਤਰ ਡਾ. ਐਮ. ਰਵੀਚੰਦ੍ਰਨ, ਸੰਯੁਕਤ ਸਕੱਤਰ ਸ਼੍ਰੀ ਡੀ. ਸੈਂਥਿਲ ਪਾਂਡਿਅਨ, ਭਾਰਤ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤੂਯੰਜਯ ਮਹਾਪਾਤਰਾ ਅਤੇ ਪ੍ਰੋਗਰਾਮ ਮੁਖੀ ਡਾ. ਵਿਜੇ ਕੁਮਾਰ ਨੇ ਧਰਤੀ ਵਿਗਿਆਨ ਮੰਤਰਾਲੇ ਦੇ ਫਾਊਂਡੇਸ਼ਨ ਦਿਵਸ ਸਮਾਗਮ ਵਿੱਚ ਹਿੱਸਾ ਲਿਆ। ਟੈਕਸਾਸ ਯੂਨੀਵਰਸਿਟੀ ਵਿੱਚ ਯੂਨੈਸਕੋ ਦੇ ਪ੍ਰਧਾਨ ਪ੍ਰੋਫੈਸਰ ਦੇਵ ਨਿਯੋਗੀ ਇਸ ਵਿੱਚ ਵਰਚੁਅਲ ਤੌਰ 'ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
************
ਐੱਨਕੇਆਰ/ਪੀਐੱਸਐੱਮ
(Release ID: 2149563)