ਰੱਖਿਆ ਮੰਤਰਾਲਾ
ਭਾਰਤੀ ਫੌਜ ਨੇ ਕਾਰਗਿਲ ਵਿਜਯ ਦਿਵਸ ਦੀ 26ਵੀਂ ਵਰ੍ਹੇਗੰਢ ਮਨਾਈ
Posted On:
26 JUL 2025 3:05PM by PIB Chandigarh
ਦੇਸ਼ ਅੱਜ ਕਾਰਗਿਲ ਵਿਜਯ ਦਿਵਸ ਦੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ 'ਤੇ, ਭਾਰਤੀ ਫੌਜ ਨੇ ਸਾਲ 1999 ਦੇ ਕਾਰਗਿਲ ਯੁੱਧ ਦੇ ਦੌਰਾਨ ਸੈਨਿਕਾਂ ਦੀ ਬਹਾਦਰੀ ਅਤੇ ਸਰਵਉੱਚ ਬਲੀਦਾਨ ਦਾ ਸਨਮਾਨ ਕਰਦੇ ਹੋਏ ਇਸ ਨੂੰ ਗੰਭੀਰਤਾ, ਮਾਣ ਅਤੇ ਦੇਸ਼ ਵਿਆਪੀ ਭਾਗੀਦਾਰੀ ਨਾਲ ਮਨਾਇਆ। ਮੁੱਖ ਸਮਾਗਮ ਦੋ ਦਿਨਾਂ ਤੱਕ ਦ੍ਰਾਸ ਦੇ ਕਾਰਗਿਲ ਯੁੱਧ ਸਮਾਰਕ ’ਤੇ ਆਯੋਜਿਤ ਕੀਤਾ ਗਿਆ ਅਤੇ ਇਸ ਵਿੱਚ ਕਿਰਤ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਯਾ, ਰੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸੇਠ, ਲੱਦਾਖ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਕਵਿੰਦਰ ਗੁਪਤਾ ਅਤੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦ੍ਵਿਵੇਦੀ ਮੌਜੂਦ ਸਨ। ਇਸ ਮੌਕੇ 'ਤੇ ਸੀਨੀਅਰ ਫੌਜੀ ਅਤੇ ਸਿਵਿਲੀਅਨ ਪਤਵੰਤਿਆਂ ਦੁਆਰਾ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸ਼ਹੀਦਾਂ ਦੀ ਯਾਦ ਵਿੱਚ 545 ਦੀਵੇ ਜਗਾਏ ਗਏ। ਇਸ ਮੌਕੇ 'ਤੇ ਬਹਾਦਰ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਫੌਜ ਨੇ ਸਮਾਵੇਸ਼ ਦੇ ਇੱਕ ਭਾਵੁਕ ਸੰਕੇਤ ਦੇ ਰੂਪ ਵਿੱਚ ਭਾਰਤ ਅਤੇ ਨੇਪਾਲ ਦੇ ਸਾਰੇ 545 ਸ਼ਹੀਦਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ। ਚੀਫ ਆਫ ਆਰਮੀ ਸਟਾਫ ਜਨਰਲ ਉਪੇਂਦਰ ਦ੍ਵਿਵੇਦੀ ਨੇ ਇੰਡਸ ਵਿਊਪੁਆਇੰਟ, ਈ-ਸ਼ਰਧਾਂਜਲੀ ਪੋਰਟਲ ਅਤੇ ਕਿਊਆਰ-ਅਧਾਰਿਤ ਆਡੀਓ ਗੇਟਵੇ ਸਮੇਤ ਵਿਰਾਸਤੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਸਮਰੱਥਾ ਪ੍ਰਦਰਸ਼ਨ ਵਿੱਚ ਗਤੀਸ਼ੀਲਤਾ, ਨਿਗਰਾਨੀ ਅਤੇ ਮਾਰਕ ਸਮਰੱਥਾ ਵਿੱਚ ਅਤਿ-ਆਧੁਨਿਕ ਸਵਦੇਸ਼ੀ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਆਧੁਨਿਕੀਕਰਣ ਅਤੇ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਫੌਜ ਦੇ ਯਤਨਾਂ ਨੂੰ ਉਜਾਗਰ ਕਰਦੀ ਹੈ। ਸੱਭਿਆਚਾਰਕ ਪ੍ਰਦਰਸ਼ਨ, ਧਾਰਮਿਕ ਪ੍ਰਾਰਥਨਾਵਾਂ ਅਤੇ ਇੰਟਰਐਕਟਿਵ ਆਊਟਰੀਚ ਪ੍ਰੋਗਰਾਮ ਨੇ ਦੇਸ਼ ਦੀ ਆਪਣੇ ਸੈਨਿਕਾਂ ਦੇ ਪ੍ਰਤੀ ਅਟੁੱਟ ਸ਼ੁਕਰਗੁਜ਼ਾਰੀ ਅਤੇ ਡੂੰਘੇ ਭਾਵਨਾਤਮਕ ਜੁੜਾਅ ਨੂੰ ਪ੍ਰਤੀਬਿੰਬਤ ਕੀਤਾ।
25 ਜੁਲਾਈ 2025 - ਯੁੱਧ ਯਾਦਗਾਰ ਅਤੇ ਸ਼ੌਰਯ ਸੰਧਿਆ
ਯਾਦਗਾਰੀ ਸਮਾਗਮ ਦੀ ਸ਼ੁਰੂਆਤ ਦ੍ਰਾਸ ਦੇ ਲਾਮੋਚੇਨ ਵਿਊਪੁਆਇੰਟ ’ਤੇ ਬੈਟਲ ਬ੍ਰੀਫਿੰਗ ਅਤੇ ਇੱਕ ਸਮਾਰੋਹ ਦੇ ਨਾਲ ਹੋਈ। ਸਾਬਕਾ ਸੈਨਿਕਾਂ ਅਤੇ ਸੇਵਾ ਨਿਭਾ ਰਹੇ ਕਰਮਚਾਰੀਆਂ ਨੇ ਉਨ੍ਹਾਂ ਹੀ ਚੋਟੀਆਂ 'ਤੇ ਆਪਣੇ ਅਨੁਭਵ ਸੁਣਾਏ, ਜਿੱਥੇ ਕਾਰਗਿਲ ਯੁੱਧ ਲੜਿਆ ਗਿਆ ਸੀ। ਇਸ ਤੋਂ ਬਾਅਦ ਇੱਕ ਭਾਵਨਾਤਮਕ ਆਡੀਓ-ਵਿਜ਼ੂਅਲ ਪੇਸ਼ਕਾਰੀ ਦੇ ਮਾਧਿਅਮ ਨਾਲ ਕੁਰਬਾਨੀ, ਹਿੰਮਤ ਅਤੇ ਲਚਕੀਲੇਪਣ ਦੀਆਂ ਕਹਾਣੀਆਂ ਨੂੰ ਜੀਵੰਤ ਕਰ ਦਿੱਤਾ ਗਿਆ।
ਸਮਾਰੋਹ ਤੋਂ ਬਾਅਦ, ਮਾਣਯੋਗ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਮਾਣਯੋਗ ਰੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਦੀ ਮੌਜੂਦਗੀ ਵਿੱਚ ਇੱਕ ਵਿਸ਼ੇਸ਼ ਸਮਾਗਮ ਵਿੱਚ ਕਾਰਗਿਲ ਦੇ ਨਾਇਕਾਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਅਟੁੱਟ ਸਾਹਸ ਅਤੇ ਕੁਰਬਾਨੀ ਦੀ ਸ਼ਲਾਘਾ ਕੀਤੀ। ਪਤਵੰਤਿਆਂ ਨੇ ਵਿਜਯ ਭੋਜ ਵਿੱਚ ਵੀ ਹਿੱਸਾ ਲਿਆ, ਜੋ ਇੱਕ ਯਾਦਗਾਰੀ ਭਾਈਚਾਰਕ ਸਮਾਗਮ ਹੈ ਅਤੇ ਏਕਤਾ ਅਤੇ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਹੈ। ਇਸ ਮੌਕੇ 'ਤੇ ਸੈਨਿਕਾਂ, ਐੱਨਸੀਸੀ ਕੈਡਿਟਾਂ ਅਤੇ ਆਰਮੀ ਗੁੱਡਵਿਲ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਉਤਸ਼ਾਹਪੂਰਨ ਖੇਤਰੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ, ਜਿਸ ਨਾਲ ਇਸ ਮੌਕੇ ’ਤੇ ਦੇਸ਼ ਭਗਤੀ ਦਾ ਜੋਸ਼ ਹੋਰ ਵੀ ਵਧ ਗਿਆ। ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਵਿਲੱਖਣ ਟੈਕਨੋਲੋਜੀ ਪ੍ਰਦਰਸ਼ਨ ਸੀ, ਜਿਸ ਵਿੱਚ ਸਵਾਰਮ ਡਰੋਨ, ਲੌਜਿਸਟਿਕ ਡਰੋਨ ਅਤੇ ਐੱਫਪੀਵੀ ਡਰੋਨ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਵਧੇਰੇ ਉਚਾਈ ਵਾਲੇ ਇਲਾਕਿਆਂ ਵਿੱਚ ਪਰਿਚਾਲਨ ਦ੍ਰਿਸ਼ਾਂ ਵਿੱਚ ਫੌਜ ਦੇ ਅਤਿ-ਆਧੁਨਿਕ ਸਮਾਧਾਨਾਂ ਦੇ ਏਕੀਕਰਣ ਨੂੰ ਦਰਸਾਇਆ ਗਿਆ।
ਕਾਰਗਿਲ ਯੁੱਧ ਸਮਾਰਕ ’ਤੇ ਸ਼ਾਮ ਦੇ ਸਮੇਂ ਸ਼ਹੀਦਾਂ ਨੂੰ ਦਿਲੋਂ ਸ਼ਰਧਾਂਜਲੀ ਦੇ ਰੂਪ ਵਿੱਚ 'ਸ਼ੌਰਯ ਸੰਧਿਆ' ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸੈਨਾ ਦੇ ਬੈਂਡ ਦੁਆਰਾ ਪੇਸ਼ 'ਗੌਰਵ ਗਾਥਾ' ਨਾਲ ਹੋਈ, ਜਿਸ ਵਿੱਚ ਸੰਗੀਤ ਦੇ ਮਾਧਿਅਮ ਨਾਲ ਬਹਾਦਰੀ ਦੀਆਂ ਕਹਾਣੀਆਂ ਸੁਣਾਈਆਂ ਗਈਆਂ। ਸਾਰੇ ਪ੍ਰਮੁੱਖ ਧਰਮਾਂ ਦੀ ਨੁਮਾਇੰਦਗੀ ਕਰਨ ਵਾਲੇ ਪੰਜ ਧਾਰਮਿਕ ਗੁਰੂਆਂ ਨੇ ਵਿਛੜੀਆਂ ਹੋਈਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ, ਜੋ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ। ਕੁੱਲ 545 ਦੀਵੇ ਜਗਾਏ ਗਏ, ਜਿਨ੍ਹਾਂ ਵਿੱਚੋਂ ਹਰੇਕ ਦੀਵਾ ਆਪ੍ਰੇਸ਼ਨ ਵਿਜਯ ਵਿੱਚ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇਣ ਵਾਲੇ ਇੱਕ ਸੈਨਿਕ ਦਾ ਪ੍ਰਤੀਕ ਸੀ।
ਇਸ ਦੌਰਾਨ ਸਭ ਤੋਂ ਵੱਧ ਦਿਲ ਨੂੰ ਛੂਹ ਲੈਣ ਵਾਲੇ ਪਲਾਂ ਵਿੱਚੋਂ ਇੱਕ ਸਨਮਾਨ ਸਮਾਰੋਹ ਸੀ, ਜਿੱਥੇ ਉੱਤਰੀ ਕਮਾਂਡ ਦੇ ਜੀਓਸੀ-ਇਨ-ਸੀ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੌਂ ਬਹਾਦਰ ਸੈਨਿਕਾਂ ਦੇ ਰਿਸ਼ਤੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ 400 ਤੋਂ ਵੱਧ ਪ੍ਰਤਿਸ਼ਠਿਤ ਮਹਿਮਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਸਿਵਿਲ ਅਤੇ ਫੌਜੀ ਪਤਵੰਤੇ, ਬਹਾਦਰ ਨਾਰੀਆਂ, ਵੀਰ ਮਾਤਾਵਾਂ ਅਤੇ ਸਥਾਨਕ ਨਾਗਰਿਕ ਸ਼ਾਮਲ ਸਨ, ਜੋ ਸਮੂਹਿਕ ਧੰਨਵਾਦ ਵਿਅਕਤ ਕਰਨ ਦੇ ਲਈ ਇਕੱਠੇ ਹੋਏ ਸਨ।
26 ਜੁਲਾਈ 2025 - ਕਾਰਗਿਲ ਵਿਜਯ ਦਿਵਸ
ਕਾਰਗਿਲ ਯੁੱਧ ਸਮਾਰਕ ’ਤੇ ਮੁੱਖ ਸਮਾਗਮ ਦੀ ਸ਼ੁਰੂਆਤ ਫੁੱਲਮਾਲਾ ਭੇਟ ਕਰਨ ਸਮਾਰੋਹ ਨਾਲ ਹੋਈ। ਮਾਣਯੋਗ ਕਿਰਤ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਯਾ; ਮਾਣਯੋਗ ਰੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸੇਠ; ਲੱਦਾਖ ਦੇ ਮਾਣਯੋਗ ਲੈਫਟੀਨੈਂਟ ਗਵਰਨਰ ਸ਼੍ਰੀ ਕਵਿੰਦਰ ਗੁਪਤਾ ਅਤੇ ਚੀਫ ਆਫ ਆਰਮੀ ਸਟਾਫ ਜਨਰਲ ਉਪੇਂਦਰ ਦ੍ਵਿਵੇਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਵਿੱਚ ਦੇਸ਼ ਦੀ ਅਗਵਾਈ ਕੀਤੀ। ਉਨ੍ਹਾਂ ਦੇ ਨਾਲ ਸੀਨੀਅਰ ਫੌਜੀ ਅਧਿਕਾਰੀ, ਬਹਾਦਰੀ ਪੁਰਸਕਾਰ ਜੇਤੂ, ਬਹਾਦਰ ਮਹਿਲਾਵਾਂ ਅਤੇ ਸ਼ਹੀਦਾਂ ਦੇ ਪਰਿਵਾਰ ਵੀ ਸ਼ਾਮਲ ਹੋਏ। "ਲਾਸਟ ਪੋਸਟ" ਦੇ ਦਿਲ ਨੂੰ ਛੂਹ ਲੈਣ ਵਾਲੀਆਂ ਆਵਾਜ਼ਾਂ ਘਾਟੀ ਵਿੱਚ ਗੂੰਜ ਰਹੀਆਂ ਸਨ, ਜਿਸ ਨਾਲ ਸ਼ਕਤੀਸ਼ਾਲੀ ਭਾਵਨਾਵਾਂ ਅਤੇ ਯਾਦਾਂ ਉਜਾਗਰ ਹੋ ਰਹੀਆਂ ਸਨ।
ਜਨਰਲ ਉਪੇਂਦਰ ਦ੍ਵਿਵੇਦੀਨੇ ਆਪਣੇ ਮੁੱਖ ਭਾਸ਼ਣ ਵਿੱਚ ਕਾਰਗਿਲ ਯੁੱਧ ਦੇ ਦੌਰਾਨ ਸ਼ਹੀਦ ਹੋਏ ਸੈਨਿਕਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਅਦੁੱਤੀ ਹਿੰਮਤ ਅਤੇ ਕੁਰਬਾਨੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ 1999 ਵਿੱਚ ਭਾਰਤੀ ਫੌਜ ਦੀ ਇਤਿਹਾਸਕ ਜਿੱਤ ਅਤੇ ਹਾਲ ਹੀ ਵਿੱਚ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਰਾਸ਼ਟਰੀ ਪ੍ਰਭੂਸੱਤਾ ਦੀ ਦ੍ਰਿੜ ਰੱਖਿਆ ਬਾਰੇ ਵਿਚਾਰ ਵਿਅਕਤ ਕੀਤੇ। ਜਨਰਲ ਉਪੇਂਦਰ ਦ੍ਵਿਵੇਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਕਿਸੇ ਵੀ ਭੜਕਾਊ ਕਾਰਵਾਈ ਦਾ ਫੈਸਲਾਕੁੰਨ ਜਵਾਬ ਦੇਵੇਗਾ। ਉਨ੍ਹਾਂ ਨੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਏ ਬਿਨਾ ਅੱਤਵਾਦੀ ਢਾਂਚੇ ਦੇ ਖ਼ਿਲਾਫ਼ ਫੌਜ ਦੇ ਸਫ਼ਲ ਅਤੇ ਸਟੀਕ ਅਭਿਯਾਨਾਂ ਦਾ ਜ਼ਿਕਰ ਕੀਤਾ। ਫੌਜ ਪ੍ਰਮੁੱਖ ਨੇ 'ਰੁਦ੍ਰ' ਆਲ ਆਰਮਜ਼ ਬ੍ਰਿਗੇਡ, 'ਭੈਰਵ' ਲਾਈਟ ਕਮਾਂਡੋ ਬਟਾਲੀਅਨ, 'ਸ਼ਕਤੀਬਾਨ' ਆਰਟਿਲਰੀ ਰੈਜ਼ਮੈਂਟ ਅਤੇ 'ਦਿਵਯਾਸਤਰ' ਬੈਟਰੀਆਂ, ਡਰੋਨ ਨਾਲ ਲੈਸ ਪੈਦਲ ਸੈਨਾ ਬਟਾਲੀਅਨ ਅਤੇ ਸਵਦੇਸ਼ੀ ਹਵਾਈ ਰੱਖਿਆ ਪ੍ਰਣਾਲੀਆਂ ਰਾਹੀਂ ਫੌਜ ਨੂੰ ਭਵਿੱਖ ਦੇ ਲਈ ਤਿਆਰ ਫੋਰਸ ਵਿੱਚ ਬਦਲਣ ਦੀ ਰੂਪਰੇਖਾ ਪੇਸ਼ ਕੀਤੀ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਫੌਜ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ, ਖਾਸ ਕਰਕੇ ਸਰਹੱਦੀ ਬੁਨਿਆਦੀ ਢਾਂਚੇ, ਸੈਰ-ਸਪਾਟਾ, ਅਰਥ ਵਿਵਸਥਾ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਵਿੱਚ ਅਤੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸੈਨਿਕਾਂ ਦੀ ਸਥਾਈ ਭੂਮਿਕਾ ਦੀ ਪੁਸ਼ਟੀ ਕੀਤੀ। ਜਨਰਲ ਉਪੇਂਦਰ ਦ੍ਵਿਵੇਦੀਨੇ ਨੌਜਵਾਨਾਂ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨ ਦਾ ਸੱਦਾ ਦਿੰਦੇ ਹੋਏ ਭਾਰਤ ਦੀ ਏਕਤਾ, ਪ੍ਰਭੂਸੱਤਾ ਅਤੇ ਸਨਮਾਨ ਦੀ ਰੱਖਿਆ ਲਈ ਦ੍ਰਿੜ੍ਹ ਪ੍ਰਤੀਬੱਧਤਾ ਨਾਲ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ।
ਚੀਫ ਆਫ ਆਰਮੀ ਸਟਾਫ ਦੁਆਰਾ ਸ਼ੁਰੂ ਕੀਤੇ ਗਏ ਵਿਰਾਸਤੀ ਪ੍ਰੋਜੈਕਟ
ਜਨਰਲ ਉਪੇਂਦਰ ਦ੍ਵਿਵੇਦੀ ਨੇ ਹੇਠ ਲਿਖਿਆਂ ਦਾ ਉਦਘਾਟਨ ਕੀਤਾ:
ਇੰਡਸ ਵਿਊਪੁਆਇੰਟ: ਬਟਾਲਿਕ ਸੈਕਟਰ ਵਿੱਚ ਸਥਿਤ ਇਹ ਪੁਲ ਪਾਕਿਸਤਾਨ ਦੇ ਕਬਜ਼ੇ ਵਾਲੇ ਬਾਲਟਿਸਤਾਨ ਵਿੱਚ ਦਾਖਲ ਹੋਣ ਵਾਲੀ ਸਿੰਧੂ ਨਦੀ ਦਾ ਦ੍ਰਿਸ਼ ਪੇਸ਼ ਕਰਦਾ ਹੈ, ਜੋ ਯੁੱਧ ਖੇਤਰ ਦੇ ਸੈਰ-ਸਪਾਟੇ ਨੂੰ ਹੁਲਾਰਾ ਦਿੰਦੀ ਹੈ।
ਈ-ਸ਼ਰਧਾਂਜਲੀ ਪੋਰਟਲ: ਨਾਗਰਿਕਾਂ ਨੂੰ ਕਾਰਗਿਲ ਸ਼ਹੀਦਾਂ ਨੂੰ ਵਰਚੁਅਲ ਮਾਧਿਅਮ ਨਾਲ ਸ਼ਰਧਾਂਜਲੀ ਭੇਟ ਕਰਨ ਵਿੱਚ ਸਮਰੱਥ ਬਣਾਉਂਦਾ ਹੈ, ਜਿਸ ਨਾਲ ਦੇਸ਼ਵਿਆਪੀ ਭਾਗੀਦਾਰੀ ਨੂੰ ਹੁਲਾਰਾ ਮਿਲਦਾ ਹੈ।
ਕਿਊਆਰ-ਅਧਾਰਿਤ ਆਡੀਓ ਗੇਟਵੇ: ਯੁੱਧ ਸਮਾਰਕ ’ਤੇ ਇੱਕ ਤਕਨੀਕ-ਸਮਰੱਥ ਕਥਾ ਮੰਚ ਹੈ, ਜੋ ਡਿਜੀਟਲ ਉਪਕਰਣਾਂ ਦੇ ਮਾਧਿਅਮ ਨਾਲ ਇਤਿਹਾਸਕ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ।
ਜਨਰਲ ਉਪੇਂਦਰ ਦ੍ਵਿਵੇਦੀਨੇ ਚੁਣੇ ਗਏ ਕਰਮਚਾਰੀਆਂ ਨੂੰ ਚੀਫ ਆਫ ਆਰਮੀ ਸਟਾਫ ਪ੍ਰਸ਼ੰਸਾ ਪੱਤਰ ਵੀ ਭੇਟ ਕੀਤੇ। ਉਨ੍ਹਾਂ ਨੇ ਸੈਨਿਕਾਂ, ਬਹਾਦਰ ਨਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਭਲਾਈ ਲਈ ਫੌਜ ਦੀ ਨਿਰੰਤਰ ਪ੍ਰਤੀਬੱਧਤਾ ਵਿਅਕਤ ਕੀਤੀ।
ਵਿਰਾਸਤ ਦਾ ਸਨਮਾਨ: ਆਊਟਰੀਚ ਅਤੇ ਭਾਈਚਾਰਕ ਜੁੜਾਅ
ਇਸ ਸਾਲ ਕਈ ਇਤਿਹਾਸਕ ਪਹਿਲਕਦਮੀਆਂ ਕੀਤੀਆਂ ਗਈਆਂ:
ਵਿਸ਼ੇਸ਼ ਆਊਟਰੀਚ ਅਭਿਯਾਨ: ਭਾਰਤੀ ਫੌਜ ਦੀਆਂ 37 ਟੀਮਾਂ ਨੇ 27 ਰਾਜਾਂ, ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨੇਪਾਲ ਵਿੱਚ ਸਾਰੇ 545 ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਕਦਮ ਨਾਲ ਪਰਿਵਾਰਾਂ ਨੂੰ ਹੌਂਸਲਾ ਮਿਲਿਆ ਅਤੇ ਉਨ੍ਹਾਂ ਵਿੱਚ ਮਾਣ ਦੀ ਭਾਵਨਾ ਪੈਦਾ ਹੋਈ।
#OnThisDay ਅਭਿਯਾਨ: ਨੌਜਵਾਨਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਡਿਜੀਟਲ ਕਹਾਣੀ ਦੇ ਮਾਧਿਅਮ ਨਾਲ ਕਾਰਗਿਲ ਯੁੱਧ ਦੀਆਂ ਪ੍ਰਮੁੱਖ ਲੜਾਈਆਂ ਨੂੰ ਮੁੜ ਪੇਸ਼ ਕੀਤਾ ਗਿਆ।
ਸਾਹਸੀ ਅਤੇ ਸੱਭਿਆਚਾਰਕ ਗਤੀਵਿਧੀਆਂ: ਕਾਰਗਿਲ, ਦ੍ਰਾਸ ਅਤੇ ਬਟਾਲਿਕ ਸੈਕਟਰਾਂ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਸਥਾਨਕ ਲੋਕਾਂ, ਵਿਦਿਆਰਥੀਆਂ, ਸਾਬਕਾ ਸੈਨਿਕਾਂ ਅਤੇ ਭਾਈਚਾਰਕੇ ਦੇ ਮੈਂਬਰਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ।
ਸਮਰੱਥਾ ਪ੍ਰਦਰਸ਼ਨ: ਤਕਨੀਕ-ਸੰਚਾਲਿਤ ਬਦਲਾਅ
ਭਾਰਤੀ ਫੌਜ ਨੇ ਇਸ ਪਵਿੱਤਰ ਯਾਦਗਾਰੀ ਸਮਾਰੋਹ ਦੇ ਮੌਕੇ 'ਤੇ ਸਮਰੱਥਾ ਪ੍ਰਦਰਸ਼ਨ ਵੀ ਕੀਤਾ, ਜਿਸ ਵਿੱਚ ਆਧੁਨਿਕੀਕਰਣ ਅਤੇ ਯੁੱਧ ਕਾਰਜਸ਼ੀਲ ਤਿਆਰੀ, ਖਾਸ ਕਰਕੇ ਉੱਚ ਉਚਾਈ ਵਾਲੇ ਯੁੱਧ ਲਈ ਆਪਣੀ ਪ੍ਰਗਤੀ ਨੂੰ ਪ੍ਰਦਰਸ਼ਿਤ ਕੀਤਾ ਗਿਆ। "ਤਕਨੀਕੀ ਸਮਾਈ: ਆਤਮਸਾਤ, ਨਵੀਨਤਾ, ਏਕੀਕਰਣ" ਵਿਸ਼ੇ ਦੇ ਤਹਿਤ ਪ੍ਰਦਰਸ਼ਨੀ ਵਿੱਚ ਗਤੀਸ਼ੀਲਤਾ, ਨਿਗਰਾਨੀ, ਫਾਇਰਪਾਵਰ ਅਤੇ ਪੈਦਲ ਸੈਨਾ ਪ੍ਰਣਾਲੀਆਂ ਵਿੱਚ ਪ੍ਰਗਤੀ ’ਤੇ ਚਾਨਣਾ ਪਾਇਆ ਗਿਆ।
ਜਿਸ ਸਮੇਂ ਦ੍ਰਾਸ ਦੀਆਂ ਉੱਚੀਆਂ ਨੀਵੀਆਂ ਚੋਟੀਆਂ ਦੇ ਪਿੱਛੇ ਸੂਰਜ ਡੁੱਬਿਆ, ਉਦੋਂ ਕਾਰਗਿਲ ਯੁੱਧ ਸਮਾਰਕ ਤਿਰੰਗੇ ਦੀ ਚਮਕ ਵਿੱਚ ਦਮਕ ਉੱਠਿਆ, ਜੋ ਰਾਸ਼ਟਰੀ ਮਾਣ ਅਤੇ ਕੁਰਬਾਨੀ ਦਾ ਪ੍ਰਤੀਕ ਬਣ ਕੇ ਖੜ੍ਹਾ ਸੀ। 26ਵਾਂ ਕਾਰਗਿਲ ਵਿਜਯ ਦਿਵਸ ਨਾ ਸਿਰਫ਼ ਇਤਿਹਾਸ ਦੇ ਪ੍ਰਤੀ ਇੱਕ ਸ਼ਰਧਾਂਜਲੀ ਹੈ, ਸਗੋਂ ਇਸ ਗੱਲ ਦੀ ਪੁਸ਼ਟੀ ਵੀ ਹੈ ਕਿ ਸੈਨਿਕਾਂ ਦੀ ਆਤਮਾ ਰਾਸ਼ਟਰ ਦੀ ਆਤਮਾ ਵਿੱਚ ਹਮੇਸ਼ਾ ਜਿਉਂਦੀ ਰਹਿੰਦੀ ਹੈ।
"ਇੱਕ ਮਹਾਨ ਦੇਸ਼ ਆਪਣੇ ਨਾਇਕਾਂ ਨੂੰ ਯਾਦਾਂ ਵਿੱਚ ਉਕੇਰਦਾ ਹੈ, ਨਾ ਕਿ ਸਿਰਫ਼ ਪੱਥਰ ’ਤੇ।"
KJ06.jpeg)
MDQC.jpeg)
MYSA.jpeg)
QLHP.jpeg)
***
ਐੱਨਏ
(Release ID: 2149101)